ਵਿਸ਼ਰਾਮ ਚਿੰਨ੍ਹ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਸ਼ਰਾਮ ਚਿੰਨ੍ਹ : ਭਾਸ਼ਾ ਦੇ ਲਿਖਤੀ ਰੂਪ ਵਿੱਚ ਵਰਤੇ ਜਾਣ ਵਾਲੇ ਉਹ ਲਿਪੀ ਚਿੰਨ੍ਹ ਜਾਂ ਲਿਪਾਂਕ ਜੋ ਪਾਠਕ ਵਾਸਤੇ ਲਿਖਤ ਨੂੰ ਸਹੀ ਢੰਗ ਨਾਲ ਪੜ੍ਹਨ ਅਤੇ ਚੰਗੀ ਤਰ੍ਹਾਂ ਸਮਝਣ ਲਈ ਸਹਾਈ ਹੋਣ ਉਹਨਾਂ ਨੂੰ ਵਿਸ਼ਰਾਮ ਚਿੰਨ੍ਹ ਆਖਿਆ ਜਾਂਦਾ ਹੈ। ਵਿਸ਼ਰਾਮ ਚਿੰਨ੍ਹਾਂ ਲਈ ਵਿਸ਼ਰਾਮ ਲਿਪਾਂਕ, ਵਿਸ਼ਰਾਮ ਚਿੰਨ੍ਹ, ਆਦਿ ਸ਼ਬਦ ਵੀ ਵਰਤੇ ਜਾਂਦੇ ਹਨ। ਪੁਰਾਣੀਆਂ ਲਿਖਤਾਂ ਵਿੱਚ ਕੇਵਲ ਪੂਰਨ-ਵਿਰਾਮ ਚਿੰਨ੍ਹ ‘ਦੋਹਰੀ ਡੰਡੀ’ ‘॥’ ਦੀ ਵਰਤੋਂ ਹੀ ਕੀਤੀ ਜਾਂਦੀ ਮਿਲਦੀ ਹੈ। ਵਰਤਮਾਨ ਗੁਰਮੁਖੀ ਲਿਖਤ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ (ਰੋਮਨ ਲਿਪੀ ਵਿੱਚ ਪ੍ਰਾਪਤ) ਲਿਖਤਾਂ ਵਿੱਚ ਵਰਤੇ ਜਾਣ ਵਾਲੇ ਲਗਪਗ ਸਾਰੇ ਹੀ ਵਿਸ਼ਰਾਮ ਚਿੰਨ੍ਹ ਵਰਤੇ ਜਾਂਦੇ ਮਿਲਦੇ ਹਨ।
ਕਿਸੇ ਲਿਖਤ ਨੂੰ ਪੜ੍ਹਨ ਵਿੱਚ ਮਦਦਗਾਰ ਹੋਣ ਵਾਲੇ ਸਾਰੇ ਦੇ ਸਾਰੇ ਵਿਸ਼ਰਾਮ ਚਿੰਨ੍ਹ, ਘੱਟ, ਵੱਧ ਜਾਂ ਪੂਰਨ ਠਹਿਰਾਓ ਜਾਂ ਵਿਸ਼ਰਾਮ ਦੇ ਸੂਚਕ ਹੁੰਦੇ ਹਨ, ਉਹ ਹਨ-1.ਕਾਮਾ =, 2. ਕਾਮਾ-ਬਿੰਦੀ ਜਾਂ ਸੈਮੀਕੋਲਨ =; 3. ਵਿਸਮਕ ਚਿੰਨ੍ਹ = ! 4. ਪੂਰਨ ਵਿਰਾਮ ਜਾਂ ਡੰਡੀ =। 5. ਪ੍ਰਸ਼ਨ ਚਿੰਨ੍ਹ = ?
