ਰਾਮ-ਨਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਮ-ਨਾਮ [ਨਾਂਪੁ] ਰੱਬ ਦਾ ਨਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਮ-ਨਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮ-ਨਾਮ: ਭਾਰਤੀ ਸਾਹਿਤ ਵਿਚ ‘ਰਾਮ’ ਨਾਂ ਵਾਲੇ ਭਾਵੇਂ ਅਨੇਕ ਮਹਾਪੁਰਸ਼ਾਂ ਦੇ ਨਾਂਵਾਂ ਦਾ ਉੱਲੇਖ ਹੋਇਆ ਹੈ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧੀ ਦਸ਼ਰਥ ਪੁੱਤਰ ਰਾਮ ਨੂੰ ਮਿਲੀ ਹੈ। ਸ਼ੁਰੂ ਵਿਚ ਉਹ ਇਕ ਪਰਾਕ੍ਰਮੀ ਯੋਧਾ ਸਨ। ਪਰ ਹੌਲੀ ਹੌਲੀ ਉਹ ਯੋਧੇ ਤੋਂ ਪੁਰਸ਼ੋਤਮ ਅਤੇ ਫਿਰ ਪੁਰਸ਼ੋਤਮ ਤੋਂ ਬ੍ਰਹਮ ਦੇ ਰੂਪ ਵਿਚ ਲੋਕ-ਮਾਨਸ ਵਿਚ ਸਥਾਪਿਤ ਹੋ ਗਏ। ਕਾਲਾਂਤਰ ਵਿਚ ਸਗੁਣ ਭਗਤਾਂ ਵਿਚ ਉਨ੍ਹਾਂ ਨੂੰ ਵਿਸ਼ਣੂ ਦਾ ਅਵਤਾਰ ਮੰਨ ਕੇ ਉਨ੍ਹਾਂ ਦੀ ਉਪਾਸਨਾ ਸ਼ੁਰੂ ਹੋ ਗਈ ਜਿਸ ਦਾ ਮੁੱਖ ਸ਼੍ਰੇਯ ਦੱਖਣ ਦੇ ਆਲਵਾਰ ਸਾਧਕਾਂ ਅਤੇ ਰਾਮਾਨੁਜਾਚਾਰਯ ਨੂੰ ਹੈ।

ਚੌਦਵੀਂ ਸਦੀ ਵਿਚ ਸੁਆਮੀ ਰਾਮਾਨੰਦ ਨੇ ਰਾਮ- ਉਪਾਸਕਾਂ ਦੀ ਇਕ ਸੁਤੰਤਰ ਸੰਪ੍ਰਦਾਇ ਦਾ ਸੰਗਠਨ ਕੀਤਾ ਅਤੇ ਰਾਮਤਾਰਕ ਜਾਂ ਖਟ-ਅਖਰ (षडक्षरद्ध) ਰਾਮ-ਮੰਤ੍ਰ ‘रां रामाय नम :’ ਨੂੰ ਵੈਸ਼ਣਵ-ਸਾਧਨਾ ਦੇ ਇਤਿਹਾਸ ਵਿਚ ਪਹਿਲੀ ਵਾਰਬੀਜ-ਮੰਤ੍ਰ ’ ਦਾ ਗੌਰਵ ਪ੍ਰਦਾਨ ਕੀਤਾ ਅਤੇ ਮਨੁੱਖ-ਮਾਤ੍ਰ ਨੂੰ ਰਾਮ-ਨਾਮ ਦੇ ਜਪ ਦਾ ਅਧਿਕਾਰੀ ਘੋਸ਼ਿਤ ਕੀਤਾ। ਪਰਵਰਤੀ ਸਾਧਕਾਂ ਨੇ ਇਸ ਮੰਤ੍ਰ ਨੂੰ ‘ਮੰਤ੍ਰਰਾਜ’, ‘ਬੀਜਮੰਤ੍ਰ’ ਅਤੇ ‘ਮਹਾਮੰਤ੍ਰ ’ ਨਾਂ ਦੇ ਕੇ ਇਸ ਨੂੰ ਕਲਿਯੁਗ ਵਿਚੋਂ ਉਧਰਨ ਦਾ ਇਕ-ਮਾਤ੍ਰ ਉਪਾ ਜਾਂ ਸਾਧਨ ਦਸਿਆ। ‘ਉਨ੍ਹਾਂ ਨੇ ਉਸ ਨੂੰ ਵੇਦਾਂ ਦਾ ਪ੍ਰਾਣ , ਤ੍ਰਿਵੇਦਾਂ ਦਾ ਕਾਰਣ ਅਤੇ ਬ੍ਰਹਮ ਰਾਮ ਤੋਂ ਵੀ ਅਧਿਕ ਮਹਿਮਾਯੁਕਤ ਕਹਿ ਕੇ ਨਾਮ-ਆਰਾਧਨਾ ਵਿਚ ਏਕਾਂਤ ਨਿਸ਼ਠਾ ਪ੍ਰਗਟ ਕੀਤੀ। ਸੰਪ੍ਰਦਾਇਕ ਸਾਧਕਾਂ/ਆਚਾਰਯਾਂ ਨੇ ‘ਰਾਮ-ਨਾਮ’ ਦੀਆਂ ਵਖ ਵਖ ਤਰ੍ਹਾਂ ਮਹਾਤਮ-ਸੂਚਕ ਵਿਆਖਿਆਵਾਂ ਵੀ ਕੀਤੀਆਂ।’ ਰਾਮ-ਨਾਮ ਦੀ ਲੋਕਪ੍ਰਿਯਤਾ ਨੇ ‘ਰਾਮ-ਭਗਤੀ’ ਦੇ ਵਿਕਾਸ ਦੇ ਮਾਰਗ ਨੂੰ ਮੋਕਲਾ ਕੀਤਾ। ਨਿਰਗੁਣਵਾਦੀ ਸੰਤਾਂ ਨੇ ਰਾਮ-ਨਾਮ ਨੂੰ ਨਿਰਾਕਾਰ ਬ੍ਰਹਮ ਦਾ ਬੋਧਕ ਮੰਨਿਆ। ਸੰਤ ਕਬੀਰ ਜੀ ਨੇ ਨਿਰਗੁਣ ਬ੍ਰਹਮ ਨਾਲ ਉਸ ਦਾ (ਰਾਮ- ਨਾਮ ਦਾ) ਤਦਾਕਾਰ ਸਥਾਪਿਤ ਕਰਕੇ ਨਾਮ-ਸਾਧਨਾ ਨੂੰ ਇਕ ਨਵਾਂ ਮੋੜ ਦਿੱਤਾ।

ਇਥੇ ਇਹ ਧਿਆਨ ਯੋਗ ਹੈ ਕਿ ਨਿਰਗੁਣ- ਵਾਦੀਆਂ (ਸੰਤਾਂ) ਅਤੇ ਸਗੁਣਵਾਦੀਆਂ (ਵੈਸ਼ਣਵਾਂ) ਦੀ ਨਾਮ-ਸਾਧਨਾ ਵਿਚ ਭਿੰਨਤਾ ਹੈ। ਇਸ ਭਿੰਨਤਾ ਦਾ ਮੂਲ ਕਾਰਣ ਇਸ਼ਟ ਦਾ ਸਰੂਪ ਹੈ। ਸਗੁਣਵਾਦੀ ਸਾਧਕ ਰੂਪ (ਆਕਾਰ) ਤੋਂ ਬਿਨਾ ਨਾਮ ਦੀ ਕਲਪਨਾ ਹੀ ਨਹੀਂ ਕਰ ਸਕਦੇ। ਇਸ ਲਈ ਉਹ ਆਰਾਧੑਯ ਦੇਵ ਦੇ ਅੰਗਿਕ ਸੌਂਦਰਯ ਅਤੇ ਲੀਲਾ ਮਾਧੁਰਯ ਦੇ ਵਰਣਨ ਅਤੇ ਧਿਆਨ ਵਿਚ ਮਗਨ ਹੁੰਦੇ ਹਨ। ਇਸ ਸਥਿਤੀ ਵਿਚ ਉਪਾਸਕ ਦੇ ਹਿਰਦੇ ਵਿਚ ਉਪਾਸੑਯ ਤੋਂ ਆਪਣੀ ਵਖਰੀ ਹੋਂਦ ਦੀ ਅਨੁਭੂਤੀ ਨਿਰੰਤਰ ਹੁੰਦੀ ਰਹਿੰਦੀ ਹੈ। ਪਰ ਰਾਮ-ਨਾਮ ਵਿਚ ਮਗਨ ਤੱਤ੍ਵ-ਗਿਆਨ ਦੇ ਅਭਿਲਾਸ਼ੀ ਨਿਰਗੁਣਵਾਦੀ ਉਪਾਸਕ ਤਰਕ-ਹੀਨ ਸਥਿਤੀ ਵਿਚ ਪਹੁੰਚ ਕੇ ਆਪਣੇ ਆਪ ਨੂੰ ਭੁਲ ਜਾਂਦੇ ਹਨ। ਧਿਆਤਾ (ਧੑਯਾਤਾ) ਅਤੇ ਧੑਯੇਯ ਦੀ ਵਖਰੀ ਹੋਂਦ ਦਾ ਆਭਾਸ ਹੀ ਨਹੀਂ ਹੁੰਦਾ। ਉਨ੍ਹਾਂ ਦੀ ਅੰਤਰਮੁਖੀ ਚੇਤਨਾ ਬ੍ਰਹਮ-ਅਨੁਭਵ ਵਿਚ ਮਗਨ ਹੋ ਕੇ ਤਦ-ਰੂਪ ਹੋ ਜਾਂਦੀ ਹੈ। ਇਸ ਲਈ ਭਗਤ ਰਵਿਦਾਸ (ਰਵਿਦਾਸ ਹਮਾਰੋ ਰਾਮ ਜੀ ਦਸਰਥ ਕਰਿ ਸੁਤ ਨਾਹਿ) ਅਤੇ ਸੰਤ ਕਬੀਰ (ਦਸਰਥ ਸੁਤ ਤਿਹੁੰ ਉਰ ਬਖ਼ਾਨਾ ਰਾਮ ਨਾਮ ਕਾ ਮਰਮ ਹੈ ਆਨਾ) ਨੇ ਰਾਮ ਦੇ ਨਾਮ ਨੂੰ ਦਸ਼ਰਥ ਨਾਲੋਂ ਵਿਲਗ ਕਰਕੇ ਨਿਰਗੁਣ ਬ੍ਰਹਮ ਲਈ ਸਵੀਕਾਰਿਆ ਹੈ।

ਗੁਰਬਾਣੀ ਵਿਚ ਰਾਮ-ਨਾਮ ਦੀ ਸਥਿਤੀ ਨਿਰਗੁਣਵਾਦੀ ਸਾਧਕਾਂ ਵਾਲੀ ਹੈ ਅਤੇ ਉਹ ਨਿਰਾਕਾਰ ਬ੍ਰਹਮ ਲਈ ਪ੍ਰਚਲਿਤ ਹੋਏ ‘ਰਾਮ’ ਸ਼ਬਦ ਦੀ ਵਰਤੋਂ ਕਰਦੇ ਹਨ। ਇਸ ਨਾਲ ‘ਦਸ਼ਰਥੀ ਰਾਮ’ ਦਾ ਕੋਈ ਭਾਵਾਤਮਕ ਸੰਬੰਧ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.