ਵਾਰ ਦੁਰਗਾ ਕੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਵਾਰ ਦੁਰਗਾ ਕੀ: ਕੁਲ ੫੫ ਪਉੜੀਆਂ ਦੀ ਇਹ ਰਚਨਾ ਪੰਜਾਬੀ ਭਾਸ਼ਾ ਵਿਚ ਲਿਖੀ ਹੋਈ ਹੈ। ਇਸ ਦੇ ਹੋਰ ਨਾਮਾਂਤਰ ਹਨ—ਚੰਡੀ ਦੀ ਵਾਰ , ਵਾਰ ਸ੍ਰੀ ਭਗਉਤੀ ਜੀ ਕੀ। ਇਸ ਦੇ ਉਪਲਬਧ ਛਪੇ ਹੋਏ ਪਾਠਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਅਧਿਆਇ-ਵੰਡ ਹੋਈ ਨਹੀਂ ਮਿਲਦੀ। ਪਰ ਪਟਨੇ ਵਾਲੀ ਬੀੜ ਵਿਚ ਇਸ ਦੇ ਛੇ ਅਧਿਆਇ ਬਣਾਏ ਗਏ ਹਨ ਅਤੇ ਅਧਿਆਇ ਅੰਤ’ਤੇ ਪੁਸ਼ਵਿਕਾਵਾਂ ਵੀ ਲਿਖੀਆਂ ਹੋਈਆਂ ਹਨ। ਇਨ੍ਹਾਂ ਅਧਿਆਵਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਅਧਿਆਇ 1 01 ਤੋਂ 20 ਛੰਦ ਮਹਿਖ਼ਾਸੁਰ ਦੇ ਬਧ ਤਕ
ਅਧਿਆਇ 2 21 ਤੋਂ 29 ਛੰਦ ਧੂਮ੍ਰਲੋਚਨ ਦੇ ਬਧ ਤਕ
ਅਧਿਆਇ 3 30 ਤੋਂ 32 ਛੰਦ ਚੰਡ ਅਤੇ ਮੁੰਡ ਦਾ ਬਧ
ਅਧਿਆਇ 4 33 ਤੋਂ 43 ਛੰਦ ਰਕਤਬੀਜ ਦੇ ਬਧ ਤਕ
ਅਧਿਆਇ 5 44 ਤੋਂ 50 ਛੰਦ ਨਿਸ਼ੁੰਭ ਦੇ ਬਧ ਤਕ
ਅਧਿਆਇ 6 51 ਤੋਂ 55 ਛੰਦ ਸ਼ੁੰਭ ਦਾ ਬਧ
ਇਸ ਵਿਚਲੀ ਪਹਿਲੀ ਪਉੜੀ ਮੰਗਲਾਚਰਣ ਵਜੋਂ ਹੈ ਅਤੇ ਸਿੱਖਾਂ ਦੀ ਨਿੱਤ ਕੀਤੀ ਜਾਣ ਵਾਲੀ ਅਰਦਾਸ ਦਾ ਆਰੰਭਿਕ ਭਾਗ ਹੈ :
ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ।
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ।
ਅਰਜਨ ਹਰਿ ਗੋਬਿੰਦ ਨੂੰ ਸਿਮਰੌ ਸ੍ਰੀ ਹਰਿ ਰਾਇ।
ਸ੍ਰੀ ਹਰਿ ਕ੍ਰਿਸਨ ਧਿਆਈਐ ਜਿਸੁ ਡਿਠੈ ਸਭ ਦੁਖ ਜਾਇ।
ਤੇਗ ਬਹਾਦਰ ਸਿਮਰੀਏ ਘਰ ਨਉਨਿਧ ਆਵੈ ਧਾਇ।
