ਲੂਣਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੂਣਾ : ਲੂਣਾ ਪੰਜਾਬੀ ਲੋਕਧਾਰਾ ਵਿੱਚ ਪ੍ਰਚਲਿਤ ਇੱਕ ਪੁਰਾਤਨ ਮੌਲਿਕ ਕਥਾ ਪੂਰਨ ਭਗਤ ਦੀ ਅਜਿਹੀ ਪ੍ਰਤਿਨਿਧ ਪਾਤਰ ਖਲਨਾਇਕਾ ਹੈ, ਜਿਹੜੀ ਸਮਾਜ ਵਿੱਚ ਮਾਂ-ਪੁੱਤਰ ਦੇ ਪਵਿੱਤਰ ਰਿਸ਼ਤੇ ਸੰਬੰਧੀ ਸਮਾਜਿਕ ਮਰਯਾਦਾਵਾਂ ਨੂੰ ਉਲੰਘਣ ਲਈ ਨਫ਼ਰਤ ਦੀਆਂ ਨਜ਼ਰਾਂ ਨਾਲ ਦੇਖੀ ਜਾਂਦੀ ਰਹੀ ਹੈ। ਪੂਰਨ ਭਗਤ ਦੀ ਕਹਾਣੀ ਵਿੱਚ ਉਹ ਨਾਇਕ ਪੂਰਨ ਦੀ ਜਵਾਨ ਮਤੇਈ ਮਾਂ ਹੈ। ਮਾਂ-ਪੁੱਤਰ ਦਾ ਰਿਸ਼ਤਾ ਜੀਵ-ਵਿਗਿਆਨਿਕ ਅਤੇ ਸਮਾਜਿਕ ਮਰਯਾਦਾਵਾਂ ਅਨੁਸਾਰ ਪਵਿੱਤਰਤਾ, ਸਤਿਕਾਰ ਅਤੇ ਮੋਹ ਦਾ ਰਿਸ਼ਤਾ ਹੈ। ਕਥਾ ਵਿੱਚ ਇਹ ਰਿਸ਼ਤਾ ਜੀਵ-ਵਿਗਿਆਨਿਕ ਤਾਂ ਨਹੀਂ ਪਰ ਫਿਰ ਵੀ ਪੰਜਾਬੀ ਸੱਭਿਆਚਾਰ ਦਾ ਮੁੱਲ-ਵਿਧਾਨ ਅਜਿਹੇ ਬਣਦੇ ਰਿਸ਼ਤੇ ਵਿੱਚ ਵੀ ਅਵੱਗਿਆ ਦੀ ਖੁੱਲ੍ਹ ਨਹੀਂ ਦਿੰਦਾ।

