ਰਾਬਿੰਦਰਨਾਥ ਟੈਗੋਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਬਿੰਦਰਨਾਥ ਟੈਗੋਰ (1861–1941) : ਵੀਹਵੀਂ ਸਦੀ ਦੇ ਭਾਰਤ ਦੀ ਇੱਕ ਮਹਾਨ ਸਾਹਿਤਿਕ ਸ਼ਖ਼ਸੀਅਤ ਰਾਬਿੰਦਰਨਾਥ ਟੈਗੋਰ (Rabindranath Tagore) ਜਿਸ ਨੂੰ ‘ਮਹਾਰਿਸ਼ੀ’ ਅਤੇ ‘ਗੁਰੂਦੇਵ’ ਕਰ ਕੇ ਜਾਣਿਆ ਜਾਂਦਾ ਹੈ, ਜਿਸ ਨੇ ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਹੀ ਸੁਤੰਤਰ ਭਾਰਤ ਦੇ ਰਾਸ਼ਟਰੀ ਗਾਨ ‘ਜਨ ਗਣ ਮਨ’ ਦੀ ਰਚਨਾ ਕੀਤੀ। ਆਪਣੇ ਸਮੇਂ ਦੀ ਉਹ ਸਭ ਤੋਂ ਵੱਡੀ ਬਹੁ-ਪੱਖੀ ਪ੍ਰਤਿਭਾ ਵਾਲੀ ਹਸਤੀ ਸੀ, ਜਿਸਨੇ ਸਾਹਿਤ ਦੀ ਹਰ ਵਿਧਾ ਵਿੱਚ ਰਚਨਾ ਕੀਤੀ। ਮੁੱਖ ਤੌਰ ਤੇ ਟੈਗੋਰ ਨੇ ਬੰਗਲਾ ਭਾਸ਼ਾ ਵਿੱਚ ਹੀ ਸਾਹਿਤ ਰਚਿਆ ਪਰ ਬਾਅਦ ਵਿੱਚ ਉਸ ਨੇ ਆਪ ਆਪਣੀਆਂ ਕਈ ਰਚਨਾਵਾਂ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ। ਉਸ ਨੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਕੁਝ ਕਿਰਤਾਂ ਰਚੀਆਂ ਅਤੇ ਕੁਝ ਅੰਗਰੇਜ਼ੀ ਲੇਖਕਾਂ ਦੇ ਨਾਟਕਾਂ ਅਤੇ ਕਵਿਤਾਵਾਂ ਦਾ ਬੰਗਲਾ ਵਿੱਚ ਅਨੁਵਾਦ ਵੀ ਕੀਤਾ। ਉਸ ਦੀਆਂ ਬਹੁਤ ਸਾਰੀਆਂ ਸਾਹਿਤਿਕ ਕਿਰਤਾਂ ਦਾ ਅੰਗਰੇਜ਼ੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। ਉਸ ਦੀਆਂ ਕਿਰਤਾਂ ਸਦਕਾ ਹੀ ਪਹਿਲੀ ਵਾਰ ਆਧੁਨਿਕ ਭਾਰਤ ਦਾ ਨਾਂ ਸੰਸਾਰ ਦੇ ਸਾਹਿਤਿਕ ਮੰਚ ਤੇ ਜਾਣਿਆ ਗਿਆ।

     1913 ਵਿੱਚ ਆਪਣੇ ਕਾਵਿ-ਸੰਗ੍ਰਹਿ ਗੀਤਾਂਜਲੀ ਲਈ ਨੋਬੇਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਉਹ ਪਹਿਲਾ ਭਾਰਤੀ ਸੀ। ਟੈਗੋਰ ਇੱਕ ਕਵੀ, ਨਾਟਕਕਾਰ, ਨਾਵਲਕਾਰ, ਕਹਾਣੀਕਾਰ, ਅਭਿਨੇਤਾ, ਨਿਰਮਾਤਾ, ਸੰਗੀਤਕਾਰ, ਚਿੱਤਰਕਾਰ, ਸਿੱਖਿਆ ਸ਼ਾਸਤਰੀ, ਵਿਵਹਾਰਿਕ ਆਦਰਸ਼ਵਾਦੀ, ਸਮਾਜ ਸੁਧਾਰਕ, ਦਾਰਸ਼ਨਿਕ, ਜੋਗੀ, ਮਸੀਹਾ, ਜੀਵਨ ਅਤੇ ਸਾਹਿਤ ਦੇ ਆਲੋਚਕ ਹੋਣ ਦੇ ਨਾਲ-ਨਾਲ ਇੱਕ ਤੇਜਸਵੀ ਇਨਸਾਨ ਸੀ ਜਿਸ ਨੇ ਆਪਣੀਆਂ ਕਿਰਤਾਂ ਅਤੇ ਜੀਵਨ ਸ਼ੈਲੀ ਰਾਹੀਂ ਮਾਨਵਜਾਤੀ ਨੂੰ ਅਧਿਆਤਮ ਦਾ ਮਾਰਗ ਵਿਖਾਇਆ। ਮਹਾਤਮਾ ਗਾਂਧੀ ਅਤੇ ਅਰਬਿੰਦੋ ਵਾਂਗ ਉਹ ਭਾਰਤ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ ਰਿਹਾ।

     ਟੈਗੋਰ ਦਾ ਜਨਮ 6 ਮਈ 1861 ਵਿੱਚ ਹੋਇਆ। ਉਸ ਦੇ ਪਿਤਾ ਦਵਾਰਕਾ ਨਾਥ ਟੈਗੋਰ ਸੰਸਕ੍ਰਿਤ ਦੇ ਮਹਾਨ ਵਿਦਵਾਨ ਸਨ ਅਤੇ ਬ੍ਰਹਮੋਸਮਾਜ ਅੰਦੋਲਨ ਦੇ ਮੋਢੀਆਂ ਵਿੱਚੋਂ ਸਨ। ਟੈਗੋਰ ਨੇ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਅਤੇ ਘਰ ਹੀ ਨਿਜੀ ਅਧਿਆਪਕ ਦੀ ਨਿਗਰਾਨੀ ਵਿੱਚ ਪੜ੍ਹਾਈ ਕੀਤੀ। ਤਿੰਨ ਜਾਂ ਚਾਰ ਸਾਲ ਦੀ ਉਮਰ ਵਿੱਚ ਹੀ ਉਸ ਨੇ ਕਵਿਤਾ ਕਹਿਣੀ ਸ਼ੁਰੂ ਕਰ ਦਿੱਤੀ ਸੀ ਅਤੇ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ ਗੰਭੀਰ ਵਿਸ਼ਿਆਂ ਤੇ ਕਵਿਤਾਵਾਂ ਲਿਖੀਆਂ। ਤੇਰ੍ਹਾਂ ਸਾਲ ਦੀ ਉਮਰ ਤੱਕ ਉਸ ਦੀਆਂ ਕੁਝ ਕਵਿਤਾਵਾਂ ਛਪ ਵੀ ਚੁੱਕੀਆਂ ਸਨ। ਉਸ ਨੇ ਸ਼ੇਕਸਪੀਅਰ ਦੇ ਨਾਟਕ ਮੈਕਬਥ ਦਾ ਬੰਗਲਾ ਵਿੱਚ ਅਨੁਵਾਦ ਵੀ ਕੀਤਾ। ਆਪਣੇ ਸਮਕਾਲੀ ਬੰਗਲਾ ਕਵੀ, ਲੇਖਕ ਅਤੇ ਨਾਵਲਕਾਰ ਮਧੂਸੂਦਨ ਪ੍ਰਸਾਦ, ਈਸ਼ਵਰ ਚੰਦਰ ਵਿਦਿਆਸਾਗਰ, ਬੰਕਿਮ ਚੰਦਰ ਚੈਟਰਜੀ ਆਦਿ ਤੋਂ ਉਹ ਬਹੁਤ ਪ੍ਰਭਾਵਿਤ ਸੀ। ਸਤਾਰ੍ਹਾਂ ਸਾਲ ਦੀ ਉਮਰ ਵਿੱਚ ਟੈਗੋਰ ਨੂੰ ਇੰਗਲੈਂਡ ਭੇਜਿਆ ਗਿਆ। ਅੰਗਰੇਜ਼ੀ ਰੁਮਾਂਟਿਕ ਕਵੀਆਂ-ਜਾਨ ਕੀਟਸ, ਪੀ.ਬੀ. ਸ਼ੈਲੀ, ਵਿਲੀਅਮ ਵਰਡਜ਼ਵਰਥ ਅਤੇ ਮਹਾਨ ਵਿਕਟੋਰੀਅਨ ਕਵੀਆਂ-ਟੈਨੀਸਨ ਅਤੇ ਬਰਾਉਨਿੰਗ ਨੇ ਉਸ ’ਤੇ ਡੂੰਘਾ ਅਸਰ ਪਾਇਆ। ਉਹ ਸ਼ੇਕਸਪੀਅਰ ਅਤੇ ਟਾਮਸ ਬਰਾਉਨੀ ਦਾ ਵੀ ਬਹੁਤ ਪ੍ਰਸੰਸਕ ਸੀ। ਅਠ੍ਹਾਰਾਂ ਸਾਲ ਦੀ ਉਮਰ ਤੱਕ ਟੈਗੋਰ ਨੇ ਕਵਿਤਾਵਾਂ ਦੀਆਂ ਲਗਪਗ ਸਤ ਹਜ਼ਾਰ ਲਾਈਨਾਂ ਲਿਖ ਲਈਆਂ ਸਨ। 1880 ਵਿੱਚ ਭਾਰਤ ਵਾਪਸ ਆ ਕੇ ਉਸ ਨੇ ਦੇਸ ਦੀ ਸਾਹਿਤਿਕ ਅਤੇ ਸਮਾਜਿਕ ਜ਼ਿੰਦਗੀ ਵਿੱਚ ਕਈ ਪੱਖਾਂ ਤੋਂ ਵਿਭਿੰਨ ਕਾਰਜਾਂ ਨਾਲ ਯੋਗਦਾਨ ਪਾਇਆ। ਆਪਣੇ 65 ਵਰ੍ਹਿਆਂ ਦੇ ਲੰਮੇ ਸਾਹਿਤਿਕ ਜੀਵਨ ਦੌਰਾਨ ਟੈਗੋਰ ਨੇ ਵੱਖ-ਵੱਖ ਵਿਸ਼ਿਆਂ ਤੇ ਅਣਗਿਣਤ ਗੀਤ ਲਿਖੇ ਅਤੇ ਕਈ ਨਾਟਕਾਂ, ਕਹਾਣੀਆਂ, ਨਾਵਲਾਂ ਦੀ ਰਚਨਾ ਵੀ ਕੀਤੀ। ਕਿਰਤਾਂ ਦੀ ਕੇਵਲ ਗਿਣਤੀ ਕਾਰਨ ਹੀ ਨਹੀਂ ਬਲਕਿ ਉਹਨਾਂ ਦੀ ਗੁਣਵੱਤਾ ਸਦਕਾ ਟੈਗੋਰ ਨੂੰ ਭਾਰਤੀ ਸਾਹਿਤ ਦੇ ਪੁਨਰ- ਜਾਗਰਨ ਦੇ ਸੰਦਰਭ ਵਿੱਚ ਮਾਨਯੋਗ ਸਥਾਨ ਮਿਲਿਆ।

     ਟੈਗੋਰ ਦੀਆਂ ਲਿਖਤਾਂ ਅਤਿਅੰਤ ਪ੍ਰੇਮ ਭਾਵ ਅਤੇ ਸੰਵੇਦਨਾ ਨਾਲ ਭਰਪੂਰ ਹਨ ਅਤੇ ਕੁਦਰਤ ਤੇ ਆਪਣੀ ਮਾਤਭੂਮੀ ਪ੍ਰਤਿ ਪਿਆਰ ਨਾਲ ਭਰੀਆਂ ਹੋਈਆਂ ਹਨ। ਉਹ ਆਪਣੀ ਚਿੱਤਰਕਲਾ, ਸੰਗੀਤਮਈ ਗਾਇਨ ਅਤੇ ਅਧਿਆਤਮਿਕ ਡੂੰਘਾਈ ਕਰ ਕੇ ਵੀ ਬਹੁਤ ਪ੍ਰਸਿੱਧ ਹੋਇਆ। ਟੈਗੋਰ ਦੇ ਆਪਣੇ ਸ਼ਬਦਾਂ ਵਿੱਚ :

     ਸੰਸਾਰ ਮੇਰੇ ਨਾਲ ਰੰਗਾਂ ਵਿੱਚ ਗੱਲਾਂ ਕਰਦਾ ਹੈ ਅਤੇ ਮੇਰੀ ਆਤਮਾ ਸੰਗੀਤ ਵਿੱਚ ਜਵਾਬ ਦਿੰਦੀ ਹੈ।

     ਟੈਗੋਰ ਦੀਆਂ ਅੰਗਰੇਜ਼ੀ ਅਨੁਵਾਦਿਤ ਅਤੇ ਅੰਗਰੇਜ਼ੀ ਵਿੱਚ ਲਿਖੀਆਂ ਕੁਝ ਪ੍ਰਮੁਖ ਲਿਖਤਾਂ ਹਨ :

     ਗੀਤਾਂਜਲੀ (1912), ਦਾ ਗਾਰਡਨਰ (1913), ਦਾ ਕਰੀਸੈਂਟ ਮੂਨ (1913), ਹਨਡਰਡ ਪੋਇਮਜ਼ ਆਫ਼ ਕਬੀਰ (1914), ਫਰੂਟ ਗੈਦਰਿੰਗ (1916), ਸਟਰੇ ਬਰਡਜ਼ (1916), ਲਵਰਜ਼ ਗਿਫਟ (1918), ਕਰਾਸਿੰਗ (1918), ਦਾ ਫਯੂਜਿਟਿਵ ਐਂਡ ਅਦਰ ਪੋਇਮਜ਼ (1921), ਪੋਇਮਜ਼ ਫਰਾਮ ਟੈਗੋਰ (1922), ਸ਼ੀਵਜ (1951), ਵਿੰਗਜ਼ ਆਫ਼ ਡੈਥ (1960)। ਦਾ ਪੋਸਟ ਆਫਿਸ (1914), ਦਾ ਸਾਈਕਲ ਆਫ਼ ਸਪਰਿੰਗ (1917), ਸੈਕਰੀਫਾਈਸ ਐਂਡ ਅਦਰ ਪਲੇਜ਼ (1917), ਦਾ ਕਰਾਸ ਐਟ ਫੇਅਰਵੈਲ (1925), ਰੈਡ ਅੋਲੀਐਂਡਰਜ਼ (1925), ਥਰੀ ਪਲੇਜ਼ (1950), ਦਾ ਵਾਟਰਫਾਲ (1922) ਉਸ ਵੱਲੋਂ ਰਚਿਤ ਨਾਟਕ ਹਨ।

     ਮਾਸ਼ੀ ਐਂਡ ਅਦਰ ਸਟੋਰੀਜ਼ (1918), ਬਰੋਕਨ ਟਾਈਜ਼ ਐਂਡ ਅਦਰ ਸਟੋਰੀਜ਼ (1925), ਦਾ ਪੈਰਟਜ਼ ਟ੍ਰੇਨਿੰਗ ਐਂਡ ਅਦਰ ਸਟੋਰੀਜ਼ (1925), ਦਾ ਰਨਅਵੇ ਐਂਡ ਅਦਰ ਸਟੋਰੀਜ਼ (1960) ਉਸ ਦੇ ਕਹਾਣੀ-ਸੰਗ੍ਰਹਿ ਅਤੇ ਦਾ ਹੋਮ ਐਂਡ ਦਾ ਵਰਲਡ (1919), ਦਾ ਰੈਕ (1919), ਗੋਰਾ (1923) ਨਾਵਲ ਹਨ।

