ਲਹਿਣਾ ਸਿੰਘ ਸੰਧਾਵਾਲੀਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਹਿਣਾ ਸਿੰਘ ਸੰਧਾਵਾਲੀਆ (ਮ. 1843 ਈ.): ਲਾਹੌਰ ਦਰਬਾਰ ਨੂੰ ਤਬਾਹੀ ਦੇ ਮਾਰਗ ਉਤੇ ਅਗੇ ਧਕਣ ਵਾਲੇ ਸਰਦਾਰਾਂ ਵਿਚੋਂ ਇਕ, ਜਿਸ ਦਾ ਜਨਮ ਸ. ਅਮੀਰ ਸਿੰਘ ਸੰਧਾਵਾਲੀਏ ਦੇ ਘਰ ਹੋਇਆ। ਮਹਾਰਾਜਾ ਰਣਜੀਤ ਸਿੰਘ ਦਾ ਨਿਕਟਵਰਤੀ ਰਿਸ਼ਤੇਕਾਰ ਹੋਣ ਕਾਰਣ ਇਸ ਦੀ ਲਾਹੌਰ ਦਰਬਾਰ ਵਿਚ ਕਾਫ਼ੀ ਪ੍ਰਤਿਸ਼ਠਾ ਸੀ। ਕੰਵਰ ਨੌ ਨਿਹਾਲ ਸਿੰਘ ਦੀ ਮ੍ਰਿਤੂ ਤੋਂ ਬਾਦ ਰਾਜ-ਗੱਦੀ ਹਾਸਲ ਕਰਨ ਦੇ ਸੰਘਰਸ਼ ਵਿਚ ਇਸ ਨੇ ਅਤਰ ਸਿੰਘ ਅਤੇ ਅਜੀਤ ਸਿੰਘ ਸਹਿਤ ਰਾਣੀ ਚੰਦ ਕੌਰ ਦਾ ਸਾਥ ਦਿੱਤਾ। ਪਰ ਸ਼ੇਰ ਸਿੰਘ ਦੇ ਮਹਾਰਾਜਾ ਬਣ ਜਾਣ ਕਾਰਣ ਇਨ੍ਹਾਂ ਦੇ ਲਾਹੌਰ ਦਰਬਾਰ ਤੋਂ ਪੈਰ ਉਖੜ ਗਏ। ਇਸ ਦੀਆਂ ਦੇਸ਼-ਵਿਰੋਧੀ ਕਾਰਵਾਈਆਂ ਕਰਕੇ ਜਨਵਰੀ 1842 ਈ. ਵਿਚ ਇਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਆਪਸੀ ਸੰਬੰਧ ਸੁਧਰਨ ਨਾਲ ਸਤੰਬਰ 1842 ਈ. ਵਿਚ ਇਸ ਨੂੰ ਮੁਕਤ ਕੀਤਾ ਗਿਆ ਅਤੇ ਅੰਗ੍ਰੇਜ਼ੀ ਇਲਾਕੇ ਵਿਚ ਪਨਾਹ ਲਈ ਬੈਠੇ ਅਤਰ ਸਿੰਘ ਅਤੇ ਅਜੀਤ ਸਿੰਘ ਨੂੰ ਪੰਜਾਬ ਪਰਤਣ ਲਈ ਕਹਿ ਦਿੱਤਾ ਗਿਆ। ਪਰ ਇਨ੍ਹਾਂ ਨੇ ਆਪਣੇ ਮਨ ਵਿਚੋਂ ਸ਼ੇਰ ਸਿੰਘ ਪ੍ਰਤਿ ਦੁਸ਼ਮਣੀ ਦੀ ਭਾਵਨਾ ਨੂੰ ਖ਼ਤਮ ਨ ਕੀਤਾ।
