ਵਾਕ-ਵਿਗਿਆਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਾਕ-ਵਿਗਿਆਨ : ਵਾਕ-ਵਿਗਿਆਨ ਨੂੰ ਵਿਆਕਰਨ ਵੀ ਕਿਹਾ ਜਾਂਦਾ ਹੈ ਪਰ ਬਹੁਤੀ ਵਾਰੀ ਵਿਆਕਰਨ ਸ਼ਬਦ ਨੂੰ ਵਾਕ-ਵਿਗਿਆਨ ਨਾਲੋਂ ਜ਼ਿਆਦਾ ਵਿਸ਼ਾਲ ਅਰਥਾਂ ਵਿੱਚ ਲਿਆ ਜਾਂਦਾ ਹੈ। ਜਿੱਥੇ ਵਾਕ-ਵਿਗਿਆਨ ਦੀ ਵਰਤੋਂ ਵਾਕ ਦੀ ਅੰਦਰੂਨੀ ਬਣਤਰ ਦੇ ਅਧਿਐਨ ਲਈ ਕੀਤੀ ਜਾਂਦੀ ਹੈ ਉੱਥੇ ਵਿਆਕਰਨ ਸ਼ਬਦ ਦੀ ਵਰਤੋਂ ਅਕਸਰ ਭਾਸ਼ਾ ਦੀ ਪੂਰੀ ਬਣਤਰ ਲਈ ਵੀ ਕੀਤੀ ਜਾਂਦੀ ਹੈ, ਜਿਸ ਵਿੱਚ ਭਾਸ਼ਾ ਦੀ ਬਣਤਰ ਦੇ ਹੋਰ ਖੇਤਰ ਧੁਨੀ ਬਣਤਰ, ਸ਼ਬਦ ਬਣਤਰ ਅਤੇ ਅਰਥ ਬਣਤਰ ਆਦਿ ਆ ਜਾਂਦੇ ਹਨ। ਇੱਥੇ ਅਸੀਂ ਵਾਕ-ਵਿਗਿਆਨ ਨਾਲ ਜਾਣ-ਪਛਾਣ, ਇਸ ਦੇ ਸੋੜ੍ਹੇ ਅਰਥਾਂ ਵਿੱਚ ਕਰ ਰਹੇ ਹਾਂ।
ਵਾਕ-ਵਿਗਿਆਨ ਭਾਸ਼ਾ-ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਦਾ ਸੰਬੰਧ ਭਾਸ਼ਾ ਦੇ ਵਾਕਾਂ ਦੀ ਬਣਤਰ ਨਾਲ ਹੈ। ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
– ਵਾਕ ਵਿਚਲੀਆਂ ਇਕਾਈਆਂ ਲੱਭਣ ਦੀ ਵਿਧੀ,
– ਵਾਕ ਵਿਚਲੀਆਂ ਵੱਖ-ਵੱਖ ਇਕਾਈਆਂ ਦੀ ਸਥਾਪਨਾ ਅਤੇ
– ਵਾਕਾਂ ਵਿਚਲੀਆਂ ਇਕਾਈਆਂ ਦੇ ਸੰਬੰਧਾਂ ਦੀ ਵਿਆਖਿਆ।
ਇਹਨਾਂ ਤਿੰਨ ਵਰਗਾਂ ਦੀ ਵਿਆਖਿਆ ਹੇਠਲੇ ਵਾਕਾਂ ਦੇ ਵਿਵੇਚਨ ਨਾਲ ਕਰਦੇ ਹਾਂ :
1. ਉਸ ਦੇ ਵੱਡੇ ਮੁੰਡੇ ਨੇ ਸੱਚ ਬੋਲਣ ਦਾ ਵਚਨ ਲਿਆ।
2. ਉਸ ਨੇ ਇਹ ਵਚਨ ਕੱਲ੍ਹ ਲਿਆ।
ਦੋਹਾਂ ਵਾਕਾਂ ਦੀ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਵਾਕ (2) ਦਾ ‘ਉਸ ਨੇ` ਵਾਕ (1) ਦੇ ‘ਉਸ ਦੇ ਵੱਡੇ ਮੁੰਡੇ ਨੇ` ਦੀ ਥਾਂ ਆ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ‘ਉਸ ਦੇ ਵੱਡੇ ਮੁੰਡੇ ਨੇ` ਚਾਰ ਸ਼ਬਦ ਵਾਕ (1) ਵਿੱਚ ਇੱਕ ਇਕਾਈ ਵਾਂਗ ਕਾਰਜ ਕਰ ਰਹੇ ਹਨ, ਜਾਂ ਇੱਕ ਇਕਾਈ ਬਣਾਉਂਦੇ ਹਨ। ਇਸ ਤੋਂ ਅਸੀਂ ਇਹ ਨਿਰਣਾ ਵੀ ਕਰ ਸਕਦੇ ਹਾਂ ਕਿ ਜੇ ਕਿਸੇ ਸ਼ਬਦ ਸਮੂਹ ਦੀ ਥਾਂ ਪੜਨਾਂਵ ਵਰਗਾ ਕੋਈ ਸ਼ਬਦ ਲੈ ਸਕਦਾ ਹੈ ਤਾਂ ਉਹ ਸ਼ਬਦ ਸਮੂਹ ਇੱਕ ਇਕਾਈ ਹੈ।
ਅਸੀਂ ਇਹ ਵੀ ਦੇਖਦੇ ਹਾਂ ਕਿ ਵਾਕ (1) ਵਿੱਚ ‘ਉਸ ਦੇ ਵੱਡੇ ਮੁੰਡੇ ਨੇ` ਦੀ ਇਕਾਈ ਵਜੋਂ ਪਰਖ ਇੱਕ ਹੋਰ ਵਿਧੀ ਨਾਲ ਵੀ ਹੋ ਸਕਦੀ ਹੈ। ਵਾਕ (1) ਨਾਲ ਮਿਲਦਾ ਜੁਲਦਾ ਵਾਕ (3) ਹੈ :
3. ਸੱਚ ਬੋਲਣ ਦਾ ਵਚਨ ਉਸ ਦੇ ਵੱਡੇ ਮੁੰਡੇ ਨੇ ਲਿਆ। ਵਾਕ (1) ਵਿੱਚ ‘ਉਸ ਦੇ ਵੱਡੇ ਮੁੰਡੇ ਨੇ` ਇਕਾਈ ਸ਼ੁਰੂ ਵਿੱਚ ਹੈ ਪਰ ਵਾਕ (3) ਵਿੱਚ ਇਸ ਦਾ ਸਥਾਨ ਵਿਚਕਾਰ ਹੈ, ਯਾਨੀ ਕਿ ਇਸ ਦੇ ਸਥਾਨ ਵਿੱਚ ਤਬਦੀਲੀ ਆ ਗਈ ਹੈ। ਇਸ ਤੋਂ ਅਸੀਂ ਇਹ ਨਿਰਣਾ ਕਰ ਸਕਦੇ ਹਾਂ ਕਿ ਜੇ ਕੋਈ ਸ਼ਬਦ ਸਮੂਹ ਵਾਕ ਵਿੱਚ ਆਪਣਾ ਸਥਾਨ ਬਦਲ ਸਕਦਾ ਹੈ ਤਾਂ ਉਹ ਇੱਕ ਇਕਾਈ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਜੇ ਕੋਈ ਸ਼ਬਦ ਮਿਲ ਕੇ ਇੱਕ ਇਕਾਈ ਬਣਾਉਂਦੇ ਹਨ ਤਾਂ ਹੀ ਉਹ ਸਥਾਨ ਬਦਲ ਸਕਦੇ ਹਨ। ਹੇਠਲਾ ਵਾਕ ਇੱਕ ਗ਼ਲਤ ਵਾਕ ਹੈ:
4. ਮੁੰਡੇ ਨੇ ਸੱਚ ਬੋਲਣ ਦਾ ਵਚਨ ਉਸ ਦੇ ਵੱਡੇ ਲਿਆ।
ਅਸੀਂ ਵੇਖਦੇ ਹਾਂ ਕਿ ‘ਉਸ ਦੇ ਵੱਡੇ ਮੁੰਡੇ ਨੇ` ਚਾਰੇ ਸ਼ਬਦ ਇਕੱਠੇ ਤਾਂ ਸਥਾਨ ਬਦਲ ਸਕਦੇ ਹਨ (ਜਿਵੇਂ ਵਾਕ (3) ਵਿੱਚ ਹੈ) ਪਰ ਇਹਨਾਂ ਵਿੱਚੋਂ ਕੇਵਲ ਦੋ ਸ਼ਬਦ ‘ਉਸ ਦੇ ਵੱਡੇ` ਆਪਣਾ ਸਥਾਨ ਨਹੀਂ ਬਦਲ ਸਕਦੇ। ਇਸ ਦਾ ਮਤਲਬ ਇਹ ਹੈ ਕਿ ਜਿਸ ਪੱਧਰ `ਤੇ ਵਾਕ ਦੀਆਂ ਇਕਾਈਆਂ ਸਥਾਨ ਬਦਲਦੀਆਂ ਹਨ ਉਸ ਪੱਧਰ `ਤੇ ‘ਉਸ ਦੇ ਵੱਡੇ` ਇਕਾਈ ਨਹੀਂ ਹੈ ਬਲਕਿ ‘ਉਸ ਦੇ ਵੱਡੇ ਮੁੰਡੇ ਨੇ` ਇਕਾਈ ਹੈ।
ਇਸ ਤਰ੍ਹਾਂ ਅਸੀਂ ਇਕਾਈਆਂ ਲੱਭਣ ਦੇ ਦੋ ਤਰੀਕੇ ਦੇਖ ਲਏ ਹਨ, ਇੱਕ ਪੜਨਾਂਵ ਵਰਗੇ ਸ਼ਬਦ ਨਾਲ ਬਦਲੀ ਅਤੇ ਦੂਜਾ ਸਥਾਨ ਦੀ ਬਦਲੀ। ਵਾਕ-ਵਿਗਿਆਨ ਵਿੱਚ ਹੋਰ ਵੀ ਕਈ ਵਿਧੀਆਂ ਹਨ ਜਿਨ੍ਹਾਂ ਰਾਹੀਂ ਇਕਾਈਆਂ ਲੱਭੀਆਂ ਜਾਂਦੀਆਂ ਹਨ। ਸੋ ਵਾਕ-ਵਿਗਿਆਨ ਦਾ ਇੱਕ ਖੇਤਰ ਉਹਨਾਂ ਵਿਧੀਆਂ ਦਾ ਅਧਿਐਨ ਹੈ ਜਿਨ੍ਹਾਂ ਰਾਹੀਂ ਇਕਾਈਆਂ ਲੱਭੀਆਂ ਜਾਂਦੀਆਂ ਹਨ।
ਵਾਕ-ਵਿਗਿਆਨ ਦਾ ਦੂਜਾ ਖੇਤਰ ਵਾਕ ਵਿਚਲੀਆਂ ਇਕਾਈਆਂ ਦੀ ਸਥਾਪਨਾ ਹੈ। ਉਪਰਲੀਆਂ ਵਿਧੀਆਂ ਨੂੰ ਵਰਤ ਕੇ ਅਸੀਂ ਕਹਿ ਸਕਦੇ ਹਾਂ ਕਿ ਹੇਠਲੇ ਵਾਕ ਨੂੰ ਪਹਿਲਾਂ ਦੋ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ :
5. ਉਸ ਦਾ ਵੱਡਾ ਮੁੰਡਾ ਕਿਤਾਬ ਪੜ੍ਹਦਾ ਹੈ।
ਇਸ ਵਾਕ ਨਾਲ ਮਿਲਦਾ ਰੂਪ ਵੀ ਹੋ ਸਕਦਾ ਹੈ।
6. ਕਿਤਾਬ ਪੜ੍ਹਦਾ ਹੈ ਉਸ ਦਾ ਵੱਡਾ ਮੁੰਡਾ।
ਅਸੀਂ ਵੇਖਦੇ ਹਾਂ ਕਿ ‘ਕਿਤਾਬ ਪੜ੍ਹਦਾ ਹੈ` ਸ਼ਬਦ (6) ਵਿੱਚ ਵਾਕ ਦੇ ਸ਼ੁਰੂ ਵਿੱਚ ਆ ਗਏ ਹਨ ਜਦੋਂ ਕਿ (5) ਵਿੱਚ ਇਹ ਵਾਕ ਦੇ ਅਖੀਰ `ਤੇ ਹਨ। ਇੰਞ ਅਸੀਂ ਕਹਿ ਸਕਦੇ ਹਾਂ ਕਿ ‘ਕਿਤਾਬ ਪੜ੍ਹਦਾ ਹੈ` ਇੱਕ ਇਕਾਈ ਹੈ ਅਤੇ ‘ਉਸ ਦਾ ਵੱਡਾ ਮੁੰਡਾ` ਦੂਜੀ ਇਕਾਈ ਹੈ। ਇਹਨਾ ਇਕਾਈਆਂ ਦੇ ਨਾਂ ਵੀ ਰੱਖੇ ਜਾ ਸਕਦੇ ਹਨ।‘ਉਸ ਦਾ ਵੱਡਾ ਮੁੰਡਾ` ਨੂੰ ਨਾਂਵ ਵਾਕਾਂਸ਼ ਕਹਿ ਲੈਂਦੇ ਹਾਂ ਅਤੇ ‘ਕਿਤਾਬ ਪੜ੍ਹਦਾ ਹੈ` ਨੂੰ ਕਿਰਿਆ ਵਾਕਾਂਸ਼। ਇਸ ਤਰ੍ਹਾਂ ਅਸੀਂ ਵਾਕ (5) ਦੀ ਬਣਤਰ ਨੂੰ ਵਾਕ (7) ਵਾਂਗ ਦੱਸ ਸਕਦੇ ਹਾਂ :
7. ਵਾਕ = ਨਾਂਵ ਵਾਕਾਂਸ਼+ਕਿਰਿਆ ਵਾਕਾਂਸ਼
ਉਪਰਲੀਆਂ ਦੋ ਇਕਾਈਆਂ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਨੂੰ ਵੀ ਹੋਰ ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ।
ਇਸ ਤਰ੍ਹਾਂ ਵਾਕਾਂ ਦੀ ਬਣਤਰ ਵਿੱਚ ਵੱਖ-ਵੱਖ ਇਕਾਈਆਂ ਦੀ ਸਥਾਪਨਾ ਕੀਤੀ ਜਾਂਦੀ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਵਾਕ ਬਣਤਰ ਦੇ ਨੇਮ ਲੱਭੇ ਜਾਂਦੇ ਹਨ। ਨੇਮ (7) ਇਸ ਤਰ੍ਹਾਂ ਦਾ ਇੱਕ ਨੇਮ ਹੈ।
ਸੋ, ਵਾਕ ਵਿਚਲੀਆਂ ਇਕਾਈਆਂ ਨੂੰ ਸਥਾਪਿਤ ਕਰਨਾ ਜਾਂ ਵਾਕ ਬਣਤਰ ਦੇ ਨੇਮ ਸਥਾਪਿਤ ਕਰਨਾ ਵਾਕ-ਵਿਗਿਆਨ ਦਾ ਦੂਜਾ ਖੇਤਰ ਹੈ।
ਅਸੀਂ ਇਹ ਵੀ ਵੇਖਦੇ ਹਾਂ ਕਿ ਵਾਕ ਵਿੱਚ ਸਿਰਫ਼ ਇਕਾਈਆਂ ਹੀ ਨਹੀਂ ਹੁੰਦੀਆਂ ਇਹਨਾਂ ਇਕਾਈਆਂ ਵਿੱਚ ਸੰਬੰਧ ਵੀ ਹੁੰਦੇ ਹਨ। ਇਸ ਲਈ ਅਸੀਂ ਵਾਕ (5) ਅਤੇ (8) ਨੂੰ ਵੇਖ ਸਕਦੇ ਹਾਂ:
5. ਉਸ ਦਾ ਵੱਡਾ ਮੁੰਡਾ ਕਿਤਾਬ ਪੜ੍ਹਦਾ ਹੈ।
8. ਉਸ ਦੀ ਵੱਡੀ ਕੁੜੀ ਕਿਤਾਬ ਪੜ੍ਹਦੀ ਹੈ।
ਵਾਕ (5) ਵਿੱਚ ਕਿਰਿਆ ਦਾ ਰੂਪ ‘ਪੜ੍ਹਦਾ` ਹੈ ਜਦ ਕਿ (8) ਵਿੱਚ ਕਿਰਿਆ ਦਾ ਰੂਪ ‘ਪੜ੍ਹਦੀ` ਹੈ। ਇਸ ਦਾ ਕਾਰਨ ਇਹ ਹੈ ਕਿ ਵਾਕ (5) ਵਿਚਲੇ ਸ਼ਬਦ ‘ਮੁੰਡਾ` ਦੀ ਥਾਂ ਵਾਕ (8) ਵਿੱਚ ‘ਕੁੜੀ` ਨੇ ਲੈ ਲਈ ਹੈ। ‘ਮੁੰਡਾ` ਪੁਲਿੰਗ ਹੈ ਅਤੇ ‘ਕੁੜੀ` ਇਸਤਰੀਲਿੰਗ। ਇਸ ਕਰ ਕੇ (5) ਵਿੱਚ ਕਿਰਿਆ ਦਾ ਰੂਪ ਪੁਲਿੰਗ (ਪੜ੍ਹਦਾ) ਹੈ ਜਦ ਕਿ (8) ਵਿੱਚ ਇਸਤਰੀਲਿੰਗ (ਪੜ੍ਹਦੀ)। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿਚਲੀਆਂ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਇਕਾਈਆਂ ਵਿੱਚ ਕੁਝ ਸੰਬੰਧ ਵੀ ਹੁੰਦੇ ਹਨ। ਇੱਥੇ ਦੱਸੇ ਜਾ ਰਹੇ ਸੰਬੰਧ ਨੂੰ ਅਸੀਂ ‘ਮੇਲ` ਕਹਿ ਸਕਦੇ ਹਾਂ।
ਇਸ ਤਰ੍ਹਾਂ ਵਾਕ-ਵਿਗਿਆਨ ਦਾ ਤੀਜਾ ਖੇਤਰ ਵਾਕ ਵਿਚਲੀਆਂ ਇਕਾਈਆਂ ਦੇ ਸੰਬੰਧਾਂ ਦੀ ਵਿਆਖਿਆ ਕਰਨਾ ਹੈ।
ਇਹਨਾਂ ਤਿੰਨਾਂ ਖੇਤਰਾਂ (ਇਕਾਈਆਂ ਲੱਭਣ ਦੀਆਂ ਵਿਧੀਆਂ, ਵਾਕ ਬਣਤਰ ਦੇ ਨੇਮ ਅਤੇ ਵਾਕ ਵਿਚਲੀਆਂ ਇਕਾਈਆਂ ਦੇ ਸੰਬੰਧ) ਨੂੰ ਮਿਲਾ ਕੇ ਅਸੀਂ ਵਾਕ- ਵਿਗਿਆਨ ਦਾ ਨਾਂ ਦਿੰਦੇ ਹਾਂ। ਉਪਰ ਇਹਨਾਂ ਖੇਤਰਾਂ ਦੀ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਗਈ ਹੈ। ਭਾਸ਼ਾ ਦੀ ਬਣਤਰ ਦਾ ਖੇਤਰ ਕਾਫ਼ੀ ਵੱਡਾ ਹੈ ਅਤੇ ਅਨੇਕ ਵਿਧੀਆਂ, ਇਕਾਈਆਂ ਅਤੇ ਸੰਬੰਧਾਂ ਦੀ ਸਥਾਪਨਾ ਕੀਤੀ ਗਈ ਹੈ।