ਬਹੁਤ ਥੋੜ੍ਹੇ ਅਰਥਾਤ ਅਲਪ ਵਿਸ਼ਰਾਮ ਲਈ ‘ਕਾਮੇ’ ਦੀ ਵਰਤੋਂ ਕੀਤੀ ਜਾਂਦੀ ਹੈ। ਕਾਮੇ ਦੀਆਂ ਪ੍ਰਮੁਖ ਵਰਤੋਂ ਸਥਿਤੀਆਂ ਇਸ ਪ੍ਰਕਾਰ ਹਨ-(ੳ) ਇੱਕੋ ਸ਼੍ਰੇਣੀ ਦੇ ਦੋ ਤੋਂ ਵੱਧ ਇਕੱਠੇ ਆਏ ਸ਼ਬਦਾਂ ਦੇ ਨਿਖੇੜੇ ਲਈ (ਵਾਕ-1); (ਅ) ਦੋ ਤੋਂ ਵੱਧ ਉਪਵਾਕਾਂ ਵਾਲੇ ਸੰਯੁਕਤ ਵਾਕ ਦੇ ਉਪਵਾਕਾਂ ਦੇ ਨਿਖੇੜੇ ਲਈ (ਵਾਕ-2); (ੲ) ਦੋ ਤੋਂ ਵੱਧ ਉਪਵਾਕਾਂ ਵਾਲੇ ਸੰਯੁਕਤ ਵਾਕ ਦੇ ਉਪਵਾਕਾਂ ਦੇ ਨਿਖੇੜੇ ਲਈ (ਵਾਕ-2), (ੲ) ਦੋ ਉਪਵਾਕਾਂ ਵਿੱਚ ਯੋਜਕ ਦੀ ਥਾਂ (ਵਾਕ-3), (ਸ) ਕਿਸੇ ਵਾਕ ਵਿਚਲੇ ਜੜਤ ਉਪਵਾਕ/ਲੁਪਤ ਉਪਵਾਕ ਦੇ ਨਿਖੇੜੇ ਲਈ (ਵਾਕ-4), (ਹ) ਦੋਹਰੇ ਪੁਠੇ ਕਾਮਿਆਂ ਵਾਲੀ ਲਿਖਤ ਤੋਂ ਪਹਿਲਾਂ (ਵਾਕ-5), (ਕ) ਵਾਕ ਦਾ ਪੂਰਾ ਭਾਵ ਸੰਖਿਪਤ ਰੂਪ ਵਿੱਚ ਬਿਆਨ ਕਰਨ ਵਾਲੇ, ਵਾਕ ਤੋਂ ਪਹਿਲਾਂ ਆਏ ਸ਼ਬਦ ਤੋਂ ਪਿੱਛੋਂ (ਵਾਕ-6) ਸੰਬੋਧਨੀ ਪਦ ਤੋਂ ਪਿਛੋਂ (ਵਾਕ-7)।
1. ਆਲਸੀ, ਕੰਮਚੋਰ, ਨਲਾਇਕ ਅਤੇ ਕਮਜ਼ੋਰ ਵਿਅਕਤੀ ਜੀਵਨ ਵਿੱਚ ਸਫਲ ਨਹੀਂ ਹੁੰਦੇ।
2. ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਹਰਨਾਮ ਸੁੱਤਾ ਪਿਆ ਸੀ।
3. ਜੋ ਕਰੋਗੇ, ਸੋ ਭਰੋਗੇ।
4. ਇਹ ਨਾਵਲ, ਜਿਹੜਾ ਤੁਹਾਡੇ ਹੱਥ ਵਿੱਚ ਹੈ, ਮੈਂ ਕਈ ਵਾਰ ਪੜ੍ਹਿਆ ਹੈ।
5. ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਮਿਹਨਤ ਕਰੋਗੇ ਤਾਂ ਚੰਗੇ ਨੰਬਰ ਲਵੋਗੇ।"
6. ਹਾਂ, ਮੈਂ ਇਹ ਕਿਤਾਬ ਪੜ੍ਹ ਲਈ ਹੈ।
7. ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ।