15 ਸਤੰਬਰ 1843 ਈ. ਨੂੰ ਮਹਾਰਾਜਾ ਸ਼ੇਰ ਸਿੰਘ ਸ਼ਾਹ ਬਿਲਾਵਲ ਦੀ ਬਾਰਾਦਰੀ ਵਿਚ ਫ਼ੌਜ ਦਾ ਨਿਰੀਖਣ ਕਰ ਰਿਹਾ ਸੀ ਅਤੇ ਉਸ ਦਾ ਲੜਕਾ ਕੰਵਰ ਪ੍ਰਤਾਪ ਸਿੰਘ, ਜਵਾਲਾ ਸਿੰਘ ਦੇ ਨੇੜਲੇ ਬਾਗ਼ ਵਿਚ ਤੁਲਾ-ਦਾਨ ਕਰਨ ਵਿਚ ਰੁਝਿਆ ਹੋਇਆ ਸੀ। ਅਜੀਤ ਸਿੰਘ ਆਪਣੇ ਸੈਨਿਕ ਦਸਤੇ ਸਹਿਤ ਮਹਾਰਾਜੇ ਪਾਸ ਪਹੁੰਚਿਆ ਅਤੇ ਇਕ ਨਵੀਂ ਕਾਰਬਾਈਨ ਦਿਖਾਉਣ ਦੇ ਪਜ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ। ਗੋਲੀ ਦੀ ਆਵਾਜ਼ ਸੁਣ ਕੇ ਬਾਗ਼ ਵਿਚ ਲੁਕੇ ਹੋਏ ਲਹਿਣਾ ਸਿੰਘ ਨੇ ਕੰਵਰ ਪ੍ਰਤਾਪ ਸਿੰਘ ਦਾ ਸਿਰ ਵਢ ਲਿਆ। ਉਸ ਦੇ ਸਿਰ ਨੂੰ ਘੋੜੇ ਦੀ ਕਾਠੀ ਨਾਲ ਬੰਨ੍ਹ ਕੇ ਇਹ ਅਜੀਤ ਸਿੰਘ ਪਾਸ ਗਿਆ ਅਤੇ ਦੋਵੇਂ ਕਿਲ੍ਹੇ ਵਲ ਤੁਰ ਪਏ। ਰਸਤੇ ਵਿਚ ਮਿਲੇ ਰਾਜਾ ਧਿਆਨ ਸਿੰਘ ਨੂੰ ਮਾਰ ਕੇ ਇਹ ਕਿਲ੍ਹੇ ਵਿਚ ਪਹੁੰਚੇ ਅਤੇ ਦਲੀਪ ਸਿੰਘ ਨੂੰ ਮਹਾਰਾਜਾ ਘੋਸ਼ਿਤ ਕਰਕੇ ਅਜੀਤ ਸਿੰਘ ਨੂੰ ਵਜ਼ੀਰ ਬਣਾਇਆ। ਜਦੋਂ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਪਤਾ ਲਗਾ ਤਾਂ ਉਹ ਫ਼ੌਜਾਂ ਨੂੰ ਨਾਲ ਲੈ ਕੇ 16 ਸਤੰਬਰ 1843 ਈ. ਨੂੰ ਸਵੇਰੇ ਕਿਲ੍ਹੇ ਉਤੇ ਆ ਚੜ੍ਹਿਆ। ਅਜੀਤ ਸਿੰਘ ਨੂੰ ਕਿਲ੍ਹੇ ਦੀ ਦੀਵਾਰ ਤੋਂ ਰੱਸੀ ਨਾਲ ਉਤਰਦਿਆਂ ਗੋਲੀ ਮਾਰੀ ਗਈ। ਲਹਿਣਾ ਸਿੰਘ ਨੂੰ ਤਹਿਖ਼ਾਨੇ ਵਿਚੋਂ ਕਢ ਕੇ ਕਤਲ ਕੀਤਾ ਗਿਆ ਅਤੇ ਇਸ ਦੀ ਦੇਹ ਨੂੰ ਰੱਸੀ ਨਾਲ ਬੰਨ੍ਹ ਕੇ ਲਾਹੌਰ ਦੀਆਂ ਗਲੀਆਂ ਵਿਚ ਘਸੀਟਵਾਇਆ ਗਿਆ। ਫਿਰ ਇਸ ਦੇ ਸ਼ਰੀਰ ਦੇ ਟੁਕੜਿਆਂ ਨੂੰ ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਉਤੇ ਲਟਕਵਾਇਆ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First