     ਇਸ ਲੋਕ-ਕਥਾ ਨੂੰ ਅਨੇਕਾਂ ਕਿੱਸਿਆਂ, ਕਵਿਤਾਵਾਂ ਅਤੇ ਹੋਰ ਮਾਧਿਅਮਾਂ ਰਾਹੀਂ ਬਿਆਨਣ ਦੀ ਇੱਕ ਲੰਮੀ ਪਰੰਪਰਾ ਰਹੀ ਹੈ। ਸਮੁੱਚੇ ਰੂਪ ਵਿੱਚ ਸਪਸ਼ਟ ਹੁੰਦਾ ਹੈ ਕਿ ਲੂਣਾ ਰਾਜਾ ਸਲਵਾਨ ਦੀ ਦੂਜੀ ਪਤਨੀ ਸੀ, ਜੋ ਅੰਤਾਂ ਦੀ ਖ਼ੂਬਸੂਰਤ ਅਤੇ ਜਵਾਨ ਸੀ। ਕੁਝ ਕਿੱਸਿਆਂ ਵਿੱਚ ਉਹ ਚੰਬੇ ਦੇ ਰਾਜੇ ਦੇ ਘਰ ਕੰਮ ਕਰਨ ਵਾਲੇ ਨੌਕਰ ਬੀਰੂ ਅਤੇ ਟਹਿਲਣ ਸ਼ੋਭੀ ਦੀ ਧੀ ਸੀ, ਜੋ ਰਾਜ-ਮਹੱਲ ਵਿੱਚ ਪਲੀ ਹੋਣ ਕਰ ਕੇ ਸੁਘੜ-ਸੁਆਣੀ ਅਤੇ ਸੁੰਦਰਤਾ ਦੀ ਮੂਰਤ ਸੀ। ਕੁਝ ਕਿੱਸਾਕਾਰਾਂ ਅਨੁਸਾਰ ਲੂਣਾ ਚੰਬੇ ਦੀ ਰਾਜ-ਕੰਨਿਆ ਸੀ, ਜਿਸ ਦੇ ਪਿਤਾ ਨੇ ਜੋਤਸ਼ੀਆਂ ਦੇ ਕਹਿਣ ਤੇ ਉਸ ਨੂੰ ਨਦੀ ਵਿੱਚ ਰੋੜ ਦਿੱਤਾ ਸੀ ਤੇ ਚਮਿਆਰ ਪਿੰਡ ਦੇ ਪੀਪੇ ਨੇ ਨਦੀ ਵਿੱਚ ਰੁੜਦੀ ਸੰਦੂਕੜੀ ਫੜ ਲਈ ਸੀ ਅਤੇ ਉਹ ਲੂਣਾ ਨੂੰ ਪਾਲਣ ਲਈ ਪਿੰਡ ਛੱਡ ਸਿਆਲਕੋਟ ਆ ਗਿਆ ਸੀ। ਕਈ ਕਿੱਸਿਆਂ ਵਿੱਚ ਉਹ ਰਾਜੇ ਇੰਦਰ ਪੁਰੀ ਦੀ ਇੱਕ ਅਪਸਰਾ ਦੀ ਧੀ ਹੈ, ਜੋ ਪਰੀਆਂ ਦੇ ਝੁੰਡ ਨਾਲ ਧਰਮ-ਲੋਕ ਉੱਪਰ ਪੀਪੇ ਭਗਤ ਦੇ ਤਲਾਅ ਉੱਪਰ ਨਹਾਉਣ ਆਉਂਦੀਆਂ ਸਨ। ਇੱਕ ਦਿਨ ਨਰ ਦਾ ਪਰਛਾਵਾਂ ਪੈਣ ਕਾਰਨ ਹਫ਼ੜਾ-ਦਫ਼ੜੀ ਵਿੱਚ ਲੂਣਾ ਨੂੰ ਧਰਤੀ ਤੇ ਛੱਡ ਮਜ਼ਬੂਰਨ ਪਰੀ-ਲੋਕ ਉੱਡ ਗਈਆਂ ਅਤੇ ਲੂਣਾ ਨੂੰ ਪੀਪੇ ਭਗਤ ਨੇ ਧੀ ਬਣਾ ਕੇ ਪਾਲ ਲਿਆ।

