ਰਾਏਕੋਟ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਏਕੋਟ (ਨਗਰ): ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਇਕ ਨਗਰ ਜੋ ਰਾਏ ਅਹਿਮਦ ਨੇ ਸੰਨ 1648 ਈ. ਵਿਚ ਆਬਾਦ ਕੀਤਾ ਸੀ। ਇਸ ਦੇ ਪੁੱਤਰ ਰਾਏ ਕਲ੍ਹਾ (ਕਲ੍ਹਾ ਰਾਏ) ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਅਪਾਰ ਸ਼ਰਧਾ ਸੀ। ਇਸ ਦੀ ਮਾਤਾ ਵੀ ਗੁਰੂ ਜੀ ਦੀ ਬੜੀ ਸਿਦਕਣ ਸੀ। ਗੁਰੂ ਜੀ ਮਾਛੀਵਾੜੇ ਤੋਂ ਮਾਲਵੇ ਤੋਂ ਜਾਂਦੇ ਹੋਇਆਂ ਇਸ ਪਿੰਡ ਕੋਲੋਂ ਲੰਘੇ ਸਨ ਅਤੇ ਪਿੰਡ ਤੋਂ ਬਾਹਰ ਇਕ ਟਾਹਲੀ ਦੇ ਬ੍ਰਿਛ ਹੇਠਾਂ ਠਿਕਾਣਾ ਕੀਤਾ ਸੀ। ਇਥੋਂ ਹੀ ਰਾਏ ਕਲ੍ਹਾ ਨੇ ਆਪਣਾ ਬੰਦਾ ਭੇਜ ਕੇ ਸਰਹਿੰਦ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਦਰਦਨਾਕ ਅੰਤ ਦੀ ਖ਼ਬਰ ਮੰਗਵਾਈ ਸੀ।
ਗੁਰੂ ਜੀ ਦੇ ਠਹਿਰਨ ਵਾਲੇ ਸਥਾਨ ਉਤੇ ਪਹਿਲਾਂ ਥੜਾ ਸਾਹਿਬ ਬਣਵਾਇਆ ਗਿਆ। 20ਵੀਂ ਸਦੀ ਦੇ ਸ਼ੁਰੂ ਵਿਚ ਇਥੇ ਗੁਰੂ-ਧਾਮ ਦੀ ਇਮਾਰਤ ਬਣਵਾਈ ਗਈ। ਬਾਦ ਵਿਚ ਉਸ ਇਮਾਰਤ ਵਿਚ ਹੋਰ ਵਿਸਤਾਰ ਹੁੰਦਾ ਰਿਹਾ। ਹੁਣ ਇਕ ਦੀਵਾਨ ਹਾਲ ਅਤੇ ਸਰੋਵਰ ਵੀ ਗੁਰੂ-ਧਾਮ ਦੇ ਪਰਿਸਰ ਵਿਚ ਬਣਾਏ ਜਾ ਚੁਕੇ ਹਨ। ਇਸ ਨੂੰ ‘ਗੁਰਦੁਆਰਾ ਟਾਹਲੀਆਣਾ ਸਾਹਿਬ’ ਕਿਹਾ ਜਾਂਦਾ ਹੈ ਅਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ 19,20 ਅਤੇ 21 ਪੋਹ ਨੂੰ ਹਰ ਸਾਲ ਵੱਡਾ ਧਾਰਮਿਕ ਦੀਵਾਨ ਸਜਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਾਏਕੋਟ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਾਏਕੋਟ : ਇਹ ਇਤਿਹਾਸਕ ਕਸਬਾ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਵਿਚ ਸਥਿਤ ਹੈ। ਇਸ ਕਸਬੇ ਨੂੰ ਰਾਏ ਅਹਿਮਦ ਨੇ 1648 ਈ. ਵਿਚ ਵਸਾਇਆ ਸੀ। ਰਾਏ ਅਹਿਮਦ ਦਾ ਪਿਛੋਕੜ ਰਾਜਪੂਤਾਂ ਵਿੱਚੋਂ ਸੀ ਤੇ ਉਸ ਦੇ ਵਡੇਰੇ ਤੁਲਸੀ ਰਾਮ ਦੇ ਮੁਸਲਮਾਨ ਧਰਮ ਨੂੰ ਅਪਣਾਉਣ ਪਿੱਛੋਂ ਉਨ੍ਹਾਂ ਦਾ ਪਰਿਵਾਰ ਇਕ ਮੁਸਲਮਾਨ ਪਰਿਵਾਰ ਬਣ ਗਿਆ ਸੀ। ਮੁਸਲਮਾਨ ਬਣੇ ਤੁਲਸੀ ਰਾਮ ਦਾ ਨਾਂ ਸ਼ੇਖ ਚੱਕੂ ਪ੍ਰਸਿੱਧ ਹੋਇਆ। ਅਹਿਮਦ ਦੇ ਭਾਈ ਰਾਏ ਕਮਾਲੁਦੀਨ ਨੇ ਜਗਰਾਉਂ ਆਬਾਦ ਕੀਤਾ ਸੀ। ਇਸ ਦੇ ਪੁੱਤਰ ਰਾਏ ਕਲ੍ਹਾ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਵਾਰੀ ਆਪਣੇ ਘਰ ਠਹਿਰਾ ਕੇ ਸ਼ਰਧਾ ਭਾਵ ਨਾਲ ਸੇਵਾ ਕੀਤੀ ਸੀ। ਇਸ ਦੀ ਮਾਤਾ ਵੀ ਗੁਰੂ ਸਾਹਿਬ ਵਿਚ ਬਹੁਤ ਸ਼ਰਧਾ ਰਖਦੀ ਸੀ। ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਸਰਹਿੰਦ ਵਿਖੇ ਜ਼ਾਲਮਾਨਾ ਢੰਗ ਨਾਲ ਸ਼ਹੀਦ ਕੀਤੇ ਜਾਣ ਦਾ ਹਾਲ ਰਾਏ ਕਲ੍ਹਾ ਨੇ ਹੀ ਆਪਣਾ ਦੂਤ ਭੇਜ ਕੇ ਮਾਲੂਮ ਕਰਵਾਇਆ ਸੀ।
ਦਸ਼ਮੇਸ਼ ਪਿਤਾ ਨੇ ਰਾਏ ਕਲ੍ਹਾ ਨੂੰ ਇਕ ਤਲਵਾਰ ਬਖ਼ਸ਼ ਕੇ ਫੁਰਮਾਇਆ ਸੀ ਕਿ ਜਦ ਤਕ ਤੁਸੀਂ ਇਸ ਦਾ ਸਨਮਾਨ ਕਰੋਗੇ ਤੁਹਾਡਾ ਰਾਜ ਭਾਗ ਬਣਿਆ ਰਹੇਗਾ। ਰਾਏ ਕਲ੍ਹਾ ਦਾ ਪੋਤਰਾ ਉਪਰੋਕਤ ਤਲਵਾਰ ਪਹਿਨ ਕੇ ਸ਼ਿਕਾਰ ਖੇਡਣ ਗਿਆ ਅਤੇ ਘੋੜੇ ਤੋਂ ਡਿਗ ਕੇ ਉਸੇ ਤਲਵਾਰ ਨਾਲ ਜ਼ਖਮੀ ਹੋ ਕੇ ਮਰ ਗਿਆ। ਹੁਣ ਉਪਰੋਕਤ ਤਲਵਾਰ ‘ਸਿਰੋਪਾਉ ਗੁਰਦੁਆਰੇ’ ਵਿਚ ਪਈ ਹੈ ਜੋ ਨਾਭੇ ਵਿਖੇ ਸਥਿਤ ਹੈ। ਇਹ ਤਲਵਾਰ ਮਲੇਰਕੋਟਲੇ ਵਾਲੇ ਨਵਾਬ ਦੇ ਰਾਹੀਂ ਮਹਾਰਾਜਾ ਜਸਵੰਤ ਸਿੰਘ (ਨਾਭਾ) ਨੂੰ ਮਿਲੀ ਸੀ।
ਰਾਏਕੋਟ ਕਸਬੇ ਵਿਚ ਮਿਉਂਸਪਲ ਕਮੇਟੀ ਬਣੀ ਹੋਈ ਹੈ। 1981 ਦੀ ਜਨਗਣਨਾ ਮੁਤਾਬਕ ਇਸ ਦਾ ਰਕਬਾ 2.00 ਵ.ਕਿ.ਮੀ. ਹੈ।
ਰਾਏਕੋਟ ਰੇਲਵੇ ਸਟੇਸ਼ਨ ਹੈ ਅਤੇ ਇਸ ਦੇ ਬੱਸ ਸਟੈਂਡ ਤੋਂ ਚੰਡੀਗੜ੍ਹ, ਲੁਧਿਆਣਾ ਜਗਰਾਉਂ, ਬਰਨਾਲਾ ਆਦਿ ਵਾਲੇ ਪਾਸੇ ਬੱਸਾਂ ਚਲਦੀਆਂ ਹਨ। ਸਿਹਤ ਸਹੂਲਤ ਲਈ ਇਥੇ ਡਿਸਪੈਂਸਰੀ ਅਤੇ ਪਰਿਵਾਰ ਵਿਉਂਤ ਕੇਂਦਰ ਬਣਿਆ ਹੋਇਆ ਹੈ। ਇਥੇ ਇਕ ਹਾਇਰ ਸੈਕੰਡਰੀ, ਤਿੰਨ ਮੈਟ੍ਰਿਕ ਅਤੇ ਦੋ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਵਡੇਰੀ ਉਮਰ ਦੇ ਅਨਪੜ੍ਹਾਂ ਲਈ ਵੀ ਦੋ ਵਿਦਿਅਕ ਕੇਂਦਰ ਬਣੇ ਹੋਏ ਹਨ।
ਇਥੇ ਦਾਲਾਂ, ਕਪੜਾ ਅਤੇ ਖੰਡ ਆਦਿ ਬਾਹਰੋਂ ਮੰਗਵਾਏ ਜਾਂਦੇ ਹਨ ਅਤੇ ਕਣਕ, ਰੂੰ, ਮੱਕੀ, ਅਤੇ ਬਾਜਰਾ ਆਦਿ ਬਾਹਰ ਭੇਜੇ ਜਾਂਦੇ ਹਨ। ਇਥੇ ਸਾਬਣ ਬਣਾਉਣ ਅਤੇ ਬੀਜਾਂ ਵਿੱਚੋਂ ਤੇਲ ਕਢਣ ਆਦਿ ਦੇ ਛੋਟੇ ਛੋਟੇ ਉਦਯੋਗ ਵੀ ਹਨ।
ਆਬਾਦੀ – 17, 106 (1981)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-19-12-24-44, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਡਿ. ਸੈਂ. ਹੈਂ. ਬੁ. -ਲੁਧਿਆਣਾ (1981)
ਵਿਚਾਰ / ਸੁਝਾਅ
Please Login First