ਲੋਕ-ਖੇਡਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕ-ਖੇਡਾਂ : ਲੋਕ-ਖੇਡਾਂ ਅਤੇ ਖੇਡਾਂ ਵਿੱਚ ਮੁਢਲਾ ਫ਼ਰਕ ਇਹ ਹੈ ਕਿ ਖੇਡਾਂ ਨਿਯਮਬੱਧ ਹੁੰਦੀਆਂ ਹਨ ਅਤੇ ਲੋਕ-ਖੇਡਾਂ ਨਿਯਮਾਂ ਤੋਂ ਰਹਿਤ ਹੁੰਦੀਆਂ ਹਨ। ਲੋਕ-ਖੇਡਾਂ ਵਿੱਚ ਜਿਹੜੇ ਨਿਯਮ ਨਾ-ਮਾਤਰ ਹੁੰਦੇ ਹਨ, ਉਹ ਲਚਕਦਾਰ ਹੁੰਦੇ ਹਨ। ਉਦਾਹਰਨ ਲਈ ਹਾਕੀ ਪਿੰਡਾਂ ਦੀ ਪ੍ਰਾਚੀਨ ਖੇਡ ਖਿੱਦੋ-ਖੂੰਡੀ ਦਾ ਸੁਧਰਿਆ ਹੋਇਆ ਰੂਪ ਹੈ, ਜਦ ਕਿ ਹਾਕੀ ਪੂਰੇ ਨਿਯਮਾਂ ਨਾਲ ਖੇਡੀ ਜਾਂਦੀ ਹੈ ਅਤੇ ਖਿੱਦੋ-ਖੂੰਡੀ ਲਈ ਖੂੰਡੀ ਦੀ ਲੰਬਾਈ, ਮੁਟਾਈ, ਖਿੱਦੋ ਦੀ ਮੁਟਾਈ ਜਾਂ ਉਸ ਵਿੱਚ ਵਰਤਿਆ ਜਾਣ ਵਾਲਾ ਮੈਟੀਰੀਅਲ, ਗਰਾਊਂਡ ਦਾ ਘੇਰਾ, ਗੋਲ ਦੀ ਚੌੜਾਈ, ਹਾਣੀਆਂ ਦੀ ਗਿਣਤੀ ਆਦਿ ਦੇ ਕੋਈ ਨਿਯਮ ਨਹੀਂ ਹਨ। ਜਦ ਕਿ ਹਾਕੀ ਖੇਡਣ ਵੇਲੇ ਖੇਡਣ ਸਮੇਂ ਵਰਤਿਆ ਜਾਣ ਵਾਲਾ ਸਮਾਨ, ਗਰਾਊਂਡ ‘ਡੀ’ ਦੀ ਲੰਬਾਈ, ਚੌੜਾਈ, ਹਾਕੀ, ਬਾਲ ਆਦਿ ਜਾਂ ਖਿਡਾਰੀਆਂ ਦੀ ਗਿਣਤੀ ਪੂਰਨ ਤੌਰ ’ਤੇ ਨਿਸ਼ਚਿਤ ਹੁੰਦੀ ਹੈ। ਲੋਕ-ਖੇਡਾਂ ਅਤੇ ਖੇਡਾਂ ਦੀ ਬਣਤਰ ਵੱਖ ਕਰਨ ਵਾਲਾ ਇੱਕ ਹੋਰ ਪਹਿਲੂ ਵੀ ਹੈ। ਲੋਕ-ਖੇਡਾਂ ਲਈ ਜਿੱਥੇ ਹਾਣੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ, ਉੱਥੇ ਸਮਾਂ ਅਤੇ ਸਥਾਨ ਦਾ ਘੇਰਾ ਵੀ ਪੂਰਨ ਨਿਸ਼ਚਿਤ ਨਹੀਂ ਹੈ। ਕੋਈ ਵੀ ਲੋਕ-ਖੇਡ ਬੱਚੇ ਕਿਸੇ ਵੀ ਥਾਂ ਕਿਸੇ ਵੀ ਸਮੇਂ ਖੇਡ ਸਕਦੇ ਹਨ। ਲੋਕ-ਖੇਡਾਂ ਵਿੱਚ ਬੱਚੇ ਬਹੁ-ਸੰਮਤੀ ਨਾਲ ਕਿਸੇ ਨਿਯਮ ਵਿੱਚ ਤਬਦੀਲੀ ਵੀ ਕਰ ਲੈਂਦੇ ਹਨ।

