ਵਿਨਿਯਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Regulation_ਵਿਨਿਯਮ: ਵਿਧਾਨਕ ਅਥਾਰਿਟੀ ਦੁਆਰਾ ਘੋਸ਼ਤ ਕਾਨੂੰਨਾਂ ਜਾਂ ਐਕਟਾਂ ਲਈ ਪੁਰਾਣਾ ਨਾਂ ਰੈਗੂਲੇਸ਼ਨ ਅਥਵਾ ਵਿਨਿਯਮ ਸੀ। ਪੁਰਾਣੇ ਵਿਨਿਯਮ ਅਤੇ ਨਵੇਂ ਐਕਟਾਂ ਵਿਚ ਫ਼ਰਕ ਸਿਰਫ਼ ਇਹ ਹੈ ਕਿ ਪੁਰਾਣੇ ਵਿਨਿਯਮਾਂ ਦੀ ਖਰੜਾਕਾਰੀ ਅਜ ਦੇ ਐਕਟਾਂ ਦੀ ਖਰੜਾਕਾਰੀ ਵਾਂਗ ਗੁੰਦਵੀਂ ਨਹੀਂ ਸੀ ਹੁੰਦੀ ਅਤੇ ਸ਼ੁਰੂ ਵਿਚ ਉਸ ਕਾਨੂੰਨ ਦੀ ਵਿਆਖਿਆ, ਉਦੇਸ਼ਾਂ ਅਤੇ ਪ੍ਰਯੋਜਨਾਂ ਬਾਰੇ ਵਿਸਤਾਰਪੂਬਕ ਵੇਰਵਾ ਹੁੰਦਾ ਸੀ ਜਦ ਕਿ ਅਜ ਦੇ ਐਕਟਾਂ ਦੀ ਪ੍ਰਸਤਾਵਨਾ ਬਹੁਤ ਸੰਖਿਪਤ ਹੁੰਦੀ ਹੈ। ਪੇਸ਼ਾਨ ਸ਼ੇਖ਼ ਬਨਾਮ ਸ਼ਹਿਨਸ਼ਾਹ (49 ਕ੍ਰਿ ਜ318) ਵਿਚ ਕਿਹਾ ਗਿਆ ਹੈ ਕਿ ‘ਦ ਗਵਰਨਮੈਂਟ ਆਫ਼ ਇੰਡੀਆਂ ਐਕਟ ਵਿਚ ਸ਼ਬਦ ਰੈਗੂਲੇਸ਼ਨ ਨੂੰ ਪਰਿਭਾਸ਼ਤ ਨਹੀਂ ਕੀਤਾ ਗਿਆ ਲੇਕਿਨ ਇਸ ਵਿਚ ਸ਼ੱਕ ਨਹੀਂ ਕਿ ਉਸ ਐਕਟ ਦੀ ਧਾਰਾ 92 ਕੇਵਲ ਰਾਜਪਾਲ ਦੁਆਰਾ ਪਾਸ ਕੀਤਾ ਗਿਆ ਐਕਟ ਕਾਨੂੰਨ ਦਾ ਬਲ ਰਖੇਗਾ ਅਤੇ ਉਸ ਨੂੰ ਹਰ ਲਿਹਾਜ਼ ਨਾਲ ਪ੍ਰਾਂਤਕ ਐਕਟ ਸਮਝਿਆ ਜਾਵੇਗਾ ਸਿਵਾਏ, ਇਸ ਦੇ ਕਿ ਉਹ ਰਾਜਪਾਲ ਦੁਆਰਾ ਆਪਣੇ ਵਿਵੇਕ ਅਨੁਸਾਰ ਐਕਟ ਬਣਾਇਆ ਜਾਂਦਾ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਧਾਰਨ ਖੰਡ ਐਕਟ ਦੇ ਪ੍ਰਯੋਜਨਾਂ ਲਈ ਪ੍ਰ੍ਰਾਂਤਕ ਵਿਧਾਨ ਮੰਡਲ ਦੇ ਐਕਟ ਨਾਲੋਂ ਵਿਨਿਯਮ ਕਿਸੇ ਗੱਲੋਂ ਘੱਟ ਹੁੰਦਾ ਹੈ।

       ਲੇਕਿਨ ਮਿਉਂਸਪਲ ਕਮੇਟੀ ਮਾਲੇਰਕੋਟਲਾ ਬਨਾਮ ਰਾਜੀ ਇਸਮਾਈਲ (ਏ ਆਈ ਆਰ 1967 ਪੰ: 32) ਅਨੁਸਾਰ ਵਿਨਿਯਮ ਦਾ ਸਾਧਾਰਨ ਤੌਰ ਤੇ ਮਤਲਬ ਹੈ ਆਚਰਣ ਦੇ ਕੰਟਰੋਲ ਲਈ ਬਣਾਏ ਗਏ ਨਿਯਮ

       ਕੋਰਪਸ ਜਿਉਰਿਸ ਸੈਕੰਡਮ (ਜਿਲਦ 76 ਪੰ: 615) ਵਿਚ ਵਿਨਿਯਮ ਸ਼ਬਦ ਨੂੰ ਪ੍ਰਬੰਧ ਜਾਂ ਸ਼ਾਸਨ ਲਈ ਬਣਾਏ ਗਏ ਨਿਯਮ ਜਾਂ ਵਿਵਸਥਾ ਦੇ ਤੌਰ ਤੇ ਪਰਿਭਾਸ਼ਤ ਕੀਤਾ ਗਿਆ ਹੈ।

