ਰੁਮਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੁਮਾਲ (ਨਾਂ,ਪੁ) ਹੱਥ ਮੂੰਹ ਪੂੰਝਣ ਲਈ ਵਰਤੀਂਦਾ ਕੱਪੜੇ ਦਾ ਚੌਰਸ ਟੁੱਕੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਰੁਮਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੁਮਾਲ [ਨਾਂਪੁ] ਹੱਥ ਮੂੰਹ ਸਾਫ਼ ਕਰਨ ਲਈ ਵਰਤਿਆ ਜਾਣ ਵਾਲ਼ਾ ਕੱਪੜੇ ਦਾ ਚੌਰਸ ਟੁਕੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰੁਮਾਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰੁਮਾਲ : ਰੁਮਾਲ ਨੂੰ ਅੱਜ ਮਨੁੱਖ ਦੀ ਪੁਸ਼ਾਕ ਦਾ ਜ਼ਰੂਰੀ ਹਿੱਸਾ ਸਮਝਿਆ ਜਾਂਦਾ ਹੈ ਅਤੇ ਇਹ ਮੁੱਖ ਤੌਰ ਉੱਤੇ ਮੂੰਹ ਜਾਂ ਹੱਥਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ ਪਰ ਸਮੇਂ ਅਤੇ ਜ਼ਰੂਰਤ ਅਨੁਸਾਰ ਮਨੁੱਖ ਨੇ ਇਸ ਦੀ ਵਰਤੋਂ ਹੋਰ ਕੰਮਾਂ ਲਈ ਵੀ ਕੀਤੀ ਹੈ। ਜ਼ਰੂਰਤ ਅਨੁਸਾਰ ਇਸ ਦਾ ਆਕਾਰ ਵੱਡਾ ਛੋਟਾ ਹੋ ਸਕਦਾ ਹੈ। ਚੰਬੇ ਦੀ ਕਢਾਈ ਵਾਲਾ ਰੁਮਾਲ ਇਸ ਦਾ ਇਕ ਉਦਾਹਰਣ ਹੈ। ਇਹ ਰੁਮਾਲ ਆਪਣੀ ਹੁਨਰੀ ਕਢਾਈ ਲਈ ਕੇਵਲ ਹਿਮਾਚਲ ਪ੍ਰਦੇਸ਼ ਵਿਚ ਨਹੀਂ ਸਗੋਂ ਸਮੁੱਚੇ ਭਾਰਤ ਵਿਚ ਪ੍ਰਸਿੱਧ ਹੈ। ਇਸ ਦੀ ਸ਼ਾਨਦਾਰ ਕਢਾਈ ਕਾਰਨ ਇਸ ਤੋਂ ਹੱਥ-ਮੂੰਹ ਸਾਫ਼ ਕਰਨ ਦਾ ਕੰਮ ਨਹੀਂ ਲਿਆ ਜਾਂਦਾ ਸਗੋਂ ਇਸ ਨੂੰ ਤਾਂ ਕਮਰਿਆਂ ਦੀਆਂ ਕੰਧਾਂ ਨੂੰ ਸਜਾਉਣ ਲਈ ਵਰਤਿਆ ਜਾਂਦਾ ਹੈ।
ਜਿਵੇਂ ਕਿਸੇ ਸਮੇਂ ਪੰਜਾਬ ਵਿਚ ਧੀ ਦੇ ਦਾਜ ਵਿਚ ਫੁਲਕਾਰੀ ਦੇਣਾ ਜ਼ਰੂਰੀ ਸਮਝਿਆ ਜਾਂਦਾ ਸੀ ਉਸੇ ਤਰ੍ਹਾਂ ਚੰਬੇ ਅਤੇ ਕਾਂਗੜੇ ਦੇ ਇਲਾਕੇ ਵਿਚ ਇਹ ਰੁਮਾਲ ਕੁੜੀ ਨੂੰ ਦਾਜ ਵਿਚ ਦੇਣ ਦਾ ਰਿਵਾਜ ਚੱਲਿਆ ਆ ਰਿਹਾ ਹੈ। ਹੋਰ ਤਾਂ ਹੋਰ, ਮੁੰਡੇ ਵਾਲੇ ਵੀ ਕਈ ਅਜਿਹੇ ਰੁਮਾਲ ਕੁੜੀ ਵਾਲਿਆਂ ਨੂੰ ਭੇਟ ਕਰਦੇ ਹਨ। ਇਸ ਸਮਾਜਿਕ ਰਿਵਾਜ ਨੇ ਰੁਮਾਲ ਦੀ ਕਲਾ ਅਤੇ ਕਢਾਈ ਵਿਚ ਸੁਹਜ ਅਤੇ ਸੁਹੱਪਣ ਦਾ ਸੰਚਾਰ ਕੀਤਾ ਅਤੇ ਇਸ ਕਲਾ ਦੀ ਨਿਰੰਤਰਤਾ ਨੇ ਇਸ ਕਲਾ ਵਿਚ ਹਿਮਾਚਲੀਆਂ ਨੂੰ ਨਿਪੁੰਨਤਾ ਪ੍ਰਦਾਨ ਕੀਤੀ।
ਰੇਸ਼ਮੀ ਜਾਂ ਟਸਰੀ ਕੱਪੜੇ ਦੇ ਟੁਕੜੇ ਉੱਤੇ ਸੂਈ ਵਿਚ ਸੂਹੇ ਅਤੇ ਸ਼ੋਖ ਰੰਗਾਂ ਦੇ ਧਾਗਿਆਂ ਨੂੰ ਪਿਰੋ ਕੇ, ਮਾਵਾਂ-ਮਾਸੀਆਂ, ਭੂਆ-ਤਾਈਆਂ-ਚਾਚੀਆਂ ਆਪਣੀ ਧੀਆਂ ਲਈ ਪਿਆਰ ਦਾ ਸੰਸਾਰ ਸਿਰਜਦੀਆਂ ਰਹਿੰਦੀਆਂ ਹਨ। ਇਸ ਕਰ ਕੇ ਚੰਬੇ ਦਾ ਇਹ ਰੁਮਾਲ ਪੰਜਾਬ ਦੇ ਚੋਪ ਨਾਲ ਮਿਲਦਾ ਜੁਲਦਾ ਹੈ। ਦੋਹਾਂ ਵਿੱਚੋਂ ਮਾਪਿਆਂ ਦਾ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ।
ਇਸ ਰੁਮਾਲ ਉੱਤੇ ਵੰਨ-ਸੁਵੰਨੇ ਦ੍ਰਿਸ਼ ਕੱਢੇ ਹੁੰਦੇ ਹਨ। ਪਹਾੜੀ ਚਿੱਤਰਕਲਾ ਅਤੇ ਕੰਧ-ਚਿੱਤਰਾਂ ਵਾਂਗ ਇਨ੍ਹਾਂ ਰੁਮਾਲਾਂ ਉੱਤੇ ਵੀ ਮਿਥਿਹਾਸਕ ਦ੍ਰਿਸ਼ ਆਮ ਤੌਰ ਉੱਤੇ ਕੱਢੇ ਜਾਂਦੇ ਹਨ ਜਿਨ੍ਹਾਂ ਦਾ ਸਬੰਧ ਵਧੇਰੇ ਕਰ ਕੇ ਮਹਾਭਾਰਤ ਅਤੇ ਰਾਮਾਇਣ ਨਾਲ ਹੁੰਦਾ ਹੈ। ਕਲਾ-ਪੱਖੋਂ ਇਸ ਦੀ ਕਢਾਈ ਬਹੁਤ ਹੀ ਸੋਹਣੀ, ਸਾਫ਼ ਅਤੇ ਸ਼ੋਖ ਹੁੰਦੀ ਹੈ। ਕਢਾਈ ਦਾ ਕਮਾਲ ਇਹ ਹੈ ਕਿ ਇਹ ਦੋਵੇਂ ਪਾਸੇ ਬਿਲਕੁਲ ਇਕੋ ਜਿਹੀ ਹੁੰਦੀ ਹੈ। ਕੱਢੀਆਂ ਹੋਈਆਂ ਮੂਰਤਾਂ ਮੂੰਹੋਂ ਬੋਲਦੀਆਂ ਹਨ। ਫੁਲਕਾਰੀ ਵਾਂਗ ਰੁਮਾਲ ਦੀ ਕਢਾਈ ਵੀ ਸੁਘੜ-ਸਿਆਣੀਆਂ ਔਰਤਾਂ ਦੇ ਕਲਾਤਮਕ ਚਿੰਤਨ ਅਤੇ ਲੰਮੇ ਸਮੇਂ ਦੀ ਸਾਧਨਾ ਦਾ ਫ਼ਲ ਹੈ।
ਇਹ ਇਕ ਲੋਕ ਕਲਾ ਹੈ ਜਿਸ ਦੇ ਵਿਕਾਸ ਅਤੇ ਨਿਖਾਰ ਵਿਚ ਅਮੀਰ-ਗਰੀਬ ਔਰਤਾਂ ਨੇ ਆਪਣੇ ਵਿੱਤ ਅਨੁਸਾਰ ਹਿੱਸਾ ਪਾਇਆ ਹੈ। ਅਜਿਹੀ ਕਢਾਈ ਦੇ ਵਿਕਾਸ ਲਈ ਅਮੀਰੀ ਨਾਲੋਂ ਕਿਤੇ ਵੱਧ ਸਨੇਹ, ਸਾਧਨਾ, ਸਿਦਕ ਅਤੇ ਸਿਰੜ ਦੀ ਜ਼ਰੂਰਤ ਹੁੰਦੀ ਹੈ।
ਘਰ ਦੀਆਂ ਕੰਧਾਂ ਸਜਾਉਣ ਤੋਂ ਇਲਾਵਾ ਘਰਾਂ ਜਾਂ ਮੰਦਰਾਂ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅੱਗੇ ਪਰਦਾ ਕਰਨ ਲਈ ਵੀ ਇਨ੍ਹਾਂ ਰੁਮਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਿਮਾਚਲੀ ਲੋਕ ਉਤਸਵਾਂ-ਤਿਉਹਾਰਾਂ ਜਾਂ ਮੇਲੇ ਮੁਸਾਬਿਆਂ ਤੇ ਜਾਣ ਲਈ ਇਨ੍ਹਾਂ ਰੁਮਾਲਾਂ ਨੂੰ ਆਪਣੇ ਮੋਢਿਆਂ ਉੱਤੇ ਪਰਨੇ ਦੀ ਤਰ੍ਹਾਂ ਸੁਟ ਕੇ ਰੱਖਦੇ ਹਨ। ਚੰਬੇ ਦੇ ਪਿੰਡਾਂ ਵਿਚ ਵਜ਼ੀਰਾਂ ਜਾਂ ਅਫ਼ਸਰਾਂ ਦੇ ਆਉਣ ਤੇ ਉਨ੍ਹਾਂ ਨੂੰ ਅਜਿਹੇ ਰੁਮਾਲ ਨਜ਼ਰਾਨੇ ਸਹਿਤ ਦੇਣ ਦਾ ਰਿਵਾਜ ਵੀ ਪ੍ਰਚਲਿਤ ਹੋ ਰਿਹਾ ਹੈ।
ਕਿਧਰੇ ਸ਼ਗਨ ਤੇ ਜਾਣ ਸਮੇਂ ਜਾਂ ਪੂਜਾ ਲਈ ਲੈ ਕੇ ਜਾਣ ਵਾਲੀ ਥਾਲੀ ਨੂੰ ਵੀ ਰੁਮਾਲ ਨਾਲ ਢਕਿਆ ਜਾਂਦਾ ਹੈ। ਪ੍ਰੇਮੀ/ਪ੍ਰੇਮਿਕਾ ਆਪਣੇ ਪਿਆਰ ਦੀ ਨਿਸ਼ਾਨੀ ਵੱਜੋਂ ਇਕ ਦੂਜੇ ਨੂੰ ਰੁਮਾਲ ਦਿੰਦੇ ਹਨ।
ਚੰਬੇ-ਕਾਂਗੜੇ ਦਾ ਰੁਮਾਲ ਆਪਣੀ ਬੇਹੱਦ ਕਲਾਤਮਕਤਾ ਅਤੇ ਸੁੰਦਰਤਾ ਦੇ ਬਾਵਜੂਦ ਪੰਜਾਬ ਦੀ ਫੁਲਕਾਰੀ ਦੀ ਤਰ੍ਹਾਂ ਅੱਜ ਦੇ ਭੋਗਵਾਦੀ ਯੁੱਗ ਵਿਚ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ। ਅੱਜ ਨਾ ਇਨ੍ਹਾਂ ਲਈ ਵਿਹਲ ਹੈ ਅਤੇ ਨਾ ਹੀ ਪੁਰਾਣਾ ਸਬਰ-ਸੰਤੋਖ। ਮਸ਼ੀਨੀ ਯੁਗ ਵਿਚ ਭਾਂਤ-ਭਾਂਤ ਦੇ ਰੁਮਾਲਾਂ ਦਾ ਉਤਪਾਦਨ ਜੋ ਸਸਤੀਆਂ ਦਰਾਂ ਉੱਤੇ ਉਪਲੱਬਧ ਹੈ, ਅੱਗੇ ਇਹ ਕਲਾ ਦਮ ਤੋੜ ਰਹੀ ਹੈ। ਅੱਜ ਚੰਬੇ ਦਾ ਰੁਮਾਲ, ਫੁਲਕਾਰੀ ਵਾਂਗ, ਅਜਾਇਬ ਘਰਾਂ ਜਾਂ ਸਰਕਾਰੀ ਇੰਮਪੋਰੀਅਮਾਂ ਦੀ ਸ਼ਾਨ ਬਣ ਕੇ ਰਹਿ ਗਿਆ ਹੈ।
ਲੇਖਕ : –ਪ੍ਰੇਮ ਭੂਸ਼ਨ ਗੋਇਲ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-01-49-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First