     ਲੋਕ-ਖੇਡਾਂ ਦੇ ਘੇਰੇ ਵਿੱਚ ਉਹ ਖੇਡਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਬੱਚੇ ਜਦੋਂ ਵੀ ਚਾਹੁਣ ਆਸਾਨੀ ਨਾਲ ਖੇਡ ਸਕਦੇ ਹਨ। ਪੰਜਾਬ ਵਿੱਚ ਅਜਿਹੀਆਂ ਖੇਡਾਂ ਦੀ ਗਿਣਤੀ ਕਾਫ਼ੀ ਹੈ। ਪਰ ਕਈ ਖੇਡਾਂ ਦੇ ਨਾਂ ਇਲਾਕੇ ਦੇ ਫ਼ਰਕ ਨਾਲ ਕੁਝ-ਕੁਝ ਵੱਖਰਤਾ ਵਾਲੇ ਵੀ ਹਨ। ਕਿਸੇ ਲੋਕ-ਖੇਡ ਵਿੱਚ ਦੋ ਟੋਲੀਆਂ ਹੋ ਸਕਦੀਆਂ ਹਨ। ਜਿਸ ਵਿੱਚ ਦੁਵੱਲੀ ਹਾਣੀਆਂ ਦੀ ਗਿਣਤੀ ਇੱਕੋ ਜਿਹੀ ਹੋਵੇ, ਕਿਸੇ ਹੋਰ ਖੇਡ ਵਿੱਚ ਕੇਵਲ ਹਾਣੀ ਹੀ ਮੀਟੀ ਦੇਣ ਵਾਲਾ ਹੋ ਸਕਦਾ ਹੈ ਅਤੇ ਬਾਕੀ ਸਾਰੀ ਟੋਲੀ ਮੀਟੀ ਲੈਣ ਵਾਲੀ ਹੋਵੇ। ਪਰ ਇਸ ਦੇ ਬਾਵਜੂਦ ਹਾਰ-ਜਿੱਤ ਦਾ ਸਿੱਟਾ ਅਤੇ ਮਨੋਰੰਜਨ ਸਾਰੀਆਂ ਖੇਡਾਂ ਵਿੱਚ ਸਾਂਝਾ ਹੈ।

     ਪੰਜਾਬ ਵਿੱਚ ਲੋਕ-ਖੇਡਾਂ ਵਿੱਚ ਨਿਯਮਾਂ ਦੇ ਲਚਕਦਾਰ ਹੋਣ ਦਾ ਕਾਰਨ, ਕਿਰਸਾਣੀ ਜੀਵਨ ਦੀਆਂ ਕਿਰਿਆਵਾਂ ਵਿੱਚ ਬੱਝਵੇਂ ਨਿਯਮ ਨਾ ਹੋਣਾ ਹੈ। ਖੇਡਾਂ ਕਿਸੇ ਸਮਾਜ ਦਾ ਪਰਤੌ ਹੁੰਦੀਆਂ ਹਨ। ਇਸ ਲਈ ਲੋਕ-ਖੇਡਾਂ ਵਿੱਚ ਬੱਝਵੇਂ ਨਿਯਮਾਂ ਦਾ ਨਾ ਹੋਣਾ, ਸੁਭਾਵਿਕ ਵਰਤਾਰਾ ਹੈ। ਲੋਕ-ਖੇਡਾਂ ਦਾ ਪਹਿਲਾ ਉਦੇਸ਼ ਬਾਲਾਂ ਨੂੰ ਜੀਵਨ ਵਿੱਚ ਦਰਪੇਸ਼ ਮੁਸ਼ਕਲਾਂ ਪ੍ਰਤਿ ਸਿੱਖਿਅਕ ਕਰਨਾ ਹੈ। ਮਨੁੱਖ ਸਾਮ੍ਹਣੇ ਵਿਕਾਸ ਸਦੀਆਂ ਤੋਂ ਇੱਕ ਵੰਗਾਰ ਦੇ ਰੂਪ ਵਿੱਚ ਰਿਹਾ ਹੈ। ਖੇਡ ਇਸ ਵੰਗਾਰ ਨੂੰ ਕਾਫ਼ੀ ਹੱਦ ਤੱਕ ਸੌਖਿਆਂ ਕਰਦੀ ਹੈ। ਪੰਜਾਬ ਦਾ ਕਿਰਸਾਣੀ ਜੀਵਨ, ਹਲ ਵਾਹੁਣ ਤੋਂ ਲੈ ਕੇ ਦਾਣੇ ਘਰ ਲਿਆਉਣ ਤੱਕ ਦੇ ਬਹੁਤੇ ਕੰਮ ਇਕੱਲੇ ਵਿਅਕਤੀ ਦੇ ਵੱਸੋਂ ਬਾਹਰੇ ਹਨ। ਇਉਂ ਕਿਰਸਾਣੀ ਜੀਵਨ ਇਕੱਠੇ ਰਲ ਕੇ ਕੰਮ ਕਰਨ ਦੇ ਸਾਂਝੇ ਵਰਤਾਰੇ ਵਾਲਾ ਹੈ। ਬੱਚੇ ਜਦੋਂ ਰਲ ਕੇ ਖੇਡਾਂ ਖੇਡਦੇ ਹਨ, ਤਾਂ ਉਹ ਇੱਕ ਤਰ੍ਹਾਂ ਕਿਰਸਾਣੀ ਜੀਵਨ ਦੀ ਸਿਖਲਾਈ ਹੀ ਲੈ ਰਹੇ ਹੁੰਦੇ ਹਨ।

