ਵਿਆਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਆਹ : ਕੁੱਝ ਅਪਵਾਦਾਂ ਨੂੰ ਛੱਡ ਕੇ ਇਸਤਰੀ ਪੁਰਸ਼ ਦੇ ਪਰਸਪਰ ਮੇਲ ਦੀ ਸਮਾਜਿਕ ਪ੍ਰਵਾਨਗੀ ਵਜੋਂ ‘ਵਿਆਹ’ ਵਿਸ਼ਵਵਿਆਪੀ ਵਰਤਾਰਾ ਹੈ। ਧਰਮ ਸ਼ਾਸਤਰਾਂ ਵਿੱਚ ਵਿਆਹ ਨੂੰ ਪਵਿੱਤਰ ਬੰਧਨ ਮੰਨਿਆ ਗਿਆ ਹੈ। ਇਸਤਰੀ ਪੁਰਸ਼ ਦੇ ਮੇਲ ਉਪਰੰਤ ਪੈਦਾ ਹੋਈ ਸੰਤਾਨ ਅਤੇ ਉਸ ਨਾਲ ਸਰੋਕਾਰ ਰੱਖਣ ਵਾਲੇ ਪਸਾਰ ਨੂੰ ‘ਗ੍ਰਹਿਸਥ’ ਕਿਹਾ ਗਿਆ ਹੈ। ਭਾਰਤੀ ਧਰਮ ਗ੍ਰੰਥਾਂ ਵਿੱਚ ਵਿਆਹ ਨੂੰ ਜੀਵਨ ਰਹਿਤਲ ਦਾ ਸਭ ਤੋਂ ਉੱਚਾ ਅਤੇ ਸੁੱਚਾ ਮਾਰਗ ਦਰਸਾਇਆ ਗਿਆ ਹੈ। ਭਾਰਤੀ ਸੱਭਿਆਚਾਰ ਅਤੇ ਰਹਿਤਲ ਅਨੁਸਾਰ, ਵਿਆਹ ਅਜਿਹਾ ਅਣਲਿਖਤੀ ਅਹਿਦ ਸਮਝਿਆ ਜਾਂਦਾ ਹੈ ਜੋ ਅੰਗਾਂ- ਸਾਕਾਂ, ਭਾਈਚਾਰੇ ਦੀ ਹਾਜ਼ਰੀ ਅਤੇ ਧਾਰਮਿਕ ਅਨੁਸ਼ਠਾਨਾਂ ਦੀਆਂ ਪਵਿੱਤਰ ਰਸਮਾਂ ਅਧੀਨ ਮੂਕ-ਸ਼ਬਦਾਂ ਦੁਆਰਾ ਸਹਿਮਤੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। (ਇਸਲਾਮੀ ਪਰੰਪਰਾ ਅਨੁਸਾਰ, ਕੰਨਿਆ ਤੋਂ ਬੋਲਾਂ ਰਾਹੀਂ ਸਹਿਮਤੀ ਪੁੱਛੀ ਜਾਂਦੀ ਹੈ) ਇਸ ਮੂਕ ਅਹਿਦ ਵਿੱਚ ਪਤਨੀ, ਬੱਚੇ, ਆਸ਼ਰਤ ਟੱਬਰ ਦੀ ਪਰਵਰਿਸ਼ ਪ੍ਰਤਿ ਜ਼ੁੰਮੇਵਾਰੀ ਅਤੇ ਪਤੀ ਪਤਨੀ ਦੇ ਇੱਕ ਦੂਜੇ ਪ੍ਰਤਿ ਵਿਸ਼ਵਾਸ ਪਾਤਰ ਬਣੇ ਰਹਿਣ ਦੇ ਫ਼ਰਜ਼ ਸਵੀਕਾਰੇ ਜਾਂਦੇ ਹਨ।

     ਵਿਆਹ ਦੇ ਅੰਤਰੀਵ ਅਰਥ ਅਜਿਹੇ ਸੰਬੰਧਾਂ ਤੋਂ ਹਨ, ਜੋ ਲਿੰਗਕ ਨੇੜਤਾ ਉਪਰੰਤ ਸਮਾਪਤ ਨਹੀਂ ਹੋ ਜਾਂਦੇ, ਕਿਉਂਕਿ ਪ੍ਰਾਚੀਨ ਸਮਿਆਂ ਤੋਂ ਅਜੋਕੇ ਯੁੱਗ ਤੱਕ ਕੇਵਲ ਯੌਨ-ਸੰਬੰਧ ਹੀ ਵਿਆਹ ਪ੍ਰਤਿੱਗਿਆ ਦਾ ਇੱਕੋ ਇੱਕ ਕਾਰਨ ਨਹੀਂ ਬਣੇ। ਆਦਰਸ਼ ਪ੍ਰੇਮ ਅਤੇ ਇਸਤਰੀ ਦੀ ਦੁਰਬਲਤਾ ਨੂੰ ਵੀ ਵਿਆਹ ਸੰਬੰਧਾਂ ਦਾ ਮੁੱਖ ਕਾਰਨ ਨਹੀਂ ਮੰਨਿਆ ਜਾ ਸਕਦਾ, ਇਸਤਰੀ ਵੱਲੋਂ ਪੁਰਸ਼ ਸਾਹਵੇਂ ਆਤਮ-ਸਮਰਪਣ ਤੋਂ ਪਿੱਛੋਂ ਨਵ-ਜਨਮੇਂ ਬਾਲਾਂ ਦੀ ਦੇਖ- ਭਾਲ, ਖਾਧ-ਖ਼ੁਰਾਕ, ਸਹਿਯੋਗੀ ਬਣੇ ਰਹਿਣ ਦੀ ਪ੍ਰਤਿੱਗਿਆ ਅਤੇ ਪੁਰਸ਼ ਦੀ ਬਲ-ਯੋਗਤਾ ਕਈ ਕਾਰਨ ਹੋ ਸਕਦੇ ਹਨ।

   ਮਨੂ ਆਦਿ ਰਿਸ਼ੀਆਂ ਨੇ ਵਿਆਹ ਦੇ ਅੱਠ ਭੇਦ ਮੰਨੇ ਹਨ :

                 ਬ੍ਰਹਮ     :         ਵਰ ਨੂੰ ਘਰ ਬੁਲਾ ਕੇ ਭੂਖਣ ਵਸਤਰ ਸਹਿਤ ਕੰਨਿਆ ਦੇਣੀ।

                 ਦੈਵ        :         ਯੱਗ ਕਰਵਾਉਣ ਵਾਲੇ ਪਰੋਹਤ ਨੂੰ ਕੰਨਿਆ ਦਾਨ ਕਰਨੀ।

                 ਆਰਸ਼     :         ਸੰਪਤੀ ਦੇ ਇਵਜ ਵਿੱਚ ਕੰਨਿਆ ਦੇਣੀ।

                 ਪ੍ਰਾਜਾਪਾਤਯ :  ਪਰ ਪੁਰਸ਼ ਅਤੇ ਕੰਨਿਆ ਨੂੰ ਸਨੇਹ ਪੂਰਵਕ ਅਨੰਦ ਮਾਣਦੇ ਹੋਏ ਵੇਖ ਕੇ ਕੰਨਿਆ ਦੇਣੀ।

                 ਆਸੁਰ     :         ਧਨ ਦੇ ਇਵਜ ਵਿੱਚ ਕੰਨਿਆ ਦੇਣੀ।

                 ਗਾਂਧਰਵ   :         ਇਸਤਰੀ ਪੁਰਸ਼ ਦੇ ਆਪਸੀ ਪ੍ਰੇਮ ਸੰਬੰਧਾਂ ਦੀ ਘਨਿਸ਼ਠਤਾ ਕਾਰਨ ਕੰਨਿਆ ਦੇਣੀ।

                 ਰਾਖਸ਼     :         ਜ਼ੋਰਾ-ਜਬਰੀ ਕੰਨਿਆ ਪ੍ਰਾਪਤ ਕਰਨੀ।

                 ਪਿਸ਼ਾਚ    :         ਸੁੱਤੀ ਹੋਈ ਬੇਹੋਸ਼ ਕੰਨਿਆ ਨਾਲ ਸੰਭੋਗ ਉਪਰੰਤ ਕੰਨਿਆ ਪ੍ਰਾਪਤ ਕਰਨੀ।

     ਸੱਭਿਅਕ ਸਮਾਜਾਂ ਵਿੱਚ ਅੱਠਵੀਂ ਪ੍ਰਕਾਰ ਦਾ, ਪਿਸ਼ਾਚ ਵਿਆਹ ਸਭ ਤੋਂ ਨਿੰਦੜ ਅਤੇ ਪਹਿਲੀ ਪ੍ਰਕਾਰ ਦਾ, ਬ੍ਰਹਮ ਵਿਆਹ ਸਭ ਤੋਂ ਉੱਤਮ ਮੰਨਿਆ ਗਿਆ ਹੈ ਜਿਸ ਵਿੱਚ ਇੱਕ ਪਤੀ, ਇੱਕ ਪਤਨੀ ਸਵੀਕਾਰੀ ਗਈ ਹੈ। ਭਾਰਤ ਦੇ ਕਈ ਪ੍ਰਾਂਤਾਂ ਅਤੇ ਕਬੀਲਿਆਂ ਵਿੱਚ ਬਹੁ ਪਤਨੀ ਪ੍ਰਥਾ ਵੀ ਪ੍ਰਚਲਿਤ ਰਹੀ ਹੈ। ਇਸਲਾਮ ਵਿੱਚ ਤਾਂ ਇੱਕ ਤੋਂ ਵਧੇਰੇ ਪਤਨੀਆਂ ਨਾਲ ਨਿਕਾਹ ਜਾਇਜ਼ ਮੰਨਿਆ ਗਿਆ ਹੈ। ਭਾਰਤ ਵਿੱਚ ਅਨੇਕਾਂ ਰਾਜੇ ਮਹਾਰਾਜਿਆਂ ਦੀਆਂ ਇੱਕ ਤੋਂ ਵਧੇਰੇ ਪਤਨੀਆਂ ਹੋਣ ਦੇ ਪ੍ਰਮਾਣ ਉਪਲਬਧ ਹਨ।