       ਕੇ. ਰਾਮਾਨਾਥਨ ਬਨਾਮ ਤਾਮਿਲਨਾਡੂ ਰਾਜ (ਏ ਆਈ ਆਰ 1985 ਐਸ ਸੀ 660) ਅਨੁਸਾਰ ਵਿਨਿਯਮ ਸ਼ਬਦ ਦੇ ਅਰਥ ਉਸ ਦੇ ਪ੍ਰਸੰਗ ਅਨੁਸਾਰ ਉਸ ਕਾਨੂੰਨ ਦੇ ਪ੍ਰਯੋਜਨ ਅਤੇ ਉਦੇਸ਼ ਦੇ ਮੁਤਾਬਕ ਕੱਢੇ ਜਾਂਦੇ ਹਨ। ਅਤੇ ਉਸ ਦੇ ਅਰਥ ਬੇਲਚਕ ਨਹੀਂ ਹੋ ਸਕਦੇ। ਸਰਵ ਉਚ ਅਦਾਲਤ ਅਨੁਸਾਰ ਵਿਨਿਯਮ ਵਿਚ ਮੁਕੰਮਲ ਮਨਾਹੀ ਵੀ ਆ ਸਕਦੀ ਹੈ।

       ਸੁਖਦੇਵ ਸਿੰਘ ਬਨਾਮ ਭਗਤ ਰਾਜ (ਏ ਆਈ ਆਰ 1975 ਐਸ ਸੀ 1331) ਅਨੁਸਾਰ ਭਾਰਤੀ ਵਿਧਾਨਕ ਪ੍ਰਣਾਲੀ ਅਧੀਨ ਨਿਯਮ ਕੇਂਦਰੀ ਸਰਕਾਰ ਜਾਂ ਰਾਜ ਸਰਕਾਰਾਂ ਦੁਆਰਾ ਬਣਾਏ ਜਾ ਸਕਦੇ ਹਨ ਤੇ ਕਿਸੇ ਪ੍ਰਵਿਧਾਨ ਅਧੀਨ ਸਥਾਪਤ ਸੰਸਥਾ , ਜਾਂ ਸੰਗਠਨ ਦੁਆਰਾ ਬਣਾਏ ਗਏ ਨਿਯਮਾਂ ਨੂੰ ਵਿਨਿਯਮ ਕਿਹਾ ਜਾਂਦਾ ਹੈ.... ਇਸੇ ਤਰ੍ਹਾਂ ਨਿਯਮ ਆਮ ਤੌਰ ਤੇ ਸਰਕਾਰ ਦੁਆਰਾ ਬਣਾਏ ਜਾਂਦੇ ਹਨ ਜਦ  ਕਿ ਵਿਨਿਯਮ ਕਿਸੇ ਬਾਡੀ ਦੁਆਰਾ ਬਣਾਏ ਜਾਂਦੇ ਹਨ ਜੋ ਖ਼ੁਦ ਕਿਸੇ ਕਾਨੂੰਨ ਦੁਆਰਾ ਸਿਰਜਤ ਕੀਤੀ ਗਈ ਹੁੰਦੀ ਹੈ।

       ਇਸ ਤੋਂ ਇਲਾਵਾ ਨਿਯਮ ਬਣਾਉਣ ਦਾ ਇਖ਼ਤਿਆਰ ਮੂਲ ਐਕਟ ਵਿਚ ਦਿੱਤਾ ਗਿਆ ਹੁੰਦਾ ਹੈ ਅਤੇ ਹਰ ਉਸ ਵਿਸ਼ੇ ਬਾਰੇ ਨਿਯਮ ਬਣਾਏ ਜਾ ਸਕਦੇ ਹਨ ਜੋ ਮੂਲ ਐਕਟ ਦਾ ਆਸ਼ਾ ਪੂਰਾ ਕਰਨ ਲਈ ਜ਼ਰੂਰੀ ਹੋਵੇ। ਉਸ ਦੇ ਮੁਕਾਬਲੇ ਵਿਚ ਵਿਨਿਯਮਾਂ ਦਾ ਦਾਇਰਾ ਸੰਕੁਚਿਤ ਹੁੰਦਾ ਹੈ ਅਤੇ ਸਬੰਧਤ ਪ੍ਰਵਿਧਾਨਕ ਬਾਡੀ ਦੇ ਅੰਦਰੂਨੀ ਮਾਮਲਿਆਂ ਤਕ ਸੀਮਤ ਹੁੰਦਾ ਹੈ ਜਿਵੇਂ ਕਿ ਉਸ ਬਾਡੀ ਦੇ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ। ਅਤੇ ਕਿਉਂ ਕਿ ਸੇਵਾ ਦੀਆਂ ਸ਼ਰਤਾਂ ਆਪਸੀ ਮੁਆਇਦੇ ਦੁਆਰਾ ਵੀ ਤੈਅ ਕੀਤੀਆਂ ਜਾ ਸਕਦੀਆਂ ਹਨ, ਇਸ ਲਈ ਵਿਨਿਯਮਾਂ ਦਾ ਦਾਇਰਾ ਹੋਰ ਵੀ ਸੰਕੁਚਿਤ ਹੋ ਜਾਂਦਾ। ਇਸ ਤਰ੍ਹਾਂ ਪ੍ਰਵਿਧਾਨਕ ਬਾਡੀਆਂ ਦੁਆਰਾ ਬਣਾਏ ਗਏ ਸੇਵਾ ਦੇ ਵਿਨਿਯਮਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਵਿਨਿਯਮ ਉਸ ਬਾਡੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਸੇਵਾ ਦੀਆਂ ਸ਼ਰਤਾਂ ਦਾ ਮਿਆਰੀਕਰਣ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਪ੍ਰਵਿਧਾਨਕ ਦਰਜਾ ਨਹੀਂ ਦਿੱਤਾ ਜਾ ਸਕਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.