     ਜੇਕਰ ਖੇਡਾਂ ਨੂੰ ਕਿਰਸਾਣੀ ਜੀਵਨ ਦੀ ਅਗਾਊਂ ਸਿਖਲਾਈ ਮੰਨ ਲਿਆ ਜਾਵੇ ਤਾਂ ਖੇਡਾਂ ਵਿੱਚ ਧੜੇ ਅਤੇ ਧਿਰਾਂ ਦੀ ਲੋੜ ਵੀ ਸਮਝ ਆ ਜਾਂਦੀ ਹੈ, ਕਿਉਂਕਿ ਧਿਰਾਂ ਅਤੇ ਧੜੇ, ਪੰਜਾਬੀ ਕਿਰਸਾਣੀ ਦਾ ਹੀ ਹਿੱਸਾ ਹਨ। ਇਉਂ ਇਹ ਲੋਕ-ਖੇਡਾਂ ਬੱਚਿਆਂ ਨੂੰ ਨਿੱਕੀਆਂ-ਨਿੱਕੀਆਂ ਜਿੱਤਾਂ ਹਾਰਾਂ ਤੋਂ ਵੱਡੀਆਂ ਜਿੱਤਾਂ ਹਾਰਾਂ ਲਈ ਤਿਆਰ ਕਰਦੀਆਂ ਹਨ।

     ਪੰਜਾਬ ਦੀਆਂ ਲੋਕ-ਖੇਡਾਂ ਨੂੰ ਜਾਤ ਆਧਾਰਿਤ ਵੰਡਣਾ ਸੰਭਵ ਨਹੀਂ। ਸਗੋਂ ਕਈ ਹਾਲਤਾਂ ਵਿੱਚ ਤਾਂ ਦੂਜੇ ਦੇਸਾਂ ਜਾਂ ਪ੍ਰਾਂਤਾਂ ਦੀਆਂ ਖੇਡਾਂ ਵਿੱਚ ਵੀ ਆਪਸੀ ਸਮਾਨਤਾ ਨਜ਼ਰ ਆਉਂਦੀ ਹੈ। ਜਿਵੇਂ ਪੰਜਾਬ ਦੀ ਖਿੱਦੋ-ਖੂੰਡੀ ਸੰਸਾਰ ਦੇ ਕਈ ਦੇਸਾਂ ਵਿੱਚ ਪ੍ਰਚਲਿਤ ਹੋਈ ਮਿਲਦੀ ਹੈ।

     ਲੋਕ-ਖੇਡਾਂ ਦੀ ਭਾਵੇਂ ਉਮਰ ਦੇ ਹਿਸਾਬ ਵੰਡ ਕਰਨੀ ਕਠਨ ਹੈ, ਕਿਉਂਕਿ ਕਈ ਹਾਲਤਾਂ ਵਿੱਚ ਛੇ ਸੱਤ ਸਾਲ ਤੋਂ ਲੈ ਕੇ ਦਸ ਬਾਰਾਂ ਸਾਲ ਤੱਕ ਦੇ ਬੱਚੇ ਇਕੱਠੇ ਖੇਡਦੇ ਰਹਿੰਦੇ ਹਨ, ਪਰ ਫਿਰ ਵੀ ਪੰਜਾਬ ਦੀਆਂ ਲੋਕ-ਖੇਡਾਂ ਦੀ ਵਰਗ ਵੰਡ ਨਿਮਨ ਪ੍ਰਕਾਰ ਕੀਤੀ ਜਾ ਸਕਦੀ ਹੈ :

