ਲੋਕਾਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕਾਚਾਰ [ਨਾਂਪੁ] ਜਨ-ਸਧਾਰਨ ਵਿੱਚ ਪ੍ਰਚਲਿਤ ਕਦਰਾਂ-ਕੀਮਤਾਂ, ਲੋਕ-ਰਾਏ, ਲੋਕ-ਰੀਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੋਕਾਚਾਰ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਲੋਕਾਚਾਰ : ਲੋਕਾਚਾਰ ਦਾ ਭਾਵ ਉਹਨਾਂ ਲੋਕ ਪ੍ਰਥਾਵਾਂ ਅਤੇ ਪਰੰਪਰਾਵਾਂ ਤੋਂ ਹੈ ਜੋ ਲੋਕ ਭਲਾਈ ਲਈ ਪ੍ਰੇਰਨ। ਜਦੋਂ ਭਲਾਈ ਦੇ ਤੱਤਾਂ ਵਿੱਚ ਸੱਚਾਈ ਦਾ ਵਿਕਾਸ ਹੁੰਦਾ ਹੈ ਤਾਂ ਲੋਕ ਰੀਤੀਆਂ ਲੋਕਾਚਾਰ ਬਣ ਜਾਂਦੀਆਂ ਹਨ। ਲੋਕਾਚਾਰ ਸਮਾਜ ਦੀਆਂ ਬੁਨਿਆਦੀ ਲੋੜਾਂ ਨਾਲ ਸੰਬੰਧਿਤ ਹਨ। ਲੋਕਾਚਾਰ ਅਸਲ ਵਿੱਚ ਅਜਿਹੀਆਂ ਲੋਕ ਰੀਤੀਆਂ ਹਨ, ਜਿਨ੍ਹਾਂ ਨੂੰ ਵਿਹਾਰ ਦਾ ਨਿਯੰਤਰਕ ਸਮਝਿਆ ਜਾਂਦਾ ਹੈ। ਇਹ ਉਸ ਸਮੂਹ ਭਾਵਨਾ ਨੂੰ ਪ੍ਰਗਟਾਉਂਦੇ ਹਨ ਕਿ ਕੀ ਠੀਕ ਅਤੇ ਕੀ ਸਮਾਜਿਕ ਭਲਾਈ ਦੇ ਅਨੁਕੂਲ ਹੈ। ਇਹਨਾਂ ਦਾ ਭਾਵ ਲੋਕ ਰੀਤੀਆਂ ਬਾਰੇ ਮਹੱਤਵਪੂਰਨ ਧਾਰਨਾ ਤੋਂ ਹੈ। ਲੋਕਾਚਾਰ ਅਜਿਹੇ ਰਿਵਾਜ ਅਤੇ ਗਰੁੱਪਾਂ ਦੇ ਨਿੱਤ-ਕਰਮ ਹਨ, ਜਿਨ੍ਹਾਂ ਨੂੰ ਸਮਾਜ ਦੇ ਮੈਂਬਰ ਗਰੁੱਪ ਦੀ ਨਿਰੰਤਰ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਸਮਝਦੇ ਹਨ। ਜਦੋਂ ਲੋਕ ਰੀਤੀਆਂ ਵਿੱਚ ਗਰੁੱਪ ਭਲਾਈ ਦੀਆਂ ਧਾਰਨਾਵਾਂ, ਠੀਕ ਅਤੇ ਗ਼ਲਤ ਦੇ ਮਿਆਰ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਲੋਕਾਚਾਰ ਵਿੱਚ ਬਦਲ ਜਾਂਦੇ ਹਨ। ਲੋਕਾਚਾਰ ਠੀਕ ਜਾਂ ਗ਼ਲਤ ਸੰਬੰਧੀ ਤਕੜੀਆਂ ਭਾਵਨਾਵਾਂ ਦੇ ਪ੍ਰਤੀਕ ਹੁੰਦੇ ਹਨ। ਲੋਕਾਚਾਰ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਗਰੁੱਪ ਮਿਆਰਾਂ ਦੇ ਪ੍ਰਤੀਕ ਹੁੰਦੇ ਹਨ। ਇਹ ਗਰੁੱਪ ਜਾਂ ਸਮੁਦਾਇ ਦੇ ਜੀਵੰਤ ਚਰਿੱਤਰ ਨੂੰ ਦਰਸਾਉਂਦੇ ਹਨ। ਜਿਸ ਗਰੁੱਪ ਵਿੱਚ ਇਹ ਪ੍ਰਚਲਿਤ ਹੁੰਦੇ ਹਨ, ਉਹ ਗਰੁੱਪ ਸਦਾ ਹੀ ਇਹਨਾਂ ਨੂੰ ਠੀਕ ਸਮਝਦਾ ਹੈ। ਇਹ ਨੈਤਿਕ ਰੂਪ ਵਿੱਚ ਹਕੀਕੀ ਹੁੰਦੇ ਹਨ ਅਤੇ ਇਹਨਾਂ ਦੀ ਉਲੰਘਣਾ ਨੈਤਿਕ ਰੂਪ ਵਿੱਚ ਗ਼ਲਤ ਹੁੰਦੀ ਹੈ। ਇਹ ਠੀਕ ਅਤੇ ਗ਼ਲਤ ਦਾ ਪੈਮਾਨਾ ਹੁੰਦੇ ਹਨ। ਲੋਕਾਚਾਰਾਂ ਨੂੰ ਉੱਚਿਤ ਸਿੱਧ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਉਹ ਆਪਣੇ ਤੌਰ ਤੇ ਠੀਕ ਜੋ ਹੁੰਦੇ ਹਨ। ਇਹਨਾਂ ਦੀ ਆਲੋਚਨਾ ਨਹੀਂ ਕੀਤੀ ਜਾਂਦੀ। ਵਿਸ਼ਵਾਸ ਇਹਨਾਂ ਨੂੰ ਰੂਪਕ ਦੇ ਰੂਪ ਵਿੱਚ, ਕਰਮਕਾਂਡ ਇਹਨਾਂ ਨੂੰ ਪ੍ਰਤੀਕਾਂ ਦੇ ਰੂਪ ਵਿੱਚ ਅਤੇ ਕਿਰਿਆ ਇਹਨਾਂ ਨੂੰ ਸਹੀ ਆਚਰਨ ਦੇ ਰੂਪ ਵਿੱਚ ਦਰਸਾਉਂਦੀ ਹੈ।

ਇਹ ਜ਼ਰੂਰੀ ਨਹੀਂ ਕਿ ਲੋਕਾਚਾਰ ਤਰਕਪੂਰਨ ਹੋਣ। ਕਈ ਲੋਕਾਚਾਰ ਬਾਹਰਲੇ ਲੋਕਾਂ ਨੂੰ ਅਨੁਚਿਤ ਪ੍ਰਤੀਤ ਹੋ ਸਕਦੇ ਹਨ। ਇਸੇ ਪ੍ਰਕਾਰ ਪਰਦਾ-ਪ੍ਰਨਾਲੀ, ਛੂਤ-ਛਾਤ, ਵਿਧਵਾਵਾਂ ਦੇ ਪੁਨਰ-ਵਿਆਹ ਦੀ ਮਨਾਹੀ, ਪੱਛਮ ਵਾਸੀਆਂ ਨੂੰ ਅਨੁਚਿਤ ਪ੍ਰਤੀਤ ਹੋ ਸਕਦੇ ਹਨ। ਇੱਕ ਸੱਭਿਆਚਾਰ ਦੇ ਲੋਕਾਚਾਰਾਂ ਤੋਂ ਦੂਜੇ ਸੱਭਿਆਚਾਰ ਦੇ ਲੋਕ ਅਨਜਾਣ ਹੋ ਸਕਦੇ ਹਨ ਅਤੇ ਉਹ ਗਰੁੱਪ ਭਲਾਈ ਨਾਲ ਉਹਨਾਂ ਦਾ ਕੋਈ ਸੰਬੰਧ ਪ੍ਰਤੀਤ ਨਹੀਂ ਹੁੰਦਾ। ਇਹ ਜ਼ਰੂਰੀ ਨਹੀਂ ਕਿ ਲੋਕਾਚਾਰ ਵਰਜਿਤ ਕਾਰਜ ਵਾਸਤਵ ਵਿੱਚ ਹਾਨੀਕਾਰਕ ਹੋਵੇ। ਜੇ ਕਿਸੇ ਸਮਾਜ ਦਾ ਵਿਸ਼ਵਾਸ ਹੈ ਕਿ ਕੋਈ ਕੰਮ ਹਾਨੀਕਾਰਕ ਹੈ ਤਾਂ ਲੋਕਾਚਾਰ ਉਸ ਕਾਰਜ ਦੀ ਨਿੰਦਾ ਕਰਦਾ ਹੈ। ਲੋਕਾਚਾਰ ਕਾਰਜਾਂ ਦੇ ਸਹੀ ਜਾਂ ਗ਼ਲਤ ਹੋਣ ਦਾ ਵਿਸ਼ਵਾਸ ਹਨ।

