ਰਜ਼ਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਜ਼ਾ (ਨਾਂ,ਇ) ਮਰਜ਼ੀ; ਇਜ਼ਾਜ਼ਤ; ਰੱਬ ਦਾ ਭਾਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਜ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਜ਼ਾ [ਨਾਂਇ] ਮਰਜ਼ੀ , ਭਾਣਾ , ਰੱਬ ਦਾ ਭਾਣਾ, ਹੁਕਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਜ਼ਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਜ਼ਾ: ਅਰਬੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ—ਪਰਮਾਤਮਾ ਦੀ ਪ੍ਰਸੰਨਤਾ, ਖ਼ੁਸ਼ਨੂਦੀ, ਭਾਣਾ ਜਾਂ ਇੱਛਾ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਈਸ਼ਵਰੀ ਇੱਛਾ ਜਾਂ ਭਾਣੇ ਲਈ ਹੋਈ ਹੈ—ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ (ਗੁ.ਗ੍ਰੰ.141); ਸੋ ਕਰੇ ਜਿ ਤਿਸੈ ਰਜਾਇ (ਗੁ.ਗ੍ਰੰ.475)। ਇਸ ਭਾਵ ਦੇ ਸੂਚਕ ‘ਰਜਾਇ’, ‘ਰਜਾਈ ’ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ। ਵੇਖੋ ‘ਭਾਣਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਜ਼ਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਜ਼ਾ : ਵੇਖੋ ‘ਹੁਕਮ’

ਹੁਕਮ :  ਗੁਰਬਾਣੀ ਵਿਚ ‘ਹੁਕਮ’ ਸ਼ਬਦ ਪਾਰਿਭਾਸ਼ਕ ਰੂਪ ਵਿਚ ਵਰਤਿਆ ਗਿਆ ਹੈ । ਗੁਰੂ ਨਾਨਕ ਸਾਹਿਬ ਨੇ ‘ਜਪੁਜੀ’ ਵਿਚ ਲਿਖਿਆ ਹੈ–‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।’ ਇਸ ਲਈ ‘ਹੁਕਮ’ ਦੇ ਨਾਲ ਨਾਲ ਰਜ਼ਾ ਜਾਂ ਭਾਣਾ ਸ਼ਬਦਾਂ ਦੀ ਵਰਤੋਂ ਕੀਤੀ ਮਿਲ ਜਾਂਦੀ ਹੈ। ਫਲਸਰੂਪ ਇਸ ਸੰਦਰਭ ਵਿਚ ਇਨ੍ਹਾਂ ਦੋ ਸ਼ਬਦਾਂ ਨੂੰ ਵਿਚਾਰਨਾ ਵੀ ਬੜਾ ਜ਼ਰੂਰੀ ਹੈ।