     ਵਿਧਵਾ ਇਸਤਰੀ ਅਤੇ ਪਤਨੀ-ਬਾਹਰੇ ਪਤੀ ਦਾ ਪੁਨਰ-ਵਿਆਹ ਵੀ ਪ੍ਰਚਲਿਤ ਹੈ, ਜਿਸ ਨੂੰ ਇਸਤਰੀ ਵੱਲੋਂ ਕਰੇਵਾ ਅਤੇ ਪੁਰਸ਼ ਵੱਲੋਂ ਚਾਦਰ ਪਾਉਣਾ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਹਿੰਦੂ ਰਾਜਪੂਤ ਵਿਧਵਾ ਇਸਤਰੀਆਂ ਪੁਨਰ-ਵਿਆਹ ਦੀ ਥਾਂ ਪਤੀ ਦੀ ਚਿਖ਼ਾ ਵਿੱਚ ਹੀ ਸੜ ਕੇ ਜਾਨ ਦੇ ਦਿੰਦੀਆਂ ਸਨ। ਕਈ ਹਾਲਤਾਂ ਵਿੱਚ ਵਿਆਹੁਤਾ ਪਤਨੀ ਦੀ ਕੁੱਖੋਂ ਸੰਤਾਨ ਨਾ ਹੋਣ ਦੀ ਸੂਰਤ ਵਿੱਚ ਪੁਰਸ਼ ਵੱਲੋਂ ਪਤਨੀ ਦੀ ਰਜ਼ਾ ਜਾਂ ਗ਼ੈਰ- ਰਜ਼ਾਮੰਦੀ ਨਾਲ ਦੂਜੀ ਪਤਨੀ ਲੈ ਆਉਣ ਦੀ ਵੀ ਖੁੱਲ੍ਹ ਪ੍ਰਾਪਤ ਹੈ। ਬਾਅਦ ਵਿੱਚ ਆਈ ਪਤਨੀ ਦੇ ਜੇਕਰ ਸੰਤਾਨ ਹੋ ਜਾਵੇ ਤਾਂ ਵਿਆਹੁਤਾ ਪਤਨੀ ਦੁਜੈਲੀ ਸਥਿਤੀ ਵਿੱਚ ਚਲੀ ਜਾਂਦੀ ਹੈ। ਵਿਆਹੁਤਾ ਜਾਂ ਅਣ-ਵਿਆਹੁਤਾ ਪੁਰਸ਼ ਇਸਤਰੀ ਜੇਕਰ ਮਾਪਿਆਂ ਦੀ ਰਜ਼ਾਮੰਦੀ ਤੋਂ ਬਿਨਾਂ ਕਿਤੇ ਦੁਰੇਡੇ ਭੱਜ ਕੇ ਜਿਨਸੀ ਸੰਬੰਧ ਬਣਾ ਲੈਣ ਤਾਂ ਅਜਿਹੇ ਵਿਆਹ ਸੰਬੰਧਾਂ ਨੂੰ ‘ਉਧਾਲੇ’ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਨੂੰ ਸਮਾਜਿਕ ਮਾਨਤਾ ਪ੍ਰਾਪਤ ਨਹੀਂ ਹੈ।

     ਭਾਰਤ ਦੇ ਕਈ ਪ੍ਰਾਂਤਾਂ ਵਿੱਚ ਬਹੁ-ਪਤੀ ਵਿਆਹ ਪ੍ਰਥਾ ਅਜਿਹੇ ਕਬੀਲਿਆਂ ਜਾਂ ਸਮੁਦਾਵਾਂ ਵਿੱਚ ਪ੍ਰਚਲਿਤ ਹੈ ਜਿੱਥੇ ਇਸਤਰੀਆਂ ਜੀਵਨ ਵਿੱਚ ਅਗਲਵਾਂਢੀ ਹਿੱਸਾ ਲੈਂਦੀਆਂ ਹਨ ਜਾਂ ਇਸਤਰੀਆਂ ਦੇ ਟਾਕਰੇ ਪੁਰਸ਼ਾਂ ਦੀ ਗਿਣਤੀ ਵਧੇਰੇ ਹੈ। ਕਈ ਹਾਲਤਾਂ ਵਿੱਚ ਟੱਬਰ ਦੇ ਇੱਕ ਪੁਰਸ਼ ਦੇ ਵਿਆਹੇ ਜਾਣ ਦੀ ਸੂਰਤ ਵਿੱਚ, ਵਿਆਹੁਤਾ ਪੁਰਸ਼ ਦੇ ਵਿਆਹ ਤੋਂ ਵਿਰਵੇ ਰਹਿ ਗਏ ਭਰਾ ਵੀ ਉਸ ਦੀ ਪਤਨੀ ਨਾਲ ਸੰਬੰਧ ਬਣਾਈ ਰੱਖਦੇ ਹਨ ਜੋ ਭਰਾਵਾਂ ਦੀ ਜਾਇਦਾਦ ਕਬਜ਼ੇ ਹੇਠ ਰੱਖਣ ਦੇ ਲਾਲਚ ਬਦਲੇ ਭਾਵੇਂ ਵਿਆਹੁਤਾ ਪਤੀ ਪਤਨੀ ਲਈ ਇਤਰਾਜ਼ਯੋਗ ਨਾ ਹੋਵੇ ਪਰ ਸਮਾਜਿਕ ਤੌਰ ਤੇ ਅਖ਼ਲਾਕੀ ਗਿਰਾਵਟ ਸਮਝੀ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਮਹਾਂਭਾਰਤ ਦੇ ਨਾਇਕਾਂ (ਪਾਂਡਵਾਂ) ਦੀ ਸਾਂਝੀ ਪਤਨੀ ਦੀ ਇੱਕ ਉਦਾਹਰਨ ਦਰੋਪਤੀ ਵੀ ਰਹੀ ਹੈ ਜੋ ਕਦੇ ਵੀ ਅਖ਼ਲਾਕੀ ਗਿਰਾਵਟ ਦੀ ਭਾਗੀ ਨਹੀਂ ਸਮਝੀ ਗਈ।

     ਭਾਰਤੀ ਪਰੰਪਰਾ ਵਿੱਚ ਜਿਸ ਵਿਆਹ-ਪ੍ਰਥਾ ਨੂੰ ਵਧੇਰੇ ਮਾਨਤਾ ਪ੍ਰਾਪਤ ਹੈ, ਉਹ ਬ੍ਰਹਮ ਰੂਪ ਹੈ ਜਿਸ ਵਿੱਚ ਮਾਪੇ ਆਪਣੀ ਹੀ ਕੁਲ ਜਾਤੀ ਵਿੱਚੋਂ ਯੋਗ ਵਰ ਦੀ ਤਲਾਸ਼ ਕਰਦੇ ਹਨ ਅਤੇ ਸੁਜੋੜ ਹੋਣ ’ਤੇ ਰਿਸ਼ਤਾ ਤਹਿ ਕਰਦੇ ਹਨ, ਜੋ ਸੁਜਾਤੀ ਵਿਆਹ-ਪ੍ਰਥਾ ਅਖਵਾਉਂਦੀ ਹੈ। ਇਸ ਪ੍ਰਥਾ ਵਿੱਚ ਲਹੂ ਦੀ ਸਾਂਝ (ਪਿੱਤਰੀ/ਮਾਤਰੀ ਸਾਕਾਦਾਰੀ) ਨਾਲ ਵਿਆਹ ਸੰਬੰਧ ਜੋੜਨੇ ਨਿਸ਼ੇਧ ਹਨ। ਅਜੋਕੇ ਸਮੇਂ ਸੰਭਾਵੀ ਵਰ ਅਤੇ ਕੰਨਿਆਂ ਨੂੰ ਇੱਕ ਦੂਜੇ ਦੇ ਸਨਮੁਖ ਹੋ ਕੇ ਸਾਥੀ ਨੂੰ ਪਸੰਦ ਕਰਨ ਅਤੇ ਸਹਿਮਤੀ ਪੁੱਛਣ ਦੀ ਰੀਤ ਹੈ।

     ਦੁਵੱਲੀ ਸੁਜੋੜ ਪਸੰਦ ਹੋਵੇ ਤਾਂ ਮੌਜੂਦਾ ਅਵਸਰ ’ਤੇ ਹੀ ਦੋਹਾਂ ਧਿਰਾਂ ਵੱਲੋਂ ‘ਠਾਕੇ’ ਦੀ ਰਸਮ ਅਧੀਨ ਵਰ ਅਤੇ ਕੰਨਿਆ ਦੀ ਝੋਲੀ ਸ਼ਗਨ ਪਾ ਕੇ ਰਿਸ਼ਤੇ ਦਾ ਮੁੱਢ ਬੰਨ੍ਹਿਆ ਜਾਂਦਾ ਹੈ। ਕੁੱਝ ਵਕਫ਼ੇ ਬਾਅਦ ਵਿਧੀਵਤ ਢੰਗ ਨਾਲ ਕੁੜਮਾਈ (ਮੰਗਣੀ) ਕੀਤੀ ਜਾਂਦੀ ਹੈ। ਵਿਆਹ ਤੋਂ ਕੁੱਝ ਦਿਨ ਪਹਿਲਾਂ, ਦਿਨ ਨਿਸ਼ਚਿਤ ਕਰਨ ਲਈ ‘ਸਾਹਾ ਚਿੱਠੀ’ ਭੇਜੀ ਜਾਂਦੀ ਹੈ। ਵਿਆਹ ਦੇ ਨਿਸ਼ਚਿਤ ਦਿਨ ਤੋਂ ਤਿੰਨ ਜਾਂ ਪੰਜ ਦਿਨ ਪਹਿਲਾਂ ਵਰ ਅਤੇ ਕੰਨਿਆ ਨੂੰ ਵਟਣਾ ਮਲਿਆ ਜਾਂਦਾ ਹੈ। ਜਨੇਤ ਆਉਣ ਤੋਂ ਪਹਿਲੀ ਰਾਤ ਵਰ ਅਤੇ ਕੰਨਿਆ ਨੂੰ ਮਹਿੰਦੀ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਅਤੇ ਜਨੇਤ ਆਉਣ ਤੋਂ ਪਹਿਲਾਂ ਉਹਨਾਂ ਦੇ ਆਪਣੇ-ਆਪਣੇ ਗ੍ਰਹਿ ਵਿਖੇ ਖਾਰੇ ਚਾੜ੍ਹਨ ਦੀ (ਵਿਧੀਵਤ ਢੰਗ ਅਤੇ ਸ਼ਗਨਾਂ ਅਨੁਸਾਰ) ਰੀਤ ਕੀਤੀ ਜਾਂਦੀ ਹੈ।

     ਵਰ ਸਮੇਤ ਜਨੇਤ ਦੇ ਕੰਨਿਆ ਦੇ ਗ੍ਰਹਿ ਵਿਖੇ ਪੁੱਜਣ ਅਤੇ ਮਿਲਣੀ ਜਿਹੀਆਂ ਕਈ ਨਿੱਕੀਆਂ-ਵੱਡੀਆਂ ਰਸਮਾਂ, ਜਿਵੇਂ ਵਰ ਮਾਲਾ ਆਦਿ ਉਪਰੰਤ, ਵਿਆਹ ਦੀ ਸਭ ਤੋਂ ਪਵਿੱਤਰ ਅਤੇ ਉੱਤਮ ਰਸਮ ਫੇਰਿਆਂ ਦੀ ਰੀਤ ਹੈ, ਜਿਸ ਤੋਂ ਬਾਅਦ ਵਰ ਅਤੇ ਕੰਨਿਆ ਨੇ ਸਮਾਜਿਕ ਭਾਈਚਾਰੇ ਵੱਲੋਂ ਪਤੀ ਪਤਨੀ ਦੇ ਰੂਪ ਵਿੱਚ ਸਵੀਕਾਰੇ ਜਾਣਾ ਹੁੰਦਾ ਹੈ। ਵਿਆਹ ਰਸਮਾਂ ਵਿੱਚ ਵਟਣਾ ਮਲੇ ਜਾਣ ਪਿੱਛੋਂ ਮੁੰਡਾ ਕੁੜੀ ‘ਵਰ’ ਅਤੇ ‘ਕੰਨਿਆ’ ਦੇ ਰੂਪ ਵਿੱਚ, ਖਾਰੇ ਚੜ੍ਹਨ ਉਪਰੰਤ ‘ਲਾੜੇ ਲਾੜੀ’ (ਦੂਲ੍ਹਾ ਦੁਲਹਨ) ਦੇ ਰੂਪ ਵਿੱਚ ਅਤੇ ਫੇਰਿਆਂ ਉਪਰੰਤ ਵਿਆਹੁਤਾ ਲਾੜੀ ਨੂੰ ‘ਵਹੁਟੀ’ (ਬਹੂ/ਨੂੰਹ ਆਦਿ) ਦੇ ਰੂਪ ਵਿੱਚ ਸੰਬੋਧਿਤ ਕੀਤੇ ਜਾਣ ਦੀ ਰੀਤ ਹੈ।

     ਸਿੱਖ ਧਰਮ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਦੇ ਹੋਏ ਲਾਵਾਂ ਦੇ ਪਾਠ ਸਹਿਤ ਚਾਰ ਫ਼ੇਰੇ ਲੈਣ ਦੀ ਮਰਯਾਦਾ ਮੰਨੀ ਗਈ ਹੈ ਜਿਸ ਵਿੱਚ ਲਾੜੀ ਨੇ ਪਿੱਛੇ ਅਤੇ ਲਾੜੇ ਨੇ ਅੱਗੇ ਰਹਿਣਾ ਹੁੰਦਾ ਹੈ। ਹਿੰਦੂ ਧਰਮ ਵਿੱਚ ਅਗਨੀ ਦੇ ਚੁਫ਼ੇਰੇ ਸੱਤ ਫ਼ੇਰੇ ਲੈਣ ਦੀ ਰੀਤ ਹੈ। ਕਈ ਜਾਤਾਂ ਗੋਤਾਂ ਅਤੇ ਸਮੁਦਾਵਾਂ ਵਿੱਚ ਲਾੜੇ ਦੇ ਚਾਰ ਅਤੇ ਲਾੜੀ ਵੱਲੋਂ ਤਿੰਨ ਫ਼ੇਰੇ ਅੱਗੇ ਲੱਗ ਕੇ ਲੈਣ ਦਾ ਚਲਨ ਹੈ। ਅਜੋਕੇ ਸਮੇਂ ਭਾਰਤੀ ਕਨੂੰਨ ਅਨੁਸਾਰ, ਕੋਈ ਵੀ ਅਣਵਿਆਹੁਤਾ ਬਾਲਗ਼ ਪੁਰਸ਼ ਜਾਂ ਇਸਤਰੀ ਅਦਾਲਤੀ ਕਾਰਵਾਈ ਰਾਹੀਂ ਵੀ ਵਿਆਹ ਕਰਾਉਣ ਦਾ ਅਧਿਕਾਰੀ ਹੈ। ਅਜਿਹੀ ਹਾਲਤ ਵਿੱਚ ਅੰਤਰਜਾਤੀ ਵਿਆਹ ਨੂੰ ਵੀ ਬਰਾਬਰ ਦੀ ਮਾਨਤਾ ਪ੍ਰਾਪਤ ਹੈ। ਭਾਰਤੀ ਸੰਵਿਧਾਨ ਅਤੇ ਰਹਿਤਲ ਦੀ ਮਰਯਾਦਾ ਅਨੁਸਾਰ, ਸੱਕੀ ਭੈਣ, ਧੀ ਅਤੇ ਮਤੇਈ ਮਾਂ ਨਾਲ ਵਿਆਹ ਸੰਬੰਧ ਬਣਾਉਣੇ ਸਖ਼ਤ ਮਨ੍ਹਾਂ ਹਨ।

     ਯੋਗ ਵਰ ਦੀ ਤਲਾਸ਼ ਲਈ ਇੱਕ ਸਮੇਂ ਕੁਲ ਪਰੋਹਤ, ਵਿਚੋਲੇ ਜਾਂ ਅੰਗਾਂ ਸਾਕਾਂ ਦੀ ਮਦਦ ਲਈ ਜਾਂਦੀ ਸੀ। ਅਜੋਕੇ ਸਮੇਂ ਮੈਰਿਜ ਬਿਉਰੋ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਭਾਰਤੀ ਕਨੂੰਨ ਅਨੁਸਾਰ, ਪ੍ਰੇਮ-ਵਿਆਹ ਨੂੰ ਕਨੂੰਨੀ ਮਾਨਤਾ ਪ੍ਰਾਪਤ ਹੈ ਜਦ ਕਿ ਸਮਾਜਿਕ ਤੌਰ `ਤੇ ਪਿਆਰ ਵਿਆਹ ਨੂੰ ਓਨੀ ਉੱਚਤਾ ਪ੍ਰਾਪਤ ਨਹੀਂ। ਵਿਆਹ ਸੰਬੰਧੀ ‘ਠਾਕੇ’ ਦੀ ਰਸਮ ਮੁਢਲੀ ਅਤੇ ਡੋਲੀ (ਵਿਦਾਈ) ਦੀ ਰਸਮ ਅੰਤਿਮ ਸਮਝੀ ਜਾਂਦੀ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਆਹ (ਨਾਂ,ਪੁ) 1 ਇਸਤਰੀ ਪੁਰਸ਼ ਲਈ ਪਰਸਪਰ ਜੀਵਨ ਬੰਧਨ ਵਿੱਚ ਬੰਨ੍ਹੇ ਜਾਣ ਦੀ ਪਵਿੱਤਰ ਰਸਮ 2 ਸ਼ਾਦੀ; ਅਨੰਦ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਆਹ [ਨਾਂਪੁ] ਵੇਖੋ ਸ਼ਾਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Marriage_ਵਿਆਹ: ਵਿਆਹ ਮਰਦ ਇਸਤਰੀ ਵਿਚਕਾਰ ਮੁਕਾਬਲਤਨ ਸਥਾਈ ਲਿੰਗ-ਸਬੰਧਾਂ ਉਤੇ ਆਧਾਰਤ ਸੰਸਥਾ ਹੈ। ਜਿਸ ਵਿਚ ਸਾਂਝੇ ਘਰ ਦਾ ਸੰਕਲਪ ਕੰਮ ਕਰ ਰਿਹਾ ਹੁੰਦਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਭਿਅਤਾ ਦੇ ਸ਼ੁਰੂ ਵਿਚ ਮਰਦ ਇਸਤਰੀ ਵਿਚਕਾਰ ਵੀ ਪਸ਼ੂਆਂ ਪੰਛੀਆਂ ਵਾਂਗ ਲਿੰਗ-ਸਬੰਧਾਂ ਉਤੇ ਬੰਦਸ਼ਾਂ ਨਹੀਂ ਸਨ। ਪਰ ਸਮਾਜਕ- ਤੱਥਾ-ਆਰਥਕ ਲੋੜਾਂ ਨੇ ਮਨੁੱਖ ਨੂੰ ਇਨ੍ਹਾਂ ਸਬੰਧਾਂ ਵਿਚ ਸਥਾਈਪਨ ਲਿਆਉਣ ਲਈ ਪ੍ਰੇਰਿਆ। ਇਹ ਸੰਸਥਾ ਉਸ ਪੜਾ ਵਿਚੋਂ ਵੀ ਲੰਘੀ ਹੈ ਜਿਥੇ ਇਕ ਔਰਤ ਅਤੇ ਅਨੇਕ ਮਰਦਾਂ ਵਿਚਕਾਰ ਮੁਕਾਬਲਤਨ ਸਥਾਈ ਸਬੰਧ ਹੁੰਦੇ ਸਨ। ਇਕ ਮਰਦ ਦੇ ਕਈ ਔਰਤਾਂ ਨਾਲ ਸਮਾਜ-ਪਰਵਾਨਤ ਸਬੰਧ ਲਭਣ ਲਈ ਬਹੁਤਾ ਪਿਛੇ ਨਹੀਂ ਜਾਣਾ ਪੈਂਦਾ। ਪਰ ਅਜ ਜ਼ਿਆਦਾਤਰ ਸਮਾਜਾਂ ਵਿਚ ਇਕ ਮਰਦ-ਇਕ ਔਰਤ ਦੇ ਸਮਾਜਕ, ਧਾਰਮਕ ਅਤੇ ਕਾਨੂੰਨੀ ਤੌਰ ਤੇ ਪਰਵਾਨਤ ਲਿੰਗ ਸਬੰਧਾਂ ਉਤੇ ਉਸਰ ਰਹੇ ਪਰਿਵਾਰ ਦੀ ਸੰਸਥਾ ਦੀ ਬੁਨਿਆਦ ਵਿਆਹ ਨੂੰ ਮੰਨਿਆ ਗਿਆ ਹੈ। ਸਮਾਜ ਵਿਚ ਬੱਚਿਆਂ ਨੂੰ ਜਾਇਜ਼ ਬੱਚੇ ਹੋਣ ਦਾ ਦਰਜਾ ਦਿਵਾਉਣ ਲਈ ਮਾਤਾ ਪਿਤਾ ਵਿਚਕਾਰ ਵਿਆਹ ਦਾ ਹੋਇਆ ਹੋਣਾ ਜ਼ਰੂਰੀ ਹੈ। ਭਾਵੇਂ ਵਿਆਹ ਸੰਸਕਾਰ ਧਾਰਮਕ ਰਸਮਾਂ ਅਦਾ ਕਰਕੇ ਕੀਤਾ ਜਾਂਦਾ ਹੈ ਪਰ ਵਿਆਹਕ ਸਬੰਧਾਂ ਦਾ ਤੁੜਾਉ ਬੁਨਿਆਦੀ ਤੌਰ ਤੇ ਕਾਨੂੰਨ ਦਾ ਵਿਸ਼ਾ ਹੈ। ਉਸ ਦ੍ਰਿਸ਼ਟੀ ਤੋਂ ਵਿਆਹ ਦਾ ਹੋਇਆ ਹੋਣਾ ਵੀ ਕਾਨੂੰਨੀ ਖੇਤਰ ਵਿਚ ਆ ਜਾਂਦਾ ਹੈ ਅਤੇ ਵਿਆਹਕ ਮਸਲਿਆਂ ਦੇ ਉਸਾਰ ਅਤੇ ਵਿਨਾਸ਼ ਦੋਵੇਂ ਕਾਨੂੰਨ ਦਾ ਵਿਸ਼ਾ ਬਣ ਜਾਂਦੇ ਹਨ। ਹਿੰਦੁੂ ਸਮਾਜ ਅੱਜ ਵੀ ਵਿਆਹ ਨੂੰ ਇਕ ਅਜਿਹਾ ਸੰਸਕਾਰ ਮੰਨਦਾ ਹੈ ਜੋ ਸਰੀਰ ਅਤੇ ਆਤਮਾ ਦੀ ਪਵਿਤਰਤਾ ਲਈ ਜ਼ਰੂਰੀ ਹੈ। ਪਰ ਸਮਾਜਕ-ਆਰਥਕ ਅਤੇ ਹੋਰ ਅਨੇਕਾਂ ਮਜਬੂਰੀਆਂ ਕਾਰਨ ਤਲਾਕ ਨੂੰ ਮਾਨਤਾ ਦੇ ਦਿੱਤੀ ਗਈ ਹੈ, ਜੋ ਧਰਮ ਦੇ ਖੇਤਰ ਵਿਚ ਵਰਜਤ ਹੈ ਤੇ ਪ੍ਰਾਚੀਨ ਹਿੰਦੂ ਕਾਨੂੰਨ ਜਿਸ ਤੋਂ ਪੂਰੇ ਤੌਰ ਤੇ ਬੇਖ਼ਬਰ ਸੀ। ਇਸ ਕਾਰਨ ਹੀ ਇਹ ਕਿਹਾ ਜਾਂਦਾ ਹੈ ਕਿ ਹਿੰਦੂਆਂ ਵਿਚ ਵਿਆਹ ਦਾ ਬੰਧਨ ਹੁਣ ਇਕ ਸਿਵਲ-ਮੁਆਇਦਾ ਬਣ ਗਿਆ ਹੈ। ਇਸ ਦੇ ਉਲਟ ਮੁਸਲਮਾਨਾਂ ਵਿਚ ਮਰਦ ਅਜ ਵੀ ਚਾਰ ਔਰਤਾਂ ਨਾਲ ਵਿਆਹ ਕਰਵਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਆਹ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਿਆਹ : ਪਰਣਾ ਕੇ ਲੈ ਜਾਣ ਦੀ ਕਿਰਿਆ ਜਿਸ ਨੂੰ ਉਦਵਾਹ, ਸ਼ਾਦੀ, ਆਨੰਦ, ਨਿਕਾਹ, ਪਾਣਿਗ੍ਰਹਣ, ਦਾਰਪਰਗ੍ਰਿਹ ਆਦਿ ਵੀ ਕਿਹਾ ਜਾਂਦਾ ਹੈ। ਵਿਆਹ ਦੋ ਸੰਸਾਰਿਕ ਜੀਵਾਂ (ਇਸਤਰੀ ਮਰਦ) ਦੇ ਸਮਾਜਕ ਰਸਮਾਂ ਰਿਵਾਜਾਂ ਨਾਲ ਗ੍ਰਹਿਸਥ ਜੀਵਨ ਦੇ ਬੰਧਨ ਵਿਚ ਬੱਝਣ ਦਾ ਨਾਂ ਹੈ।

