ਵਿਆਹ ਦੀ ਬਾਤਲਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nullity of marriage_ਵਿਆਹ ਦੀ ਬਾਤਲਤਾ: ਉਹ ਵਿਆਹ ਜਿਸ ਬਾਰੇ ਸ਼ਕਤਵਾਨ ਅਦਾਲਤ ਨੇ ਕਰਾਰ ਦਿੱਤਾ ਹੋਵੇ ਕਿ ਉਹ ਬਾਤਲ ਹੈ। ਭਾਰਤ ਵਿਚ ਵਿਆਹਾਂ ਨੂੰ ਵਿਨਿਯਮਤ ਕਰਨ ਲਈ ਕਈ ਐਕਟ ਹਨ ਜੋ ਸਮਾਜ ਦੇ ਵਖ ਵਖ ਅਨੁਭਾਗਾਂ ਨੂੰ ਲਾਗੂ ਹੁੰਦੇ ਹਨ। ਇਨ੍ਹਾਂ ਵਿਚੋਂ ਹਰੇਕ ਐਕਟ ਵਿਚ ਕਿਸੇ ਵਿਆਹ ਨੂੰ ਬਾਤਲ ਐਲਾਨਣ ਲਈ ਉਪਬੰਧ ਕੀਤੇ ਗਏ ਹਨ। ਹਿੰਦੂ ਵਿਆਹ ਐਕਟ 1955 ਦੀ ਧਾਰਾ 11, ਤਲਾਕ ਐਕਟ, 1869 ਦੀਆਂ ਧਾਰਾਵਾਂ 18 ਅਤੇ 19 ਅਤੇ ਵਿਸ਼ੇਸ਼ ਵਿਆਹ ਐਕਟ 1954 ਦੀ ਧਾਰਾ 24 ਵਿਚ ਇਸ ਸਬੰਧੀ ਉਪਬੰਧ ਮੌਜੂਦ ਹਨ। ਵਿਆਹ ਦੀ ਬਾਤਲਤਾ ਦੀ ਡਿਗਰੀ ਦਾ ਪਰਿਣਾਮ ਇਹ ਹੁੰਦਾ ਹੈ ਕਿ ਵਿਆਹ ਦੀਆਂ ਧਿਰਾਂ ਬਾਰੇ ਕੇਵਲ ਹੁਣ ਅਤੇ ਭਵਿੱਖ ਵਿਚ ਹੀ ਇਹ ਨਹੀਂ ਸਮਝਿਆ ਜਾਵੇਗਾ ਕਿ ਉਹ ਆਪੋ ਵਿਚ ਵਿਆਹੀਆਂ ਹੋਈਆਂ ਨਹੀਂ ਸਗੋਂ ਇਹ ਸਮਝਿਆ ਜਾਵੇਗਾ ਕਿ ਉਹ ਆਪੋ ਵਿਚ ਕਦੇ ਵਿਆਹੀਆਂ ਹੀ ਨਹੀਂ ਸਨ ਗਈਆਂ।
ਦਿੱਲੀ ਉਚ ਅਦਾਲਤ ਨੇ ਐਸ ਬਨਾਮ ਆਰ (ਏ ਆਈ ਆਰ 1968 ਦਿਲੀ 79) ਵਿਚ ਕਿਹਾ ਹੈ ਕਿ ਹਿੰਦੂ ਵਿਆਹ ਐਕਟ ਦੁਆਰਾ ਵਿਆਹ ਦੇ ਤੁੜਾਉ ਅਤੇ ਬਾਤਲਕਰਣ ਨਾਲ ਸਬੰਧਤ ਉਪਬੰਧ ਕਰਕੇ ਹਿੰਦੂ ਕਾਨੂੰਨ ਵਿਚ ਗੰਭੀਰ ਮਤਾਖ਼ਲਤ ਕੀਤੀ ਗਈ ਹੈ। ਵਿਆਹ ਦੇ ਬਾਤਲਕਰਣ ਬਾਰੇ ਉਸ ਨਿਰਨੇ ਵਿਚ ਕਿਹਾ ਗਿਆ ਹੈ ਕਿ ਇਸ ਦੁਆਰਾ ਪੂਰੇ ਤੌਰ ਤੇ ਇਕ ਨਵਾਂ ਅਧਿਕਾਰ ਸਿਰਜਿਆ ਗਿਆ ਹੈ।