                    - ਬਾਲ ਲੋਕ-ਖੇਡਾਂ

                    - ਬਾਲੜੀਆਂ ਦੀਆਂ ਲੋਕ-ਖੇਡਾਂ

                    - ਮੁਟਿਆਰ ਕੁੜੀਆਂ ਦੀਆਂ ਲੋਕ-ਖੇਡਾਂ

                    - ਗੱਭਰੂਆਂ ਦੀਆਂ ਲੋਕ-ਖੇਡਾਂ

                    - ਬਜ਼ੁਰਗਾਂ ਦੀਆਂ ਲੋਕ-ਖੇਡਾਂ

                    - ਕਸਬੀ ਲੋਕ-ਖੇਡਾਂ

                   - ਚੇਟਕ ਲੋਕ-ਖੇਡਾਂ

     ਬਾਲ ਲੋਕ-ਖੇਡਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਵਰਤਿਆ ਜਾਣ ਵਾਲਾ ਖੇਡ ਸਾਮਾਨ, ਵਸਤੂਆਂ ਆਦਿ ਬਾਲ ਘਰਾਂ ਵਿੱਚੋਂ ਹੀ ਪ੍ਰਾਪਤ ਕਰ ਲੈਂਦੇ ਹਨ, ਉਸ ਲਈ ਉਹਨਾਂ ਨੂੰ ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਮਸਲਨ ਖੂੰਡੀ ਲਈ ਸੋਟੀ, ਖਿੱਦੋ ਲਈ ਲੀਰਾਂ, ਗੁੱਡੀਆਂ ਲਈ ਟਾਕੀਆਂ ਆਦਿ ਕਿਤੋਂ ਉਚੇਚੀਆਂ ਨਹੀਂ ਲੈਣੀਆਂ ਪੈਂਦੀਆਂ ਸਗੋਂ ਬਾਲਾਂ ਦੀਆਂ ਬਹੁਤੀਆਂ ਲੋਕ-ਖੇਡਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਬਹੁਤ ਸਮਗਰੀ ਦੀ ਲੋੜ ਹੀ ਨਹੀਂ ਪੈਂਦੀ। ਇਹਨਾਂ ਬਾਲ ਖੇਡਾਂ ਵਿੱਚ ਖਿੱਦੋ ਖੂੰਡੀ, ਗੁੱਲੀ ਡੰਡਾ, ਵੰਝ ਵੜ੍ਹਿਕਾ, ਡੰਡਾ ਡੁੱਕ, ਲੂਣ ਮਿਆਣੀ, ਸ਼ਕਰ ਭਿੱਜੀ, ਰੱਬ ਦੀ ਹਵੇਲੀ, ਪੀਲ੍ਹ-ਪਲਾਂਗੜਾ, ਬੰਟੇ/ਅਖਰੋਟ/ਰੀਠੇ, ਪਿੱਠੂ, ਕੁੰਡਲ, ਕੂਕਾਂ, ਕਾਂਗੜੇ, ਕੱਲੀ ਜੋਟਾ/ਨੱਕਾ ਪੂਰ, ਕੀੜੀ ਕਾਢਾ/ਟਿਬਲਾ ਟਿਬਲੀ, ਬਾਂਦਰ ਕਿੱਲਾ, ਕੋਟਲਾ ਛੁਪਾਕੇ, ਲੁਕਣ-ਮੀਟੀ/ਦਾਈਆਂ ਦੂਕੜ੍ਹੇ, ਆਟੜੇ ਮਨ ਬਾਟੜੇ, ਚੋਰੀ ਕੋਠੀ, ਤਿੱਤਰ ਮੋਰ ਬੱਕਰਾ, ਊਠਕ/ਬੈਠਕ, ਡੂਮਣਾ ਮਖਿਆਲ, ਲੱਕੜ/ਕਾਠ, ਅੰਨ੍ਹਾਂ ਝੋਟਾ, ਰਾਜਾ ਨੌਕਰ, ਰਾਜਾ ਮੰਗੇ ਬੱਕਰੀ/ਕੱਦੂ ਵੇਲ।

     ਬਾਲੜੀਆਂ ਦੀਆਂ ਲੋਕ-ਖੇਡਾਂ ਵਿੱਚ ਗੁੱਡੀਆਂ ਪਟੋਲੇ, ਕੋਟਲਾ ਛੁਪਾਕੇ/ਕੋਰੜਾ ਛਪਾਕੀ, ਛਟਾਪੂ, ਗੀਟ੍ਹੇ, ਅੱਡੀ ਛੜੱਪਾ, ਥਾਲ, ਬੁੱਢੀ ਮਾਈ, ਤੇਰਾ ਮੇਰਾ ਮਾਲ, ਈਂਗਣ ਮੀਂਗਣ, ਚੱਕੀ ਚੋਅ, ਉਡ ਉਡ ਚਿੜੀਏ, ਤੋਤਿਆ ਮਨ ਮੋਤਿਆ, ਭੰਡਾ ਭੰਡਾਰੀਆ, ਹਰਾ ਸਮੁੰਦਰ, ਕਿਰਮਨ ਕਿਰਨੀ ਕੌਣ ਕਿਰਿਆ, ਇਤਿਆਦਿ..., ਸ਼ਾਮਲ ਹਨ।

      ਮੁਟਿਆਰ ਕੁੜੀਆਂ ਦੀਆਂ ਲੋਕ-ਖੇਡਾਂ ਵਿੱਚ ਤੀਆਂ, ਗੁੱਡੀ ਗੁੱਡਾ ਫੂਕਣਾ ਆਦਿ ਸ਼ਾਮਲ ਹਨ।

     ਗਭਰੀਟ/ਗੱਭਰੂਆਂ ਦੀਆਂ ਲੋਕ-ਖੇਡਾਂ ਵਿੱਚ ਕੌਡੀ, ਸੌਂਚੀ, ਛਾਲ, ਘੋਲ, ਸੁੱਟਾਂ ਸੁੱਟਣੀਆਂ, ਮੋਰਚਾ ਫੜਨਾ ਆਦਿ ਸ਼ਾਮਲ ਹਨ।

     ਬਜ਼ੁਰਗਾਂ ਦੀਆਂ ਲੋਕ-ਖੇਡਾਂ ਵਿੱਚ ਸ਼ਤਰੰਜ, ਬਾਰਾਂ ਟਹਿਣੀ, ਤਾਸ਼ ਆਦਿ ਸ਼ਾਮਲ ਹਨ।

     ਕਸਬੀ ਲੋਕ-ਖੇਡਾਂ : ਕੁਸ਼ਤੀ, ਦੰਗਲ, ਛਿੰਝ, ਬਾਜੀ, ਗਤਕਾ, ਮੁੰਗਲੀਆਂ, ਫੇਰਨੀਆਂ, ਮੁਗਦਰ ਚੁੱਕਣਾ, ਬੋਰੀ ਚੁੱਕਣੀ/ਸੁਹਾਗਾ ਚੁੱਕਣਾ ਆਦਿ।