ਵਿਆਹ ਦੀ ਪ੍ਰਕਿਰਿਆ ਵਿਚ ਸਭ ਤੋਂ ਪਹਿਲਾ ਚਰਣ ਰੋਕਣਾ ਜਾਂ ‘ਠਾਕਣਾ’ ਹੁੰਦਾ ਹੈ। ਇਸ ਤੋਂ ਬਾਅਦ ‘ਕੁੜਮਾਈ’ ਜਾਂ ‘ਸਗਾਈ’ ਦੀ ਰਸਮ ਅਦਾ ਕੀਤੀ ਜਾਂਦੀ ਹੈ ਜਿਸ ਵਿਚ ਮੁੰਡੇ ਦੀ ਝੋਲੀ ਵਿਚ ਸਗਣ ਪਾ ਕੇ ਉਸ ਦੇ ਮੂੰਹ ਵਿਚ ਛੁਹਾਰਾ ਪਾਇਆ ਜਾਂਦਾ ਹੈ ਅਤੇ ਮੱਥੇਂ ਤੇ ਟਿੱਕਾ ਲਾਇਆ ਜਾਂਦਾ ਹੈ। ਪਹਾੜਾਂ ਦੇ ਗੱਦੀਆਂ, ਰਾਜਪੂਤਾਂ ਅਤੇ ਬ੍ਰਾਹਮਣਾਂ ਵਿਚ ਕੁੜਮਾਈ ਕੁੜੀ ਦੇ ਘਰ ਹੁੰਦੀ ਹੈ। ਕੁਲ ਵਿਚ ਇਸ ਮੌਕੇ ਤੇ ਕੁੜੀ ਤੋਂ ਗਣੇਸ਼ ਦੀ ਪੂਜਾ ਕਰਾਈ ਜਾਂਦੀ ਹੈ ਅਤੇ ਪਿੱਛੋਂ ਪੰਡਤ ਤੋਂ ਪੱਤਰੀ ਖੁਲ੍ਹਾ ਕੇ ਕਿਸੇ ਸ਼ੁਭ ਮਹੀਨੇ ਦੀ ਤਰੀਕ ਨੀਅਤ ਕਰ ਲਈ ਜਾਂਦੀ ਹੈ। ਇਸ ਨੂੰ ‘ਸਾਹਾ ਕਢਾਉਣਾ’ ਕਹਿੰਦੇ ਹਨ। ਅੰਤਿਮ ਰੂਪ ਵਿਚ ਸਾਹਾ ਮੁੰਡੇ ਵਾਲੇ ਹੀ ਮਨਜ਼ੂਰ ਕਰਦੇ ਹਨ। ਇਸ ਤੋਂ ਪਿੱਛੋਂ ਜਦ ਵਿਆਹ ਵਿਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ ‘ਸਾਹੇ ਚਿੱਠੀ’ ਜਾਂ ‘ਲਗਨ’ ਲਿਖਾਉਂਦੇ ਹਨ। ਇਸ ਦੇ ਨਾਲ ਹੀ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਸੱਤ ਜਾਂ ਨੌ ਦਿਨ ਪਹਿਲਾਂ ਕੜਾਹੀ ਧਰੀ ਜਾਂਦੀ ਹੈ। ਗੁਲਗਲੇ, ਪਕੌੜੇ ਤੇ ਮਠਿਆਈਆਂ ਬਣਾਈਆਂ ਜਾਂਦੀਆਂ ਹਨ। ਵਿਆਂਹਦੜ ਦੀ ਮਾਂ ਗੁਲਗੁਲੇ ਲੈ ਕੇ ਆਪਣੇ ਪੇਕੇ ਜਾਂਦੀ ਹੈ ਅਤੇ ਉਨ੍ਹਾਂ ਨੂੰ ਵਿਆਹ ਦਾ ਦਿਨ ਦੱਸ ਕੇ ਆਉਂਦੀ ਹੈ। ਉਹ ਨਾਨਕੀ ਛੱਕ ਦੀ ਤਿਆਰੀ ਕਰਨ ਲੱਗ ਜਾਂਦੇ ਹਨ। ਵਿਆਹ ਤੋਂ ਪਹਿਲਾਂ ਵੱਡੀ ਰੀਤ ਵੱਟਣੇ ਜਾਂ ‘ਮਾਂਈਏ’ ਦੀ ਹੁੰਦੀ ਹੈ। ਵਿਆਹ ਤੋਂ ਕੁੱਝ ਦਿਨ ਪਹਿਲਾਂ ਮੁੰਡੇ ਕੁੜੀ ਨੂੰ ਮਾਂਈਏ ਪਾ ਦਿੰਦੇ ਹਨ ਅਤੇ ਫਿਰ ਉਸ ਨੂੰ ਵਟਣਾ ਮਲ ਕੇ ਨੁਹਾਇਆ ਜਾਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਗਾਨਾ ਬੰਨ੍ਹ ਦਿੱਤਾ ਜਾਂਦਾ ਹੈ। ਵਿਆਹ ਤੋਂ ਇਕ ਦਿਨ ਪਹਿਲਾਂ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵੱਡਾ ਮੇਲ ਨਾਨਕਿਆਂ ਦਾ ਹੁੰਦਾ ਹੈ ਜਿਹੜੇ ਨਾਨਕੀ ਛੱਕ ਲੈ ਕੇ ਆਉਂਦੇ ਹਨ। ਮਾਮੇ ਆ ਕੇ ਵਿਆਂਹਦੜ ਤੋਂ ਸਾਂਤ ਕਰਵਾਉਂਦੇ ਹਨ। ਇਸ ਵੇਲੇ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਦੂਜੇ ਦਿਨ ਚੰਨ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵੱਟਣਾ ਮਲ ਕੇ ਨੁਹਾ ਦਿੰਦੇ ਹਨ ਅਤੇ ਮਾਮੇ ਦੁਆਰਾ ਲਿਆਂਦੀ ਹੋਈ ਪੁਸ਼ਾਕ ਪਹਿਨਾ ਦਿੱਤੀ ਜਾਂਦੀ ਹੈ। ਇਸ ਤੋਂ ਪਿੱਛੋਂ ਸਿਹਰਾ ਬੰਨ੍ਹਿਆ ਜਾਂਦਾ ਹੈ ਅਤੇ ਉਪਰੰਤ ਘੋੜੀ ਦੀ ਰੀਤ ਹੁੰਦੀ ਹੈ। ਮੁੰਡਾ ਘੋੜੀ ਉੱਤੇ ਚੜ੍ਹ ਕੇ ਜਠੇਰਿਆਂ ਦੀ ਪੂਜਾ ਜਾਂ ‘ਜੰਡੀ ਵੱਢਣ’ ਵਾਸਤੇ ਜਾਂਦਾ ਹੈ। ਸਿੱਖ ਗੁਰਦੁਆਰੇ ਮੱਥਾ ਟਿਕਾਉਂਦੇ ਹਨ। ਘੋੜੀ ਚੜ੍ਹਨ ਤੋਂ ਪਹਿਲਾਂ ਉਸ ਦੀ ਭਰਜਾਈ ਸੁਰਮਾ ਪਾਉਂਦੀ ਹੈ ਅਤੇ ਭੈਣਾਂ ਨੂੰ ਵਾਗ ਫੜਾਈ ਦਿੱਤੀ ਜਾਂਦੀ ਹੈ। ਜਦੋਂ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਖੁਸ਼ੀ ਦੇ ਗੀਤ ਗਾ ਕੇ (ਸਿੱਖਾਂ ਵਿਚ ਮਿਲਣੀ ਦੇ ਸ਼ਬਦ ਪੜ੍ਹ ਕੇ) ਉਨ੍ਹਾਂ ਦਾ ਸੁਆਗਤ ਕੀਤਾ ਜਾਂਦਾ ਹੈ। ਫਿਰ ਦੋਹਾਂ ਧਿਰਾਂ ਦੀ ਮਿਲਣੀ ਹੁੰਦੀ ਹੈ। ਮਰਿਯਾਦਾ ਅਨੁਸਾਰ, ਹਿੰਦੂਆਂ ਵਿਚ ਰਾਤ ਨੂੰ ਫੇਰੇ (ਅਗਨੀ ਦੁਆਲੇ) ਹੁੰਦੇ ਹਨ ਪਰ ਸਿੱਖਾਂ ਵਿਚ ਸਵੇਰੇ ਅਨੰਦ ਕਾਰਜ ਕੀਤਾ ਜਾਂਦਾ ਹੈ।

