ਵਿਚੋਲਗੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਚੋਲਗੀ : ਵਿਚੋਲਗੀ ਕਈ ਅਰਥਾਂ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਇਸਦੀ ਹੋਂਦ ਨੂੰ, ਵਿੱਚ, ਵਿਚਲਾ, ਵਿਚਕਾਰਲਾ ਅਤੇ ਵਿੱਚ-ਓਹਲਾ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ‘ਵਿੱਚ’ ਤੋਂ ਭਾਵ ਜਦੋਂ ਕੋਈ ਵਿਅਕਤੀ, ਸੰਸਥਾ, ਦੇਸ਼, ਦੋ ਜਾਂ ਦੋ ਤੋਂ ਵੱਧ ਧਿਰਾਂ ‘ਵਿਚਾਲੇ’ ਸੰਬੰਧਕ ਦਾ ਕੰਮ ਕਰਦਾ ਹੈ ਤਾਂ ਉਹ ‘ਵਿੱਚ’ ਪੈਣ ਵਾਲਾ ਵਿਚੋਲਾ ਬਣ ਜਾਂਦਾ ਹੈ। ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਨਾਲ ਸਿੱਧਾ (ਜਾਤੀ ਜਾਂ ਵਪਾਰਕ) ਸੰਬੰਧ ਕਾਇਮ ਨਾ ਕਰ ਸਕੇ ਤਾਂ ਉਸ ਲਈ ਵਿਚਲਾ ਵਿਅਕਤੀ ਭੂਮਿਕਾ ਨਿਭਾਉਂਦਾ ਹੈ। ਵਿਚਲੇ ਵਿਅਕਤੀ ਦੇ ਕੰਮ ਦੀ ਭੂਮਿਕਾ ਹੀ ਉਸ ਦਾ ਸਨਮਾਨ ਨਿਰਧਾਰਿਤ ਕਰਦੀ ਹੈ। ਜਿਵੇਂ- ਵਪਾਰ ਦੀ ਵਿਚੋਲਗੀ ਕਰਨ ਵਾਲਾ ‘ਏਜੰਟ’, ਵਸਤਾਂ ਵੇਚਣ ਵਾਲਾ ‘ਸੇਲਜ਼ਮੈਨ’, ਪੁਲਿਸ ਦੀ ਵਿਚੋਲਗੀ ਕਰਨ ਵਾਲਾ ‘ਟਾਊਟ’, ਮੁਲਕ ਦੀ ਵਿਚੋਲਗੀ ਕਰਨ ਵਾਲਾ ‘ਸਫ਼ੀਰ’, ਜਿਸਮ ਦੀ ਵਿਚੋਲਗੀ ਕਰਨ ਵਾਲਾ ‘ਦੱਲਾ’, ਰੱਬ ਦੀ ਵਿਚੋਲਗੀ ਕਰਨ ਵਾਲਾ ‘ਪੀਰ, ਫ਼ਕੀਰ’ ਅਤੇ ਸੱਭਿਆਚਾਰਿਕ ਤੌਰ ਤੇ ਵਿਆਹ ਦੀ ਵਿਚੋਲਗੀ ਕਰਨ ਵਾਲਾ ‘ਨਾਈ, ਬ੍ਰਾਹਮਣ ਅਤੇ ਮਿਰਾਸੀ’ ਹੁੰਦਾ ਹੈ। ਵਿਆਹ ਦੀ ਰਸਮ ਪੂਰੀ ਕਰਨ ਲਈ ਦੋਵਾਂ ਧਿਰਾਂ ਦਾ ਸਾਂਝਾ ਅਤੇ ਇੱਕ ਦੂਸਰੇ ਵਿੱਚ ਸੰਪਰਕ ਸਾਧਨ ਪੈਦਾ ਕਰਨ ਵਾਲਾ ਵਿਅਕਤੀ ‘ਵਿਚੋਲਾ’ ਅਖਵਾਉਂਦਾ ਹੈ।

     ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਾ ਜੋੜਨ ਅਤੇ ਤੋੜਨ ਲਈ ਦੋ ਸ੍ਵੈ-ਵਿਰੋਧੀ ਸ਼ਬਦ ਹਨ। ਇੱਕ ‘ਵਿਚੋਲਾ’ ਅਤੇ ਦੂਸਰਾ ‘ਭਾਨੀਅਰ’ ਜਾਂ ‘ਭਾਨੀ ਮਾਰ’। ਵਿਚੋਲੇ ਦਾ ਕੰਮ ਦੋ ਪਰਿਵਾਰਾਂ ਨੂੰ, ਆਪਸ ਵਿੱਚ ਇੱਕ ਕਰਨਾ ਹੁੰਦਾ ਹੈ ਅਤੇ ਭਾਨੀ ਮਾਰ ਨੇ ਰਿਸ਼ਤੇ ਬਾਰੇ ਕੋਈ ਚੁਗ਼ਲੀ ਕਰ ਕੇ ਰਿਸ਼ਤਾ ਤੋੜਨਾ ਹੁੰਦਾ ਹੈ। ਇਸੇ ਕਾਰਨ ਵਿਚੋਲਗੀ ਲਈ ਸਨਮਾਨ ਭਰਪੂਰ ਅਤੇ ਭਾਨੀਅਰ ਲਈ ਤ੍ਰਿਸਕਾਰਿਤ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

     ਕੁੱਝ ਵਿਚੋਲੇ ਆਪਣੀ ਵਿਚੋਲਗੀ ਦੀ ਕਲਾ-ਮੁਹਾਰਤ ਵਿੱਚ ਏਨੇ ਮਾਹਰ ਹੁੰਦੇ ਹਨ ਕਿ ਇਹ ਆਪਣੇ ਕਸਬ ਕਾਰਨ ਰਿਸ਼ਤਾ ਜੋੜਨ ਲਈ ਵਿਅਕਤੀ ਦੀ ਪਹਿਚਾਣ ਇਵੇਂ ਦਿੰਦੇ ਹਨ ਕਿ ਦੂਸਰਾ ਵਿਅਕਤੀ ਸੁਣ ਕੇ ਨਾਂਹ ਕਰਨ ਦੀ ਹਿੰਮਤ ਨਹੀਂ ਰੱਖਦਾ। ਮਿਸਾਲ ਵਜੋਂ ਕੋਈ ਕਸਬੀ ਵਿਚੋਲਾ ਆਪਣੀ ਕਲਾ ਰਾਹੀਂ ਕਿਸੇ ਮਾਤਾ ਦੇ ਦਾਗਾਂ ਵਾਲੇ ਮੁੰਡੇ ਦੇ ਬਦਸੂਰਤ ਰੂਪ ਬਾਰੇ ਇਹਨਾਂ ਸ਼ਬਦਾਂ ਵਿੱਚ ਉਸ ਦੀ ਕਰੂਪਤਾ ਲੁਕੋ ਸਕਦਾ ਹੈ। ‘ਦੇਖੋ ਜੀ ਮੁੰਡਾ ਕਿੱਕਰ ਦੇ ਮੋਛੇ ਵਰਗਾ ਜਵਾਨ ਹੈ; ਜਿੱਥੋਂ ਤੱਕ ਦਾਗਾਂ ਦਾ ਸੁਆਲ ਐ ਦਾਗ ਤਾਂ ਚੰਨ ਤੇ ਵੀ ਹੈ। ਬਾਕੀ ਰਹੀ ਰੰਗ ਦੀ ਗੱਲ, ਰੰਗ ਤਾਂ ਕ੍ਰਿਸ਼ਨ ਤੇ ਸ਼ਿਵ ਜੀ ਦਾ ਵੀ ਸਾਂਵਲਾ ਸੀ। ਦੁਨੀਆ ਪੂਜਦੀ ਐ ਉਹਨਾਂ ਨੂੰ; ਤੁਸੀਂ ਐਵੇਂ ਗੋਰੇ ਰੰਗ ਦਾ ਖਹਿੜਾ ਨਾ ਕਰੋ, ਗੁਣ ਦੇਖੋ ਬੰਦੇ ਦੇ, ਨਾਲੇ ਗੋਰਾ ਬੰਦਾ ਤਾਂ ਊਈਂ ਜ਼ਨਾਨੜਾ ਜਿਹਾ ਲੱਗਦਾ। ਤੁਸੀਂ ਵਿਆਹ ਤੋਂ ਛੇ ਮਹੀਨੇ ਪਿਛੋਂ ਦੇਖਿਉ, ਮੁੰਡਾ ਕਿਵੇਂ ਕਪਾਹ ਦੇ ਟੀਂਡੇ ਵਾਂਗੂੰ ਲਿਸ਼ਕਦਾ ਹੈ।’

     ਵਿਚੋਲਗੀ ਕੋਈ ਧੰਦਾ ਨਹੀਂ, ਸ਼ੌਕ ਹੈ, ਕਲਾ ਹੈ। ਵਿਚੋਲਾ ਬਿਰਤੀ ਵਾਲਾ ਬੰਦਾ ਕਿਸੇ ਵੀ ਘਰ ਜਾਵੇ, ਪਹਿਲੀ ਨਿਗਾਹ ਨਿਆਣਿਆਂ ਤੇ ਮਾਰ ਕੇ ਗੱਲ ਸ਼ੁਰੂ ਕਰਦਾ ਹੈ। ਵਿਚੋਲਾ ਹਮੇਸ਼ਾਂ ਆਪਣੀ ਦਲੀਲ ਅਤੇ ਆਪਣਾ ਹੀ ਤਰਕ ਵਰਤਦਾ ਹੈ। ਇਸੇ ਕਰ ਕੇ ਚੰਗਾ ਵਿਚੋਲਾ ‘ਹੱਥਾਂ ਤੇ ਸਰ੍ਹੋਂ ਜਮਾ’ ਦਿੰਦਾ ਹੈ।

     ਵਿਚੋਲਗੀ ਦੀ ਕੋਈ ਸਿਖਲਾਈ ਨਹੀਂ, ਨਾ ਹੀ ਇਹ ਕਿਸੇ ਜਾਤੀ ਵਿਸ਼ੇਸ਼ ਦਾ ਧੰਦਾ ਹੈ। ਹਾਲਾਂਕਿ ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਮਰਾਸੀ, ਨਾਈ ਆਦਿ ਹੀ ਵਿਚੋਲਗੀ ਦੇ ਕਾਰਜਾਂ ਵਿੱਚ ਹਿੱਸਾ ਲੈਂਦੇ ਸਨ, ਜਦ ਕਿ ਅਜੋਕੇ ਸਮੇਂ ਹਰ ਚਾਤਰ ਅਤੇ ਸਿਆਣਾ ਇਸਤਰੀ ਪੁਰਸ਼ ਵਿਚੋਲਗਿਰੀ ਕਰਨ ਲੱਗਾ ਹੈ। ਬਸ਼ਰਤੇ ਕਿ ਅਜਿਹਾ ਵਿਅਕਤੀ ਵੱਧ ਤੋਂ ਵੱਧ ਟੱਬਰਾਂ ਵਿੱਚ ਆਉਣ ਜਾਣ ਦੀ ਰਸਾਈ ਵਾਲਾ ਹੋਵੇ। ਵਿਚੋਲਗੀ ਇੱਕ ਕਲਾ ਹੈ। ਸਫਲ ਵਿਚੋਲਿਆਂ ਦੀ ਕਤਾਰ ਵਿੱਚ ਪੁਰਸ਼ ਵੀ ਹਨ ਅਤੇ ਇਸਤਰੀਆਂ ਵੀ। ਪਰ ਹੁਣ ਵਿਚੋਲੇ ਪੁਰਾਣੇ ਸਮੇਂ ਵਾਂਗ ਰਿਸ਼ਤੇ ਲੈ ਕੇ ਨਹੀਂ ਜਾਂਦੇ। ਜਿਵੇਂ ਪਹਿਲਾਂ ਰਾਜ- ਘਰਾਣਿਆਂ ਵਿੱਚ ਪੰਡਤ ਰਿਸ਼ਤਾ ਲੈ ਕੇ ਜਾਂਦੇ ਸਨ। ਅੱਜ-ਕੱਲ੍ਹ ਵਿਚੋਲਗੀ ਵਿੱਚ ਆਮ ਬੰਦੇ ਦੀ ਸ਼ਮੂਲੀਅਤ ਕਾਰਨ ਇਸ ਕਿੱਤੇ ਨਾਲ ਜੁੜੇ ਨਾਈ, ਬ੍ਰਾਹਮਣ ਅਤੇ ਮਰਾਸੀਆਂ ਦੀ ਸ਼ਾਖ ਨੂੰ ਵੱਟਾ ਲੱਗਿਆ ਹੈ। ਥਾਂ-ਥਾਂ ‘ਮੈਰਿਜ ਬਿਓਰੋ’ ਖੁੱਲ੍ਹ ਗਏ ਹਨ। ਅਖ਼ਬਾਰਾਂ ਰਾਹੀਂ ਲਾੜੇ ਸਿੱਧੇ ਪਸੰਦ ਕੀਤੇ ਜਾਣ ਲੱਗੇ ਹਨ, ਕਈ ਹਾਲਤਾਂ ਵਿੱਚ ਕੁੜੀਆਂ ਆਪਣੇ ਵਰ ਆਪ ਤਲਾਸ਼ ਕਰਨ ਲੱਗ ਪਈਆਂ ਹਨ।

          ਵਿਚੋਲੇ ਦਾ ਕਾਰਜ ਭਾਨੀਅਰਾਂ ਨੂੰ ਨੱਥ ਪਾ ਕੇ ਰਿਸ਼ਤਾ ਸਿਰੇ ਚਾੜ੍ਹਨਾ ਹੁੰਦਾ ਹੈ। ਭਾਨੀਅਰ ਤਾਂ ਸ਼ਗਨ ਪਾਉਣ ਆਇਆਂ ਨੂੰ ਵਿਹੜੇ ਵਿੱਚ ਵੜਦੇ ਦੇਖ ਕੇ ਹੀ ਸਰਗਰਮ ਹੋ ਜਾਂਦੇ ਹਨ। ਇੱਕ ਫਫੇਕੁੱਟਣੀ ਭਾਨੀਅਰ ਮੁੰਡੇ ਦੇ ਸ਼ਗਨ ਤੇ ਗਈ। ਜਾਣ ਕੇ ਅੜ ਕੇ ਡਿੱਗਣ ਦਾ ਬਹਾਨਾ ਕਰ ਕੇ ਕਹਿਣ ਲੱਗੀ ‘ਘਰੇ ਕੱਟਾ ਨੀ ਵੱਛਾ ਨੀ ਕਿੱਲਿਆਂ ਨਾਲ ਘਰ ਭਰਿਆ ਪਿਆ।’ ਨਾਲੇ ਜੇ ਚਾਰ ਪਸ਼ੂ ਹੋਣ ਤਾਂ ਮੁੰਡੇ ਨੂੰ ਮਿਰਗੀ ਦੇ ਦੌਰੇ ਕਿਉਂ ਪੈਂਦੇ।’ ਇਹ ਗੱਲ ਸੁਣ ਕੇ ਕੁੜੀ ਵਾਲਿਆਂ ਨੂੰ ਕੁੱਝ ਸ਼ੱਕ ਹੋਇਆ, ਪਰ ਵਿਚੋਲਾ ਤਾੜ ਗਿਆ। ਉਹਨੇ ਕਿਹਾ ‘ਤਾਈ ਫ਼ਿਕਰ ਨਾ ਕਰ, ਜਿਵੇਂ ਮੰਗਣਾ ਹੋ ਗਿਆ ਉਵੇਂ ਮਿਰਗੀ ਵੀ ਹਟ ਜੂ। ਇਹ ਖ਼ਾਨਦਾਨੀ ਪਰਿਵਾਰ ਏ, ਪਸ਼ੂ ਘਰ ’ਚ ਨਹੀਂ ਹਵੇਲੀ ’ਚ ਬੰਨ੍ਹਦੇ ਐ। ਸਾਡੇ ਸੱਭਿਆਚਾਰ ਵਿੱਚ ਵਿਚੋਲੇ ਦਾ ਬਹੁਤ ਸਨਮਾਨ ਹੁੰਦਾ ਹੈ, ਕਿਉਂਕਿ ਉਹ ਰਿਸ਼ਤੇਦਾਰ ਲਈ, ਕਾਰ-ਵਿਹਾਰ ਲਈ, ਦਾਜ ਤੇ ਵਰੀ ਲਈ, ਟੂਮਾਂ ਤੇ ਗਹਿਣਿਆਂ ਲਈ, ਕਲੀਚੜੀਆਂ ਤੇ ਛੱਲਿਆਂ ਲਈ, ਹੱਸਾਂ ਤੇ ਮੁੰਦੀਆਂ ਲਈ, ਘੋੜੀ ਤੇ ਜੋੜੀ ਲਈ, ਟਰੰਕ ਅਤੇ ਪੇਟੀ ਲਈ, ਮਾਣ ਅਤੇ ਹੇਠੀ ਲਈ ਜ਼ੁੰਮੇਵਾਰ ਹੁੰਦਾ ਹੈ। ਇਸ ਲਈ ਇਸ ਕਾਰਜ ਨੂੰ ਬਹੁਤ ਹੀ ਸਨਮਾਨ ਵਾਲਾ ਗਿਣਿਆ ਜਾਂਦਾ ਹੈ। ਵਿਚੋਲੇ ਨੂੰ ਛਾਪ ਤੇ ਵਿਚੋਲਣ ਨੂੰ ਠੁੱਕਦਾਰ ਸੂਟ ਉਹਨਾਂ ਦੇ ਮਿਹਨਤਾਨੇ ਦੇ ਇਨਾਮ ਵਜੋਂ ਦਿੱਤਾ ਜਾਂਦਾ ਹੈ। ਵਿਚੋਲਿਆਂ ਨੂੰ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੀ ਨੈਤਿਕ ਜ਼ੁੰਮੇਵਾਰੀ ਨਿਭਾਉਣੀ ਪੈਂਦੀ ਹੈ। ਕੁੜੀ ਦੀ ਜੜ੍ਹ ਲੱਗਣ ਤੱਕ ਭਾਵ ਬੱਚਾ ਹੋਣ ਤੱਕ ਵਿਚੋਲੇ ਦੀ ਕਈ ਵਾਰ ਜ਼ਰੂਰਤ ਪੈਂਦੀ ਰਹਿੰਦੀ ਹੈ। ਵਿਚੋਲਾ ਸਮਾਜ ਦੇ ਸਾਕਾਦਾਰੀ ਪ੍ਰਬੰਧ ਨੂੰ ਅੱਗੇ ਚਲਾਉਣ ਵਾਲਾ ਸਮਾਜ ਸੇਵੀ ਹੁੰਦਾ ਹੈ, ਜਿਸ ਦੀਆਂ ਕੋਸ਼ਿਸ਼ਾਂ ਨਾਲ ਜੋੜੀਆਂ ਬਣਦੀਆਂ ਹਨ। ਪਰ ਵਿਚੋਲੇ ਬਹੁਤੀ ਵਾਰ ਅਸਲੀਅਤ ਲਕੋ ਕੇ, ਸਬਜ਼ ਬਾਗ਼ ਜ਼ਿਆਦਾ ਦਿਖਾ ਦਿੰਦੇ ਹਨ। ਸਫਲ ਵਿਆਹ ਦੀ ਸਾਬਾਸ਼ ਤੇ ਕਜੋੜ ਵਿਆਹ ਦੀਆਂ ਲਾਹਨਤਾਂ ਵਿਚੋਲਗੀ ਦੀ ਝੋਲੀ ਪੈਂਦੀਆਂ ਹਨ।


ਲੇਖਕ : ਸਤਨਾਮ ਸਿੰਘ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚੋਲਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਚੋਲਗੀ [ਨਾਂਇ] ਵੇਖੋ ਵਿਚੋਲਗਿਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.