     ਚੇਟਕ ਲੋਕ-ਖੇਡਾਂ : ਘੋੜ ਦੌੜ, ਕਬੂਤਰ ਬਾਜ਼ੀ, ਬਟੇਰ ਬਾਜ਼ੀ, ਊਠ ਦੌੜ, ਸੁਹਾਗਾ ਦੌੜ/ਬੈਲ ਦੌੜ, ਭੇਡੂ ਦੌੜ, ਕੁੱਕੜ ਭੇੜ, ਮੀਢਾ ਭੇੜ ਆਦਿ।

     ਲੋਕ-ਖੇਡਾਂ ਬਾਲਾਂ ਨੂੰ ਜਿਵੇਂ ਜੀਵਨ ਦੀਆਂ ਮੁਸ਼ਕਲਾਂ ਲਈ ਅਗਾਊਂ ਤਿਆਰ ਕਰਦੀਆਂ ਹਨ, ਉੱਥੇ ਹਾਰ ਜਿੱਤ ਦੇ ਨਕਲੀ ਮੌਕੇ ਪੈਦਾ ਕਰ ਕੇ ਵੱਡੀਆਂ ਹਾਰਾਂ- ਜਿੱਤਾਂ ਲਈ ਬਲ ਵੀ ਪੈਦਾ ਕਰਦੀਆਂ ਹਨ।

     ਪੰਜਾਬ ਦੀਆ ਲੋਕ-ਖੇਡਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਬਾਲੜੀਆਂ ਦੀਆਂ ਜਿੰਨੀਆਂ ਲੋਕ-ਖੇਡਾਂ ਹਨ, ਉਹ ਘਰ ਦੀ ਚਾਰ ਦੀਵਾਰੀ ਵਿਹੜੇ ਜਾਂ ਘਰ ਦੇ ਨੇੜੇ ਖੇਡੀਆਂ ਜਾਂਦੀਆਂ ਹਨ। ਗੱਭਰੂਆਂ ਦੀਆਂ ਲੋਕ-ਖੇਡਾਂ ਘਰਾਂ ਤੋਂ ਦੂਰ ਖੇਤਾਂ, ਰਕੜਾਂ ਜਾਂ ਸ਼ਾਮਲਾਟ (ਪਿੰਡ ਦੀ ਖ਼ਾਲੀ ਪਈ ਥਾਂ) ਆਦਿ ਵਿੱਚ ਖੇਡੀਆਂ ਜਾਂਦੀਆਂ ਹਨ। ਜਦੋਂ ਕਿ ਬਜ਼ੁਰਗਾਂ ਦੀਆਂ ਲੋਕ-ਖੇਡਾਂ ਪਿੰਡ ਦੀ ਸੱਥ ਜਾਂ ਚੌਪਾਲ ਵਿੱਚ ਖੇਡੀਆਂ ਜਾਂਦੀਆਂ ਹਲ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 91345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ehna khaida bare navi peedi nu jagruk kran lyi koi dhukva uprala kita jana chaida hai,ess lyi sade paindu mele ek vadda yogdaan paa sakde aa,intertainment da intertainment te virse da virsa


karan, ( 2014/08/03 12:00AM)

u r right mr.karan..


charanjiv, ( 2014/09/23 12:00AM)

information from wikipedia:

ਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂ

ਖੇਡ ਇਕ ਅਜਿਹੀ ਕਲਾਕਾਰੀ ਹੈ ਜਿਸਨੂੰ ਬਚਪਨ ਵਿੱਚ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਹਨ। ਖੇਡ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆਂ ਦੀ ਲੋੜ ਨਹੀਂ ਪੈਂਦੀ। ਵੈਸੇ ਵੀ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਖੇਡਾਂ ਜਿਥੇ ਸਾਡੀ ਸਰੀਰਕ ਤਾਕਤ ਵਿੱਚ ਵਾਧਾ ਕਰਦੀਆਂ ਹਨ ਉਥੇ ਹੀ ਸਾਨੂੰ ਖੁਸ਼ੀ, ਹੁਲਾਸ ਤੇ ਮਾਨਸਿਕ ਤੇਜ਼ੀ ਵੀ ਪ੍ਰਦਾਨ ਕਰਦੀਆਂ ਹਨ। ਕੁੜੀਆਂ ਤੇ ਮੁੰਡੇ ਆਪਣੇ ਸੁਭਾਅ ਅਨੁਸਾਰ ਅਲੱਗ-ਅਲੱਗ ਖੇਡਾਂ ਖੇਡਦੇ ਹਨ। ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕੁੜੀਆਂ ਨਾਲ ਸੰਬੰਧਿਤ ਖੇਡਾਂ ਇਸ ਪ੍ਰਕਾਰ ਹਨ।

ਥਾਲ

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ।‘ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਅਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੜਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ।’1 ਜਦੋਂ ਇਕ ਥਾਲ ਮੁੱਕ ਜਾਂਦਾ ਹੈ ਤਾਂ ਦੂਸਰਾ ਥਾਲ ਸ਼ੁਰੂ ਹੋ ਜਾਂਦਾ ਹੈ। ਜਿਥੇ ਵੀ ਥਿੰਦੋਂ ਡਿਗ ਪਵੇ ਉਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਅਤੇ ਅਗਲੀਆਂ ਕੁੜੀਆਂ ਥਾਲ ਪਾਉਣੇ ਆਰੰਭ ਕਰ ਦਿੰਦੀਆ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸਨੂੰ ਜੇਤੂ ਮੰਨਿਆ ਜਾਂਦਾ ਹੈ।