ਪੰਜਾਬੀ ਲੋਕ ਵਿਆਹ ਤੋਂ ਬਾਅਦ ਦਾਜ ਵਰੀ ਦਾ ਪ੍ਰਦਰਸ਼ਨ ਕਰਦੇ ਹਨ। ਕੁੜੀਆਂ, ਲਾੜੇ ਤੋਂ ਛੰਦ ਸੁਣਦੀਆਂ ਹਨ ਅਤੇ ਟਿੱਚਰਾਂ ਕਰਦੀਆਂ ਹਨ। ਰੋਟੀ-ਪਾਣੀ ਤੋਂ ਪਿੱਛੋਂ ਬਰਾਤ ਵਿਦਾ ਕਰ ਦਿੱਤੀ ਜਾਂਦੀ ਹੈ ਅਤੇ ਕੁੜੀ ਡੋਲੀ ਵਿਚ ਬੈਠ ਕੇ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ। ਮਨੂੰ ਅਤੇ ਹੋਰ ਰਿਸ਼ੀਆਂ ਅਨੁਸਾਰ ਵਿਆਹ ਅੱਠ ਪ੍ਰਕਾਰ ਦਾ ਮੰਨਿਆ ਗਿਆ ਹੈ

(1) ਬ੍ਰਹਮ-ਵਰ ਨੂੰ ਘਰ ਬੁਲਾ ਕੇ ਗਹਿਣੇ, ਕੱਪੜਿਆਂ ਸਹਿਤ ਕੰਨਿਆ ਦੇਣੀ।

(2) ਦੈਵ-ਯਗ ਕਰਾਉਣ ਵਾਲੇ ਰਿਤ੍ਵਿਜ ਨੂੰ ਧੀ ਦੇਣੀ।

(3) ਆਸੰ-ਵਰ ਤੋਂ ਬੈਲ ਲੈ ਕੇ ਉਸ ਦੇ ਬਦਲੇ ਧੀ ਦੇਣੀ।

(4) ਪ੍ਰਾਜਾਪਤਯ-ਮੁੰਡੇ ਅਤੇ ਕੁੜੀ ਦੀ ਪਰਸਪਰ ਸਹਿਮਤੀ ਨਾਲ ਸੰਤਾਨ ਉਤਪਤੀ ਲਈ ਵਿਆਹ ਕਰਨਾ।

(5) ਆਸੁਰ-ਧਨ ਲੈ ਕੇ, ਧੀ ਦੇਣੀੇ।

(6) ਗਾਂਧਰਵ-ਸ਼ਾਦੀ ਤੋਂ ਪਹਿਲਾਂ ਵਰ ਅਤੇ ਕੰਨਿਆ ਦੀ ਆਪਸ ਵਿਚ ਪ੍ਰੀਤ ਹੋਣ ਤੇ ਵਿਆਹ ਕਰਨਾ।

(7) ਰਾਖਸ਼-ਜੰਗ ਵਿਚ ਜਿੱਤ ਕੇ ਕੰਨਿਆ ਲੈ ਜਾਣੀ।

(8) ਪੈਸ਼ਾਚ-ਜ਼ੁਲਮ ਨਾਲ, ਰੋਂਦੀ ਕੰਨਿਆ ਖੋਹ ਕੇ ਲੈ ਜਾਣੀ।

ਅੱਜਕੱਲ੍ਹ ਪ੍ਰੇਮ ਵਿਆਹ ਅਤੇ ਅਦਾਲਤੀ ਵਿਆਹ (ਕੋਰਟ ਮੈਰਿਜ) ਵੀ ਕਾਫ਼ੀ ਪ੍ਰਚਲਿਤ ਹੈ। ਵਰ ਅਤੇ ਕੰਨਿਆ ਦੇ ਬਾਲਗ ਹੋਣ ਦੀ ਸੂਰਤ ਵਿਚ ਕਾਨੂੰਨ ਉਨ੍ਹਾਂ ਨੂੰ ਸਵੈ ਇੱਛਾ ਨਾਲ ਵਿਆਹ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਲਈ ਮਾਂ ਬਾਪ ਦੀ ਮਰਜ਼ੀ ਤੋਂ ਬਿਨਾਂ ਵੀ ਅਦਾਲਤੀ ਵਿਆਹ ਹੋ ਸਕਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-33-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. -ਰੰਧਾਵਾ; ਪੰਜਾਬੀ ਲੋਕਯਾਨ-ਗੁਲਜ਼ਾਰ ਸਿੰਘ ਕੰਗ; ਪੰ. ਲੋ. ਵਿ. ਕੋ.

ਵਿਆਹ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਿਆਹ : ਵਿਆਹ ਭਾਰਤੀ ਸੰਸਕ੍ਰਿਤੀ ਦਾ ਮੁੱਖ ਅੰਗ ਹੈ, ਜੋ ਔਰਤ ਅਤੇ ਮਰਦ ਦੇ ਦਰਜੇ ਨੂੰ ਅਰਥ ਦਿੰਦਾ, ਉਹਨਾਂ ਦੇ ਬੱਚਿਆਂ ਦੀ ਪਹਿਚਾਨ ਕਰਵਾਉਂਦਾ, ਰਿਸ਼ਤਿਆਂ ਦੀਆਂ ਤਾਰਾਂ ਨੂੰ ਜੋੜਦਾ ਅਤੇ ਪੂਰਵਜਾਂ ਦੇ ਅਸ਼ੀਰਵਾਦ ਨਾਲ ਵੰਸ਼ ਚਲਾਉਣ ਵਿੱਚ ਤਬਦੀਲ ਕਰਦਾ ਹੈ। ਵਿਆਹ ਔਲਾਦ ਦੀ ਉਤਪਤੀ ਅਤੇ ਸਰੀਰਕ ਸੁੱਖ ਮਾਣਨ ਦਾ ਸਮਾਜਿਕ ਮਾਨਤਾ ਪ੍ਰਾਪਤ ਸਾਧਨ ਹੈ। ਇਹ ਮਨੁੱਖ ਦਾ ਇੱਕ ਮੁੱਖ ਸੰਸਕਾਰ ਹੈ, ਜੋ ਮਰਦ ਅਤੇ ਔਰਤ ਦੇ ਪਵਿੱਤਰ ਗਠਜੋੜ ਨਾਲ ਪਰਿਵਾਰ ਨੂੰ ਜਨਮ ਦੇਂਦਾ ਹੈ ਅਤੇ ਪਰਿਵਾਰ ਤੋਂ ਸਮਾਜ ਦੀ ਸਿਰਜਣਾ ਹੁੰਦੀ ਹੈ। ਵਿਆਹ ਔਰਤ ਨੂੰ ਧਰਮ-ਪਤਨੀ, ਸਹਿਯੋਗੀ ਅਤੇ ਜੀਵਨ-ਸਾਥਨ ਦਾ ਰੂਪ ਦੇਂਦਾ ਹੈ।

ਭਾਰਤੀ ਪਰੰਪਰਾ ਅਨੁਸਾਰ ਉਚਾਲਕ ਦੇ ਪੁੱਤਰ ਸ਼ਵੇਤਕੇਤੂ ਨੇ ਵਿਆਹ ਦੀ ਸ਼ੁਰੂਆਤ ਕੀਤੀ ਤਾਂ ਜੋ ਰੋਕ ਟੋਕ ਵਾਲੀ ਸਰੀਰਕ ਭੋਗ ਵਿਲਾਸ ਦੀ ਪ੍ਰਥਾ ਨੂੰ ਖ਼ਤਮ ਕਰ ਲਗਾਤਾਰ ਸਰੀਰਕ ਸੁਖ ਲਿਆ ਜਾ ਸਕੇ ਅਤੇ ਪਰਿਵਾਰ ਦੀ ਹੋਂਦ ਨੂੰ ਪੱਕਿਆਂ ਕੀਤਾ ਜਾ ਸਕੇ। ਭਾਰਤੀ ਮਾਨਤਾ ਅਨੁਸਾਰ ਵਿਆਹ ਤੋੜਿਆ ਨਹੀਂ ਜਾ ਸਕਦਾ ਕਿਉਂਕਿ ਵਿਆਹ ਕੋਈ ਦੋ ਸਰੀਰਾਂ ਦਾ ਮੇਲ ਨਹੀਂ ਸਗੋਂ ਦੋ ਆਤਮਾਵਾਂ ਦਾ ਸੁਮੇਲ ਹੈ, ਜੋ ਕਿ ਮੌਤ ਤੋਂ ਬਾਅਦ ਅਗਲੇ ਜਨਮਾਂ ਤੱਕ ਵੀ ਚੱਲਦਾ ਰਹਿੰਦਾ ਹੈ। ਹਿੰਦੂ ਪਰੰਪਰਾ ਅਨੁਸਾਰ ਵਿਆਹ ਇੰਦਰੀਆਂ ਦੀ ਤ੍ਰਿਪਤੀ ਅਤੇ ਭੋਗ ਦਾ ਸਾਧਨ ਨਹੀਂ ਸਗੋਂ ਪਵਿੱਤਰ ਗਠਜੋੜ ਹੈ ਜੋ ਦੋਵਾਂ ਨੂੰ ਹੀ ਮੁਕਤੀ ਵੱਲ ਲੈ ਕੇ ਜਾਂਦਾ ਹੈ। ਵਿਆਹ ਔਰਤ ਅਤੇ ਮਰਦ ਦੋਹਾਂ ਦੀਆਂ ਹੀ ਪਸ਼ੂ ਬਿਰਤੀਆਂ ਨੂੰ ਨਿਯੰਤਰਿਤ ਕਰਕੇ ਦੋਵਾਂ ਦੇ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਵਿਕਾਸ ਦਾ ਸਾਧਨ ਮੰਨਿਆ ਜਾਂਦਾ ਹੈ। ਵਿਆਹ ਆਤਮ ਸੰਜਮ ਅਤੇ ਆਤਮ ਤਿਆਗ ਦਾ ਰਸਤਾ ਹੈ। ਵੈਦਿਕ ਕਾਲ ਵਿੱਚ ਵਿਆਹ ਪਵਿੱਤਰ ਹੀ ਨਹੀਂ ਸਗੋਂ ਜ਼ਰੂਰੀ ਪਰੰਪਰਾ ਮੰਨਿਆ ਗਿਆ ਕਿਉਂਕਿ ਤੈਤਰੇਯ ਬ੍ਰਾਹਮਣ ਅਨੁਸਾਰ ਵਿਆਹ ਬਿਨਾਂ ਮਰਦ ਅਪਵਿੱਤਰ ਹੈ ਅਤੇ ਹਵਨ, ਯੱਗ ਅਤੇ ਅਨੁਸ਼ਾਸਨ ਕਰਨ ਲਈ ਮਰਦ ਨਾਲ ਔਰਤ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ। ਵਿਆਹ ਔਰਤ ਅਤੇ ਮਰਦ ਨੂੰ ਇੱਕ ਦੂਸਰੇ ਦਾ ਪੂਰਕ ਬਣਾਉਂਦਾ ਹੈ ਅਤੇ ਧਰਮ-ਸ਼ਾਸਤਰਾਂ ਨੇ ਔਰਤ ਲਈ ਪਤੀਵਰਤਾ ਧਰਮ ਅਤੇ ਮਰਦ ਲਈ ਇੱਕ ਪਤਨੀ ਧਰਮ ਦਾ ਸੁਨੇਹਾ ਦਿੱਤਾ ਹੈ।

ਵੈਦਿਕ ਕਾਲ ਵਿੱਚ ਵਿਆਹ ਲੜਕੀ ਦੇ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦੇ ਹੀ ਕਰ ਦਿੱਤਾ ਜਾਂਦਾ ਸੀ ਪਰ ਆਧੁਨਕਿ ਕਾਲ ਵਿੱਚ ਵਿਆਹ ਦੀ ਉਮਰ ਕਨੂੰਨ ਰਾਹੀਂ ਨਿਸ਼ਚਿਤ ਕਰ ਦਿੱਤੀ ਗਈ ਹੈ। 1929 ਵਿੱਚ ਬਣਾਏ ਗਏ ‘ਬਾਲ ਵਿਆਹ ਰੋਕੂ ਐਕਟ, 1929’  (The Child Marriage Restricted Amendment Act, 1929) ਨੇ ਵਿਆਹ ਦੀ ਉਮਰ ਲੜਕੀ ਲਈ 15 ਸਾਲ ਅਤੇ ਲੜਕੇ ਲਈ 18 ਸਾਲ ਕਰ ਦਿੱਤੀ ਸੀ। ਇਸ ਧਾਰਾ ਨੂੰ ਹਿੰਦੂ ਮੈਰਿਜ ਐਕਟ, 1955  (The Hindu Marriage Act, 1955)  ਵਿੱਚ ਸ਼ਾਮਲ ਕੀਤਾ ਗਿਆ ਪਰ 1978 ਵਿੱਚ  (The Child Marriage Restricted Amendment Act, 1978) ਸੋਧ ਕਰਕੇ ਇਹ ਉਮਰ ਲੜਕੀ ਲਈ 18 ਸਾਲ ਅਤੇ ਲੜਕੇ ਲਈ 21 ਸਾਲ ਨਿਸ਼ਚਿਤ ਕੀਤੀ ਗਈ ਹੈ। ਪੁਰਾਤਨ ਸਮੇਂ ਵਿੱਚ ਵਿਆਹ ਆਪਣੀ ਜਾਤੀ, ਵਰਨ ਜਾਂ ਗੋਤਰ ਵਿੱਚ ਕੀਤੇ ਜਾਂਦੇ ਸਨ ਪਰ ਬਾਅਦ ਵਿੱਚ ਅੰਤਰ-ਜਾਤੀ ਵਿਆਹ ਵੇਖਣ ਨੂੰ ਮਿਲਦੇ ਸਨ। ਜਦੋਂ ਕੋਈ ਮਰਦ ਆਪਣੇ ਤੋਂ ਨੀਵੀਂ ਜਾਤੀ ਦੀ ਔਰਤ ਨਾਲ ਵਿਆਹ ਕਰਦਾ ਸੀ ਤਾਂ ਉਸ ਨੂੰ ਅਨੁਲੋਮ ਵਿਆਹ ਕਹਿੰਦੇ ਸਨ। ਜਦੋਂ ਕੋਈ ਮਰਦ ਆਪਣੇ ਤੋਂ ਉੱਚੀ ਜਾਤੀ ਦੀ ਔਰਤ ਨਾਲ ਵਿਆਹ ਕਰਦਾ ਸੀ ਤਾਂ ਉਸ ਨੂੰ ਪ੍ਰਤਿਲੋਮ ਵਿਆਹ ਦਾ ਨਾਮ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦੇ ਵਿਆਹ ਦਸਵੀਂ ਸਦੀ ਤੱਕ ਚਲਦੇ ਰਹੇ।

ਪ੍ਰਾਚੀਨ ਕਾਲ ਵਿੱਚ ਵਿਆਹ ਦੇ ਅੱਠ ਰੂਪ ਮੰਨੇ ਗਏ ਹਨ :

1. ਬ੍ਰਹਮ ਵਿਆਹ : ਮਾਤਾ ਪਿਤਾ ਦੀ ਸਲਾਹ  ਨਾਲ ਕੰਨਿਆਂ ਨੂੰ ਸਜਾ ਕੇ ਦਹੇਜ ਸਹਿਤ ਬ੍ਰਾਹਮਣ ਨੂੰ ਸੌਂਪਿਆ ਜਾਂਦਾ ਸੀ।

2.  ਪੂਜਾ ਪਤਨੀ ਵਿਆਹ : ਇਸ ਵਿੱਚ ਵਰ ਤੇ ਕੰਨਿਆਂ ਦੇ ਅਧਿਕਾਰ ਬਰਾਬਰ ਹੁੰਦੇ ਹਨ।

3. ਅਰਸ਼ ਵਿਆਹ : ਇਸ ਵਿੱਚ ਕੰਨਿਆਂ ਦਾ ਪਿਤਾ ਵਰ ਕੋਲੋਂ ਗਾਂ-ਬੈਲ ਦੀ ਜੋੜੀ ਪ੍ਰਾਪਤ ਕਰਕੇ ਕੰਨਿਆਂ ਦੇਂਦਾ ਸੀ।

4. ਦੇਵ ਵਿਆਹ : ਇਸ ਵਿੱਚ ਕੰਨਿਆਂ ਦਾ ਪਿਤਾ ਸੁਸ਼ੀਲ ਪਰੋਹਤ ਨੂੰ ਆਪਣੀ ਕੰਨਿਆਂ ਸੌਂਪਦਾ ਸੀ।

5. ਆਸੁਰ ਵਿਆਹ : ਇਸ ਵਿਆਹ ਵਿੱਚ ਕੰਨਿਆਂ ਦਾ ਮੁੱਲ ਮੰਗਿਆ ਜਾਂਦਾ ਸੀ।

6. ਗੰਧਰਵ ਵਿਆਹ : ਮਾਤਾ-ਪਿਤਾ ਦੀ ਆਗਿਆ ਤੋਂ ਬਿਨਾਂ ਚੋਰੀ ਵਿਆਹ ਕੀਤਾ ਜਾਂਦਾ ਸੀ।

7. ਰਾਖਸ਼ਸ਼ ਵਿਆਹ : ਜਦੋਂ ਕੰਨਿਆਂ ਨੂੰ ਪਰਿਵਾਰ ਵਾਲਿਆਂ ਵੱਲੋਂ ਖੋਹ ਕੇ ਜਬਰਦਸਤੀ ਵਿਆਹ ਕੀਤਾ ਜਾਂਦਾ ਸੀ ਤਾਂ ਉਸ ਨੂੰ ਰਾਖਸ਼ਸ਼ ਵਿਆਹ ਆਖਦੇ ਸਨ।

8. ਪੈਸ਼ਾਚ ਵਿਆਹ : ਇਸ ਵਿੱਚ ਕਪਟ ਅਤੇ ਛਲ ਨਾਲ ਸੁੱਤੀ ਕੰਨਿਆਂ ਨਾਲ ਸਰੀਰਕ ਸੰਬੰਧ ਕਾਇਮ ਕਰਨ ਤੇ ਪੈਸ਼ਾਚ ਵਿਆਹ ਕਿਹਾ ਜਾਂਦਾ ਸੀ।

ਵਿਆਹ ਦੇ ਕੁਝ ਰੂਪ, ਜੋ ਅੱਜ ਵੀ ਪ੍ਰਚਲਿਤ ਹਨ, ਉਹਨਾਂ ਵਿੱਚ ਇੱਕ ਪਤਨੀ ਵਿਆਹ  (Monogamy) , ਬਹੁ-ਪਤਨੀ ਵਿਆਹ (Polygamy) ਬਹੁ ਪਤੀ ਵਿਆਹ  (Polyandry)  ਮੁੱਖ ਹਨ।

