ਵਿਸ਼ਵਾਸ ਕਰਨ ਦਾ ਕਾਰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Reason to believe_ਵਿਸ਼ਵਾਸ ਕਰਨ ਦਾ ਕਾਰਨ: ਭਾਰਤੀ ਦੰਡ ਸੰਘਤਾ ਦੀ ਧਾਰਾ 26 ਅਨੁਸਾਰ ਕੋਈ ਵਿਅਕਤੀ ਕਿਸੇ ਗੱਲ ਦਾ ਵਿਸ਼ਵਾਸ ਕਰਨ ਦਾ ਕਾਰਨ ਰੱਖਦਾ ਕਿਹਾ ਜਾਂਦਾ ਹੈ ਜੇ ਉਹ ਉਸ ਗੱਲ ਦਾ ਵਿਸ਼ਵਾਸ ਕਰਨ ਦਾ ਕਾਫ਼ੀ ਕਾਰਨ ਰੱਖਦਾ ਹੋਵੇ, ਪਰ ਹੋਰਵੇਂ ਨਹੀਂ ।
ਜਦੋਂ ਮਨੁੱਖ ਨੂੰ ਕਿਸੇ ਗੱਲ ਦਾ ਮਾਨਸਿਕ ਬੋਧ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਉਹ ਉਹ ਗੱਲ ਜਾਣਦਾ ਹੈ ਜਾਂ ਉਸ ਨੂੰ ਉਸ ਗੱਲ ਦਾ ਗਿਆਨ ਹੈ। ਲੇਕਿਨ ਜਦੋਂ ਉਸ ਨੂੰ ਉਸ ਗੱਲ ਦਾ ਮਾਨਸਿਕ ਗਿਆਨ ਨ ਹੋਵੇ, ਪਰ ਉਸ ਗੱਲ ਦੀ ਹੋਂਦ ਦਾ ਵਿਸ਼ਵਾਸ ਹੋਵੇ ਤਾਂ ਉਸ ਵਿਸ਼ਵਾਸ ਪਿੱਛੇ ਕੁਝ ਕਾਰਨ ਹੁੰਦੇ ਹਨ। ਇਸ ਧਾਰਾ ਵਿੱਚ ਉਪਬੰਧ ਕੀਤਾ ਗਿਆ ਹੈ ਕਿ ਕਾਨੂੰਨ ਵਿਚ ਜਦੋਂ ਅਸੀਂ ਕਹਿੰਦੇ ਹਾਂ ਕਿ ਮੇਰੇ ਪਾਸ ਕਿਸੇ ਗੱਲ ਦਾ ਵਿਸ਼ਵਾਸ ਕਰਨ ਦਾ ਕਾਰਨ ਹੈ ਤਾਂ ਇਹ ਗੱਲ ਉਦੋਂ ਕਹੀ ਜਾ ਸਕਦੀ ਹੈ ਜਦੋਂ ਵਿਸ਼ਵਾਸ ਕਰਨ ਦਾ ਕਾਰਨ ਲੋੜ ਅਨੁਸਾਰ ਕਾਫ਼ੀ ਹੋਵੇ। ਕਾਫ਼ੀ ਕਾਰਨ ਕੀ ਹੈ, ਇਸ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਵਿਸ਼ਵਾਸ ਕਰਨ ਦਾ ਕਾਫ਼ੀ ਕਾਰਨ ਹੈ। ਇਸ ਤਰ੍ਹਾਂ ਦਾ ਵਿਸ਼ਵਾਸ ਹਾਲਾਤ ਦੀ ਲੜੀ ਵਿਚੋਂ ਪੈਦਾ ਹੋ ਸਕਦਾ ਹੈ। ਮਿਸਾਲ ਲਈ ਜੇ ਕੋਈ ਵਿਅਕਤੀ ਸੋਨੇ ਦਾ ਕੋਈ ਗਹਿਣਾ ਬਾਜ਼ਾਰ ਮੁੱਲ ਤੋਂ ਬਹੁਤ ਸਸਤਾ ਵੇਚ ਰਿਹਾ ਹੈ ਤਾਂ ਜਦ ਤੱਕ ਹਾਲਾਤ ਦੀ ਲੜੀ ਇਸ ਗੱਲ ਉਤੇ ਵਿਸ਼ਵਾਸ ਕਰਨ ਦਾ ਕਾਰਨ ਨਹੀਂ ਦਿੰਦੀ ਕਿ ਉਹ ਮਾਲ ਚੋਰੀ ਦਾ ਹੈ ਤਦ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਦੇ ਚੋਰੀ ਦਾ ਮਾਲ ਹੋਣ ਦਾ ਵਿਸ਼ਵਾਸ ਕਰਨ ਲਈ ਕਾਰਨ ਹੈ। ਹੋ ਸਕਦਾ ਹੈ ਕਿਸੇ ਮੁਸੀਬਤ ਦਾ ਮੁਕਾਬਲਾ ਕਰਨ ਲਈ ਉਹ ਗਹਿਣਾ ਸਸਤਾ ਵੇਚ ਰਿਹਾ ਹੋਵੇ। ਐਪਰ, ਜੇ ਉਹ ਮੰਗਤਾ ਹੈ ਅਤੇ ਉਸ ਤਰ੍ਹਾਂ ਦਾ ਗਹਿਣਾ ਉਸ ਪਾਸ ਹੋਣਾ ਅਧਿਸੰਭਾਵੀ ਨਹੀਂ, ਜਾਂ ਜੇ ਉਹ ਮਸ਼ਕੂਕ ਚਾਲ-ਚਲਨ ਵਾਲਾ ਵਿਅਕਤੀ ਹੈ ਤਾਂ ਹੋ ਸਕਦਾ ਹੈ ਉਹ ਗਹਿਣਾ ਚੋਰੀ ਦਾ ਮਾਲ ਹੋਵੇ।