ਵਿਸ਼ਰਾਮ ਚਿੰਨ੍ਹ, ਕਾਮਾ-ਬਿੰਦੀ ਜਾਂ ਸੈਮੀਕੋਲਨ, ਕਾਮੇ ਨਾਲੋਂ ਵਧੇਰੇ ਪਰ ਪੂਰਨ-ਵਿਸ਼ਰਾਮ ਨਾਲੋਂ ਛੁਟੇਰੇ ਅਰਥਾਤ ਅਲਪ ਵਿਸ਼ਰਾਮ ਦਾ ਸੂਚਕ ਹੈ। ਕਾਮਾ-ਬਿੰਦੀ ਦੀ ਵਰਤੋਂ ਕਿਸੇ ਵਿਸ਼ੇਸ਼ ਵਿਚਾਰ ਦੀ ਲੜੀ ਵਿੱਚ ਬੱਝੇ ਉਪਵਾਕਾਂ ਵਿਚਕਾਰ (ਵਾਕ-8) ਕੀਤੀ ਜਾਂਦੀ ਹੈ ਅਤੇ ਕਿਸੇ ਵਿਚਾਰ ਦੀ ਪੁਸ਼ਟੀ ਲਈ ਮਿਸਾਲਾਂ ਦੇਣ ਤੋਂ ਪਹਿਲਾਂ ‘ਜਿਵੇਂ’ ਆਦਿ ਸ਼ਬਦਾਂ ਤੋਂ ਪਹਿਲਾਂ (ਵਾਕ-9)।
8. ਹੌਲੀ ਗੱਲ ਕਰੋ; ਕੰਧਾਂ ਨੂੰ ਵੀ ਕੰਨ ਹੁੰਦੇ ਹਨ।
9. ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਂਵ ਕਹਿੰਦੇ ਹਨ; ਜਿਵੇਂ ਮੈਂ, ਤੂੰ, ਉਹ ਆਦਿ।
ਵਿਸਮਕ ਚਿੰਨ੍ਹ ਦੀ ਵਰਤੋਂ ਕਿਸੇ ਵਿਸਮਕ ਭਾਵ (ਹੈਰਾਨੀ, ਅਫ਼ਸੋਸ, ਪ੍ਰਸੰਨਤਾ, ਹੱਲਾਸ਼ੇਰੀ, ਅਸੀਸ, ਫਿਟਕਾਰ, ਸਤਿਕਾਰ ਆਦਿ) ਨੂੰ ਸੂਚਿਤ ਕਰਨ ਵਾਲੇ ਸ਼ਬਦ, ਵਾਕਾਂਸ਼, ਉਪਵਾਕ ਜਾਂ ਵਾਕ ਦੇ ਪਿੱਛੋਂ ਕੀਤੀ ਜਾਂਦੀ ਹੈ। ਵਾਕ ਤੋਂ ਮਗਰੋਂ ਆਉਣ ਵਾਲਾ ਵਿਸਮਕ ਚਿੰਨ੍ਹ, ਪੂਰਨ ਵਿਸ਼ਰਾਮ ਦਾ ਸੂਚਕ ਹੁੰਦਾ ਹੈ ਪਰ ਬਾਕੀ ਭਾਸ਼ਾਈ ਇਕਾਈਆਂ ਤੋਂ ਮਗਰੋਂ ਆਉਣ ਵਾਲਾ ਵਿਸਮਕ ਚਿੰਨ੍ਹ ‘ਕਾਮੇ’ ਜਾਂ ‘ਕਾਮਾ-ਬਿੰਦੀ’ ਦਾ ਕਾਰਜ ਕਰਦਾ ਹੈ। (ਵਾਕ-10)।
10. ਜਿਊਂਦਾ ਰਹੁ! ਰੱਬ ਤੇਰੀ ਉਮਰ ਵੱਡੀ ਕਰੇ।
ਵਿਸ਼ਰਾਮ ਚਿੰਨ੍ਹ, ਡੰਡੀ ਅਤੇ ਪ੍ਰਸ਼ਨ ਚਿੰਨ੍ਹ, ਦੋਵੇਂ ਹੀ ਪੂਰਨ ਵਿਸ਼ਰਾਮ ਦੇ ਸੂਚਕ ਹਨ। ਬਿਆਨੀਆਂ ਅਤੇ ਹੁਕਮੀ ਵਾਕਾਂ ਦੇ ਅੰਤ ਵਿੱਚ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ। (ਵਾਕ-11 ਅਤੇ 12)। ਪ੍ਰਸ਼ਨਵਾਚੀ ਵਾਕਾਂ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲਗਾਇਆ ਜਾਂਦਾ ਹੈ। ਪ੍ਰਸ਼ਨਵਾਚੀ ਵਾਕ ਕਿਸੇ ਪ੍ਰਸ਼ਨਸੂਚਕ ਸ਼ਬਦ ਵਾਲਾ ਵੀ ਹੋ ਸਕਦਾ ਹੈ (ਵਾਕ-13) ਅਤੇ ਪ੍ਰਸ਼ਨਸੂਚਕ ਸ਼ਬਦ ਤੋਂ ਬਿਨਾਂ ਵੀ (ਵਾਕ-14)।
11. ਮੋਹਣ ਦਾ ਵੱਡਾ ਭਰਾ ਡਾਕਟਰ ਹੈ।
12. ਮੈਨੂੰ ਠੰਡੇ ਪਾਣੀ ਦਾ ਇੱਕ ਗਿਲਾਸ ਦਿਓ।
13. ਉਹ ਕੀ ਕੰਮ ਕਰਦਾ ਹੈ?