ਇੱਕ ਪਤਨੀ ਵਿਆਹ  (Monogamy)  : ਜਦੋਂ ਇੱਕ ਮਰਦ ਕੇਵਲ ਇੱਕ ਹੀ ਔਰਤ ਨਾਲ ਵਿਆਹ ਕਰਦਾ ਹੈ ਅਤੇ ਸੰਤਾਨ ਉਤਪਤੀ ਨਾਲ ਪਰਿਵਾਰ ਬਣਾਉਂਦਾ ਹੈ। ਇਸ ਵਿੱਚ ਆਪਸੀ ਪਿਆਰ, ਵਫ਼ਾਦਾਰੀ ਅਤੇ ਸਹਿਯੋਗ ਨਾਲ ਬੱਚਿਆਂ ਦੀ ਦੇਖ-ਭਾਲ ਹੁੰਦੀ ਹੈ।

ਬਹੁ-ਪਤਨੀ ਵਿਆਹ  (Polygamy)  : ਇੱਕ ਮਰਦ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਦਾ ਹੈ। ਇਹ ਅਮੀਰ ਵਰਗਾਂ, ਰਾਜ ਘਰਾਣਿਆਂ ਅਤੇ ਮੁਸਲਮਾਨਾਂ ਵਿੱਚ ਪ੍ਰਚਲਿਤ ਹਨ। ਇਸ ਵਿੱਚ ਇੱਕ ਮਰਦ ਕਈ ਔਰਤਾਂ ਨਾਲ ਵਿਆਹ ਸਰੀਰਕ ਸੰਭੋਗ, ਸਮਾਜਿਕ ਸ਼ਾਨ ਜਾਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਲਾਲਸਾ ਨਾਲ ਕਰਦਾ ਹੈ। ਬਹੁ-ਪਤੀ ਵਿਆਹ ਇਸ ਪਰੰਪਰਾ ਵਿੱਚ ਇੱਕ ਔਰਤ ਕਈ ਮਰਦਾਂ ਨਾਲ ਇੱਕੋ ਵੇਲੇ ਵਿਆਹ ਕਰਦੀ ਹੈ ਅਤੇ ਸਰੀਰਕ ਸੰਬੰਧ ਰੱਖਦੀ ਹੈ। ਬਹੁ-ਪਤੀ ਵਿਆਹ ਭਾਈਚਾਰੇ ਵਾਲੇ  (fraternal)  ਅਤੇ ਭਾਈਚਾਰੇ ਤੋਂ ਬਿਨਾਂ  (non-fraternal)  ਦੋ ਤਰ੍ਹਾਂ ਦਾ ਹੁੰਦਾ ਹੈ। ਭਾਈਚਾਰੇ ਵਾਲਾ ਬਹੁ-ਪਤੀ ਵਿਆਹ ਦਾ ਉਦਾਹਰਨ ਮਹਾਂ-ਭਾਰਤ ਵਿੱਚ ਦਰੋਪਦੀ ਦੇ ਪੰਜ ਪਤੀ (ਪੰਜ ਪਾਂਡਵ) ਦਾ ਹੈ ਅਤੇ ਟੋਡਾ ਜਾਤੀ ਵਿੱਚ ਵੀ ਇਹ ਵਿਆਹ ਪ੍ਰਨਾਲੀ ਪ੍ਰਚਲਿਤ ਹੈ।

ਵਿਆਹ ਦੇ ਦੋ ਹੋਰ ਰੂਪ ਸਜਾਤੀ ਜਾਂ ਸਗੋਤਰ ਵਿਆਹ  (Endogamy)  ਅਤੇ ਗੋਤਾਂਤਰ ਵਿਆਹ  (Exogamy)  ਵੀ ਮੁੱਖ ਸਮਝੇ ਜਾਂਦੇ ਹਨ। ਸਗੋਤਰ ਵਿਆਹ ਦਾ ਅਰਥ ਹੈ ਆਪਣੇ ਕਬੀਲੇ, ਜਾਤੀ, ਗੋਤਰ, ਵਰਨ, ਕੁਲ, ਵੰਸ਼, ਸ਼੍ਰੇਣੀ ਵਿੱਚ ਹੀ ਵਿਆਹ ਕਰਨਾ। ਭਾਰਤ ਵਿੱਚ ਇੱਕ ਬ੍ਰਾਹਮਣ ਕੁਲ ਜਾਤੀ ਵਿੱਚ ਹੀ ਵਿਆਹ ਕਰਦਾ ਹੈ ਅਤੇ ਇੱਕ ਮਜ਼ਦੂਰ ਵਰਗ ਦੇ ਲੜਕੇ ਦਾ ਵਿਆਹ ਆਪਣੇ ਵਰਗ ਵਿੱਚ ਹੀ ਹੁੰਦਾ ਹੈ।

ਗੋਤਾਂਤਰ ਵਿਆਹ ਆਪਣੀ ਜਾਤੀ, ਕੁਲ, ਵੰਸ਼, ਵਰਗ, ਗੋਤਰ ਆਦਿ ਤੋਂ ਬਾਹਰ ਵਿਆਹ ਕਰਨਾ ਤਾਂ ਕਿ ਪਰਿਵਾਰ ਰੂਪੀ ਸੰਸਥਾ ਦੀ ਪਵਿੱਤਰਤਾ ਬਣੀ ਰਹੇ।

ਵਿਧਵਾ ਵਿਆਹ : ਵੈਦਿਕ ਕਾਲ ਵਿੱਚ ਵਿਧਵਾ ਵਿਆਹ ਪ੍ਰਚਲਿਤ ਸੀ ਅਤੇ ਇਸ ਦੀ ਸਮਾਜਿਕ ਮਾਨਤਾ ਸੀ ਕਿ ਵਿਧਵਾ ਨਿਯੋਗ ਨਾਲ ਤਿੰਨ ਪੁੱਤਰਾਂ ਦੀ ਪ੍ਰਾਪਤੀ ਕਰ ਸਕਦੀ ਸੀ। ਕੌਟਲਿਆ ਦੇ ਅਰਥ-ਸ਼ਾਸਤਰ ਵਿੱਚ ਅਤੇ ਸਿਮਰਤੀ ਗ੍ਰੰਥਾਂ ਵਿੱਚ ਵਿਧਵਾ ਵਿਆਹ ਦਾ ਵਰਣਨ ਮਿਲਦਾ ਹੈ ਕਿਉਂਕਿ ਉਸ ਯੁੱਗ ਵਿੱਚ ਸਤੀ ਪ੍ਰਥਾ ਪ੍ਰਚਲਿਤ ਨਹੀਂ ਸੀ। ਮੱਧ-ਕਾਲੀ ਯੁੱਗ ਵਿੱਚ ਪਤੀ ਦੀ ਚਿਤਾ ਤੇ ਪਤਨੀ ਵੱਲੋਂ ਆਪਣੇ-ਆਪ ਨੂੰ ਸਾੜ ਕੇ ਪ੍ਰਾਣ ਤਿਆਗਣ ਦੀ ਸਤੀ ਪ੍ਰਥਾ ਸ਼ੁਰੂ ਹੋ ਗਈ ਪਰ ਅੰਗਰੇਜ਼ੀ ਕਾਲ ਵਿੱਚ ਹਿੰਦੂ ਵਿਧਵਾ ਪੁਨਰ-ਵਿਆਹ, 1856  (The Hindu Widow Re-marriage Act, 1856)  ਪਾਸ ਕਰਕੇ ਵਿਧਵਾ ਵਿਆਹ ਨੂੰ ਕਨੂੰਨੀ ਮਾਨਤਾ ਦਿੱਤੀ ਗਈ ਅਤੇ ਦੂਸਰੇ ਪਾਸੇ 1929 ਵਿੱਚ ਇੱਕ ਕਨੂੰਨ ਦੁਆਰਾ ਸਤੀ ਪ੍ਰਥਾ ਤੇ ਰੋਕ ਲਗਾਈ ਗਈ।

ਵਿਆਹ ਰਸਮਾਂ : ਹਿੰਦੂ ਪਰੰਪਰਾ ਅਨੁਸਾਰ ਵਿਆਹ ਸੰਸਕਾਰ ਦਾ ਵਿਸ਼ੇਸ਼ ਮਹੱਤਵ ਹੈ। ਵਿਆਹ ਸੰਸਕਾਰ ਵਿੱਚ ਸਪਤਸਦੀ ਦਾ ਵਿਧਾਨ ਹੈ, ਜਿਸ ਦਾ ਅਰਥ ਹੈ ਕਿ ਸੱਜਣ ਪੁਰਖ ਨਾਲ ਸੱਤ ਕਦਮ ਚੱਲਣ ਤੇ ਦੋਸਤੀ ਪੈਦਾ ਹੁੰਦੀ ਹੈ। ਵਿਆਹ ਦੀ ਰਸਮ ਹਵਨ ਦੀ ਅੱਗ ਸਾਮ੍ਹਣੇ ਪੂਰੀ ਕੀਤੀ ਜਾਂਦੀ ਹੈ। ਹਵਨ ਤੇ ਵਰ ਕੰਨਿਆਂ ਦਾ ਹੱਥ ਫੜ ਕੇ ਇਹ ਵਚਨ ਲੈਂਦਾ ਹੈ ਕਿ ਉਹ ਸਾਰੀ ਉਮਰ ਸਾਥ ਨਿਭਾਏਗਾ ਅਤੇ ਵਰ ਕੰਨਿਆਂ ਦਾ ਪੈਰ ਪੱਥਰ ਤੇ ਰੱਖਦਾ ਹੈ ਤੇ ਇਹ ਕਹਿੰਦਾ ਹੈ ਕਿ ਜਿਵੇਂ ਇਹ ਪੱਥਰ ਸਥਿਰ ਹੈ, ਏਸੇ ਤਰ੍ਹਾਂ ਤੂੰ ਵੀ ਘਰ ਦੇ ਕੰਮਾਂ ਵਿੱਚ ਸਥਿਰ ਰਹਿਣਾ ਹੈ।