ਪਰਤਾਪ ਸਿੰਘ ਬਨਾਮ ਡਾਇਰੈਕਟਰ ਆਫ਼ ਇਨਫ਼ੋਰਸਮੈਂਟ (ਏ ਆਈ ਆਰ 1983 ਐਸ ਸੀ 989) ਅਨੁਸਾਰ ‘‘ਵਿਸ਼ਵਾਸ ਕਰਨ ਦਾ ਕਾਰਨ’’ ਪਦ ਅਫ਼ਸਰ ਦੀ ਅੰਤਰ-ਮੁੱਖੀ ਤਸੱਲੀ ਦਾ ਸਮਾਨਾਰਥਕ ਨਹੀਂ ਹੈ। ਵਿਸ਼ਵਾਸ ਨੇਕ-ਨੀਤੀ ਨਾਲ ਕੀਤਾ ਗਿਆ ਹੋਣਾ ਜ਼ਰੂਰੀ ਹੈ। ਇਹ ਕੇਵਲ ਬਹਾਨਾ ਨਹੀਂ ਹੋ ਸਕਦਾ।
ਵਿਸ਼ਵਾਸ ਕਰਨ ਦਾ ਕਾਰਨ ਦਾ ਮਤਲਬ ਇਹ ਨਹੀਂ ਕਿ ਅਜਿਹਾ ਕਾਰਨ ਰਖਣ ਵਾਲੇ ਵਿਅਕਤੀ ਦਾ ਵਿਸ਼ਵਾਸ ਇਤਨਾ ਅੰਤਰਮੁਖੀ ਹੋਵੇ ਅਤੇ ਅਦਾਲਤ ਦੀ ਮਾੜੀ ਮੋਟੀ ਤਾਬ ਵੀ ਨ ਸਹਿ ਸਕੇ। ਇਸ ਤਰ੍ਹਾਂ ਦੀ ਸੂਰਤ-ਹਾਲ ਉਦੋਂ ਪੈਦਾ ਹੁੰਦੀ ਹੈ ਜਦੋਂ ਵਿਸ਼ਵਾਸ ਕਰਨ ਦਾ ਕਾਰਨ ਸੁਸੰਗਤ ਤੱਥਾਂ ਉਤੇ ਆਧਾਰਤ ਨਾ ਹੋਵੇ। ਕਿਸੇ ਗੱਲ ਦਾ ਵਿਸ਼ਵਾਸ ਕਰਨ ਵਾਲੇ ਵਿਅਕਤੀ ਦਾ ਵਿਸ਼ਵਾਸ ਵਾਜਬ ਆਧਾਰਾਂ ਉਤੇ ਇਕ ਈਮਾਨਦਾਰ ਅਤੇ ਬਾਦਲੀਲ ਵਿਅਕਤੀ ਦਾ ਵਿਸ਼ਵਾਸ ਹੋਣਾ ਜ਼ਰੂਰੀ ਹੈ।
ਗੁਰਬਖਸ਼ ਸਿੰਘ ਸਿਬੀਆ ਬਨਾਮ ਪੰਜਾਬ ਰਾਜ (1980 ਐਸ ਸੀ ਸੀ ਕ੍ਰਿ 465) ਅਨੁਸਾਰ ਕੇਵਲ ‘ਡਰ ’ ਜਾਂ ਆਸ਼ੰਕਾ ਨੂੰ ਵਿਸ਼ਵਾਸ ਨਹੀਂ ਕਿਹਾ ਜਾ ਸਕਦਾ। ਇਸ ਲਈ ਦਰਖ਼ਾਸਤਕਾਰ ਲਈ ਇਹ ਵਿਖਾਉਣਾ ਕਾਫ਼ੀ ਨਹੀਂ ਕਿ ਉਸ ਨੂੰ ਕਿਸੇ ਕਿਸਮ ਦਾ ਅਸਪਸ਼ਟ ਅੰਦੇਸ਼ਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਦੂਸ਼ਣ ਲਾਇਆ ਜਾ ਰਿਹਾ ਹੈ, ਜਿਸ ਦੇ ਫਲਸਰੂਪ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਿਨ੍ਹਾਂ ਗੱਲਾਂ ਉਤੇ ਦਰਖ਼ਾਸਤਕਾਰ ਦਾ ਇਹ ਵਿਸ਼ਵਾਸ ਆਧਾਰਤ ਹੈ ਕਿ ਉਸ ਨੂੰ ਗ਼ੈਰ-ਜ਼ਮਾਨਤੀ ਅਪਰਾਧ ਲਈ ਗਿਫ਼ਤਾਰ ਕੀਤਾ ਜਾ ਸਕਦਾ ਹੈ, ਉਹ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਅਦਾਲਤ ਬਾਹਰ-ਮੁੱਖੀ ਤੌਰ ਤੇ ਪਰੀਖਿਆ ਕਰ ਸਕੇ। ਕੇਵਲ ਉਸ ਹਾਲਤ ਵਿਚ ਹੀ ਅਦਾਲਤ ਇਹ ਤੈਅ ਕਰ ਸਕਦੀ ਹੈ ਕਿ ਦਰਖ਼ਾਸਤਕਾਰ ਇਹ ਵਿਸ਼ਵਾਸ ਕਰਨ ਦਾ ਕਾਰਨ ਰੱਖਦਾ ਹੈ ਕਿ ਉਸ ਨੂੰ ਗ਼ੈਰ-ਜ਼ਮਾਨਤੀ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First