          ‘ਹੁਕਮ’ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਫ਼ਰਮਾਨ’। ਕੁਰਾਨਿਕ ਸਾਹਿੱਤ ਵਿਚ ਇਸ ਦੀ ਵਰਤੋਂ ਸ਼ਾਹੀ ਅਥਵਾ ਇਲਾਹੀ ਆਦੇਸ਼ ਲਈ ਹੋਈ ਹੈ। ਇਹ ਸ਼ਬਦ ਇਸੇ ਭਾਵ–ਭੂਮੀ ਸਹਿਤ ਭਾਰਤੀ ਭਾਸ਼ਾਵਾਂ ਵਿਚ ਮੁਸਲਮਾਨਾਂ ਦੇ ਆਉਣ ਨਾਲ ਪ੍ਰਚੱਲਿਤ ਹੋਇਆ। ਮੱਧਯੁਗ ਦੇ ਧਰਮ–ਸਾਧਕਾਂ ਵਿਚੋਂ ਗੁਰੂ ਨਾਨਕ ਦੇਵ ਨੇ ਸਭ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਅਤੇ ਸ਼ਰਧਾ ਤੇ ਭਗਤੀ ਭਾਵਨਾ ਦੀ ਅੰਮ੍ਰਿਤ–ਧਾਰਾ ਨਾਲ ਸਿੰਜ ਕੇ ਇਸ ਨੂੰ ਇਕ ਬਿਲਕੁਲ ਨਵਾਂ ਅਤੇ ਮੌਲਿਕ ਅਰਥ ਪ੍ਰਦਾਨ ਕੀਤਾ ਅਤੇ ਇਸ ਤਰ੍ਹਾਂ ਗੁਰਬਾਣੀ ਦਾ ਇਹ ਇਕ ਪਰਿਭਾਸ਼ਕ ਸ਼ਬਦ ਬਣ ਗਿਆ।

          ਗੁਰਬਾਣੀ ਵਿਚ ਰੁਚੀ ਵਾਲੇ ਵਿਦਵਾਨਾਂ ਨੇ ਇਸ ਦੀ ਵੱਖਰੇ ਵੱਖਰੇ ਢੰਗ ਨਾਲ ਵਿਆਖਿਆ ਕੀਤੀ ਹੈ। ਕਿਸੇ ਨੇ ਇਸ ਨੂੰ ਸ੍ਰਿਸ਼ਟੀ ਵਿਧਾਨ (Universal Order) ਕਿਹਾ, ਤੇ ਕਿਸੇ ਨੇ ਈਸ਼ਵਰੀ ਇੱਛਾ (Divine Will) ਦਾ ਸੂਚਕ ਦੱਸਿਆ। ਇਸ ਤਰ੍ਹਾਂ ਪਰਮਾਤਮਾ ਦਾ ਸਮੁੱਚਾ ਵਿਧਾਨ (Over all Order of the Lord,) ਈਸ਼ਵਰੀ ਨਿਯਮ ਸਮੂਹ (A set of the laws of God), ਦੈਵੀ ਵਿਧਾਨ (Divine Order) ਨਿਰਦੇਸ਼ਕ ਸਿਧਾਂਤ ਅਤੇ ਨਿਯੰਤਰਿਕ ਨਿਯਮ (Guiding Principle and Controlling Law of Universe), ਈਸ਼ਵਰੀ ਸ਼ਕਤੀ, ਆਦਿ ਅਰਥ ਕੀਤੇ ਹਨ। ਅਸਲ ਵਿਚ, ‘ਹੁਕਮ’ ‘ਹੁਕਮੀ’ ਦਾ ਪ੍ਰਤੀਕ ਹੈ, ਦੋਹਾਂ ਦੀਆਂ ਵਿਸ਼ੇਸ਼ਤਾਵਾਂ ਇਕ–ਸਾਮਨ ਹਨ। ‘ਜਪੁਜੀ’ ਅਨੁਸਾਰ ਹੁਕਮ ਵਰਣਨ ਤੋਂ ਪਹੇ ਹੈ (‘ਹੁਕਮ ਨ ਕਹਿਆ ਜਾਈ’)। ਇਸ ਦੇ ਸਾਹਮਣੇ ਸਾਰਿਆਂ ਨੂੰ ਆਤਮ–ਸਮਰਪਣ ਕਰਨਾ ਪੈਂਦਾ ਹੈ ਅਤੇ ਜੋ ਅਜਿਹਾ ਕਰਦਾ ਹੈ ਉਹ ‘ਸਚਿਆਰ’ ਜਾਂ ‘ਸਦਾਚਾਰੀ’ ਦੀ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ।