ਸਿੱਖ ਧਰਮ ਵਿੱਚ ਵਿਆਹ ਨੂੰ ਅਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਸਿੱਖ ਧਰਮ ਗ੍ਰਹਿਸਥ ਵਿੱਚ ਰਹਿੰਦੇ ਹੋਏ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਵਿਖਾਉਂਦਾ ਹੈ। ਇਸ ਲਈ ਸਿੱਖ ਧਰਮ ਵਿੱਚ ਵਿਆਹ ਇੱਕ ਆਦਰਸ਼ ਵੀ ਹੈ ਅਤੇ ਜ਼ਰੂਰੀ ਰਵਾਇਤ ਵੀ। ਅਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੜਕੇ-ਲੜਕੀ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦੇ ਸਾਮ੍ਹਣੇ ਅਤੇ ਸੰਗਤ ਦੀ ਹਾਜ਼ਰੀ ਵਿੱਚ ਕੀਤਾ ਜਾਂਦਾ ਹੈ। ਅਨੰਦ ਕਾਰਜ ਦੀ ਸ਼ੁਰੂਆਤ ਗੁਰੂ ਅਮਰਦਾਸ ਜੀ ਤੋਂ ਮੰਨੀ ਜਾਂਦੀ ਹੈ, ਜਿਨ੍ਹਾਂ ਨੇ ਰਾਮਕਲੀ ਰਾਗ ਵਿੱਚ ਅਨੰਦ ਨਾਮ ਦੀ ਰਚਨਾ 40 ਪੌੜੀਆਂ ਵਿੱਚ ਕੀਤੀ। ਉਹਨਾਂ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਚਾਰ ਪੌੜੀਆਂ ਵਿੱਚ ਰਚਨਾ ਕੀਤੀ, ਜਿਸ ਨੂੰ ਵਿਆਹ ਦੇ ਸਮੇਂ ਉਚਾਰਿਆ ਜਾਂਦਾ ਹੈ। ਅਨੰਦ ਕਾਰਜ ਨੂੰ 1909 ਵਿੱਚ ਅਨੰਦ ਮੈਰਿਜ ਲਾਅ  (Anand Marriage Law)  ਨਾਲ ਕਨੂੰਨੀ ਮਾਨਤਾ ਦਿੱਤੀ ਗਈ ਭਾਵੇਂ ਸਿੱਖ ਧਰਮ ਵਿੱਚ ਦਾਜ-ਦਹੇਜ ਦੀ ਤਾਂ ਮਨਾਹੀ ਹੈ ਪਰ ਲੋਕਾਚਾਰ ਨੂੰ ਮੁੱਖ ਰੱਖਦੇ ਇਹ ਰਸਮ ਨਿਭਾਈ ਜਾਂਦੀ ਹੈ।

ਦਹੇਜ  (Dowry)  : ਵੈਦਿਕ ਕਾਲ ਵਿੱਚ ਦਹੇਜ ਵਿਆਹ ਲਈ ਕੋਈ ਜ਼ਰੂਰੀ ਨਹੀਂ ਸੀ ਭਾਵੇਂ ਕਈ ਜਗ੍ਹਾ ਤੇ ਪਰਿਵਾਰਾਂ ਵਿੱਚ ਕੰਨਿਆਂ ਨੂੰ ਉਪਹਾਰ ਦੇਣ ਦਾ ਵਰਣਨ ਮਿਲਦਾ ਹੈ ਜਿਸ ਨੂੰ ਇਸਤਰੀ ਧਨ ਦਾ ਨਾਮ ਦਿੱਤਾ ਗਿਆ ਸੀ। ਬਾਅਦ ਵਿੱਚ ਇਸਤਰੀ ਧਨ ਹੀ ਦਹੇਜ ਦੇ ਰੂਪ ਵਿੱਚ ਪ੍ਰਚਲਿਤ ਹੋ ਗਿਆ ਤੇ ਆਧੁਨਿਕ ਸਮੇਂ ਤੱਕ ਆਉਂਦੇ-ਆਉਂਦੇ ਇੱਕ ਸਮਾਜਿਕ ਬੁਰਾਈ ਬਣ ਗਿਆ ਅਤੇ ਲੜਕੀ ਦੇ ਮਾਤਾ-ਪਿਤਾ ਲਈ ਦਿਲ ਦਾ ਬੋਝ। ਭਾਵੇਂ ਦਹੇਜ ਨਿਰੋਧਕ ਕਨੂੰਨ  (Dowry Prohibition Act, 1961)  ਪਾਸ ਕਰਕੇ ਦਹੇਜ ਦਾ ਦੇਣ-ਲੈਣ ਕਨੂੰਨੀ ਤੌਰ ਤੇ ਗ਼ਲਤ ਕਰਾਰ ਕੀਤਾ ਗਿਆ ਅਤੇ ਦਹੇਜ ਨਿਰੋਧਕ (ਸੋਧ) ਕਨੂੰਨ  (Dowry Prohibition Amendment Act, 1986)  ਨਾਲ ਦਹੇਜ ਨਿਰੋਧਕ ਅਧਿਕਾਰੀ ਨਿਯੁਕਤ ਕਰਨ ਦੀ ਵਿਵਸਥਾ ਕੀਤੀ ਗਈ ਹੈ ਪਰ ਦਹੇਜ ਆਧੁਨਿਕ ਸਮੇਂ ਵੀ ਸਮਾਜ ਵਿੱਚ ਪ੍ਰਚਲਿਤ ਹੈ। ਅੱਜ ਵਿਆਹ ਇੱਕ ਖ਼ਰਚੀਲਾ, ਭੜਕੀਲਾ ਅਤੇ ਦਿਖਾਵੇ ਵਾਲਾ ਬਣ ਗਿਆ ਹੈ। ਵਿਆਹ ਘਰ ਦੀ ਬਜਾਏ ਹੋਟਲ, ਪੈਲਸ ਜਾਂ ਫ਼ਾਰਮਾਂ ਵਿੱਚ ਕੀਤੇ ਜਾਂਦੇ ਹਨ। ਧੀ ਦੀ ਡੋਲੀ ਘਰ ਦੀ ਬਜਾਏ ਹੋਟਲ ਜਾਂ ਪੈਲੇਸ ਤੋਂ ਤੋਰੀ ਜਾਂਦੀ ਹੈ। ਵਿਆਹ ਦੀਆਂ ਰਸਮਾਂ ਜਿਵੇਂ ਠਾਕਾ, ਕੁੜਮਾਈ, ਤੇਲ ਚੜਣਾ, ਕੰਗਣ ਬਣਨਾ, ਹੱਥ ਭਰਾ, ਮਹਿੰਦੀ ਲਗਾਉਣਾ, ਗਾਣਾ ਵਜਾਉਣਾ ਆਦਿ ਵਿੱਚ ਵੀ ਬਦਲਦੇ ਨਜ਼ਰ ਆਉਂਦੇ ਹਨ ਕਿਉਂਕਿ ਮਹਿੰਦੀ ਰਸਮ ਗਾਉਣ ਆਦਿ ਵੀ ਹੋਟਲਾਂ ਵਿੱਚ ਕੀਤੇ ਜਾਣ ਲੱਗ ਪਏ ਹਨ।

ਵਿਆਹ ਦਾ ਰੂਪ ਲੜਕੀਆਂ ਦੇ ਸਿੱਖਿਅਤ ਅਤੇ ਕੰਮਕਾਜੀ ਹੋਣ ਨਾਲ ਵੀ ਬਦਲ ਰਿਹਾ ਹੈ। ਪਹਿਲਾਂ ਜਿੱਥੇ ਜਾਤ, ਗੋਤਰ, ਕੁਲ ਪਰਖੇ ਜਾਂਦੇ ਸਨ, ਅੱਜ ਸਿਖਿਅਤ ਯੋਗਤਾ, ਵਿਵਸਾਇਕ ਗੁਣ ਅਤੇ ਨੌਕਰੀ ਦਾ ਮਿਆਰ ਵੇਖਿਆ ਜਾਂਦਾ ਹੈ ਅਤੇ ਅੰਤਰਜਾਤੀ ਅਤੇ ਅੰਤਰ-ਗੋਤਰ ਵਿਆਹ ਵੱਧ ਰਹੇ ਹਨ।

ਪਰੰਪਰਾ ਅਨੁਸਾਰ ਲੜਕੀ ਦੀ ਉਮਰ ਲੜਕੇ ਨਾਲੋਂ ਘੱਟ ਉਚਿਤ ਮੰਨੀ ਜਾਂਦੀ ਸੀ ਪਰ ਅੱਜ ਲੜਕੀ ਦੀ ਉਮਰ ਨਾਲੋਂ ਉਸਦੀ ਸਿੱਖਿਆ ਅਤੇ ਕਮਾਉਣ ਦੀ ਯੋਗਤਾ ਨੂੰ ਪਹਿਲ ਦੇਂਦੇ ਹੋਏ ਉਮਰ ਵੀ ਨਜ਼ਰ-ਅੰਦਾਜ਼ ਕਰ ਦਿੱਤੀ ਜਾਂਦੀ ਹੈ।

ਵਿਆਹ ਭਾਵੇਂ ਗ੍ਰਹਿਸਥ ਆਸ਼ਰਮ ਦਾ ਹਿੱਸਾ ਤਾਂ ਹੈ ਪਰ ਬਹੁਤ ਵਾਰ ਪਰਿਵਾਰਿਕ ਸੰਬੰਧਾਂ ਨੂੰ ਜੋੜਣ ਦੀ ਬਜਾਏ ਤੋੜਣ ਵਿੱਚ ਵੀ ਮਦਦ ਕਰਦਾ ਹੈ। ਵਿਆਹ ਹੁਣ ਸੇਵਾ ਸਦਭਾਵਨਾ, ਮੇਲ-ਜੋਲ, ਪਿਆਰ ਅਤੇ ਆਤਮਿਕ ਗੁਣਾਂ ਨੂੰ ਵਧਾਉਣ ਦੀ ਬਜਾਏ ਘਰਾਂ ਵਿੱਚ ਕਲੇਸ਼ ਦਾ ਸਾਧਨ ਵੀ ਬਣਦਾ ਜਾ ਰਿਹਾ ਹੈ ਜੋ ਸਮਾਜ ਵਿੱਚ ਵੱਧ ਰਹੇ ਤਲਾਕਾਂ ਦੀ ਸੰਖਿਆ ਤੋਂ ਸਪੱਸ਼ਟ ਹੁੰਦਾ ਹੈ।

ਵਿਆਹ ਪਰਿਵਾਰ ਅਤੇ ਸਮਾਜ ਦਾ ਆਧਾਰ ਹੈ ਅਤੇ ਵਿਆਹ ਦੇ ਪਵਿੱਤਰ ਗਠਜੋੜ ਨੂੰ ਕਾਇਮ ਰੱਖਣ ਵਿੱਚ ਹੀ ਪਰਿਵਾਰ ਅਤੇ ਸਮਾਜ ਦੀ ਭਲਾਈ ਅਤੇ ਵਿਕਾਸ ਹੈ।


ਲੇਖਕ : ਊਸ਼ਾ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 5539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-04-20-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.