ਯਜੁਰਵੇਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਜੁਰਵੇਦ : ਚਾਰ ਵੇਦਾਂ ਵਿੱਚੋਂ ਇੱਕ ਵੇਦ ਹੈ ਯਜੁਰਵੇਦ। ਯਜੁ ਧਾਤੂ ਦਾ ਅਰਥ ਹੈ ਯੱਗ ਕਰਨਾ, ਪੂਜਾ ਕਰਨਾ ਜਾਂ ਦਾਨ ਦੇਣਾ। ਇਸ ਤਰ੍ਹਾਂ ਆਪਣੇ ਮੂਲ ਅਰਥ ਵਿੱਚ ਜਿਸ ਵੇਦ ਦਾ ਸੰਬੰਧ ਯੱਗ, ਹੋਮ ਆਦਿ ਕਰਮਾਂ, ਪੂਜਾ ਜਾਂ ਦਾਨ ਨਾਲ ਹੈ, ਉਸ ਨੂੰ ਯਜੁਰਵੇਦ ਆਖਦੇ ਹਨ। ਭਾਰਤੀ ਸੰਸਕਾਰਾਂ ਵਿੱਚ ਪਲਣ ਵਾਲੇ ਬਹੁਤੇ ਵਿਅਕਤੀਆਂ ਦੇ ਜੀਵਨ ਦਾ ਕੁਝ ਨਾ ਕੁਝ ਸੰਬੰਧ ਕਰਮ ਕਾਂਡ ਨਾਲ ਅਵੱਸ਼ ਜੁੜਿਆ ਹੋਇਆ ਹੈ। ਇਸ ਲਈ ਯਜੁਰਵੇਦ ਦਾ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਮੁੱਖ ਰੂਪ ਵਿੱਚ ਇਹ ਵੇਦ ਯੱਗ ਨਾਲ ਸੰਬੰਧਿਤ ਹੈ। ਇਸ ਲਈ ਯੱਗ ਦਾ ਸਰੂਪ ਸਮਝਣਾ ਬਹੁਤ ਜ਼ਰੂਰੀ ਹੈ। ਯੱਗ ਦੇ ਦੋ ਰੂਪ ਹਨ :

     ਇੱਕ ਹੈ ਉਸ ਦਾ ਉਹ ਸਨਾਤਨੀ ਸਿਰਜਣਾਤਮਿਕ ਰੂਪ, ਜਿਸ ਮੁਤਾਬਕ ਵਿਰਾਟ ਯੱਗ ਪੁਰਸ਼ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਸਵੀਕਾਰ ਕੀਤੀ ਗਈ ਹੈ ਅਤੇ ਦੂਜਾ ਉਸ ਦਾ ਉਹ ਅਜੋਕਾ ਰੂਪ ਹੈ, ਜੋ ਸੰਕਲਪ ਪੂਰਵਕ ਕੀਤਾ ਜਾਂਦਾ ਹੈ ਅਤੇ ਜਿਸ ਵਿੱਚ ਹੋਮ ਯੱਗ ਆਦਿ ਕਰਮ ਕਾਂਡ ਦੀ ਮਹੱਤਤਾ ਹੈ। ਮੀਮਾਂਸਾ ਸ਼ਾਸਤਰ ਵਿੱਚ ਯੱਗ ਦੇ ਇਸ ਕਰਮਕਾਂਡ ਨਾਲ ਸੰਬੰਧਿਤ ਸਰੂਪ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਪਰ ਇਸ ਸ਼ਾਸਤਰ ਮੁਤਾਬਕ ਵੀ ਧਨ ਖ਼ਰਚ ਦੇਣ ਨਾਲ ਹੀ ਯੱਗ ਦੀ ਸਿੱਧੀ ਨਹੀਂ ਹੋ ਜਾਂਦੀ ਸਗੋਂ ਉਸ ਦੇ ਨਾਲ ਵੀ ਤਪ ਆਦਿ ਕਰਨਾ ਜ਼ਰੂਰੀ ਮੰਨਿਆ ਗਿਆ ਹੈ। ਪ੍ਰਕਿਰਤੀ ਦੇ ਸੰਤੁਲਨ ਚੱਕਰ ਨੂੰ ਠੀਕ ਰੱਖਣ ਲਈ ਵੀ ਯੱਗ ਦੀ ਅਹਿਮੀਅਤ ਸਵੀਕਾਰ ਕੀਤੀ ਗਈ ਹੈ। ਯੱਗ ਨੂੰ ਮਨੁੱਖੀ ਜੀਵਨ ਦਾ ਸਰਬੋਤਮ ਪੁਰਸ਼ਾਰਥ ਮੰਨਿਆ ਗਿਆ ਹੈ। ਯਜੁਰਵੇਦ ਦਾ ਸੰਬੰਧ ਯੱਗ ਨਾਲ ਜੋੜਦੇ ਹੋਏ ਯੱਗ ਦਾ ਅਰਥ ਉਸ ਦੇ ਵਿਆਪਕ ਸੰਦਰਭ ਵਿੱਚ ਲੈਣਾ ਜ਼ਰੂਰੀ ਹੈ ਜਿਸ ਮੁਤਾਬਕ ਆਪਣੇ ਤੋਂ ਬਿਹਤਰ ਚੇਤੰਨ ਸੱਤਾ ਲਈ ਸ਼ਰਧਾ ਦਾ ਪ੍ਰਗਟਾਵਾ ਕਰਨਾ, ਦੈਵੀ ਹੁਕਮ ਵਿੱਚ ਰਹਿੰਦੇ ਹੋਏ ਸ੍ਰੇਸ਼ਟ ਕਰਮ ਕਰਨਾ ਅਤੇ ਕਰਮ ਕਰਨ ਤੋਂ ਉਪਲਬਧ ਹੋਣ ਵਾਲੇ ਮੁਨਾਫ਼ਿਆਂ ਦੀ ਕਲਿਆਣਕਾਰੀ ਉਦੇਸ਼ਾਂ ਲਈ ਵਰਤੋਂ ਕਰਨਾ ਯੱਗ ਦੇ ਮੂਲ ਮੰਤਵ ਹਨ।

     ਵੇਦਾਂ ਵਿੱਚ ਉਪਲਬਧ ਗੁਰੂ ਦੇ ਮੂੰਹ ਤੋਂ ਨਿਕਲਣ ਵਾਲੀ ਦੈਵੀ ਗਿਆਨ ਦੀ ਧਾਰਾ ਸ਼ਿਸ਼ਾਂ ਰਾਹੀਂ ਵਿਸਤਾਰ ਪ੍ਰਾਪਤ ਕਰਦੀ ਰਹੀ। ਇਸ ਲਈ ਇਸ ਦੈਵੀ ਗਿਆਨ ਦੇ ਸੋਮੇ ਵੇਦਾਂ ਨੂੰ ਸ਼ਰੁਤੀ ਆਖਦੇ ਹਨ। ਮਹਾਂਰਿਸ਼ੀ ਵਿਆਸ ਨੇ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਵਿਵਸਥਿਤ ਕੀਤਾ। ਇਸ ਤਰ੍ਹਾਂ ਕ੍ਰਮਵਾਰ ਪੈਲ ਨੂੰ ਰਿਗਵੇਦ, ‘ਵੈਸ਼ੰਪਾਵਿਨ’ ਨੂੰ ਯਜੁਰਵੇਦ, ਜੈਮਿਨੀ ਨੂੰ ਸਾਮਵੇਦ ਅਤੇ ਸੁਮੰਤੂ ਨੂੰ ਅਥਰਵਵੇਦ ਸੌਂਪ ਦਿੱਤਾ। ਯਜੁਰਵੇਦ ਦੀਆਂ ਸ਼ਾਖਾਵਾਂ ਦਾ ਵਿਸਤਾਰ ਵੈਸ਼ੰਪਾਇਨ ਨੇ ਕੀਤਾ। ਇਹਨਾਂ ਸ਼ਾਖਾਵਾਂ ਦੀ ਗਿਣਤੀ ਬਾਰੇ ਵੱਖ-ਵੱਖ ਰਾਵਾਂ ਹਨ। ਮਹਾਂਭਾਸ਼ ਦੇ ਲੇਖਕ ਪਤੰਜਲੀ ਦੀਆਂ 101 ਸ਼ਾਖਾਵਾਂ ਦਾ ਹਵਾਲਾ ਦਿੰਦੇ ਹਨ। ਚਰਣਵਯੂਹ ਪਰਿਸ਼ਿਸ਼ਟ ਵਿੱਚ ਇਹ ਗਿਣਤੀ 86 ਦੱਸੀ ਗਈ ਹੈ। ਵੱਖ-ਵੱਖ ਚਰਣਵਯੂਹਾਂ ਵਿੱਚ ਇਹ ਗਿਣਤੀ ਵੱਖ-ਵੱਖ ਮਿਲਦੀ ਹੈ।

     ਯਜੁਰਵੇਦ ਦੇ ਦੋ ਸੰਪ੍ਰਦਾਇ ਹਨ-ਬ੍ਰਹਮ ਸੰਪ੍ਰਦਾਇ ਜਿਸ ਨੂੰ ਕ੍ਰਿਸ਼ਨ ਯਜੁਰਵੇਦ ਕਹਿੰਦੇ ਹਨ ਅਤੇ ਆਦਿਤਯ ਸੰਪ੍ਰਦਾਇ ਜਿਸ ਨੂੰ ਸ਼ੁਕਲ ਯਜੁਰਵੇਦ ਕਿਹਾ ਜਾਂਦਾ ਹੈ। ਇੱਥੇ ਕ੍ਰਿਸ਼ਨ ਦਾ ਅਰਥ ਹੈ ਮਿਲਿਆ-ਜੁਲਿਆ। ਕ੍ਰਿਸ਼ਨ ਯਜੁਰਵੇਦ ਵਿੱਚ ਬ੍ਰਾਹਮਣ ਅਤੇ ਮੰਤਰ ਭਾਗ ਇੱਕੋ ਸਥਾਨ `ਤੇ ਦਿੱਤੇ ਗਏ ਹਨ, ਇਸ ਲਈ ਦੋਵਾਂ ਦਾ ਮਿਸ਼ਰਿਤ ਰੂਪ ਹੋਣ ਕਰ ਕੇ ਹੀ ਇਸ ਨੂੰ ਕ੍ਰਿਸ਼ਨ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵੇਦ ਵਿੱਚ ਯੱਗ ਸੰਬੰਧੀ ਵਿਧੀ ਦਾ ਜ਼ਿਕਰ ਹੋਣ ਕਰ ਕੇ ਵੀ ਇਸ ਨੂੰ ਕ੍ਰਿਸ਼ਨ ਯਜੁਰਵੇਦ ਦਾ ਨਾਂ ਮਿਲਿਆ ਹੈ, ਕਿਉਂਕਿ ਸ਼ਤਪਥ ਬ੍ਰਾਹਮਣ ਨਾਮਕ ਗ੍ਰੰਥ ਵਿੱਚ ਯੱਗ ਨੂੰ ਕ੍ਰਿਸ਼ਨ ਕਿਹਾ ਗਿਆ ਹੈ। ਆਦਿਤਯ ਸੰਪਰਦਾਇ ਵਿੱਚ ਸ਼ੁਕਲ ਯਜੁਰਵੇਦ ਆਉਂਦਾ ਹੈ ਜਿਸ ਵਿੱਚ ਸਿਰਫ਼ ਮੰਤਰ ਭਾਗ ਦਾ ਸੰਕਲਨ ਹੈ। ਮੰਤਰਾਂ ਦਾ ਸ਼ੁੱਧ ਅਤੇ ਮਿਲਾਵਟ ਰਹਿਤ ਰੂਪ ਹੀ ਸ਼ੁਕਲ ਯਜੁਰਵੇਦ ਨਾਂ ਦੀ ਸਾਰਥਕਤਾ ਸਿੱਧ ਕਰਨ ਵਾਲਾ ਹੈ। ਇਸ ਨੂੰ ਵਾਜਸਨੇਯੀ ਸੰਹਿਤਾ ਵੀ ਆਖਦੇ ਹਨ। ਵਾਜ ਦਾ ਅਰਥ ਹੈ ਅੰਨ ਅਤੇ ਸਨਿ ਦਾ ਅਰਥ ਹੈ ਦਾਨ। ਪੂਰੇ ਸ਼ਬਦ ਦਾ ਅਰਥ ਬਣਦਾ ਹੈ-ਅੰਨ ਦਾ ਦਾਨ ਕਰਨ ਵਾਲਾ ਸੁਭਾਅ ਹੈ ਜਿਸ ਦਾ ਉਸ ਰਿਸ਼ੀ ਦੀ ਸੰਤਾਨ ਵਾਜਸਨੇਯ ਭਾਵ ਯਾਗਯਵਲਕਯ ਨੇ ਜਿਸ ਦੀ ਵਿਆਖਿਆ ਕੀਤੀ, ਉਹ ਵਾਜਸਨੇਯੀ ਸੰਹਿਤਾ ਹੈ। ਇੱਕ ਪੁਰਾਣਿਕ ਕਥਾ ਦੇ ਮੁਤਾਬਕ ਵੈਸ਼ੰਪਾਇਨ ਨੇ ਯਾਗਯਵਲਕਯ ਨੂੰ ਯਜੁਰਵੇਦ ਪੜ੍ਹਾਇਆ। ਇੱਕ ਵਾਰ ਅਚਾਨਕ ਵੈਸ਼ੰਪਾਇਨ ਤੋਂ ਆਪਣਾ ਭਾਣਜਾ ਲੱਤ ਮਾਰਨ ਨਾਲ ਮਰ ਗਿਆ। ਉਸ ਦਾ ਪ੍ਰਾਸ਼ਚਿਤ ਕਰਨ ਲਈ ਵੈਸ਼ੰਪਾਇਨ ਨੇ ਆਪਣੇ ਸਮੂਹ ਸ਼ਿਸ਼ਾਂ ਨੂੰ ਬੁਲਾਇਆ। ਯਾਗਯਵਲਕਯ ਨੇ ਕਿਹਾ ਕਿ ਉਹ ਇਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹੈ। ਵੈਸ਼ੰਪਾਇਨ ਨੂੰ ਇਹ ਬੁਰਾ ਲੱਗਾ ਅਤੇ ਉਸ ਨੇ ਉਸ ਨੂੰ ਹੰਕਾਰੀ ਕਰਾਰ ਕਰਦੇ ਹੋਏ ਪੜ੍ਹਾਈ ਗਈ ਸਾਰੀ ਵਿੱਦਿਆ ਨੂੰ ਉਗਲਣ ਲਈ ਕਿਹਾ। ਯਾਗਯਵਲਕਯ ਨੇ ਯਜੁਰਵੇਦ ਦੇ ਸਾਰੇ ਮੰਤਰ ਉਗਲ ਦਿੱਤੇ ਅਤੇ ਬਾਕੀ ਦੇ ਸ਼ਗਿਰਦਾਂ ਨੇ ਉਹਨਾਂ ਨੂੰ ਤਿੱਤਰ ਬਣ ਕੇ ਚੁਗ ਲਿਆ। ਇਸ ਲਈ ਯਜੁਰਵੇਦ ਦੀ ਇਹ ਸ਼ਾਖਾ ਤੈੱਤਿਰੀਯ ਨਾਂ ਨਾਲ ਪ੍ਰਸਿੱਧ ਹੋਈ। ਇਸ ਤੋਂ ਯਾਗਯਵਲਕਯ ਨੇ ਸੂਰਜ ਦੀ ਪੂਜਾ ਕਰ ਕੇ ਵੇਦ-ਵਿੱਦਿਆ ਦੀ ਪ੍ਰਾਪਤੀ ਕਰਨੀ ਚਾਹੀ ਅਤੇ ਸੂਰਜ ਨੇ ਘੋੜੇ ਦਾ ਰੂਪ ਧਾਰ ਕੇ ਉਸ ਨੂੰ ਇਹ ਵਿੱਦਿਆ ਪੜ੍ਹਾਈ ਅਤੇ ਇਸ ਸ਼ਾਖਾ ਦਾ ਨਾਂ ਵਾਜਸਨੇਯੀ ਹੋਇਆ। ਇਸ ਤਰ੍ਹਾਂ ਤੈੱਤਿਰੀਯ ਸ਼ਾਖਾ ਨੂੰ ਕ੍ਰਿਸ਼ਨ ਯਜੁਰਵੇਦ ਅਤੇ ਵਾਜਸਨੇਯੀ ਸ਼ਾਖਾ ਨੂੰ ਸ਼ੁਕਲ ਯਜੁਰਵੇਦ ਮੰਨਿਆ ਗਿਆ।