          ‘ਹੁਕਮ ਦੇ ਨਾਲ ਨਾਲ ‘ਰਜ਼ਾ’ ਸ਼ਬਦ ਦੀ ਵਰਤੋਂ ਵੀ ਹੋਈ ਹੈ। ਇਹ ਵੀ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਪ੍ਰਸੰਨਤਾ, ਰਜ਼ਾਮੰਦੀ। ਸੂਫ਼ੀਆਂ ਦੀ ਸ਼ਬਦਾਵਲੀ ਵਿਚ ਈਸ਼ਵਰੀ ਹੁਕਮ ਨਾਲ ਮਨੁੱਖ ਉੱਪਰ ਤੰਗੀ ਜਾਂ ਉਦਾਰਤਾ ਸਹਿਤ ਜੋ ਵਾਰਿਦ ਹੋਵੇ (ਉਤਰੇ) ਜਾਂ ਪਰਮਾਤਮਾ ਵੱਲੋਂ ਜੋ ਪ੍ਰਾਪਤ ਹੋਵੇ ਉਸ ਉੱਤੇ ਰਾਜ਼ੀ ਹੋਣਾ ਅਤੇ ਉਸ ਵਿਚ ਪ੍ਰਸੰਨ ਰਹਿਣਾ ‘ਰਜ਼ਾ’ ਹੈ। ‘ਕਸ਼ਫੁੱਲ ਮਹਿਜੂਬ’ ਵਿਚ ਸੂਫ਼ੀ ਦੇ ਵਿਸ਼ੇਸ਼ ਗੁਣ ਦੱਸੇ ਗਏ ਹਨ–‘ਰਜ਼ਾ’ ਅਤੇ ‘ਸਬਰ’। ਉੱਥੇ ‘ਰਜ਼ਾ’ ਨੂੰ ਤਪੱਸਿਆਂ ਤੋਂ ਉੱਤਮ ਸਿੱਧ ਕੀਤਾ ਗਿਆ ਹੈ ਕਿਉਂਕਿ ਕਿ ‘ਤਪੱਸਿਆ’ ਸਕਾਮ(ਕਾਮਨਾ ਸਹਿਤ) ਹੁੰਦੀ ਹੈ, ਪਰ ‘ਰਜ਼ਾਂ’ ਨੂੰ ਮੰਨਣ ਨਾਲ ਸਾਰੀਆਂ ਇੱਛਾਵਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਹਨ। ਅਨੇਕ ਸੂਫ਼ੀ ਗ੍ਰੰਥਾਂ ਵਿਚ ‘ਰਜ਼ਾ’ ਦੇ ਮਹੱਤਵ ਦੀ ਸਥਾਪਨਾ ਹੋਈ ਹੈ। ਗੁਰੂ ਨਾਨਕ ਦੇਵ ਨੇ ਇਸ ਸ਼ਬਦ ਦੀ ਭਾਵ–ਗੰਭੀਰਤਾ ਤੋਂ ਪ੍ਰਭਾਵਤ ਹੋ ਕੇ ਪਹਿਲੀ ਵਾਰ ਇਸ ਦੀ ਵਰਤੋਂ ਆਪਣੀ ਬਾਣੀ ਵਿਚ ਕੀਤੀ ਹੈ।

          ‘ਭਾਣਾ’ ਸ਼ਬਦ ਵੀ ਗੁਰਬਾਣੀ ਵਿਚ ਆਮ ਵਰਤਿਆ ਗਿਆ ਹੈ, ਇਸ ਦਾ ਅਰਥ ਵੀ ਇਸ਼ਵਰੀ ਹੁਕਮ, ਪਰਮਾਤਮਾ ਦੀ ਇੱਛਾ ਜਾਂ ਮਰਜ਼ੀ ਕੀਤੀ ਜਾਂਦੀ ਹੈ। ਕੁਝ ਲੋਕ ਇਸ ਦੀ ਵਿਉਤਪੱਤੀ ਸੰਸਕ੍ਰਿਤ ਦੀ ‘ਭਣ੍’ ਧਾਤੂ ਤੋਂ ਮੰਨਦੇ ਹਨ ਜਿਸ ਦਾ ਅਰਥ ਹੁੰਦਾ ਹੈ ਕਹਿਣਾ, ਵਰਣਨ ਕਰਨਾ, ਪਰ ‘ਭਣ੍’ ਨਾਲੋਂ ਇਸ ਸ਼ਬਦ ਦੀ ਵਿਉਤਪੱਤੀ ਸੰਸਕ੍ਰਿਤ ਦੇ ਭਾਵਨਾ (ਅਰਥਾਤ ਇੱਛਾ) ਸ਼ਬਦ ਤੋਂ ਜ਼ਿਆਦਾ ਸੰਭਾਵਿਤ ਹੈ। ਸਿੱਖ ਧਰਮ ਗ੍ਰੰਥਾਂ ਅਤੇ ਗੁਰਬਾਣੀ ਦੇ ਵਿਆਖਿਆਤਮਕ ਸਾਹਿੱਤ ਵਿਚ ‘ਰਜ਼ਾ’ ਅਤੇ ‘ਭਾਣਾ’ ਦੋਵੇਂ ਗੁਰਬਾਣੀ ਵਿਚ ਸਮਾਨਾਰਥਕ ਰੂਪ ਵਿਚ ਵਰਤੇ ਗਏ ਹਨ। ਇਨ੍ਹਾਂ ਵਿਚ ਕੋਈ ਸਪਸ਼ਟ ਅਰਥਗਤ ਭੇਦ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ।