ਸਟਰਾਊਡ ਦੀ ਜੁਡੀਸ਼ਲ ਡਿਕਸ਼ਨਰੀ ਅਨੁਸਾਰ ‘ਵਿਆਹ ਦੀ ਬਾਤਲਤਾ ਦਾ ਮਤਲਬ ਹੈ ਕਿ ਵਿਆਹ ਹੋਇਆ ਹੀ ਨਹੀਂ। ਇਹ ਸੰਕਲਪ ਬਰਤਾਨਵੀ ਕਲੀਸੀਆਈ ਅਦਾਲਤਾਂ ਦੀ ਦੇਣ ਹੈ। ਕਲੀਸੀਆਈ ਅਦਾਲਤਾਂ ਵਿਚ ਰੋਮਨ ਕੈਥੋਲਿਕ ਕਾਨੂੰਨ ਨੂੰ ਮਾਨਤਾ ਦਿੱਤੀ ਜਾਂਦੀ ਸੀ ਅਤੇ ਉਸ ਕਾਨੂੰਨ ਅਨੁਸਾਰ ਵਿਆਹ ਬੁਨਿਆਦੀ ਤੌਰ ਤੇ ਇਕ ਸਥਾਈ ਸੰਗਮ ਮੰਨਿਆ ਜਾਂਦਾ ਸੀ। ਉਸ ਕਾਨੂੰਨ ਵਿਚ ਕੁਝ ਅੜਚਣਾਂ ਨੂੰ ਮਾਨਤਾ ਦਿੱਤੀ ਜਾਂਦੀ ਸੀ ਅਤੇ ਜੇ ਉਹ ਵਿਆਹ ਕਰਵਾ ਲੈਂਦੇ ਸਨ ਤਾਂ ਉਸ ਵਿਆਹ ਨੂੰ ਜਾਇਜ਼ ਨਹੀਂ ਸੀ ਸਮਝਿਆ ਜਾਂਦਾ। ਵਿਆਹ ਦੀ ਕਿਸੇ ਧਿਰ ਦੇ ਪਹਿਲੇ ਪਤੀ ਜਾਂ ਪਤਨੀ ਦਾ ਜਿਉਂਦੇ ਹੋਣਾ ਜਾਂ ਦੋਹਾਂ ਧਿਰਾਂ ਦਾ ਆਪੋ ਵਿਚ ਵਰਜਿਤ ਦਰਜਿਆਂ ਦੇ ਅੰਦਰ ਰਿਸ਼ਤੇਦਾਰ ਜਾਂ ਦੋਹਾਂ ਵਿਚ ਕਿਸੇ ਧਿਰ ਦੀ ਸੰਮਤੀ ਦਾ ਨ ਹੋਣਾ ਵਿਆਹ ਵਿਚ ਅਹਿਮ ਅੜਚਣਾਂ ਗਿਣੀਆਂ ਜਾਂਦੀਆਂ ਸਨ। ਇਸੇ ਤਰ੍ਹਾਂ ਵਿਆਹ ਉਦੋਂ ਤਕ ਮੁਕੰਮਲ ਨਹੀਂ ਸੀ ਗਿਣਿਆ ਜਾਂਦਾ ਤਕ ਵਿਆਹਕ ਧਿਰਾਂ ਆਪੋ ਵਿਚ ਸੰਭੋਗ ਕਰਕੇ ਇਕ ਨ ਬਣ ਜਾਣ। ਇਸ ਦ੍ਰਿਸ਼ਟੀ ਤੋਂ ਜੇ ਵਿਆਹਕ ਧਿਰਾਂ ਵਿਚੋ ਕਿਸੇ ਇਕ ਧਿਰ ਦੇ ਨਿਪੁੰਸਕ ਹੋਣ ਕਾਰਨ ਵਿਆਹਕ ਸੰਭੋਗ ਨ ਹੋ ਸਕੇ ਤਾਂ ਵੀ ਇਹ ਮੰਨਿਆ ਜਾਂਦਾ ਸੀ ਕਿ ਵਿਆਹ ਬਾਤਲ ਸੀ। ਕਲੀਸੀਆਈ ਅਦਾਲਤਾਂ ਇਸ ਸਿਧਾਂਤ ਨੂੰ ਮਾਨਤਾ ਦਿੰਦੀਆਂ ਸਨ ਕਿ ਵਿਆਹ ਜਾਂ ਤਾਂ ਸਦੀਵੀ ਰੂਪ ਵਿਚ ਜਾਇਜ਼ ਹੈ ਜਾਂ ਮੁਢੋਂ ਸੁਢੋਂ ਹੀ ਨਾਜਾਇਜ਼ ਹੈ। ਜੇ ਵਿਆਹ ਮੁਢੋਂ ਸੁਢੋਂ ਹੀ ਨਾਜਾਇਜ਼ ਹੋਵੇ ਤਾਂ ਉਸ ਨੂੰ ਮੁਢੋਂ ਸੁੰਨ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਵਿਆਹ ਦੀ ਬਾਤਲਤਾ ਕਲੀਸੀਆਈ ਅਦਾਲਤਾਂ ਦੀ ਦੇਣ ਹੈ। ਪਰ ਵੀਹਵੀਂ ਸਦੀ ਦੇ ਅੱਧ ਵਿਚ ਇਸ ਸਿਧਾਂਤ ਨੂੰ ਭਾਰਤੀ ਕਾਨੂੰਨ ਵਿਚ ਥਾਂ ਦੇਣਾ ਇਕ ਅਜੀਬ ਜਿਹੀ ਗੱਲ ਜਾਪਦੀ ਹੈ। ਇਸ ਸਬੰਧ ਵਿਚ ਇਕ ਹੋਰ ਅਹਿਮ ਗੱਲ ਇਹ ਹੈ ਕਿ ਭਾਰਤੀ ਤਲਾਕ ਐਕਟ 1869 ਅਤੇ ਪਾਰਸੀ ਵਿਆਹ ਐਕਟ 1936 ਵਿਚ ਸੁੰਨਕਰਣਯੋਗ ਵਿਆਹਾਂ ਬਾਬਤ ਕੋਈ ਉਪਬੰਧ ਨਹੀਂ ਕੀਤਾ ਗਿਆ।
ਹਿੰਦੂ ਵਿਆਹ ਐਕਟ 1955 ਦੀਆਂ ਧਾਰਾਵਾਂ 11 ਅਤੇ 12 ਵਿਚ ਕ੍ਰਮਵਾਰ ਸੁੰਨ ਵਿਆਹਾਂ ਅਤੇ ਸੁੰਨਕਰਣਯੋਗ ਵਿਆਹਾਂ ਬਾਬਤ ਉਪਬੰਧ ਕੀਤਾ ਗਿਆ ਹੈ। ਧਾਰਾ 11 ਨਿਮਨ ਅਨੁਸਾਰ ਹੈ:
11. ‘‘ਇਸ ਐਕਟ ਦੇ ਅਰੰਭ ਤੋਂ ਪਿਛੋਂ ਸੰਸਕਾਰਿਆ ਗਿਆ ਕੋਈ ਵਿਆਹ ਜੇ ਉਹ ਧਾਰਾ 5 ਦੇ ਖੰਡ (i), (iv) ਅਤੇ (v) ਵਿਚ ਉਲਿਖਤ ਸ਼ਰਤਾਂ ਵਿਚੋਂ ਕਿਸੇ ਇਕ ਦੀ ਉਲੰਘਣਾ ਕਰਦਾਹੈ, ਬਾਤਲ ਅਤੇ ਸੁੰਨ ਹੋਵੇਗਾ ਅਤੇ ਉਸ ਦੀ ਕਿਸੇ ਧਿਰ ਦੁਆਰਾ ਦੂਜੀ ਧਿਰ ਦੇ ਵਿਰੁਧ ਅਰਜ਼ੀ ਪੇਸ਼ ਕਰਨ ਤੇ ਬਾਤਲ ਹੋਣ ਦੀ ਡਿਗਰੀ ਦੁਆਰਾ ਇੰਜ ਕਰਾਰ ਦਿੱਤਾ ਜਾ ਸਕੇਗਾ ।
ਧਾਰਾ 5 ਦੇ ਖੰਡ (i) ਦੁਆਰਾ ਦੁਵਿਆਹ ਦੀ, ਖੰਡ (iv) ਦੁਆਰਾ ਵਰਜਤ ਰਿਸ਼ਤੇਦਾਰੀ ਅੰਦਰ ਆਉਂਦੀਆਂ ਧਿਰਾਂ ਵਿਚ ਵਿਆਹ ਦੀ ਅਤੇ ਖੰਡ (v) ਦੁਆਰਾ ਸਪਿੰਡਾ ਰਿਸ਼ੇਤਾਰੀ ਅੰਦਰ ਆਉਂਦੀਆਂ ਧਿਰਾਂ ਵਿਚਕਾਰ ਵਿਆਹ ਦੀ ਮਨਾਹੀ ਕੀਤੀ ਗਈ ਹੈ। ਖੰਡ (i) ਵਿਚ ਉਪਬੰਧਤ ਸ਼ਰਤ ਕਤਈ ਹੈ ਜਦ ਕਿ ਖੰਡ (iv) ਅਤੇ (v) ਵਿਚਲੀਆਂ ਸ਼ਰਤਾਂ ਨੂੰ ਰਵਾਜ ਜਾਂ ਪ੍ਰਥਾ ਦੇ ਤਾਬੇ ਕੀਤਾ ਗਿਆ ਹੈ।
ਸੁੰਨ ਸ਼ਬਦ ਦਾ ਅਰਥ
ਇਥੇ ਸੁੰਨ ਅੰਗਰੇਜ਼ੀ ਦੇ ਸ਼ਬਦ ‘ਵਾਇਡ’ ਦੇ ਸਮਾਨਾਰਥਕ ਵਜੋਂ ਰੱਖਿਆ ਗਿਆ ਹੈ। ਇਸ ਸ਼ਬਦ ਦੀ ਐਕਟ ਵਿਚ ਪਰਿਭਾਸ਼ਾ ਨਹੀਂ ਦਿੱਤੀ ਗਈ। ਆਮ ਤੌਰ ਤੇ ਇਹ ਸ਼ਬਦ ਉਨ੍ਹਾਂ ਲਿਖਤਾਂ ਜਾਂ ਵਿਹਾਰਾਂ ਬਾਰੇ ਉਥੇ ਵਰਤਿਆ ਜਾਂਦਾ ਹੈ ਜਿਥੇ ਇਹ ਦੱਸਣਾ ਹੋਵੇ ਕਿ ਲਿਖਤ ਜਾਂ ਵਿਹਾਰ ਪ੍ਰਭਾਵਹੀਨ ਹੈ ਅਤੇ ਉਸ ਨੂੰ ਪ੍ਰਭਾਵੀ ਬਣਾਉਣ ਦਾ ਕੋਈ ਕਾਨੂੰਨੀ ਚਾਰਾ ਨਹੀਂ ਹੈ। ਪੰਜਾਬੀ ਭਾਸ਼ਾ ਵਿਚ ਸੁੰਨ ਦਾ ਅਰਥ ਕਾਨੂੰਨੀ ਤੌਰ ਤੇ ਜਿਸ ਦਾ ਕੋਈ ਅਸਰ ਨਾ ਹੋਵੇ, ਬੇਕਾਰ (ਪੰਜਾਬੀ ਕੋਸ਼) ਦਿੱਤਾ ਗਿਆ ਹੈ। ਪੰਜਾਬੀ ਵਿਚ ਇਹ ਸ਼ਬਦ ਦਰਸ਼ਨ ਦੇ ਖੇਤਰ ਵਿਚੋਂ ਆਇਆ ਹੈ ਜਿਥੇ ਉਸ ਦੇ ਅਰਥ ਉਸ ਅਵਸਥਾ ਦੇ ਲਏ ਜਾਂਦੇ ਹਨ ਜਿਸ ਵਿਚ ਸੰਕਲਪ ਵਿਕਲਪ ਨਹੀਂ ਵਿਆਪਦੇ। ਪੁਲਾੜ ਦੇ ਖੇਤਰ ਵਿਚ ਇਸ ਦਾ ਅਰਥ ਖਲਾਅ ਤੋਂ ਹੈ। ਇਸ ਤਰ੍ਹਾਂ ਸੁੰਨ ਵਿਆਹ ਦੀ ਸੂਰਤ ਵਿਚ ਵੀ ਅਜਿਹੇ ਵਿਆਹ ਤੋਂ ਮਤਲਬ ਹੈ ਜਿਸ ਨੂੰ ਕਾਨੂੰਨ ਦੀਆਂ ਨਜ਼ਰਾਂ ਵਿਚ ਵਿਆਹ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਵਿਆਹ ਮੂਲੋਂ-ਹੀ ਸੁੰਨ ਅਥਵਾ ਨ ਹੋਇਆ ਮੰਨਿਆ ਜਾਂਦਾ ਹੈ। ਇਸ ਬਾਰੇ ਅਦਾਲਤ ਨੇ ਲਜਿਆ ਬਨਾਮ ਕਮਲਾ ਦੇਵੀ (ਏ ਆਈ ਆਰ 1993 ਜੰਮੂ ਤੇ ਕਸ਼ਮੀਰ 31) ਵਿਚ ਕਰਾਰ ਦਿੱਤਾ ਹੈ ਕਿ ਦੁਖਿਤ ਧਿਰ ਲਈ ਇਹ ਜ਼ਰੂਰੀ ਨਹੀਂ ਕਿ ਉਹ ਅਜਿਹੇ ਵਿਆਹ ਨੂੰ ਸੁੰਨ ਕਰਾਰ ਦਿਵਾਉਣ ਲਈ ਇਸਤਕਰਾਰੀਆਂ ਡਿਗਰੀ ਲਈ ਕਾਰਵਾਈ ਕਰੇ ।
ਐਕਟ ਉਪਰੰਤ ਦੇ ਵਿਆਹਾਂ ਨੂੰ ਲਾਗੂ ਹੋਣਾ
ਇਸ ਧਾਰਾ ਬਾਰੇ ਇਹ ਅਹਿਮ ਗੱਲ ਇਹ ਹੈ ਕਿ ਇਹ ਕੇਵਲ ਉਨ੍ਹਾਂ ਵਿਆਹਾਂ ਨੂੰ ਲਾਗੂ ਹੁੰਦੀ ਹੈ ਜੋ ਹਿੰਦੂ ਵਿਆਹ ਐਕਟ 1955 ਦੇ ਅਰੰਭ ਤੋਂ ਪਿਛੋਂ ਹੋਏ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਉਸ ਐਕਟ ਦੇ ਅਰੰਭ ਤੋਂ ਪਹਿਲਾਂ ਹਿੰਦੂਆਂ ਵਿਚ ਮਰਦ ਨੂੰ ਇਕ ਤੋਂ ਵਧ ਵਿਆਹ ਕਰਨ ਦੀ ਇਜਾਜ਼ਤ ਸੀ। ਇਸੇ ਤਰ੍ਹਾਂ ਸਪਿੰਡਾ ਰਿਸ਼ਤੇਦਾਰੀ ਦੀਆਂ ਸੀਮਾਵਾਂ ਵੀ ਐਕਟ ਵਿਚ ਉਪਬੰਧਤ ਸੀਮਾਵਾਂ ਨਾਲੋਂ ਵਿਸ਼ਾਲ ਸਨ। ਇਨ੍ਹਾਂ ਕਾਰਨਾਂ ਕਰਕੇ ਇਹ ਉਪਬੰਧ ਐਕਟ ਦੇ ਅਰੰਭ ਤੋਂ ਪਿਛੋਂ ਹੋਏ ਵਿਆਹਾਂ ਨੂੰ ਲਾਗੂ ਹੁੰਦੇ ਹਨ।
ਇਸ ਧਾਰਾ ਦੇ ਉਪਬੰਧ ਐਕਟ ਦੀ ਧਾਰਾ 5 (i), (iv) ਜਾਂ (v) ਦੀ ਉਲੰਘਣਾ ਵਿਚ ਕਰਵਾਏ ਗਏ ਵਿਆਹ ਨੂੰ ਲਾਗੂ ਹੁੰਦੇ ਹਨ। ਉਸ ਧਾਰਾ ਦੇ ਖੰਡ (i) ਵਿਚ ਉਪਬੰਧ ਕੀਤਾ ਗਿਆ ਹੈ ਕਿ ਹਿੰਦੂਆਂ ਵਿਚਕਾਰ ਵਿਆਹ ਸੰਸਕਾਰੇ ਜਾਣ ਲਈ ਜ਼ਰੂਰੀ ਹੈ ਕਿ ਕਿਸੇ ਧਿਰ ਦਾ ਪਤੀ ਜਾਂ ਪਤਨੀ ਵਿਆਹ ਦੇ ਸਮੇਂ ਜ਼ਿੰਦਾ ਨਹੀਂ ਹੈ। ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਇਹ ਧਾਰਾ ਬਹੁ-ਵਿਆਹ ਦੀ ਮਨਾਹੀ ਕਰਦੀ ਹੈ, ਭਾਵੇਂ ਇਸ ਦੇ ਹੋਰ ਅਰਥ ਇਹ ਵੀ ਹਨ ਕਿ ਹਿੰਦੂਆਂ ਵਿਚਕਾਰ ਜਾਤ-ਪਾਤ ਦੇ ਆਧਾਰ ਤੇ ਜਾਂ ਪਤਨੀ ਦੇ ਪਹਿਲਾਂ ਵਿਧਵਾ ਹੋਏ ਹੋਣ ਦੇ ਆਧਾਰ ਤੇ ਜਾਂ ਤਲਾਕ ਪ੍ਰਾਪਤ ਹੋਣ ਦੇ ਆਧਾਰ ਤੇ ਵਿਆਹ ਕਰਾਉਣ ਵਿਚ ਕੋਈ ਅੜਚਣ ਨਹੀਂ ਹੋ ਸਕਦੀ। ਲੇਕਿਨ ਇਸ ਉਪਬੰਧ ਪਿਛੇ ਮੁੱਖ ਵਿਚਾਰ ਬਹੁ-ਵਿਆਹ ਨੂੰ ਵਰਜਤ ਕਰਨਾ ਹੈ। ਜੇ ਕੋਈ ਧਿਰ ਇਸ ਉਪਬੰਧ ਦੀ ਉਲੰਘਣਾ ਕਰਕੇ ਵਿਆਹ ਕਰਵਾ ਲੈਂਦੀ ਹੈ ਤਾਂ ਦੂਜਾ ਵਿਆਹ ਕਾਨੂੰਨ ਦੀਆਂ ਨਜ਼ਰਾਂ ਵਿਚ ਕੋਈ ਹੈਸੀਅਤ ਨਹੀਂ ਰੱਖਦਾ।
ਸ਼੍ਰੀਮਤੀ ਆਈਨਾ ਦੇਵੀ ਬਨਾਮ ਬਚਨ ਸਿੰਘ (ਏ ਆਈ ਆਰ 1980 ਇਲਾ. 174) ਵਿਚ ਦਿੱਤੇ ਗਏ ਫ਼ੈਸਲੇ ਅਨੁਸਾਰ ਦੋਹਾਂ ਧਿਰਾਂ ਵਿਚੋਂ ਕੋਈ ਵੀ ਧਿਰ ਅਜਿਹੇ ਵਿਆਹ ਨੂੰ ਸੁੰਨ ਕਰਾਰ ਦਿੱਤੇ ਜਾਣ ਲਈ ਅਰਜ਼ੀ ਦੇ ਸਕਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਦੁਖਿਤ ਧਿਰ ਹੀ ਅਰਜ਼ੀ ਦੇਵੇ। ਕਰਮਬੀਰ ਸਿੰਘ ਬਨਾਮ ਰਾਜਕੁਮਾਰੀ (1980 ਐਚ ਐਲ ਆਰ 49) ਅਨੁਸਾਰ ਵਿਆਹ ਇਸ ਆਧਾਰ ਤੇ ਸੁੰਨ ਕਰਾਰ ਨਹੀਂ ਦਿੱਤਾ ਜਾ ਸਕਦਾ ਕਿ ਪਤਨੀ ਹਰੀਜਨ ਪਰਿਵਾਰ ਤੋਂ ਹੈ ਅਤੇ ਪਤੀ ਉੱਚੀ ਜਾਤ ਦਾ ਹੈ।