ਸਭ ਥਾਈ ਹੋਇ ਸਹਾਇ।੧।
ਇਸ ਦੀ ਦੂਜੀ ਪਉੜੀ ਵਿਚ ਪਰਮ ਸੱਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਹੈ ਕਿ ਪਹਿਲਾਂ ਖੰਡੇ (ਸ਼ਕਤੀ) ਦੀ ਸਿਰਜਨਾ ਹੋਈ ਅਤੇ ਫਿਰ ਉਸ ਤੋਂ ਸਾਰੇ ਸੰਸਾਰ ਦੀ ਰਚਨਾ ਹੋਈ। ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਸਿਰਜ ਕੇ ਫਿਰ ਕੁਦਰਤ ਦੀ ਲੀਲਾ ਰਚ ਦਿੱਤੀ। ਤਦ- ਉਪਰੰਤ ਸਮੁੰਦਰ, ਪਹਾੜ, ਧਰਤੀ ਬਣਾ ਕੇ ਬਿਨਾ ਥੰਮਾਂ ਦੇ ਆਕਾਸ਼ ਨੂੰ ਟਿਕਾਇਆ ਗਿਆ। ਫਿਰ ਦੇਵਤੇ ਅਤੇ ਦੈਂਤ ਪੈਦਾ ਕੀਤੇ ਅਤੇ ਉਨ੍ਹਾਂ ਵਿਚ ਪਰਸਪਰ ਦੁਅੰਦ ਚਲ ਪਿਆ। ਤੂੰ ਹੀ ਦੁਰਗਾ ਨੂੰ ਪੈਦਾ ਕਰਕੇ ਦੈਂਤਾਂ ਦਾ ਨਾਸ਼ ਕੀਤਾ। ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰਕੇ ਰਾਵਣ ਨੂੰ ਤੀਰਾਂ ਨਾਲ ਮਾਰ ਦਿੱਤਾ। ਤੇਰੇ ਤੋਂ ਹੀ ਸ਼ਕਤੀ ਲੈ ਕੇ ਕ੍ਰਿਸ਼ਣ ਨੇ ਕੰਸ ਅਤੇ ਕੇਸੀ ਦੈਂਤ ਨੂੰ ਖ਼ਤਮ ਕੀਤਾ। ਵੱਡੇ ਵੱਡੇ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਆਪਣੇ ਤਨ ਨੂੰ ਤਪਸਿਆ ਵਿਚ ਤਪਾਇਆ, ਪਰ ਕੋਈ ਵੀ ਪਰਮ ਸੱਤਾ ਦੇ ਭੇਦ ਨੂੰ ਨਹੀਂ ਪਾ ਸਕਿਆ।
ਤੀਜੀ ਪਉੜੀ ਵਿਚ ਮਹਿਖ਼ਾਸੁਰ ਦੀ ਉਤਪੱਤੀ ਅਤੇ ਉਸ ਦਾ ਦੇਵਤਿਆਂ ਨੂੰ ਜਿਤਣਾ ਅਤੇ ਇੰਦ੍ਰ ਨੂੰ ਆਪਣੀ ਰਾਜਧਾਨੀ ਤੋਂ ਬਾਹਰ ਕਢਣਾ, ਇੰਦ੍ਰ ਦਾ ਸਹਾਇਤਾ ਲਈ ਦੇਵੀ ਪਾਸ ਆਉਣਾ ਆਦਿ ਘਟਨਾਵਾਂ ਦਾ ਵਰਣਨ ਹੋਇਆ ਹੈ। ਚੌਥੀ ਪਉੜੀ ਵਿਚ ਨਹਾਉਣ ਨੂੰ ਨਿਕਲੀ ਦੇਵੀ ਨਾਲ ਇੰਦ੍ਰ ਦੀ ਮੁਲਾਕਾਤ, ਇੰਦ੍ਰ ਦੁਆਰਾ ਆਪਣੀ ਬਿਪਤਾ ਦਾ ਵਰਣਨ ਅਤੇ ਦੇਵੀ ਦੀ ਸ਼ਰਣ ਵਿਚ ਆਉਣ ਦੀਆਂ ਗੱਲਾਂ ਚਿਤਰਿਤ ਹਨ। ਪੰਜਵੀਂ ਪਉੜੀ ਵਿਚ ਦੁਰਗਾ ਦਾ ਪ੍ਰਤਿਕਰਮ ਵਰਣਿਤ ਹੈ। ਉਹ ਬਹੁਤ ਗੁੱਸੇ ਵਿਚ ਆ ਗਈ ਅਤੇ ਦੇਵਤਿਆਂ ਨੂੰ ਤਸੱਲੀ ਦਿੰਦੀ ਹੋਈ ਰਾਖਸ਼ਾਂ ਨੂੰ ਮਾਰਨ ਲਈ ਤਿਆਰ ਹੋ ਗਈ।
ਛੇਵੀਂ ਪਉੜੀ ਤੋਂ ਦੁਰਗਾ ਅਤੇ ਦੈਂਤਾਂ ਦੇ ਯੁੱਧ ਦਾ ਵਰਣਨ ਹੈ। ਦੇਵੀ ਰਾਖਸ਼ ਸਮੂਹ ਨਾਲ ਵੀ ਲੜਦੀ ਹੈ ਅਤੇ ਇਕੱਲੇ ਇਕੱਲੇ ਰਾਖਸ਼ ਨਾਲ ਵੀ, ਖ਼ਾਸ ਕਰ ਮਹਿਖ਼ਾਸੁਰ ਨਾਲ ਉਸ ਦਾ ਯੁੱਧ ਹੁੰਦਾ ਹੈ। ਮਹਿਖ਼ਾਸੁਰ ਦੇ ਮਰਨ ਉਪਰੰਤ ਦੇਵੀ ਅਲੋਪ ਹੋ ਜਾਂਦੀ ਹੈ। ਲੋੜ ਪੈਣ’ਤੇ ਫਿਰ ਪ੍ਰਗਟ ਹੋਣ ਦਾ ਵਿਸ਼ਵਾਸ ਦਿਵਾ ਜਾਂਦੀ ਹੈ।
21ਵੀਂ ਪਉੜੀ ਵਿਚ ਸ਼ਿਵ ਦੇ ਵਰਦਾਨ ਨਾਲ ਸ਼ੁੰਭ ਅਤੇ ਨਿਸ਼ੁੰਭ ਨਾਂ ਦੇ ਦੈਂਤਾਂ ਦਾ ਜਨਮ ਹੁੰਦਾ ਹੈ। ਉਨ੍ਹਾਂ ਨੇ ਇੰਦ੍ਰ ਦੀ ਰਾਜਧਾਨੀ ਜਿਤਣ ਦਾ ਮਨ ਬਣਾਇਆ ਹੈ। 22 ਤੋਂ 25 ਪਉੜੀਆਂ ਤਕ ਦੈਂਤਾਂ ਦੀਆਂ ਫ਼ੌਜਾਂ ਦਾ ਇਕੱਠ ਅਤੇ ਯੁੱਧ ਲਈ ਤਿਆਰੀ ਅਤੇ ਦੇਵਤਿਆਂ ਦੀ ਭਾਂਜ, ਦੇਵਤਿਆਂ ਦਾ ਚੰਡੀ ਦੀ ਸ਼ਰਣ ਵਿਚ ਜਾਣਾ ਅਤੇ ਉਸ ਨੂੰ ਯੁੱਧ ਲਈ ਪ੍ਰੇਰਿਤ ਕਰਨਾ ਆਦਿ ਗੱਲਾਂ ਦਸੀਆਂ ਗਈਆਂ ਹਨ। 26 ਤੋਂ 29 ਪਉੜੀਆਂ ਵਿਚ ਦੇਵੀ ਅਤੇ ਧੂਮ੍ਰਲੋਚਨ ਦੇ ਘੋਰ ਯੁੱਧ ਦਾ ਵਰਣਨ ਹੈ। ਧੂਮ੍ਰਲੋਚਨ ਦੇ ਦੇਵੀ ਹੱਥੋਂ ਮਾਰੇ ਜਾਣ ਕਰਕੇ ਬਚੀਆਂ ਖੁਚੀਆਂ ਦੈਂਤ ਫ਼ੌਜਾਂ ਸ਼ੁੰਭ ਪਾਸ ਜਾਂਦੀਆਂ ਅਤੇ ਸਥਿਤੀ ਦਸਦੀਆਂ ਹਨ।
30 ਤੋਂ 32 ਪਉੜੀਆਂ ਵਿਚ ਦੈਂਤ ਰਾਜੇ ਵਲੋਂ ਚੰਡ ਅਤੇ ਮੁੰਡ ਨੂੰ ਯੁੱਧ ਲਈ ਭੇਜਣਾ, ਘੋਰ ਯੁੱਧ ਹੋਣਾ, ਚੰਡ ਅਤੇ ਮੁੰਡ ਦਾ ਮਾਰਿਆ ਜਾਣਾ ਆਦਿ ਘਟਨਾਵਾਂ ਦਾ ਉਲੇਖ ਹੋਇਆ ਹੈ।
