ਰੇਖਾ-ਚਿੱਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੇਖਾ-ਚਿੱਤਰ : ਰੇਖਾ-ਚਿੱਤਰ ਆਧੁਨਿਕ ਪੰਜਾਬੀ ਸਾਹਿਤ ਦਾ ਨਵਾਂ ਤੇ ਨਵੇਕਲਾ ਸਾਹਿਤ ਰੂਪ ਹੈ। ਰੇਖਾ ਚਿੱਤਰ ਦੇ ਸ਼ਬਦੀ ਅਰਥਾਂ ਨੂੰ “ਸਕੈੱਚ” (Sketch) ਦੇ ਅਰਥਾਂ ਵਿੱਚ ਵੀ ਸਮਝਿਆ ਜਾਂਦਾ ਹੈ ਜੋ ਪੂਰਨ ਤੌਰ ‘ਤੇ ਠੀਕ ਨਹੀਂ। ਦਾ ਰੈਨਡਿਮ ਹਾਊਸ ਡਿਕਸ਼ਨਰੀ ਆਫ਼ ਇੰਗਲਿਸ਼ ਲੈਂਗੂਏਜ਼ ਵਿੱਚ ਸਕੈੱਚ ਨੂੰ ਕਿਸੇ ਵਿਅਕਤੀ-ਵਿਸ਼ੇਸ਼ ਦੇ ਜੀਵਨ ਦੀਆਂ ਕਾਹਲੀ ਨਾਲ ਲਿਖੀਆਂ/ਉਕਰੀਆਂ ਘਟਨਾਵਾਂ ਤੇ ਤੱਥਾਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਜਦ ਕਿ ਰੇਖਾ-ਚਿੱਤਰ ਸਾਹਿਤ-ਰੂਪ ਵਿੱਚ ਕਿਸੇ ਵਿਅਕਤੀ, ਘਟਨਾ ਜਾਂ ਸਥਾਨ ਵਿਸ਼ੇਸ਼ ਦਾ ਅਜਿਹਾ ਸੱਚਾ-ਸੁੱਚਾ ਵੇਰਵਾ ਤੇ ਬਿਰਤਾਂਤ ਪ੍ਰਸਤੁਤ ਕਰਦਾ ਹੈ ਜੋ ਨਾ ਤੱਥਾਂ ’ਤੇ ਆਧਾਰਿਤ ਹੁੰਦਾ ਹੈ ਅਤੇ ਨਾ ਹੀ ਨਿਰੋਲ ਕਲਪਨਾ ਉੱਤੇ। ਇਸ ਸਾਹਿਤ ਰੂਪ ਵਿੱਚ ਸੱਚੇ ਤੱਥ ਅਤੇ ਲੇਖਕ ਦੀ ਕਲਪਨਾ ਸ਼ਕਤੀ ਦਾ ਸੁੰਦਰ ਸੁਮੇਲ ਰੂਪਮਾਨ ਹੋਣਾ ਹੁੰਦਾ ਹੈ।

     ਸਿਧਾਂਤਿਕ ਤੌਰ ’ਤੇ ਭਾਵੇਂ ਰੇਖਾ ਚਿੱਤਰ ਨੂੰ ਘਟਨਾ, ਸਥਾਨ, ਦ੍ਰਿਸ਼ ਜਾਂ ਵਿਅਕਤੀ-ਵਿਸ਼ੇਸ਼ ਦੇ ਨਕਸ਼ਾਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਨ ਵਜੋਂ ਪਛਾਣਿਆ ਜਾਂਦਾ ਹੈ ਪਰ ਪੰਜਾਬੀ ਸਾਹਿਤ ਵਿੱਚ ਰੇਖਾ-ਚਿੱਤਰ ਸਾਹਿਤ ਰੂਪ ਕਿਸੇ ਵਿਸ਼ੇਸ਼ ਸ਼ਖ਼ਸੀਅਤ ਦੇ ਨਵੇਕਲੇ ਰੰਗਾਂ ਨੂੰ ਭਾਸ਼ਾ ਰਾਹੀਂ ਰੇਖਾਂਕਤ ਕਰਨ ਵਜੋਂ ਸਾਮ੍ਹਣੇ ਆਏ ਹਨ। ਪੰਜਾਬੀ ਰੇਖਾ-ਚਿੱਤਰ ਲਿਖਣ ਦਾ ਅਰੰਭ ਵਡੇਰੇ, ਸੁੱਚੇ ਤੇ ਨਿੱਜੀ ਸੰਪਰਕ ਵਾਲੇ ਵਿਅਕਤੀਆਂ ਦੇ ਵਿਹਾਰ ਅਤੇ ਉਹਨਾਂ ਦੇ ਚਰਿੱਤਰ ਨੂੰ ਨਿੱਜੀ ਛੋਹਾਂ ਰਾਹੀਂ ਸ਼ਬਦਾਂ ਵਿੱਚ ਬੰਨ੍ਹ ਕੇ ਪ੍ਰਸਤੁਤ ਕਰਨ ਵਜੋਂ ਹੋਇਆ।

     ਰੇਖਾ-ਚਿੱਤਰ ਸਾਹਿਤ ਦਾ ਉਹ ਰੂਪ ਹੈ ਜਿਸ ਨੂੰ ਵਾਰਤਕ ਅਤੇ ਕਵਿਤਾ ਦੋਹਾਂ ਵਿੱਚ ਲਿਖਿਆ ਜਾਂਦਾ ਹੈ ਭਾਵੇਂ ਕਿ ਵਾਰਤਕ ਵਿੱਚ ਰੇਖਾ-ਚਿੱਤਰ ਵਧੇਰੇ ਲਿਖੇ ਗਏ ਤੇ ਵਧੇਰੇ ਪੜ੍ਹੇ ਗਏ ਹਨ ਤੇ ਵਾਰਤਕ ਵਿੱਚ ਲਿਖੇ ਰੇਖਾ-ਚਿੱਤਰਾਂ ਨੂੰ ਮਾਨਤਾ ਵੀ ਜ਼ਿਆਦਾ ਮਿਲੀ ਪਰ ਪੰਜਾਬੀ ਕਵਿਤਾ ਦੇ ਮਾਧਿਅਮ ਰਾਹੀਂ ਵੀ ਵਿਸ਼ੇਸ਼ ਵਿਅਕਤੀਆਂ ਦੀ ਸ਼ਖ਼ਸੀਅਤ ਨੂੰ ਪੇਸ਼ ਕਰਨ ਦਾ ਅਮਲ ਰੇਖਾ-ਚਿੱਤਰ ਵਜੋਂ ਸਾਮ੍ਹਣੇ ਆਉਂਦਾ ਰਿਹਾ ਹੈ।

     ਰੇਖਾ-ਚਿੱਤਰ ਸਾਹਿਤ ਰੂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਜੀਵਨੀ ਤੇ ਕਹਾਣੀ ਸਾਹਿਤ-ਰੂਪਾਂ ਵਾਲੀ ਨਿਰੰਤਰਤਾ, ਰੋਚਕਤਾ ਅਤੇ ਨਿਬੰਧ ਵਾਲੀ ਵਿਚਾਰ ਦੀ ਭਰਪੂਰਤਾ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਲੇਖਕ ਦੀ ਸਮਰੱਥਾ ਉਪਰ ਨਿਰਭਰ ਕਰਦਾ ਹੈ ਕਿ ਉਹ ਰੇਖਾ- ਚਿੱਤਰ ਦੇ ਨਾਇਕ ਦੀ ਜੀਵਨ-ਕਥਾ ਤੇ ਵੇਰਵਿਆਂ ਨੂੰ ਕਿਨ੍ਹਾਂ ਜੁਗਤਾਂ ਰਾਹੀਂ ਪੇਸ਼ ਕਰਦਾ ਹੈ। ਰੇਖਾ-ਚਿੱਤਰ ਦਾ ਸੁਭਾਅ ਤੇ ਨਿਭਾਓ ਇਸ ਸਾਹਿਤ ਰੂਪ ਨੂੰ ਕਹਾਣੀ ਰੂਪ ਦੇ ਨੇੜੇ ਰੱਖਦਾ ਹੈ। ਭਾਵੇਂ ਰੇਖਾ-ਚਿੱਤਰ ਕਹਾਣੀ ਨਹੀਂ ਫਿਰ ਵੀ ਇਸ ਵਿੱਚ ਕਹਾਣੀ ਰਸ ਦਾ ਆ ਜਾਣਾ ਸੁਭਾਵਿਕ ਹੈ। ਰੇਖਾ-ਚਿੱਤਰ ਵਿੱਚ ਵਾਰਤਕ ਰੂਪ ਨਿਬੰਧ ਵਾਲੇ ਗੁਣ ਵੀ ਮੌਜੂਦ ਹੁੰਦੇ ਹਨ। ਉਂਞ ਨਿਬੰਧ ਵਾਲਾ ਵਿਚਾਰ-ਪ੍ਰਵਾਹ ਰੇਖਾ-ਚਿੱਤਰ ਵਿੱਚ ਇੰਨ-ਬਿੰਨ ਨਹੀਂ ਆ ਸਕਦਾ, ਕਿਉਂਕਿ ਹਰ ਸਾਹਿਤ ਰੂਪ ਦਾ ਆਪਣਾ ਚਰਿੱਤਰ ਹੁੰਦਾ ਹੈ। ਇਸੇ ਵਿੱਚ ਉਸ ਦੀ ਪਛਾਣ ਬਣਦੀ ਹੈ। ਰੇਖਾ-ਚਿੱਤਰ ਦੇ ਲੇਖਕ ਨੇ ਵਿਅਕਤੀ-ਵਿਸ਼ੇਸ਼ ਬਾਰੇ ਵਿਸਤਾਰ ਦਿੰਦਿਆਂ ਜਦ ਵਰਣਨ ਤੇ ਵਿਆਖਿਆ ਦੀ ਸ਼ੈਲੀ ਅਪਣਾਉਣੀ ਹੈ ਤਾਂ ਰੇਖਾ-ਚਿੱਤਰ ਦਾ ਨਿਬੰਧ ਵਾਂਗ ਨਿਭਣਾ ਸੁਭਾਵਿਕ ਹੋ ਜਾਂਦਾ ਹੈ। ਰੇਖਾ-ਚਿੱਤਰ ਵਿੱਚ ਜੀਵਨੀ, ਕਹਾਣੀ ਤੇ ਨਿਬੰਧ ਦੀ ਸ਼ੈਲੀ ਦੀ ਇਹ ਸ਼ਮੂਲੀਅਤ ਰੇਖਾ-ਚਿੱਤਰ ਨੂੰ ਹੋਰ ਪ੍ਰਭਾਵੀ ਸਾਹਿਤ-ਰੂਪ ਬਣਾ ਦਿੰਦੀ ਹੈ।

     ਕਿਸੇ ਚਰਿੱਤਰ ਦੀ ਨਿਸ਼ਾਨਦੇਹੀ ਕਰਦੀ ਰੇਖਾ-ਚਿੱਤਰ ਦੀ ਸ਼ੈਲੀ ਕਿਤੇ-ਕਿਤੇ ਜੁਗਤ ਵਜੋਂ ਵਿਅੰਗ ਅਤੇ ਕਟਾਖ਼ਸ ਦੀ ਵਰਤੋਂ ਕਰ ਕੇ ਸਮੁੱਚੀ ਸਥਿਤੀ ਨੂੰ ਨਵੇਂ ਅਰਥਾਂ ਵਿੱਚ ਪੇਸ਼ ਕਰਦੀ ਹੈ ਅਰਥਾਤ ਰੇਖਾ-ਚਿੱਤਰ ਸਮੁੱਚਤਾ ਵਿੱਚ ਵਿਸ਼ੇ ਨੂੰ ਪੇਸ਼ ਕਰਨ ਵਾਲਾ ਸਾਹਿਤ ਰੂਪ ਹੈ, ਇਸੇ ਲਈ ਇਸ ਦਾ ਸਾਹਿਤਿਕ ਮੁੱਲ ਹੀ ਨਹੀਂ ਬਣਦਾ ਸਗੋਂ ਰੇਖਾ-ਚਿੱਤਰ ਇਤਿਹਾਸਿਕ ਵਿਅਕਤੀਆਂ ਦੇ ਚਰਿੱਤਰ ਅਤੇ ਨਕਸ਼ਾਂ ਨੂੰ ਵੀ ਸਾਂਭਣ ਵਾਲੇ ਦਸਤਾਵੇਜ਼ ਵਜੋਂ ਪਛਾਣੇ ਜਾ ਸਕਦੇ ਹਨ ਬਸ਼ਰਤੇ ਕਿ ਰੇਖਾ-ਚਿੱਤਰ ਦਾ ਲੇਖਕ ਸਥਿਤੀ ਅਤੇ ਵਿਅਕਤੀ ਦੀਆਂ ਸੂਖਮ ਪਰਤਾਂ ਤੋਂ ਜਾਣੂ ਵੀ ਹੋਵੇ ਅਤੇ ਉਹਨਾਂ ਪਰਤਾਂ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਨ ਦੇ ਸਮਰੱਥ ਅਤੇ ਆਪਣੇ ਕਾਰਜ ਪ੍ਰਤਿ ਸੁਹਿਰਦ ਵੀ ਹੋਵੇ।

     ਬਲਵੰਤ ਗਾਰਗੀ ਨੇ ਸ਼ਰਬਤ ਦੀਆਂ ਘੁੱਟਾਂ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ ਅਤੇ ਹੁਸੀਨ ਚਿਹਰੇ ਰੇਖਾ-ਚਿੱਤਰਾਂ ਦੇ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਅਤੇ ਰੇਖਾ-ਚਿੱਤਰ ਦਾ ਅਸਲ ਮੁਹਾਂਦਰਾ ਬਲਵੰਤ ਗਾਰਗੀ ਦੀ ਰੇਖਾ-ਚਿੱਤਰ ਨੂੰ ਲਿਖਣ ਦੀ ਕਲਾ ਕੌਸ਼ਲਤਾ ਨਾਲ ਹੀ ਬਣਿਆ। ਨਾਟਕ ਦੀ ਨੱਕੜਦਾਦੀ ਰੇਖਾ-ਚਿੱਤਰ ਵਿੱਚ ਨੌਰਾ ਰਿਚਰਡਜ਼ ਦਾ ਜੋ ਵਿਅਕਤੀ-ਬਿੰਬ ਗਾਰਗੀ ਨੇ ਉਭਾਰਿਆ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਦਸਤਾਵੇਜ਼ ਹੈ ਜਿਸ ਵਿੱਚੋਂ ਨੌਰਾ ਰਿਚਰਡਜ਼ ਜਿਊਂਦੀ ਜਾਗਦੀ ਦਿਸਦੀ ਹੈ।

     ਰੇਖਾ-ਚਿੱਤਰ ਸਾਹਿਤ ਰੂਪ ਦੀ ਇਹੀ ਮੁੱਲਵਾਨ ਪ੍ਰਕਿਰਤੀ ਇਸ ਨੂੰ ਪਾਠਕ ਦੇ ਵਧੇਰੇ ਨੇੜੇ ਰੱਖਦੀ ਹੈ। ਪਾਠਕ ਰੇਖਾ-ਚਿੱਤਰ ਨੂੰ ਪੜ੍ਹਦਿਆਂ ਹੋਰ ਸਾਹਿਤ ਰੂਪਾਂ ਦੇ ਮੁਕਾਬਲੇ ਨਿੱਜ ਨੂੰ ਵਿਅਕਤੀ ਵਿਸ਼ੇਸ਼ ਦੇ ਵਧੇਰੇ ਨੇੜੇ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਅਜੀਤ ਕੌਰ ਦੀ ਰੇਖਾ- ਚਿੱਤਰਾਂ ਦੀ ਪੁਸਤਕ ਤਕੀਏ ਵਾਲਾ ਪੀਰ, ਕੁਲਬੀਰ ਸਿੰਘ ਕਾਂਗ ਰਚਿਤ ਬੱਦਲਾਂ ਦੇ ਰੰਗ, ਪੱਕੀਆਂ ਇੱਟਾਂ ਅਤੇ ਸਿਰਨਾਵੇਂ ਮਿੱਤਰਾਂ ਦੇ, ਪ੍ਰੀਤਮ ਸਿੰਘ ਦੀ ਬਹੁ- ਚਰਚਿਤ ਪੁਸਤਕ ਮੂਰਤਾਂ ਆਦਿ ਰੇਖਾ-ਚਿੱਤਰ ਲੇਖਣੀ ਦੀਆਂ ਉਹ ਮਹੱਤਵਪੂਰਨ ਪੁਸਤਕਾਂ ਹਨ ਜਿਨ੍ਹਾਂ ਨੇ ਪੰਜਾਬੀ ਰੇਖਾ-ਚਿੱਤਰ ਸਾਹਿਤ ਨੂੰ ਵੱਖਰੀ ਪਛਾਣ ਦਿੱਤੀ। ਇਸ ਤੋਂ ਇਲਾਵਾ ਸ਼ਿਵ ਕੁਮਾਰ ਬਟਾਲਵੀ, ਜਸਵੰਤ ਸਿੰਘ ਵਿਰਦੀ, ਮੋਹਨਜੀਤ ਆਦਿ ਅਨੇਕਾਂ ਲੇਖਕਾਂ ਦੁਆਰਾ ਲਿਖੇ ਰੇਖਾ-ਚਿੱਤਰਾਂ ਨੇ ਵੀ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਯੋਗਦਾਨ ਪਾਇਆ ਹੈ। ਰੇਖਾ-ਚਿੱਤਰ ਸਾਹਿਤ ਰੂਪ ਨੇ ਭਾਵੇਂ ਅਜੇ ਕੁਝ ਦਹਾਕਿਆਂ ਦੀ ਹੀ ਉਮਰ ਹੰਢਾਈ ਹੈ ਪਰ ਅੱਜ ਰੇਖਾ-ਚਿੱਤਰ ਸਾਹਿਤ ਰੂਪ ਪੰਜਾਬੀ ਸਾਹਿਤ ਇਤਿਹਾਸ ਦਾ ਅਟੁੱਟ ਅੰਗ ਹੈ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰੇਖਾ-ਚਿੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੇਖਾ-ਚਿੱਤਰ [ਨਾਂਪੁ] (ਗਣਿ) ਤਸਵੀਰ ਆਦਿ ਦੀ ਰੇਖਾ-ਆਕ੍ਰਿਤੀ, ਖ਼ਾਕਾ, ਰੂਪ-ਰੇਖਾ; ਸਾਹਿਤ ਦਾ ਇੱਕ ਰੂਪ ਜਿਸ ਵਿੱਚ ਕਿਸੇ ਵਿਅਕਤੀ ਆਦਿ ਦਾ ਸ਼ਾਬਦਿਕ ਚਿੱਤਰ ਉਲੀਕਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.