ਕਿਕਲੀ

ਕਿਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ।”2 ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿਚੋ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ, ਭੰਬੀਰੀਆਂ ਘੁਮਾਉਂਦੇ ਚਰਕ ਚੂੰਡੇ ਤੇ ਚੰਡੋਲ ਝੂਟਦੇ ਹਨ। ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ।-
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ, ਫਿਟੇ ਮੂੰਹ ਜਵਾਈ ਦਾ।

ਗ੍ਹੀਟੇ

ਗੀਟੇ ਦੀ ਖੇਡ ਨੂੰ ਅਸੀਂ ਕਿਤੇ ਰੋੜੇ, ਕਿਤੇ ਟਾਹਣਾਂ, ਕਿਤੇ ਪੱਥਰ ਗੀਟੇ ਕਿਹਾ ਜਾਂਦਾ ਹੈ। ਇਸ ਖੇਡ ਨੂੰ ਖੇਡਣ ਲਈ ਪੰਜ ਗੀਟਿਆਂ ਦੀ ਲੋੜ ਹੁੰਦੀ ਹੈ। ਇਹ ਕੁਦਰਤੀ ਰੋੜ, ਇਟ ਦੇ ਟੁਕੜੇ, ਪੱਥਰ ਤੇ ਬਜਰੀ ਦੇ ਬਣਾ ਲਏ ਜਾਂਦੇ ਹਨ। ‘ਪੁਗਣ ਪਿਛੋਂ ਜਿਸ ਕੁੜੀ ਦੀ ਸਭ ਤੋਂ ਪਹਿਲਾਂ ਵਾਰੀ ਆਈ ਹੋਵੇ ਉਹ ਪੰਜੇ ਗੀਟੇ ਕੁੰਡਲ ਵਿੱਚ ਸੁੱਟਦੀ ਹੈ। ਫਿਰ ਇੱਕ ਗੀਟਾ ਚੁੱਕ ਕੇ ਉਪਰ ਉਛਾਲਦੀ ਹੈ। ਉਹ ਗੀਟਾ ਅਜੇ ਹਵਾ ‘ਚ ਹੀ ਹੁੰਦਾ ਹੈ ਕਿ ਉਸੇ ਹੱਥ ਨਾਲ ਹੇਠੋਂ ਗੀਟਾ ਚੁੱਕ ਕੇ ਉਹ ਉਪਰਲੇ ਗੀਟੇ ਨੂੰ ਬੋਚਦੀ ਹੈ।’3 ਇਸ ਤਰ੍ਹਾਂ ਜੇਕਰ ਕੋਈ ਕੁੜੀ ਚਾਰੇ ਸਟੇਜਾਂ ਪੂਰੀਆ ਕਰ ਲੈਂਦੀ ਹੈ ਤਾਂ ਉਸਦੀ ਇਕ ਬਾਜ਼ੀ ਹੋ ਜਾਂਦੀ ਹੈ।ਫਾਊਲ ਹੋਣ ਦੀ ਸੂਰਤ ਵਿੱਚ ਉਹਦੀ ਵਾਰੀ ਮੁੱਕ ਜਾਂਦੀ ਹੈ ਦੂਜੀ ਲੜਕੀ ਦੀ ਵਾਰੀ ਸ਼ੁਰੂ ਹੋ ਜਾਂਦੀ ਹੈ।