ਧਾਰਾ 5 ਦੇ ਖੰਡ (i) ਅਤੇ (v) ਦੀ ਉਲੰਘਣਾ ਵਿਚ ਕਰਵਾਇਆ ਗਿਆ ਹਿੰਦੂ ਵਿਆਹ ਮੂਲੋਂ ਹੀ ਸੁੰਨ ਹੋਣ ਕਾਰਨ ਇਸ ਹਦ ਤਕ ਵੀ ਕਾਨੂੰਨੀ ਮਾਨਤਾ ਨਹੀਂ ਰਖਦੇ ਕਿ ਉਨ੍ਹਾਂ ਨੂੰ ਸੁੰਨ ਕਰਾਰ ਦਿੱਤੇ ਜਾਣ ਦੀ ਡਿਗਰੀ ਤਕ ਕਾਨੂੰਨ ਮੰਨਵਾਂ ਸਮਝਿਆ ਜਾ ਸਕੇ। ਇਸ ਤਰ੍ਹਾਂ ਇਹ ਮੰਨਣਾ ਪੈਂਦਾ ਹੈ ਕਿ ਜਿਵੇਂ ਦੂਜੇ ਵਿਆਹ ਵਾਲੀ ਪਤਨੀ ਜਾਂ ਪਤੀ ਨੂੰ ਦੂਜੇ ਵਿਆਹ ਦੇ ਸਬੰਧ ਵਿਚ, ਪਤਨੀ ਜਾਂ ਪਤੀ, ਜਿਹੀ ਕਿ ਸੂਰਤ ਹੋਵੇ ਜਾਂ ਦਰਜਾ ਕਦੇ ਪ੍ਰਾਪਤ ਹੀ ਨ ਹੋਇਆ ਹੋਵੇ। ਜਿਹੜੀ ਚੀਜ਼ ਸੁੰਨ ਹੈ ਉਸ ਬਾਰੇ ਕਦੇ ਮੰਨਿਆ ਨਹੀਂ ਜਾ ਸਕਦਾ ਕਿ ਉਹ ਕਦੇ ਹੋਂਦ ਵਿਚ ਸੀ। ਇਸ ਤਰ੍ਹਾਂ ਦੀ ਅਰਜ਼ੀ ਵਿਚ ਅੰਤਮ ਰੂਪ ਵਿਚ ਕਰਾਰ ਇਹ ਦਿੱਤਾ ਜਾਂਦਾ ਹੈ ਕਿ ਦੂਜੇ ਵਿਆਹ ਵਾਲੇ ਦਿਨ ਧਿਰਾਂ ਦੀ ਕੀ ਹੈਸੀਅਤ ਸੀ ਅਤੇ ਉਸ ਅਨੁਸਾਰ ਉਹ ਆਪੋ ਵਿਚ ਕਦੇ ਪਤਨੀ ਜਾਂ ਪਤੀ ਬਣੇ ਹੀ ਨਾ ਹੋਣ।
ਯਮੁਨਾ ਬਾਈ ਅਨੰਦ ਰਾਉ ਅਧਵ ਬਨਾਮ ਅਨੰਦ ਰਾਉ ਸ਼ਿਵਰਾਮ ਅਧਵਾ (1980 (1) ਐਸ ਸੀ ਸੀ 530) ਵਿਚ ਸਰਵਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਧਾਰਾ 11 ਅਧੀਨ ਆਉਂਦੇ ਵਿਆਹ ਕਾਨੂੰਨ ਦੀਆਂ ਨਿਗਾਹਾਂ ਵਿਚ ਮੁਢੋਂ ਸੁਢੋਂ ਸੁੰਨ ਹਨ ਅਰਥਾਤ ਕਾਨੂੰਨ ਦੀਆਂ ਨਜ਼ਰਾਂ ਵਿਚ ਉਹ ਵਿਆਹ ਹੋਇਆ ਹੀ ਨਹੀਂ ਗਿਣਿਆ ਜਾ ਸਕਦਾ ਅਤੇ ਜੇ ਕਦੇ ਕੋਈ ਸਵਾਲ ਪੈਦਾ ਹੋ ਹੀ ਜਾਵੇ ਤਾਂ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਉਸ ਵਿਆਹ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ। ਭਾਵੇਂ ਉਸ ਧਾਰਾ ਅਧੀਨ ਅਰਜ਼ੀ ਦਿੱਤੇ ਜਾਣ ਤੇ ਰਸਮੀ ਐਲਾਨ ਦੀ ਇਜਾਜ਼ਤ ਦਿੱਤੀ ਗਈ ਹੈ, ਤਦ ਵੀ ਇਹ ਜ਼ਰੂਰੀ ਨਹੀਂ ਹੈ ਕਿ ਉਸ ਪ੍ਰਯੋਜਨ ਲਈ ਉਲਿਖਤ ਤੌਰ ਤੇ ਅਰੰਭੀਆਂ ਗਈਆਂ ਕਾਰਵਾਈਆਂ ਵਿਚ ਕਿਸੇ ਅਦਾਲਤ ਤੋਂ ਅਗੇਤਰਾ ਰਸਮੀ ਐਲਾਨ ਕਰਵਾਇਆ ਜਾਵੇ।
ਰਵਾਜ ਦਾ ਪਰਮ-ਪ੍ਰਭਾਵੀ ਹੋਣਾ
ਲੇਕਿਨ ਇਸ ਕਾਨੂੰਨ ਵਿਚ ਜ਼ਾਹਰਾ ਤੌਰ ਤੇ ਹੀ ਇਕ ਸਵੈ-ਵਿਰੋਧ ਹੈ ਅਤੇ ਉਹ ਧਾਰਾ 5 ਦੇ ਖੰਡ (iv) ਜਾਂ (v) ਦੀ ਉਲੰਘਣਾ ਵਿਚ ਕਰਵਾਏ ਗਏ ਵਿਆਹਾਂ ਬਾਰੇ ਹੈ। ਧਾਰਾ 11 ਦੇ ਉਪਬੰਧਾਂ ਅਨੁਸਾਰ ਉਨ੍ਹਾਂ ਵਿਆਹਾਂ ਬਾਰੇ ਕਾਨੂੰਨੀ ਪੋਜ਼ੀਸ਼ਨ ਇਹ ਹੈ ਕਿ ਉਹ ਮੂਲੋਂ ਹੀ ਸੁੰਨ ਹਨ ਅਰਥਾਤ ਜਿਵੇਂ ਉਹ ਵਿਆਹ ਕਦੇ ਹੋਏ ਹੀ ਨ ਹੋਣ। ਪਰ ਅਜਿਹੇ ਵਿਆਹ ਨੂੰ ਧਾਰਾ (5) ਦੇ ਖੰਡ (iv) ਜਾਂ (v) ਅਨੁਸਾਰ ਹੀ ਕਾਨੂੰਨ ਮੰਨਵਾਂ ਮੰਨਿਆ ਜਾ ਸਕਦਾ ਹੈ, ਜੇ ਦੋਹਾਂ ਧਿਰਾਂ ਨੂੰ ਸ਼ਾਸਤ ਕਰਦਾ ਰਵਾਜ ਜਾਂ ਪ੍ਰਥਾ ਦੋਹਾਂ ਵਿਚਕਾਰ ਵਿਆਹ ਦੀ ਇਜਾਜ਼ਤ ਦਿੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First