     ਇੱਕ ਪਹਾੜੀ ਲੋਕ-ਗੀਤ ਵਿੱਚ ਉਹ ਪਹਾੜਨ ਨੌਨਾਂ ਦੇਈ ਹੈ, ਜੋ ਇੱਛਰਾਂ (ਪੂਰਨ ਦੀ ਮਾਂ) ਦੀ ਜਵਾਨ ਸੌਂਕਣ ਹੈ। ਹਰ ਥਾਂ ਲੂਣਾ ਦੀ ਖ਼ੂਬਸੂਰਤੀ ਦਾ ਵਿਸ਼ੇਸ਼ ਜ਼ਿਕਰ ਹੋਇਆ ਹੈ, ਕਿਉਂਕਿ ਉਸ ਦੀ ਪਹਿਲੀ ਝਲਕ ਹੀ ਰਾਜਾ ਸਲਵਾਨ (ਜੋ ਪਹਿਲਾਂ ਹੀ ਵਿਆਹਿਆ ਹੋਇਆ ਸੀ) ਨੂੰ ਪਾਗਲਪਣ ਦੀ ਹੱਦ ਤੱਕ ਮੋਹਿਤ ਕਰ ਜਾਂਦੀ ਹੈ ਅਤੇ ਰਾਜਾ ਸਲਵਾਨ ਆਪਣੇ ਮਿੱਤਰ ਰਾਜੇ (ਜਿਸ ਦੇ ਰਾਜ ਵਿੱਚ ਲੂਣਾ ਰਹਿੰਦੀ ਸੀ) ਦੀ ਮਦਦ ਨਾਲ ਲੂਣਾ ਦੇ ਪਿਉ ਨੂੰ ਹਜ਼ਾਰ ਮੁਦਰਾਵਾਂ ਦੇ ਕੇ ਲੂਣਾ ਦਾ ਡੋਲਾ ਮਹਿਲੀਂ ਲੈ ਆਉਂਦਾ ਹੈ। ਇਉਂ ਲੂਣਾ ਸਲਵਾਨ ਦੀ ਦੂਜੀ ਪਤਨੀ, ਇੱਛਰਾਂ (ਸਲਵਾਨ ਦੀ ਪਹਿਲੀ ਪਤਨੀ) ਦੀ ਸੌਂਕਣ ਅਤੇ ਪੂਰਨ (ਇੱਛਰਾਂ ਦੀ ਕੁੱਖੋਂ ਜਨਮਿਆ ਸਲਵਾਨ ਦਾ ਪੁੱਤਰ) ਦੀ ਮਤੇਈ ਮਾਂ ਬਣ ਜਾਂਦੀ ਹੈ।

     ਕਥਾ ਦਾ ਨਾਇਕ ਪੂਰਨ, ਬਾਰਾਂ ਵਰ੍ਹੇ ਭੋਰੇ `ਚ ਕੱਟਣ ਮਗਰੋਂ ਪਿਤਾ ਦੀ ਆਗਿਆ ਅਨੁਸਾਰ ਛੋਟੀ ਮਾਤਾ ਲੂਣਾ ਨੂੰ ਨਮਸਕਾਰ ਕਰਨ ਉਹਦੇ ਮਹੱਲ ਵਿੱਚ ਜਾਂਦਾ ਹੈ। ਲੂਣਾ ਜੋ ਬੁੱਢੇ ਸਲਵਾਨ ਨਾਲ ਅਣਜੋੜ ਵਿਆਹ ਤੋਂ ਅਸੰਤੁਸ਼ਟ ਹੈ, ਜਵਾਨ ਪੂਰਨ `ਤੇ ਮੋਹਿਤ ਹੋ ਜਾਂਦੀ ਹੈ ਅਤੇ ਉਸ ਨੂੰ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਪੂਰਨ ਨੂੰ ਹਾਣ ਦੇ ਮਰਦ ਦੇ ਰੂਪ ਵਿੱਚ ਲੋਚਦੀ ਹੋਈ ਸਾਥ ਲਈ ਪੂਰਨ ਅੱਗੇ ਪ੍ਰਸਤਾਵ ਰੱਖਦੀ ਹੈ :

ਸੂਰਤ ਨਜ਼ਰ ਆਈ ਰਾਜਾ ਭੁੱਲ ਗਿਆ

ਸਿਰ ਪੈਰ ਤਾਈਂ ਅੱਗ ਭੜਕ ਉੱਠੀ

ਦਿਲੋਂ ਪੁੱਤਰ ਨੂੰ ਯਾਰ ਬਣਾਇਆ ਸੂ

ਉਹਦੀ ਸਾਬਤੀ ਦੀ ਵਿੱਚੋਂ ਲੱਜ ਟੁੱਟੀ

          ਕਾਦਰਯਾਰ ਤ੍ਰੀਮਤ ਹੈਂ ਸਿਆਰੀ

          ਲਾਗੀ ਵੇਖ ਵਗਾਵਣੇ ਨਦੀ ਪੁੱਠੀ।                                  (ਕਿੱਸਾ ਪੂਰਨ ਭਗਤ)