ਅੱਡੀ ਛੜੱਪਾ

ਅੱਡੀ ਛੜੱਪਾ ਖੇਡ ਨੂੰ ਦੋ ਟੋਲੀਆਂ ਦੁਆਰਾ ਖੇਡਿਆ ਜਾਂਦਾ ਹੈ। ਸਭ ਤੋਂ ਪਹਿਲਾ ਇਕ ਟੋਲੀ ਦੀਆਂ ਸਭ ਤੋਂ ਲੰਬੇ ਕਦ ਵਾਲੀਆਂ ਦੋ ਕੁੜੀਆਂ ਧਰਤੀ ਉਤੇ ਬੈਠ ਜਾਂਦੀਆਂ ਹਨ ਉਹ ਆਪਣੀਆਂ ਲੱਤਾਂ ਧਰਤੀ ਤੇ ਨਸਾਲ ਲੈਂਦੀਆਂ ਹਨ ਤੇ ਲੱਤਾਂ ਚੌੜੀਆਂ ਕਰਕੇ ਇੱਕ ਦੂਜੀ ਦੇ ਪੈਰਾਂ ਨਾਲ ਪੈਰ ਜੋੜ ਕੇ ਸਮੁੰਦਰ ਬਣਾ ਲੈਂਦੀਆ ਹਨ। ਦੂਜੀ ਟੋਲੀ ਦੀਆਂ ਕੁੜੀਆਂ ਵਾਰੋ-ਵਾਰ ਦੂਰੋਂ ਦੌੜ ਕੇ ਇਸ ਸਮੁੰਦਰ ਨੂੰ ਛਲਾਂਗ ਮਾਰਕੇ ਪਾਰ ਕਰਦੀਆ ਹਨ, 4 ਇਸ ਤਰ੍ਹਾਂ ਫਿਰ ਪੈਰਾਂ ਨਾਲ ਪੈਰ ਜੋੜ ਕੇ ਤੇ ਫਿਰ ਇੱਕ ਮੁੱਠੀ ਤੋਂ ਬਾਅਦ ਮੁੱਠੀਆਂ ਦੀ ਤੇ ਗਿੱਠਾ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ। ਜਿਸ ਨਾਲ ਕਾਫ਼ੀ ਉੱਚਾ ਟਿੱਲਾ ਬਣ ਜਾਂਦਾ ਹੈ। ਜੇਕਰ ਛਾਲਾਂ ਮਾਰਨ ਵਾਲੀ ਕੁੜੀ ਦਾ ਕੋਈ ਵੀ ਕੱਪੜਾ ਜਾਂ ਅੰਗ ਥੱਲੇ ਬੈਠੀ ਕੁੜੀ ਨਾਲ ਛੂੰਹ ਜਾਵੇ ਤਾਂ ਉਸਦੀ ਵਾਰੀ ਕੱਟੀ ਜਾਂਦੀ ਹੈ। ਇਹ ਖੇਡ ਉਦੋਂ ਤੱਕ ਖੇਡੀ ਜਾਂਦੀ ਹੈ ਜਦੋਂ ਤੱਕ ਕੁੜੀਆਂ ਥੱਕ ਨਹੀਂ ਜਾਂਦੀਆਂ।

ਲੁਕਣ ਮੀਟੀ

ਲੁਕਣ ਮੀਟੀ ਵੀ ਪੰਜਾਬ ਦੇ ਹਮਉਮਰ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਜਿਸਨੂੰ ਕਿ ਟੋਲੀ ਵਿੱਚ ਖੇਡਿਆ ਜਾਂਦਾ ਹੈ। ਪੁਰਾਣ ਤੋਂ ਬਾਅਦ ਜਿਸ ਸਿਰ ਦਾਈ ਹੁੰਦੀ ਹੈ ਉਹ ਬਾਕੀ ਬੱਚਿਆਂ ਨੂੰ ਜੋ ਕਿ ਲੁੱਕੇ ਹੋਏ ਹੁੰਦੇ ਹਨ ਉਹਨਾਂ ਨੂੰ ਲੱਭਣਾ ਹੁੰਦਾ ਹੈ। ਜਿਸਨੂੰ ਉਹ ਪਹਿਲਾਂ ਲੱਭਣ ਵਿੱਚ ਸਫ਼ਲ ਹੋ ਜਾਂਦੀ ਹੈ ਫਿਰ ਅਗਲੀ ਦਾਈ ਉਸ ਸਿਰ ਹੁੰਦੀ ਹੈ।

ਸਮੁੰਦਰ ਅਤੇ ਮੱਛੀ

ਸਮੁੰਦਰ ਤੇ ਮੱਛੀ ਖੇਡ ਵਿੱਚ ਕੁੜੀਆਂ ਗਾਉਂਦੀਆਂ ਤੇ ਚਖਾਮਖੀ ਕਰਦੀਆਂ ਹਨ। ਪੁਗਣ ਤੇ ਦਾਈ ਵਾਲੀ ਕੁੜੀ ਮੱਛੀ ਬਣਦੀ ਹੈ ਅਤੇ ਉਸ ਦੁਆਲੇ ਬਾਕੀ ਕੁੜੀਆਂ ਘੇਰਾ ਬਣਾ ਲੈਂਦੀਆਂ ਹਨ ਅਤੇ ਦਾਇਰੇ ਵਿੱਚ ਘੁੰਮਦੀਆਂ ਕੁੜੀਆਂ ਇਕ ਅਵਾਜ਼ ਵਿੱਚ ਮੱਛੀ ਤੋਂ ਪੁਛਦੀਆਂ ਹਨ।‘'ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮੱਛਲੀ ਕਿੰਨਾ-ਕਿੰਨਾ ਪਾਣੀ ? ਦਾਈ ਵਾਲੀ ਕੁੜੀ ਉਤਰ ਦਿੰਦੀ ਹੈ। ਗਿੱਟੇ ਗਿੱਟੇ ਪਾਣੀ।
ਵਾਰ ਵਾਰ ਘੇਰੇ ਵਾਲੀਆਂ ਕੁੜੀਆਂ ਹਰਾ ਸਮੁੰਦਰ ਵਾਲੀ ਪੰਗਤੀ ਦੁਹਰਾਉਂਦੀਆਂ ਹਨ ਤੇ ਮਛਲੀ ਬਣੀ ਕੁੜੀ ਪਹਿਲਾਂ ਗਿੱਟੇ-ਗਿੱਟੇ, ਫਿਰ ਗੋਡੇ-ਗੋਡੇ, ਫਿਰ ਢਿੱਡ-ਢਿੱਡ ਤੇ ਅੰਤ ਵਿਚ ਸਿਰ-ਸਿਰ ਤੱਕ ਪਾਣੀ ਕਹਿੰਦੀ ਹੈ, ਫਿਰ ਸਾਰੀਆਂ ਕੁੜੀਆਂ ਰਲ ਕੇ ਡੁੱਬ ਗਏ ਕਹਿੰਦੀਆਂ ਹਨ ਤੇ ਉਹ ਮੱਛੀ ਬਣੀ ਕੁੜੀ ਨੂੰ ਚੂੰਡੀਆਂ ਵਢਦੀਆਂ ਹੋਈਆ ਉਸਨੂੰ ਸਮੁੰਦਰ ਵਿਚੋ ਲੱਭਦੀਆ ਹਨ।‘ਆਹ ਲੱਭ ਗਈ, ਆਹ ਲੱਭ ਗਈ ਦਾ ਰੌਲਾ ਪੈਂਦਾ ਹੈ ਤੇ ਖੇਡ ਖਤਮ ਹੋ ਜਾਦੀ ਹੈ।