ਲੋਕਾਚਾਰ ਸਾਡੇ ਵਿਅਕਤੀਗਤ ਵਿਹਾਰ ਦਾ ਨਿਰਧਾਰਨ ਕਰਦੇ ਹਨ। ਇਹ ਕਿਸੇ ਵਿਹਾਰ ਨੂੰ ਕਰਨ ਲਈ ਮਜ਼ਬੂਰ ਵੀ ਕਰਦੇ ਹਨ ਅਤੇ ਕਿਸੇ ਵਿਹਾਰ ਦੀ ਮਨਾਹੀ ਵੀ ਕਰਦੇ ਹਨ। ਇਹ ਸਦਾ ਹੀ ਹਰ ਵਿਅਕਤੀ ਦੀ ਪ੍ਰਵਿਰਤੀ ਵਿੱਚ ਬਦਲਾਅ ਲਿਆਉਂਦੇ ਰਹਿੰਦੇ ਹਨ। ਦੂਜੇ ਸ਼ਬਦਾਂ ਵਿੱਚ ਇਹ ਕੰਟ੍ਰੋਲ ਦੇ ਸਾਧਨ ਹਨ। ਸਮਾਜ ਵਿੱਚ ਅਨਗਿਣਤ ਲੋਕਾਚਾਰ ਹਨ ਜਿਵੇਂ ਇੱਕ ਵਿਆਹ ਕਰਨ ਦੀ ਪ੍ਰਥਾ, ਲੋਕਰਾਜ ਅਤੇ ਨਸ਼ਾਬੰਦੀ, ਜਿਨ੍ਹਾਂ ਦੀ ਪਾਲਣਾ ਜ਼ਰੂਰੀ ਸਮਝੀ ਜਾਂਦੀ ਹੈ। ਜਿਹੜੇ ਵਿਅਕਤੀ ਲੋਕਾਚਾਰਾਂ ਅਨੁਸਾਰ ਕੰਮ ਕਰਦੇ ਹਨ, ਉਹਨਾਂ ਦੀ ਸਮਾਜ ਵਿੱਚ ਸ਼ਨਾਖ਼ਤ ਬਣਦੀ ਹੈ, ਸਮਾਜ ਦੇ ਹੋਰ ਮੈਂਬਰਾਂ ਨਾਲ ਉਹਨਾਂ ਦੀ ਸਾਂਝ ਬਣਦੀ ਹੈ ਅਤੇ ਸੰਤੁਸ਼ਟ ਜੀਵਨ ਲਈ ਇਹ ਬਹੁਤ ਜ਼ਰੂਰੀ ਹੈ। ਲੋਕਾਚਾਰ ਗਰੁੱਪ ਦੇ ਮੈਂਬਰਾਂ ਨੂੰ ਇੱਕ ਸੂਤਰ ਵਿੱਚ ਬੰਨ੍ਹ ਕੇ ਰੱਖਦੇ ਹਨ। ਭਾਵੇਂ ਗਰੁੱਪ ਦੇ ਮੈਂਬਰ ਇਸ ਜੀਵਨ ਦੀਆਂ ਚੰਗੀਆਂ ਚੀਜ਼ਾਂ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ, ਪਰੰਤੂ ਲੋਕਾਚਾਰ ਦੇ ਬੰਧਨ ਉਹਨਾਂ ਨੂੰ ਇੱਕ ਬਣਾਈ ਰੱਖਦੇ ਹਨ। ਇੱਕੋ ਜਿਹੇ ਲੋਕਾਚਾਰਾਂ ਵਾਲੇ ਲੋਕਾਂ ਵਿੱਚ ਏਕਤਾ ਦੀ ਜਬਰਦਸਤ ਭਾਵਨਾ ਹੁੰਦੀ ਹੈ। ਹਰ ਇਸਤਰੀ ਪੁਰਸ਼ ਲਈ, ਹਰ ਵਰਗ ਲਈ ਅਤੇ ਸਾਰੇ ਗਰੁੱਪਾਂ ਲਈ ਲੋਕਾਚਾਰ ਹਨ, ਜਿਨ੍ਹਾਂ ਦਾ ਕਾਰਜ ਗਰੁੱਪ ਦੀ ਏਕਤਾ ਨੂੰ ਬਣਾਈ ਰੱਖਣਾ ਹੈ।

ਲੋਕਾਚਾਰ ਬਦਲਦੇ ਵੀ ਰਹਿੰਦੇ ਹਨ। ਕਿਸੇ ਸਮੇਂ ਕੋਈ ਗੱਲ ਸਹੀ ਪ੍ਰਤੀਤ ਹੁੰਦੀ ਹੈ ਪਰੰਤੂ ਕਿਸੇ ਸਮੇਂ ਉਹ ਗ਼ਲਤ ਪ੍ਰਤੀਤ ਹੋਣ ਲੱਗਦੀ ਹੈ। ਕਿਸੇ ਸਮੇਂ ਬਹੁ-ਵਿਆਹ ਪ੍ਰਥਾ ਲੋਕਾਚਾਰ ਸੀ, ਪਰੰਤੂ ਅੱਜ ਇਸ ਨੂੰ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਅੱਜ ਤੋਂ ਤਿੰਨ ਪੀੜ੍ਹੀਆਂ ਪਹਿਲਾਂ ਇਸਤਰੀਆਂ ਲਈ ਜਿਹੜੇ ਕਾਰਜ ਠੀਕ ਨਹੀਂ ਸਮਝੇ ਜਾਂਦੇ ਸਨ, ਅੱਜ ਉਹਨਾਂ ਵਿੱਚ ਭਾਰੀ ਪਰਿਵਰਤਨ ਆ ਚੁੱਕਾ ਹੈ। ਸਦੀ ਦੇ ਅਰੰਭ ਵਿੱਚ ਭਾਰਤੀ ਇਸਤਰੀਆਂ ਦਾ ਦਫ਼ਤਰ ਵਿੱਚ ਕੰਮ ਕਰਨਾ ਗ਼ਲਤ ਸਮਝਿਆ ਜਾਂਦਾ ਸੀ, ਪਰੰਤੂ ਹੁਣ ਇਹ ਠੀਕ ਹੈ। ਅੱਜ-ਕੱਲ੍ਹ ਲੋਕਾਚਾਰ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਸੈਕਸ ਵਿਹਾਰ, ਪਰਿਵਾਰਿਕ ਜੀਵਨ ਅਤੇ ਸੰਪਤੀ ਅਧਿਕਾਰਾਂ ਸਬੰਧੀ ਲੋਕਾਚਾਰਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਹੋਇਆ ਹੈ। ਲੋਕਾਚਾਰ ਵਿੱਚ ਪਰਿਵਰਤਨ ਦਾ ਇਹ ਭਾਵ ਨਹੀਂ ਕਿ ਉਹਨਾਂ ਦਾ ਵਿਹਾਰ ਤੇ ਕੰਟ੍ਰੋਲ ਵੀ ਖ਼ਤਮ ਹੋ ਜਾਂਦਾ ਹੈ। ਨਿਰਸੰਦੇਹ ਇੱਕ ਭਾਰੀ ਅਤੇ ਨਾਟਕੀ ਪਰਿਵਰਤਨ ਹੋਇਆ ਹੈ, ਪਰੰਤੂ ਅਜੇ ਵੀ ਪੁਰਸ਼ਾਂ ਤੇ ਲੋਕਾਚਾਰਾਂ ਦੀ ਸ਼ਕਤੀ ਨਾਲ ਸ਼ਾਸਨ ਕੀਤਾ ਜਾਂਦਾ ਹੈ।

ਲੋਕਾਚਾਰ ਦੇ ਪ੍ਰਤਿਕੂਲ ਵਿਹਾਰ ਨੂੰ ਸਮਾਜ ਵਿੱਚ ਮਾਨਤਾ ਨਹੀਂ ਦਿੱਤੀ ਜਾਂਦੀ। ਇਹ ਲੋਕਾਂ ਨੂੰ ਉਹਨਾਂ ਪ੍ਰਥਾਵਾਂ ਤੇ ਚੱਲਣ ਲਈ ਮਜਬੂਰ ਵੀ ਕਰ ਸਕਦੇ ਹਨ, ਜੋ ਉਹਨਾਂ ਦੀ ਭੌਤਿਕ ਭਲਾਈ ਦੇ ਪ੍ਰਤਿਕੂਲ ਹੋਣ। ਲੋਕਾਚਾਰਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਕਈ ਇਹਨਾਂ ਦੀ ਪਾਲਣਾ ਪ੍ਰਸੰਸਾ ਜਾਂ ਸ਼ਲਾਘਾ ਪ੍ਰਾਪਤ ਕਰਨ ਲਈ ਕਰਦੇ ਹਨ, ਹੋਰ ਸਮਾਜਿਕ ਬਾਈਕਾਟ ਦੇ ਡਰ ਤੋਂ ਕਰਦੇ ਹਨ। ਲੋਕਾਚਾਰਾਂ ਨੂੰ ਨਾ ਮੰਨਣ ਵਾਲੇ ਬਾਗ਼ੀ ਸਮਝੇ ਜਾਂਦੇ ਹਨ। ਬਹੁਤ ਸਾਰੇ ਲੋਕ ਲੋਕਾਚਾਰਾਂ ਅਨੁਸਾਰ ਹੀ ਚੱਲਦੇ ਹਨ ਕਿਉਂਕਿ ਉਹ ਅਜਿਹਾ ਕਰਨਾ ਠੀਕ ਸਮਝਦੇ ਹਨ ਜਾਂ ਉਹਨਾਂ ਨੂੰ ਇਹਨਾਂ ਦੀ ਆਦਤ ਪੈ ਚੁੱਕੀ ਹੁੰਦੀ ਹੈ।


ਲੇਖਕ : ਪਰਦੀਪ ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-02-30-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.