14. ਉਹ ਕੋਈ ਕੰਮ ਕਰਦਾ ਹੈ?
ਜਿਹੜੇ ਵਿਸ਼ਰਾਮ ਚਿੰਨ੍ਹ ਕਿਸੇ ਲਿਖਤ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ, ਉਹ ਹਨ : (1) ਪੁੱਠੇ ਕਾਮੇ - ਦੋਹਰੇ = ‘‘’’ ਅਤੇ ਇਕਹਿਰੇ = ‘’ (‘‘), (2) ਦੁਬਿੰਦੀ ਜਾਂ ਕੋਲਨ = :, (3) ਦੁਬਿੰਦੀ ਡੈਸ਼ = :-, (4) ਜੋੜਨੀ ਜਾਂ ਹਾਈਫਨ = - , (5) ਡੈਸ਼ = -, (6) ਬਰੈਕਟਾਂ = (), (7) ਬਿੰਦੀ = ., (8) ਟੇਢੀ ਰੇਖਾ ਜਾਂ ਓਬਲੀਕ /, (9) ‘ਸਿਰਕਾਮਾ’
ਕਿਸੇ ਦੇ ਕਹੇ ਸ਼ਬਦਾਂ ਨੂੰ ਜਾਂ ਕਿਸੇ ਲਿਖਤ ਵਿੱਚ ਲਏ ਗਏ ਅੰਸ਼ (ਟੂਕ) ਨੂੰ ਦੋਹਰੇ ਪੁੱਠੇ ਕਾਮਿਆਂ ਵਿੱਚ ਰੱਖਿਆ ਜਾਂਦਾ ਹੈ (ਵਾਕ-15), ਅਤੇ ਕਿਸੇ ਵਿਸ਼ੇਸ਼ ਸੰਕਲਪ, ਨਾਂਵ ਜਾਂ ਕਾਰਜ, ਨੂੰ ਇਕਹਿਰੇ ਪੁੱਠੇ ਕਾਮਿਆਂ ਵਿੱਚ (ਵਾਕ-16)।
15. ਹਰਨਾਮ ਨੇ ਆਪਣੇ ਸਾਥੀ ਨੂੰ ਕਿਹਾ, “ਇਸ ਵਾਰ ਜਮਾਤ ਵਿੱਚ ਮੈਂ ਫਸਟ ਆਵਾਂਗਾ।"
16. ਵਿਸ਼ਰਾਮ ਚਿੰਨ੍ਹ ‘ਕਾਮੇ’ ਦੀ ਵਰਤੋਂ ਬੜੇ ਧਿਆਨ ਦੀ ਮੰਗ ਕਰਦੀ ਹੈ।
ਦੁਬਿੰਦੀ ਜਾਂ ਕੋਲਨ ਅਤੇ ਦੁਬਿੰਦੀ ਡੈਸ਼ ਦੋਹਾਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ-ਸਥਿਤੀ ਇੱਕੋ ਹੀ ਹੁੰਦੀ ਹੈ। ਵਾਕ ਵਿਚਲੇ ਨੁਕਤੇ ਦੇ ਸਪਸ਼ਟੀਕਰਨ ਲਈ ਵਾਕ ਤੋਂ ਮਗਰੋਂ ਪੇਸ਼ ਕੀਤੇ ਜਾਣ ਵਾਲੇ ਵੇਰਵੇ ਤੋਂ ਪਹਿਲਾਂ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ (ਵਾਕ-17)। ਇਸੇ ਸਥਿਤੀ ਵਿੱਚ ‘ਜਿਵੇਂ’, ‘ਜਿਹਾ ਕਿ’ ਆਦਿ ਸ਼ਬਦ ਲਾ ਕੇ ਦੁਬਿੰਦੀ ਡੈਸ਼ ਨੂੰ ਵਰਤਿਆ ਜਾਂਦਾ ਹੈ (ਵਾਕ-18)।
17. ਗੁਰਮੁਖੀ ਲਿਖਤਾਂ ਵਿੱਚ ਵਰਤੇ ਜਾਂਦੇ ਪ੍ਰਮੁਖ ਵਿਸ਼ਰਾਮ ਚਿੰਨ੍ਹ ਹਨ-ਕਾਮਾ, ਕੋਲਨ, ਡੰਡੀ ਆਦਿ।