ਪੀਚੋ ਬਕਰੀ

ਪੀਚੋ ਬਕਰੀ ਨੂੰ ਅੱਡੀ ਟੱਪਾ ਅਤੇ ਸਮੁੰਦਰ ਪਟੜਾ ਵੀ ਕਹਿੰਦੇ ਹਨ।ਇਸ ਖੇਡ ਵਿੱਚ ਧਰਤੀ ਉਤੇ ਆਇਤ ਸ਼ਕਲ ਦੇ 8-10 ਖਾਨੇ ਬਣਾਏ ਜਾਂਦੇ ਹਨ।ਫਿਰ ਖਾਨੇ ਦੇ ਬਾਹਰ ਖੜ੍ਹ ਕੇ ਪਹਿਲੇ ਖਾਨੇ ਵਿੱਚ ਪੀਚੋ ਸੁਟੀ ਜਾਂਦੀ ਹੈ ਤੇ ਉਸਨੂੰ ਡੁੱਡ ਮਾਰ ਕੇ ਅਗਲੇ ਖਾਨੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਸਾਰੇ ਖਾਨੇ ਪਾਰ ਕੀਤੇ ਜਾਂਦੇ ਹਨ। ਜੇਕਰ ਗਲਤ ਖਾਨੇ ਵਿਚ ਡੀਟੀ ਸੁੱਟੀ ਜਾਵੇ ਜਾਂ ਡੁੱਡ ਮਾਰਦੇ ਸਮੇਂ ਪੈਰ ਧਰਤੀ ਨੂੰ ਛੂੰਹ ਜਾਵੇ ਤੇ ਜਾਂ ਫਿਰ ਡੀਟੀ ਲੀਕ ਉਪਰ ਸੁੱਟੀ ਜਾਵੇ ਤਾਂ ਖੇਡ ਰਹੀ ਕੁੜੀ ਦੀ ਵਾਰੀ ਆਉਣ ਹੋ ਜ਼ਾਦੀ ਹੈ ਤੇ ਫਿਰ ਅਗਲੀ ਕੁੜੀ ਆਪਣੀ ਵਾਰੀ ਲੈਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੁੜੀਆਂ ਆਪਣੇ ਬਚਪਨ ਵਿੱਚ ਸੀਮਤ ਸਾਧਨਾ ਨਾਲ ਵੀ ਬਹੁਤ ਸੁੰਦਰ ਖੇਡਾਂ ਸਿਰਜ ਲੈਂਦੀਆ ਹਨ ਅਤੇ ਆਪਣਾ ਮਨੋਰੰਜਨ ਕਰਦੀਆਂ ਹਨ।

ਹਵਾਲਾ ਪੁਸਤਕਾਂ

1. ਸੁਖਦੇਵ ਮਾਦਪੁਰੀ, ਪੰਜਾਬ ਦੀਆਂ ਵਿਰਾਸਤੀ ਖੇਡਾਂ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾਂ, 2005, ਪੰਨਾ 71

2. ਉਹੀ, ਪੰਨਾ 74

3. ਪ੍ਰੋ.ਸਰਵਣ ਸਿੰਘ, ਪੰਜਾਬ ਦੀਆਂ ਦੇਸੀ ਖੇਡਾਂ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਟਿੀ, ਪਟਿਆਲਾ , 1996, ਪੰਨਾ 99

4. ਸੁਖਦੇਵ ਮਾਦਪੁਰੀ, ਉਹੀ , ਪੰਨਾ 76


charanjiv, ( 2014/09/23 12:00AM)

ਲੋਕ ਖੇਡਾ ਬਾਰੇ http://www.sabhyachar.com/khedan.php ਇਸ link ਤੇ ਵੀ ਵਧੀਆ ਡਾਟਾ ਹੈ .


gurpreet, ( 2014/09/23 12:00AM)

Eh dunia vang sra jape kyi tur jande kyi aa jande kyi fulla nal v hasde nhi te kyi kndhia nal nibha jande


Sukhminder kaur, ( 2024/03/30 01:4641)

Good


Sukhminder kaur, ( 2024/03/30 01:4722)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.