33 ਤੋਂ 43 ਪਉੜੀਆਂ ਵਿਚ ਚੰਡ ਮੁੰਡ ਦੇ ਮਾਰੇ ਜਾਣ ਤੋਂ ਬਾਦ ਦੈਂਤਾਂ ਵਲੋਂ ਰਕਤਬੀਜ ਯੁੱਧ-ਭੂਮੀ ਵਿਚ ਉਤਰਦਾ ਹੈ। ਉਸ ਦੇ ਲਹੂ ਦੀਆਂ ਬੂੰਦਾਂ ਤੋਂ ਹੋਰ ਰਾਖਸ਼ ਪੈਦਾ ਹੋ ਜਾਂਦੇ ਹਨ। ਇਸ ਪ੍ਰਕ੍ਰਿਆ ਨੂੰ ਬੰਦ ਕਰਨ ਲਈ ਦੇਵੀ ਦੇ ਮੱਥੇ ਵਿਚੋਂ ਕਾਲੀ ਪੈਦਾ ਹੁੰਦੀ ਹੈ। ਦੋਵੇਂ ਦੇਵੀਆਂ ਮਿਲ ਕੇ ਦੈਂਤਾਂ ਦਾ ਵਿਨਾਸ਼ ਕਰਦੀਆਂ ਹਨ ਅਤੇ ਰਕਤਬੀਜ ਮਾਰਿਆ ਜਾਂਦਾ ਹੈ।
44 ਤੋਂ 50 ਪਉੜੀਆਂ ਵਿਚ ਨਿਸ਼ੁੰਭ ਅਤੇ ਦੇਵੀ ਦੁਰਗਾ ਅਤੇ ਕਾਲੀ ਦਾ ਯੁੱਧ ਵਰਣਨ ਹੋਇਆ ਹੈ। ਭਿਆਨਕ ਯੁੱਧ ਵਿਚ ਦੈਂਤ ਰਾਜਾ ਮਾਰਿਆ ਜਾਂਦਾ ਹੈ। ਉਸ ਨੇ ਬਹੁਤ ਵੀਰਤਾ ਨਾਲ ਯੁੱਧ ਕੀਤਾ ਅਤੇ ਘੋੜੇ ਤੋਂ ਡਿਗ ਕੇ ਵੀਰ- ਗਤੀ ਪ੍ਰਾਪਤ ਕੀਤੀ।
51 ਤੋਂ 54 ਪਉੜੀਆਂ ਵਿਚ ਸ਼ੁੰਭ ਅਤੇ ਦੁਰਗਾ ਦੀ ਭਿਆਨਕ ਲੜਾਈ ਦਾ ਵਰਣਨ ਹੈ। ਸ਼ੁੰਭ ਅਤਿ ਵੀਰਤਾ ਨਾਲ ਯੁੱਧ ਕਰਦਾ ਯੁੱਧ-ਭੂਮੀ ਵਿਚ ਮਾਰਿਆ ਜਾਂਦਾ ਹੈ। 55ਵੀਂ ਪਉੜੀ ਵਿਚ ਸ਼ੁੰਭ ਅਤੇ ਨਿਸ਼ੁੰਭ ਦੇ ਮਾਰੇ ਜਾਣ, ਇੰਦ੍ਰ ਨੂੰ ਰਾਜ ਗੱਦੀ ਉਤੇ ਬਿਠਾਉਣ ਅਤੇ ਚੌਦਾਂ ਲੋਕਾਂ ਵਿਚ ਰਾਣੀ ਦੇ ਜਸ ਦੇ ਪਸਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਬਾਦ ਰਚਨਾ ਦਾ ਮਹਾਤਮ ਦਸਿਆ ਗਿਆ ਹੈ :
ਦੁਰਗਾ ਪਾਠ ਬਣਾਇਆ ਸਭੇ ਪਉੜੀਆ।
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।੫੫।
‘ਦੁਰਗਾ ਪਾਠ ’ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਰਚੈਤਾ ਨੇ ਇਸ ਰਚਨਾ ਦੀ ਕਥਾ ਦਾ ਆਧਾਰ ‘ਮਾਰਕੰਡੇਯ ਪੁਰਾਣ ’ ਦੀ ‘ਦੁਰਗਾ ਸਪਤਸ਼ਤੀ’ ਦਸਿਆ ਹੈ।