18. ਕਈ ਵਿਸ਼ਰਾਮ ਚਿੰਨ੍ਹ, ਪੰਜਾਬੀ ਲਿਖਤਾਂ ਵਿੱਚ ਆਮ ਵਰਤੇ ਜਾਂਦੇ ਹਨ ਜਿਵੇਂ ਕਾਮਾ, ਕੋਲਨ।
ਜੋੜਨੀ ਜਾਂ ਹਾਈਫਨ ਦੀ ਵਰਤੋਂ ਦੋ ਸ਼ਬਦਾਂ ਨੂੰ ਇੱਕ ਰੂਪ ਵਿੱਚ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਜੋੜਨੀ ਵਾਲਾ ਇਕਰੂਪ ਸ਼ਬਦ ਕੋਈ ਸਮਾਸ (ਦੇਸ਼-ਭਗਤੀ, ਰਾਜ-ਗਾਇਕ, ਪੱਥਰ-ਦਿਲ ਆਦਿ) ਜਾਂ ਇੱਕੋ ਸ਼ਬਦ ਦੀ ਦੋਹਰੀ ਵਰਤੋਂ (ਵੱਖ-ਵੱਖ, ਹੱਥੋਂ-ਹੱਥੀਂ, ਰੋਟੀ-ਰਾਟੀ, ਚਾਹ-ਚੂਹ ਆਦਿ) ਦਰਸਾਉਂਦਾ ਹੈ।
ਡੈਸ਼ ਦੀ ਵਰਤੋਂ ਵਾਕ ਵਿਚਲੇ ਉਸ ਮਹੱਤਵਪੂਰਨ ਅੰਸ਼ (ਸ਼ਬਦ ਸਮੂਹ) ਤੋਂ ਪਹਿਲਾਂ ਅਤੇ ਪਿੱਛੋਂ, ਦੋਹਾਂ ਥਾਵਾਂ ਉੱਤੇ ਕੀਤੀ ਜਾਂਦੀ ਹੈ ਜਿਸ ਅੰਸ਼ ਦੀ ਬਣਤਰ ਵਾਕ ਦੀ ਬਣਤਰ ਤੋਂ ਵੱਖਰੀ ਕਿਸਮ ਦੀ ਹੋਵੇ (ਵਾਕ-19)। ਇਸ ਤੋਂ ਇਲਾਵਾ, ਵਾਕ ਦੇ ਉਸ ਅੰਤਲੇ ਭਾਗ ਤੋਂ ਪਹਿਲਾਂ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਵਾਕ ਦੇ ਪਹਿਲੇ ਭਾਗ ਵਿੱਚ ਪੇਸ਼ ਵਿਚਾਰ ਦਾ ਨਿਪਟਾਰਾ ਕੀਤਾ ਜਾਵੇ (ਵਾਕ-20)। ਨਾਟਕ ਦੇ ਲਿਖਤੀ ਰੂਪ ਵਿੱਚ ਪਾਤਰ ਦੇ ਨਾਮ ਅੱਗੇ ਡੈਸ਼ ਪਾ ਕੇ ਉਸ ਦੀ ਵਾਰਤਾਲਾਪ ਦਰਜ ਕੀਤੀ ਜਾਂਦੀ ਹੈ।
19. ਮੇਰੇ ਵਿਚਾਰ ਅਨੁਸਾਰ - ਜ਼ਰਾ ਧਿਆਨ ਨਾਲ ਸੁਣਨਾ - ਸਾਡੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ, ਗ਼ਰੀਬੀ ਹੈ।
20. ਬੱਸ ਗੱਲ ਖ਼ਤਮ ਹੋਈ - ਨਾ ਮੋਹਣ ਦੇ ਘਰ ਤੂੰ ਜਾਈਂ ਨਾ ਹੀ ਮੋਹਣ ਤੇਰੇ ਘਰ ਜਾਵੇਗਾ।
ਵਿਸ਼ਰਾਮ ਚਿੰਨ੍ਹ ਵਜੋਂ ਬਰੈਕਟਾਂ ਦੀ ਵਰਤੋਂ ਕਿਸੇ ਲਿਖਤ ਵਿੱਚ ਕੋਈ ਲੋੜੀਂਦਾ ਜਾਂ ਜ਼ਰੂਰੀ ਹਵਾਲਾ ਦੇਣ ਲਈ (ਵਾਕ-21) ਜਾਂ ਕਿਸੇ ਲੇਖਕ ਦੇ ਹਵਾਲੇ ਨੂੰ ਦਰਜ ਕਰਨ ਵੇਲੇ ਉਸ ਵਿਚਲੀ ਕਿਸੇ ਗ਼ਲਤੀ ਨੂੰ ਸੋਧ ਕੇ ਲਿਖਣ ਲਈ (ਵਾਕ-22) ਕੀਤੀ ਜਾਂਦੀ ਹੈ।