     ਸਮਾਜਿਕ ਮਰਯਾਦਾਵਾਂ ਨੂੰ ਉਲੰਘਣ ਦੀ ਇਹ ਪੇਸ਼ਕਸ਼ ਪੂਰਨ ਸਵੀਕਾਰ ਨਹੀਂ ਕਰਦਾ। ਲੂਣਾ ਪ੍ਰੇਮ ਨਾਲ ਵੀ ਅਤੇ ਡਰਾ ਕੇ ਵੀ ਉਸ ਨੂੰ ਸਹਿਮਤ ਕਰਨ ਦਾ ਹਰ ਹੀਲਾ ਵਰਤਦੀ ਹੈ ਪਰ ਅਸਫਲ ਰਹਿੰਦੀ ਹੈ। ਜਦੋਂ ਪੂਰਨ ਉਸ ਨੂੰ ਠੁਕਰਾ ਕੇ ਮਹੱਲ `ਚੋਂ ਨਿਕਲ ਜਾਂਦਾ ਹੈ, ਤਾਂ ਗੁੱਸੇ, ਅਪਮਾਨ ਅਤੇ ਬਦਲੇ ਦੀ ਅੱਗ ਵਿੱਚ ਬਲਦੀ ਲੂਣਾ ਆਪਣੇ ਪਤੀ ਰਾਜੇ ਸਲਵਾਨ ਕੋਲ ਪੂਰਨ ਦੇ ਚਰਿੱਤਰ ਬਾਰੇ ਉਲਟਾ ਦੋਸ਼ ਲਗਾਉਂਦੀ ਹੈ। ਰਾਜਾ ਸਲਵਾਨ ਆਪਣੀ ਨਵੀਂ ਖ਼ੂਬਸੂਰਤ ਜਵਾਨ ਪਤਨੀ ਦੇ ਦੰਭ ਨੂੰ ਪਹਿਚਾਣੇ ਬਿਨਾਂ ਆਪਣੇ ਪੁੱਤਰ ਪੂਰਨ ਦੇ ਹੱਥ- ਪੈਰ ਕਟਵਾ ਕੇ ਅੰਨ੍ਹੇ ਖੂਹ ਵਿੱਚ ਸੁੱਟਣ ਦੀ ਸਜ਼ਾ ਸੁਣਾ ਦਿੰਦਾ ਹੈ ਅਤੇ ਲੋਕ-ਕਸਵੱਟੀ ਉੱਪਰ ਲੂਣਾ ਤ੍ਰਿਸਕਾਰ ਦੀ ਪਾਤਰ ਹੋ ਨਿਬੜਦੀ ਹੈ। ਕਥਾ ਦੇ ਅਖੀਰ ਵਿੱਚ ਪੂਰਨ ਕਰਾਮਾਤੀ ਜੋਗੀ ਬਣ ਕੇ ਸਲਵਾਨ ਦੇ ਰਾਜ ਵਿੱਚ ਆਉਂਦਾ ਹੈ ਤਾਂ ਲੂਣਾ, ਜੋ ਅਜੇ ਤੱਕ ਮਾਂ ਨਹੀਂ ਬਣ ਸਕੀ। ਆਪਣੀ ਗ਼ਲਤੀ ਕਬੂਲ ਕਰਦੀ ਹੈ ਅਤੇ ਪੂਰਨ ਕੋਲੋਂ ਮੁਆਫ਼ੀ ਮੰਗਦੀ ਹੈ, ਪੂਰਨ ਉਸ ਨੂੰ ਚੌਲ ਦੇ ਰੂਪ ਵਿੱਚ ਝੋਲੀ ਭਰਨ ਦਾ ਵਰ ਦਿੰਦਾ ਹੈ ਅਤੇ ਰਾਜਾ ਰਸਾਲੂ, ਇੱਕ ਪ੍ਰਸਿੱਧ ਲੋਕ ਨਾਇਕ ਲੂਣਾ ਦੀ ਕੁੱਖੋਂ ਜਨਮ ਲੈਂਦਾ ਹੈ।

     ਲੋਕਧਾਰਾ ਦੇ ਪ੍ਰਵਾਹ ਵਿੱਚ ਤੁਰਦੀ ਇਸ ਕਥਾ ਨੂੰ ਕਾਦਰਯਾਰ ਨੇ ਪਹਿਲੀ ਵਾਰ ਕਿੱਸੇ ਦੇ ਰੂਪ ਵਿੱਚ ਲਿਖਤੀ ਰੂਪ ਦਿੱਤਾ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਜੈਨ ਮੰਦਰ ਤੋਂ ਪ੍ਰਾਪਤ ਹੋਈ ਚੌਰੰਗੀ ਨਾਥ ਦੀ ਪ੍ਰਾਣ ਸੰਗਲੀ ਦੀ ਕਹਾਣੀ ਵੀ ਇਸ ਨਾਲ ਮਿਲਦੀ ਜੁਲਦੀ ਹੈ, ਜਿਸ ਵਿੱਚ ਲੂਣਾ ਪਾਤਰ ਬੀਜ ਰੂਪ ਵਿੱਚ ਪ੍ਰਾਪਤ ਹੈ। ਕਾਦਰਯਾਰ ਤੋਂ ਮਗਰੋਂ ਅਨੇਕਾਂ ਕਿੱਸਾਕਾਰਾਂ ਨੇ ਇਸ ਪਾਤਰ ਨੂੰ ਰੂਪਮਾਨ ਕੀਤਾ, ਪਰ ਕਹਾਣੀ ਕਾਦਰਯਾਰ ਵਾਲੀ ਹੀ ਰਖੀ, ਜਿਹੜੀ ਸਮਾਜਿਕ ਮਰਯਾਦਾਵਾਂ ਦੀ ਪ੍ਰੋੜ੍ਹਤਾ ਲਈ ਲੂਣਾ ਨੂੰ ਭੰਡਦੀ ਰਹੀ। ਆਧੁਨਿਕ ਕਵਿਤਾ ਦੇ ਖੇਤਰ ਵਿੱਚ ਪੂਰਨ ਸਿੰਘ ਨੇ ਆਪਣੀ ਲੰਮੀ ਕਵਿਤਾ ‘ਪੂਰਨ ਨਾਥ ਜੋਗੀ` ਵਿੱਚ ਮਾਂ-ਪੁੱਤਰ ਦੇ ਸੰਵੇਦਨਸ਼ੀਲ ਰਿਸ਼ਤੇ ਨੂੰ ਕੇਂਦਰ ਵਿੱਚ ਰੱਖ ਕੇ ਲੂਣਾ ਨੂੰ ‘ਕੂੜ’ ਦਾ ਨਾਂ ਦਿੱਤਾ ਹੈ:

ਲੂਣਾ ਅੱਗ ਦੀ ਨਾਰ, ਖਾ ਖਾ ਸ਼ੂਕਦੀ, ਸ਼ੋਖ਼ ਦੀ ਹੱਦ ਨਾਂਹ

ਤੇ ਛਲ ਬਲ ਕਰਦੀ ਲੱਖਾਂ ਉਹ ਘੜੀ ਘੜੀ

          ਕੂੜ ਕਰਦੀ ਕੂੜ ਸੋਚਦੀ ਕੂੜ ਕਲਯੁੱਗ ਦੀ ਕੀਲੀ।                          (ਪ੍ਰੋ. ਪੂਰਨ ਸਿੰਘ)