ਵਾਕ ਦੀ ਅੰਦਰੂਨੀ ਬਣਤਰ ਕੀ ਹੈ, ਇਸ ਵਿੱਚ ਕਿਹੜੀਆਂ-ਕਿਹੜੀਆਂ ਇਕਾਈਆਂ ਹਨ, ਇਹਨਾਂ ਇਕਾਈਆਂ ਵਿਚਕਾਰ ਸੰਬੰਧ ਕਿਵੇਂ ਸਥਾਪਿਤ ਹੁੰਦੇ ਹਨ, ਇਹਨਾਂ ਗੱਲਾਂ `ਤੇ ਵਿਦਵਾਨਾਂ ਵਿੱਚ ਕਾਫ਼ੀ ਮੱਤ-ਭੇਦ ਹੈ। ਇਸੇ ਕਰ ਕੇ ਵਾਕ-ਵਿਗਿਆਨ ਵਿੱਚ ਵੀ ਕਈ ਤਰ੍ਹਾਂ ਦੇ ਸਿਧਾਂਤ ਪ੍ਰਚਲਿਤ ਹਨ ਪਰ ਸਭ ਤੋਂ ਵੱਧ ਮਾਨਤਾ ਵੀਹਵੀਂ ਸਦੀ ਦੇ ਮਹਾਨ ਵਾਕ-ਵਿਗਿਆਨੀ ਨੋਮ ਚੌਮਸਕੀ ਦੇ ਸਿਧਾਂਤ ਨੂੰ ਮਿਲੀ ਹੈ। ਇਸ ਸਿਧਾਂਤ ਨੂੰ ਰੂਪਾਂਤਰੀ ਵਿਆਕਰਨ ਕਿਹਾ ਜਾਂਦਾ ਹੈ।
ਭਾਸ਼ਾ ਦੇ ਵਾਕਾਂ ਦੀ ਬਣਤਰ ਦਾ ਅਧਿਐਨ ਭਾਵੇਂ ਬਹੁਤ ਹੀ ਦਿਲਚਸਪੀ ਭਰਿਆ ਹੈ ਪਰ ਭਾਸ਼ਾ ਦੇ ਵਾਕਾਂ ਦੀ ਬਣਤਰ ਬਾਰੇ ਹਾਲੇ ਬਹੁਤ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਅਤੇ ਹਾਲੇ ਬਹੁਤ ਖੋਜ ਦੀ ਲੋੜ ਹੈ। ਸੂਚਨਾ ਤਕਨੀਕ ਦੇ ਆਉਣ ਨਾਲ ਵਾਕ-ਵਿਗਿਆਨ ਨੂੰ ਫਿਰ ਇੱਕ ਹੁਲਾਰਾ ਮਿਲ ਰਿਹਾ ਹੈ ਅਤੇ ਨੇੜ ਭਵਿੱਖ ਵਿੱਚ ਵਧੇਰੇ ਖੋਜ ਹੋ ਕੇ ਵਾਕਾਂ ਦੀ ਬਣਤਰ ਦੇ ਭੇਦ ਹੋਰ ਤੇਜ਼ੀ ਨਾਲ ਖੁੱਲ੍ਹਣ ਦੀ ਸੰਭਾਵਨਾ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਕੈਰੀਅਰ ਪੱਖੋਂ ਵੀ ਅਨੇਕਾਂ ਸੰਭਾਵਨਾਵਾਂ ਹਨ।
ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First