          ਅਸਲ ਵਿਚ ‘ਹੁਕਮ’, ‘ਰਜ਼ਾ’ ਅਤੇ ‘ਭਾਣਾ’–ਇਹ ਤਿੰਨੋਂ ਪਰਮਸੱਤਾ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਤਿੰਨਾਂ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਹੁਕਮ ਦੇ ਪਿੱਛੇ ਈਸ਼ਵਰੀ ਇੱਛਾ ਮੌਜੂਦ ਹੈ। ਜੇ ਇੱਛਾ ਨਾ ਹੋਵੇ ਤਾਂ ‘ਹੁਕਮ’ ਦਾ ਉਪਾਦਨ ਕਾਰਣ ਹੀ ਖ਼ਤਮ ਹੋ ਜਾਂਦਾ ਹੈ। ਜੇ ਇਨ੍ਹਾਂ ਤਿੰਨਾਂ ਵਿਚ ਕੋਈ ਅੰਤਰ ਹੈ ਤਾਂ ਕੇਵਲ ਪ੍ਰਕ੍ਰਿਆ  (process) ਦਾ ਹੈ। ‘ਰਜ਼ਾ’ ਅਤੇ ‘ਭਾਣਾ’ ਪਰਮਾਤਮਾ ਦੀ ਸਹਿਜ ਵ੍ਰਿਤੀ ਹੈ। ਜਦ ਇਹ ਵ੍ਰਿਤੀ ਆਪਣੀ ਸਹਿਜ ਅਵਸਥਾ ਤੋਂ ਹਟ ਕੇ ਜਾਂ ਇਸ ਦੀ ਸੀਮਾ ਦਾ ਉਲੰਘਣ ਕਰਕੇ ਕੋਈ ਕ੍ਰਿਆਤਮਕ ਰੂਪ ਧਾਰਣ ਕਰਦੀ ਹੈ ਤਾਂ ਉਹ ‘ਹੁਕਮ’ ਬਣ ਜਾਂਦੀ ਹੈ। ਫਲਸਰੂਪ, ‘ਰਜ਼ਾ’ ਅਥਵਾ ‘ਭਾਣਾ’ ਦਾ ਦਾਰਸ਼ਨਿਕ ਸ਼ੈਲੀ ਵਿਚ ‘ਹੁਕਮ’ ਦੇ ਨਾਲ ਕਾਰਣ –ਕਾਰਜ ਸੰਬੰਧ ਹੈ। ਜਿਵੇਂ ਜਲ (ਕਾਰਣ ) ਅਤੇ ਜਲਤਰੰਗ (ਕਾਰਜ) ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ, ਉਸੇ ਤਰ੍ਹਾਂ ‘ਰਜ਼ਾ’ ਜਾਂ ‘ਭਾਣਾ’ (ਕਾਰਣ) ਅਤੇ ‘ਹੁਕਮ’ (ਕਾਰਜ) ਵਿਚ ਕੋਈ ਅੰਤਰ ਨਹੀਂ ਹੈ। ਪਰ ਜਿਵੇਂ ਜਲ ਅਤੇ ਜਲ–ਤਰੰਗ ਵਿਚ ਵਿਵਹਾਰਕ ਰੂਪ ਵਿਚ ਅੰਤਰ ਹੈ ਉਸੇ ਤਰ੍ਹਾਂ ‘ਹੁਕਮ’ ਅਤੇ ‘ਰਾਜ਼ਾ’ ਜਾਂ ‘ਭਾਣਾ’ ਵਿਚ ਵਿਵਹਾਰਕ ਅੰਤਰ ਅਵੱਸ਼ ਹੈ। ਇਸ ਲਈ ਹੁਕਮ ਈਸ਼ਵਰੀ ਭਾਣਾ ਜਾਂ ਰਜ਼ਾ ਨੂੰ ਕ੍ਰਿਆਤਮਕ ਰੂਪ ਪ੍ਰਦਾਨ ਕਰਨ ਵਾਲਾ ਇਕ ਅਨੁਸ਼ਾਸਨਿਕ ਵਿਧਾਨ ਹੈ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਅਨੁਸਾਰ ਹੁਕਮ, ਭਾਣਾ ਅਤੇ ਰਾਜ਼ਾ ਦੇ ਅਨੁਰੂਪ  ਜੀਵਨ ਬਿਤਾਉਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਨਾਲ ਨਿਰਮਲ ਭਉ (ਭੈ–ਭਾਵ) ਦਾ ਵਿਕਾਸ ਹੁੰਦਾ ਹੈ, ਹੰਕਾਰ ਦੀ ਭਾਵਨਾ ਨਸ਼ਟ ਹੁੰਦੀ ਹੈ। ਸਾਧਕ ਦੇ ਵਿਅਕਤਿਤਵ ਵਿਚ ਹਲੀਮੀ, ਨਿਮਰਤਾ ਆਦਿ ਵ੍ਰਿਤੀਆਂ ਦਾ ਸੰਚਾਰ ਹੁੰਦਾ ਹੈ ਅਤੇ ਉਹ ਪਰਮਾਤਮਾ ਦੀ ਸ਼ਰਣ ਵਿਚ ਜਾ ਕੇ ਪੂਰੀ ਤਰ੍ਹਾਂ ਆਤਮ–ਸਮਰਪਣ ਕਰ ਦਿੰਦਾ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਵਰਤੋਂ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਹੋਈ ਹੈ ਜਿਵੇਂ “ਘਟਿ ਘਟਿ ਬੈਸਿ ਨਿਰੰਤਰਿ ਰਹੀਐ, ਚਾਲਹਿ ਸਤਿਗੁਰ ਭਾਏ। ਸਹਜੇ ਆਏ, ਹੁਕਮਿ ਸਿਧਾਏ ਨਾਨਕ ਸਦਾ ਰਜਾਏ।” (ਆ. ਗ੍ਰੰਥ, ਪੰਨਾ ੯੩੮)। ਹੁਕਮ ਤੋਂ ਹੀ ਸਾਰੀ ਸ਼ਿੑਸ਼ਟੀ ਦੀ ਉਤਪੱਤੀ ਮੰਨੀ ਗਈ ਹੈ। (‘ਹੁਕਮੀ ਹੋਵਨਿ ਆਕਾਰ’–ਜਪੁਜੀ) । ਬਾਕੀ ਗੁਰੂਆਂ ਨੇ ਵੀ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਗੁਰੂ ਅਰਜਨ ਦੇਵ ਨੇ ਸੰਸਾਰ ਦੀ ਸਾਰੀ ਗਤਿ–ਵਿਧੀ ‘ਹੁਕਮ’ ਜਾਂ ‘ਭਾਣੇ’ ਦੇ ਅਧੀਨ ਦੱਸੀ ਹੈ, ਇੱਥੋਂ ਤਕ ਕਿ ਪਰਮਾਤਮਾ ਦਾ ਗੁਣਗਾਨ, ਜਪੁ, ਧਿਆਨ, ਬ੍ਰਹਮ–ਗਿਆਨ ਆਦਿ ਸਭ ਦੀ ਪ੍ਰਾਪਤੀ ਇਸੇ ਦੁਆਰਾ ਅਨੁਸ਼ਾਸਿਤ ਹੈ। ਉਨ੍ਹਾਂ ਨੇ ਹੋਰ ਵੀ ਕਿਹਾ ਹੈ–“ਜੋ ਕਿਛੁ ਵਰਤੈ ਸਭ ਤੇਰਾ ਭਾਣਾ, ਹੁਕਮੁ ਬੂਝੈ ਸੋ ਸਚਿ ਸਮਾਣਾ” (ਆ. ਗ੍ਰੰਥ , ਪੰਨਾ ੧੯੩) । ਇਸ ਲਈ ਗੁਰਬਾਣੀ ਵਿਚ ਬਾਰ ਬਾਰ ‘ਹੁਕਮ’, ‘ਰਜ਼ਾ’ ਜ਼ਾਂ ‘ਭਾਣਾ’ ਨੂੰ ਮੰਨਣ ਲਈ ਬਲ ਦਿੱਤਾ ਗਿਆ ਹੈ ਅਤੇ ਸਪਸ਼ਟ ਕਿਹਾ ਗਿਆ ਹੈ ਉਸੇ ਵਿਅਕਤੀ ਨੂੰ ਪਰਮਾਤਮਾ ਦੀ ਦਰਗਾਹ ਵਿਚ ਪ੍ਰਮਾਣਿਕਤਾ ਦਾ ਚਿੰਨ੍ਹ ਪ੍ਰਾਪਤ ਹੋ ਸਕਦਾ ਹੈ ਜੋ ਹੁਕਮ ਜਾਂ ਭਾਣੇ ਅਨੁਸਾਰ ਚਲਦਾ ਹੈ–‘ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣ’।

          [ਸਹਾ. ਗ੍ਰੰਥ–ਭਾਈ ਜੋਧ ਸਿੰਘ, ਪ੍ਰੋ: ਗੁਚਬਚਨ ਸਿੰਘ ਤਾਲਿਬ: ‘ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਦਾ ਸੰਕਲਪ’; ਡਾ.ਗੁਰਸ਼ਰਨ–ਕੌਰ–ਜੱਗੀ: ‘ਗੁਰੂ ਨਾਨਕ ਬਾਣੀ ਦਾ ਸਿਧਾਂਤਿਕ ਵਿਸ਼ਲੇਸ਼ਣ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.