     ਜਦ ਕਿ ਦੀਦਾਰ ਸਿੰਘ ਨੇ ਆਪਣੀ ਪੁਸਤਕ ਘਾਇਲ ਸੱਧਰਾਂ ਵਿੱਚ ਲੋਕ ਕਥਾ-ਕਾਵਿ ਨੂੰ ਇੱਕ ਲੰਮੀ ਕਵਿਤਾ ਰਾਹੀਂ ਪੜਚੋਲਦਿਆਂ ਲੂਣਾ ਦੇ ਪਿਤਾ ਦੀ ਗੁਰਬਤ (ਗ਼ਰੀਬੀ) ਨੂੰ ਅਣਜੋੜ ਵਿਆਹ ਦੇ ਦੁਖਾਂਤ ਦਾ ਕਾਰਨ ਦੱਸਿਆ ਹੈ। ਸ਼ਿਵ ਕੁਮਾਰ ਨੇ ਲੂਣਾ ਵਰਗੀ ਦੁਰਕਾਰੀ ਅਤੇ ਤ੍ਰਿਸਕਾਰੀ ਪਾਤਰ ਨੂੰ ਨਵੀਆਂ ਦ੍ਰਿਸ਼ਟੀਆਂ ਦੀ ਰੋਸ਼ਨੀ ਵਿੱਚ ਲੋਕ ਕਚਹਿਰੀ ਵਿੱਚ ਮੁੜ ਨਿਆਂ ਲਈ ਖੜ੍ਹਾ ਕੀਤਾ ਹੈ। ਮੱਧ-ਕਾਲੀ ਕਥਾ ਦਾ ਨਵੀਨ ਤੇ ਕਲਾਤਮਿਕ ਰੂਪਾਂਤਰਨ ਕਰਦਿਆਂ ਉਸ ਨਾਲ ਹੋਏ ਵਿਤਕਰੇ ਨੂੰ ਨੰਗਾ ਕਰਦਿਆਂ ਰੁਤਬੇ ਅਤੇ ਸ਼ਕਤੀ ਦੀ ਦੁਰਵਰਤੋਂ ਉਪਰ ਪ੍ਰਸ਼ਨ ਚਿੰਨ੍ਹ ਲਗਾ ਕੇ ਲੂਣਾ ਦੇ ਪਾਤਰ ਨੂੰ ਨਵਾਂ ਵਿਸਤਾਰ ਦਿੱਤਾ ਹੈ :

ਪਿਤਾ ਜੇ ਧੀ ਦਾ ਰੂਪ ਹੰਢਾਵੇ

ਤਾਂ ਲੋਕਾਂ ਨੂੰ ਲਾਜ ਨਾ ਆਵੇ

ਜੇ ਲੂਣਾ ਪੂਰਨ ਨੂੰ ਚਾਹਵੇ

ਚਰਿਤ੍ਰਹੀਣ ਕਹੇ ਕਿਉਂ ਜੀਭ ਜਹਾਨ ਦੀ?

ਚਰਿਤ੍ਰਹੀਣ ਤੇ ਤਾਂ ਕੋਈ ਆਖੇ

ਜੇਕਰ ਲੂਣਾ ਵੇਚੇ ਹਾਸੇ

ਪਰ ਜੇ ਹਾਣ ਨਾ ਲੱਭਣ ਮਾਪੇ

          ਹਾਣ ਲੱਭਣ ਵਿੱਚ ਗੱਲ ਕੀ ਹੈ ਅਪਮਾਨ ਦੀ?  

(‘ਲੂਣਾ’ ਸ਼ਿਵ ਕੁਮਾਰ)


ਲੇਖਕ : ਜਗਦੀਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲੂਣਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੂਣਾ (ਨਾਂ,ਇ) ਰਾਜੇ ਸਲਵਾਨ ਦੀ ਸਭ ਤੋਂ ਛੋਟੀ ਰਾਣੀ ਅਤੇ ਪੂਰਨ ਭਗਤ ਦੀ ਮਤਰੇਈ ਮਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੂਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੂਣਾ 1 [ਨਿਇ] ਸਿਆਲਕੋਟ ਦੇ ਰਾਜੇ ਸਲਵਾਨ ਦੀ ਪਤਨੀ ਅਤੇ ਪੂਰਨ ਭਗਤ ਦੀ ਮਤਰੇਈ ਮਾਂ 2 [ਵਿਸ਼ੇ] ਲੂਣ ਵਾਲ਼ਾ , ਨਮਕ ਵਾਲ਼ਾ, ਨਮਕੀਨ, ਸਲੂਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.