ਕਿਸੇ ਲਿਖਤ ਦੇ ਵੱਖ-ਵੱਖ ਹਿੱਸਿਆਂ ਨੂੰ ਨੰਬਰ ਲਗਾਉਣ ਲਈ ਵੀ ਬਰੈਕਟਾਂ ਦੀ ਵਰਤੋਂ ਕੀਤੀ ਜਾਂਦੀ ਹੈ।
21. ਅਸਾਂ ਆਪ ਨੂੰ ਇਸ ਤੋਂ ਪਹਿਲੀ ਚਿੱਠੀ (ਜਿਸ ਦੀ ਨਕਲ ਨੱਥੀ ਹੈ) ਵਿੱਚ ਵੀ ਕਿਹਾ ਸੀ ਕਿ ਆਪਣੀਆਂ ਪੁਸਤਕਾਂ ਦੀ ਸੂਚੀ ਭੇਜਣ ਦੀ ਖੇਚਲ ਕਰੋ।
22. “ਬੱਚੇ ਦੇ ਜੰਮਣ ਦਾ ਕਾਰਜ ਪਿੰਡ ਦੀ ਡਾਈ (ਦਾਈ) ਕਰਦੀ ਹੈ।"
ਕਿਸੇ ਸ਼ਬਦ ਦਾ ਸੰਖੇਪ ਲਿਖਣ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ :
ਸ. = ਸਰਦਾਰ, ਪ੍ਰੋ. = ਪ੍ਰੋਫ਼ੈਸਰ, ਡਾ. = ਡਾਕਟਰ
ਇੱਕੋ ਅਰਥਾਂ ਜਾਂ ਇੱਕੋ ਪ੍ਰਕਾਰਜ ਵਾਲੇ ਦੋ ਸ਼ਬਦਾਂ ਦਰਮਿਆਨ ਟੇਢੀ ਰੇਖਾ ਅਰਥਾਤ ਅਬਲੀਕ ਦੀ ਵਰਤੋਂ ਕੀਤੀ ਜਾਂਦੀ ਹੈ (ਵਾਕ-23)।
23. ਸਵਰ ਧੁਨੀਆਂ ਸਘੋਸ਼/ਨਾਦੀ ਹੁੰਦੀਆਂ ਹਨ।
ਜਿਨ੍ਹਾਂ ਸ਼ਬਦਾਂ ਦੀਆਂ ਪਹਿਲੀਆਂ ਕੁੱਝ ਧੁਨੀਆਂ ਨੂੰ ਨਾ ਲਿਖਿਆ ਜਾਵੇ, ਉਹਨਾਂ ਦੀ ਥਾਂ ‘ਸਿਰ-ਕਾਮੇ’ ਅਰਥਾਤ ਕਾਮੇ ਦੀ ਲਿਖੇ ਲਿਪੀ ਚਿੰਨ੍ਹ ਦੇ ਉਪਰ ਵਰਤੋਂ ਕੀਤੀ ਜਾਂਦੀ ਹੈ : ’ਚ = ਵਿੱਚ, ’ਤੇ = ਅਤੇ/ਉੱਤੇ, ’ਚੋਂ = ਵਿੱਚੋਂ।
ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 40940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ੳੁਪ੍ਰੋਕਤ ਜਾਣਕਾਰੀ ਉੱਤਮ ਹੈ। ਕਿਧਰੇ-ਕਿਧਰੇ ਵਿਸ਼੍ਰਾਮ ਚਿੰਨ੍ਹ ਠੀਕ ਥਾਂ ਉੱਤੇ ਨਹੀਂ ਲਾਏ ਗਏ। ਦਰੁਸਤੀ ਜ਼ਰੂਰੀ ਹੈ। ਦੇਖੋ 22. " ਬੱਚੇ …ਕਰਦੀ ਹੈ। " ਦੀ ਥਾਂ ਸਹੀ ਹੈ "ਬੱਚੇ …ਕਰਦੀ ਹੈ।" ਆਦਿ
ਉੱਦਮ ਸਲਾਹੁਣ ਯੋਗ ਹੈ। -ਕਿਰਪਾਲ ਸਿੰਘ ਪੰਨੂੰ, ਅਪ੍ਰੈਲ 19, 2018
Kirpal Singh Pannu,
( 2018/04/19 03:3821)
Please Login First