‘ਚੰਡੀ ਦੀ ਵਾਰ ’ ਬੜੀ ਸੰਖਿਪਤ ਰਚਨਾ ਹੈ। ਇਸ ਵਾਰ ਵਿਚ ਚੰਡੀ ਦੇ ਪੌਰਾਣਿਕ ਪ੍ਰਸੰਗ ਦੀਆਂ ਕੇਵਲ ਪ੍ਰਮੁਖ ਘਟਨਾਵਾਂ ਹੀ ਲਈਆਂ ਗਈਆਂ ਹਨ, ਜਿਵੇਂ ਮਹਿਖ਼ਾਸੁਰ- ਦੇਵੀ ਦਾ ਯੁੱਧ, ਸ਼ੁੰਭ ਨਿਸ਼ੁੰਭ ਦੇ ਸੈਨਾ-ਨਾਇਕ ਧੂਮ੍ਰਲੋਚਨ, ਚੰਡ ਮੁੰਡ, ਰਕਤਬੀਜ ਨਾਲ ਯੁੱਧ, ਫਿਰ ਸ਼ੁੰਭ ਅਤੇ ਨਿਸ਼ੁੰਭ ਨਾਲ ਯੁੱਧ, ਦੈਂਤਾਂ ਦੀ ਸਮਾਪਤੀ ਅਤੇ ਇੰਦ੍ਰ ਨੂੰ ਰਾਜ ਭਾਗ ਦੀ ਪ੍ਰਾਪਤੀ। ਬਾਕੀ ਸਾਰਾ ਯੁੱਧ-ਵਰਣਨ ਹੈ। ਇਸ ਤਰ੍ਹਾਂ ਇਹ ਰਚਨਾ ਮੌਲਿਕ ਰੂਪ ਵਿਚ ਸਾਹਮਣੇ ਆਉਂਦੀ ਹੈ। ਇਸ ਦੇ ਕੁਲ 55 ਛੰਦਾਂ ਵਿਚ ਇਕ ਦੋਹਰਾ ਹੈ, ਬਾਕੀ ਸਭ ਪਉੜੀਆਂ ਹਨ ਜਿਨ੍ਹਾਂ ਵਿਚ ਨਿਸ਼ਾਨੀ ਅਤੇ ਸਿਰਖੰਡੀ ਦੇ ਰੂਪ ਵਰਤੇ ਗਏ ਹਨ। ਇਸ ਦਾ ਅਲੰਕਾਰ-ਵਿਧਾਨ ਬਹੁਤ ਸੁੰਦਰ ਹੈ ਅਤੇ ਸੈਨਿਕਾਂ ਅੰਦਰ ਯੁੱਧ ਦੀ ਪ੍ਰੇਰਣਾ ਪੈਦਾ ਕਰਨ ਲਈ ਬਹੁਤ ਸਹਾਇਕ ਹੈ। ਇਸ ਦੀ ਭਾਸ਼ਾ ਸਰਲ ਹੋਣ ਦੇ ਬਾਵਜੂਦ ਉਸ ਵੇਲੇ ਦੇ ਕਈ ਸ਼ਬਦ ਸਮੋਈ ਬੈਠੀ ਹੈ। ਯੁੱਧ-ਵਰਣਨ ਵਿਚ ਇਸ ਦੀ ਸ਼ਬਦਾਵਲੀ ਬਹੁਤ ਸਹਾਇਕ ਹੈ। ਇਸ ਦਾ ਯੁੱਧ-ਵਰਣਨ ਬੜਾ ਸਜੀਵ ਹੈ। ਯੁੱਧ-ਭੂਮੀ ਦੇ ਦ੍ਰਿਸ਼ ਸਾਕਾਰ ਯੁੱਧ ਦਾ ਅਹਿਸਾਸ ਕਰਾ ਦਿੰਦੇ ਹਨ। ਇਹ ਪੰਜਾਬੀ ਸਾਹਿਤ ਦੀ ਅਤਿ ਉਤਮ ਵਾਰ ਹੈ। ਨਿਹੰਗ ਸਿੰਘਾਂ ਵਿਚ ਇਸ ਦੇ ਗਾਏ ਅਤੇ ਪੜ੍ਹੇ ਜਾਣ ਦੀ ਵਿਸ਼ੇਸ਼ ਰੁਚੀ ਹੈ। ਪੁਰਾਣੇ ਸਮੇਂ ਵਿਚ ਯੁੱਧਾਂ ਵੇਲੇ ਇਸ ਦਾ ਪਾਠ ਕੀਤਾ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First