     ਇਹਨਾਂ ਤੋਂ ਇਲਾਵਾ ਟੈਗੋਰ ਦੇ ਲੈਕਚਰ, ਲੇਖ ਅਤੇ ਪੱਤਰ ਜੋ ਉਸ ਨੇ ਅੰਗਰੇਜ਼ੀ ਵਿੱਚ ਹੀ ਲਿਖੇ, ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਨੇ ਬੱਚਿਆਂ ਬਾਰੇ ਵੀ ਕੁਝ ਕਵਿਤਾਵਾਂ ਅਤੇ ਕਹਾਣੀਆਂ ਲਿਖੀਆਂ ਜੋ ਬਹੁਤ ਭਾਵੁਕ ਅਤੇ ਦਿਲ ਨੂੰ ਮੋਹ ਲੈਣ ਵਾਲੀਆਂ ਹਨ। ‘ਦਾ ਚਾਈਲਡ` ਉਸ ਦੀ ਇੱਕ ਅਨੋਖੀ ਕਵਿਤਾ ਹੈ ਜੋ ਉਸ ਨੇ ਜੁਲਾਈ 1930 ਵਿੱਚ ਅੰਗਰੇਜ਼ੀ ਵਿੱਚ ਲਿਖੀ ਅਤੇ ਮਗਰੋਂ ਬੰਗਲਾ ਵਿੱਚ ‘ਸਿਸ਼ੂਤੀਰਥਾ` ਸਿਰਲੇਖ ਹੇਠਾਂ ਅਨੁਵਾਦ ਕੀਤੀ। ਭਾਵੇਂ ਟੈਗੋਰ ਨੇ ਕਿਸੇ ਮਹਾਂਕਾਵਿ ਦੀ ਰਚਨਾ ਨਹੀਂ ਕੀਤੀ ਪਰ ਉਸ ਦੀਆਂ ਸਾਰੀਆਂ ਕਵਿਤਾਵਾਂ, ਗੀਤਾਂ, ਨਾਟਕਾਂ, ਕਹਾਣੀਆਂ, ਨਾਵਲਾਂ, ਚਿੱਠੀਆਂ, ਭਾਸ਼ਣਾਂ ਵਿੱਚ ਮਾਨਵੀ ਭਾਵਨਾਵਾਂ ਅਤੇ ਕੁਦਰਤ ਦੇ ਨਜ਼ਾਰਿਆਂ ਦੀ ਖ਼ੂਬਸੂਰਤੀ ਦਾ ਜੋ ਚਿਤਰਨ ਹੈ ਉਹ ਮਾਨਵੀ ਜੀਵਨ ਦਾ ਇੱਕ ਮਹਾਂਕਾਵਿ ਬਣ ਕੇ ਹੀ ਉੱਭਰਦਾ ਹੈ।

          ਟੈਗੋਰ ਇੱਕ ਮਹਾਨ ਸਿੱਖਿਆ-ਸ਼ਾਸਤਰੀ ਵੀ ਸੀ ਅਤੇ ਉਹ ਚਾਹੁੰਦਾ ਸੀ ਕਿ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਸਿੱਖਿਆ ਦਾ ਪ੍ਰਬੰਧ ਪੁਰਾਣੇ ਆਸ਼੍ਰਮਾਂ ਵਾਲੇ ਕੁਦਰਤੀ ਮਾਹੌਲ ਵਿੱਚ ਹੋਣਾ ਚਾਹੀਦਾ ਹੈ ਅਤੇ ਸਿੱਖਿਆ ਦਾ ਮਾਨਵੀ ਸਮਾਜ ਦੀ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਨਾਲ ਮੇਲ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਕਿੱਤੇ ਦੀ ਟ੍ਰੇਿਨੰਗ ਵੀ ਦਿੱਤੀ ਜਾਣੀ ਚਾਹੀਦੀ ਹੈ। ਸਿੱਖਿਆ ਪ੍ਰਤਿ ਆਪਣੇ ਆਦਰਸ਼ਾਂ ਨੂੰ ਵਿਵਹਾਰਿਕ ਰੂਪ ਦੇਣ ਲਈ ਟੈਗੋਰ ਨੇ ਇੱਕ ਛੋਟੇ ਜਿਹੇ ਸਕੂਲ ਸ਼ਾਂਤੀਨਿਕੇਤਨ ਦੀ ਸਥਾਪਨਾ ਕੀਤੀ ਜਿੱਥੇ ਉਹ ਪੂਰਬੀ ਅਤੇ ਪੱਛਮੀ ਸੱਭਿਅਤਾ ਦੇ ਮੇਲ-ਜੋਲ ਨਾਲ ਵਿਸ਼ਵ ਸੰਸਕ੍ਰਿਤੀ ਦਾ ਵਿਕਾਸ ਕਰਨਾ ਚਾਹੁੰਦਾ ਸੀ। ਇਹ ਸੰਸਥਾ ਹੁਣ ਇੱਕ ਬਹੁਤ ਵੱਡੀ ਯੂਨੀਵਰਸਿਟੀ ‘ਵਿਸ਼ਵਭਾਰਤੀ’ ਦੇ ਨਾਂ ਨਾਲ ਪ੍ਰਸਿੱਧ ਹੈ, ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਮਹਾਰਿਸ਼ੀ ਦੇ ਵਿਵਹਾਰਿਕ ਆਦਰਸ਼ਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। 28 ਜਨਵਰੀ 1912 ਨੂੰ ਟੈਗੋਰ ਨੂੰ ਬੰਗਲਾ ਦੇ ਰਾਸ਼ਟਰ ਕਵੀ ਵਜੋਂ ਸਨਮਾਨਿਆ ਗਿਆ। ਮਹਾਤਮਾ ਗਾਂਧੀ ਨੇ 1915 ਵਿੱਚ ਸ਼ਾਂਤੀਨਿਕੇਤਨ ਦਾ ਦੌਰਾ ਕੀਤਾ ਅਤੇ ਉਹ ਇਸ ਸੰਸਥਾ ਤੋਂ ਬਹੁਤ ਪ੍ਰਭਾਵਿਤ ਹੋਏ। ਟੈਗੋਰ ਦੀਆਂ ਮਹਾਨ ਲਿਖਤਾਂ ਅਤੇ ਮਾਨਵਵਾਦੀ ਵਿਚਾਰਧਾਰਾ ਸਦਕਾ ਅੰਗਰੇਜ਼ੀ ਸਰਕਾਰ ਨੇ ਟੈਗੋਰ ਨੂੰ 1915 ਵਿੱਚ ‘ਸਰ’ ਦੀ ਉਪਾਧੀ ਦਿੱਤੀ ਪਰ 1919 ਦੇ ਜਲ੍ਹਿਆਂਵਾਲਾ ਕਾਂਡ ਦੇ ਵਿਰੁੱਧ ਰੋਸ ਵਜੋਂ ਟੈਗੋਰ ਨੇ ਇਹ ਖ਼ਿਤਾਬ ਵਾਪਸ ਕਰ ਦਿੱਤਾ। 1930 ਵਿੱਚ ਮਹਾਤਮਾ ਗਾਂਧੀ ਦੀ ਗਰਿਫ਼ਤਾਰੀ ਦੀ ਖ਼ਬਰ ਤੇ ਟੈਗੋਰ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਆਪਣੇ ਸੱਤਰ੍ਹਵੇਂ ਜਨਮ ਦਿਨ ਦੀ ਖ਼ੁਸ਼ੀ ਵਿੱਚ ਮਨਾਏ ਜਾਣ ਵਾਲੇ ਸਮਾਰੋਹ ਨੂੰ ਮਨਸੂਖ਼ ਕਰਵਾ ਦਿੱਤਾ। 7 ਅਗਸਤ 1941 ਨੂੰ ਅੱਸੀ ਸਾਲ ਦੀ ਉਮਰ ਵਿੱਚ ਗੁਰੂਦੇਵ ਨੇ ਪ੍ਰਾਣ ਤਿਆਗ ਦਿੱਤੇ। ਟੈਗੋਰ ਦੀ ਮੌਤ ਤੇ ਸਾਰਾ ਦੇਸ ਦੁੱਖ ਦੇ ਸਾਗਰ ਵਿੱਚ ਡੁੱਬ ਗਿਆ। ਬੰਗਲਾ ਅਤੇ ਅੰਗਰੇਜ਼ੀ ਸਾਹਿਤ ਨੂੰ ਟੈਗੋਰ ਦੀ ਦੇਣ ਵੱਡਮੁਲੀ ਅਤੇ ਬੇਮਿਸਾਲ ਹੈ।


ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.