     ਕ੍ਰਿਸ਼ਨ ਯਜੁਰਵੇਦ : ਵਰਤਮਾਨ ਸਮੇਂ ਵਿੱਚ ਕ੍ਰਿਸ਼ਨ ਯਜੁਰਵੇਦ ਦੀਆਂ ਚਾਰ ਸੰਹਿਤਾਵਾਂ ਜਾਂ ਪਾਠ ਪੁਸਤਕਾਂ ਉਪਲਬਧ ਹਨ-ਤੈੱਤਿਰੀਯ, ਮੈਤ੍ਰਾਯਣੀ, ਕਠ ਅਤੇ ਕਪਿਸ਼ਠਲ :

     ਤੈੱਤਿਰੀਯ ਸੰਹਿਤਾ : ਇਸ ਸੰਹਿਤਾ ਦੇ ਬ੍ਰਾਹਮਣ, ਆਰਣਯਕ, ਉਪਨਿਸ਼ਦ, ਸ਼੍ਰੋਤ ਅਤੇ ਗ੍ਰਿਹਯ ਸੂਤਰ ਆਦਿ ਸਾਰੇ ਗ੍ਰੰਥ ਉਪਲਬਧ ਹੁੰਦੇ ਹਨ। ਇਸ ਲਈ ਇਹ ਸ਼ਾਖਾ ਆਪਣੇ ਆਪ ਵਿੱਚ ਸੰਪੂਰਨ ਹੈ। ਇਸ ਸੰਹਿਤਾ ਵਿੱਚ 7 ਕਾਂਡ, 44 ਪ੍ਰਪਾਠਕ ਅਤੇ 631 ਅਨੁਵਾਦ ਹਨ ਜਿਨ੍ਹਾਂ ਦਾ ਵਰਨ ਵਿਸ਼ਾ ਯੱਗ ਸੰਬੰਧੀ ਕਰਮਕਾਂਡ ਹੈ। ਇਸ ਉਪਰ ਸਾਇਣ ਦੀ ਵਿਆਖਿਆ ਉਪਲਬਧ ਹੈ। ਸਾਇਣ ਤੋਂ ਪਹਿਲਾਂ ਭਾਸਕਰ ਮਿਸ਼ਰ ਨੇ ਵੀ ਇਸ ਉਪਰ ‘ਗਯਾਨ ਯੱਗਯ’ ਨਾਂ ਦੀ ਵਿਆਖਿਆ ਲਿਖੀ ਸੀ।

     ਮੈਤ੍ਰਾਯਣੀ ਸੰਹਿਤਾ : ਇਸ ਸੰਹਿਤਾ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਵਿੱਚ ਲਿਆਉਣ ਵਾਲੇ ਜਰਮਨ ਵਿਦਵਾਨ ਸ਼ਰੋਡਰ ਸਨ ਅਤੇ ਫਿਰ ਸ੍ਰੀ ਦਮੋਦਰ ਸਾਤਵਲੇਕਰ ਨੇ ਇਸ ਦਾ ਪ੍ਰਕਾਸ਼ਨ ਸ੍ਵਾਧਿਆਇ ਮੰਡਲ ਤੋਂ ਕੀਤਾ। ਇਸ ਦੇ ਵਰਨ ਵਿਸ਼ੇ ਵੀ ਤੈੱਤਿਰੀਯ ਸੰਹਿਤਾ ਵਾਲੇ ਹੀ ਹਨ।

     ਕਠ ਸੰਹਿਤਾ : ਪੁਰਾਣਾਂ ਵਿੱਚ ਕਾਠਕ ਲੋਕ ਮੱਧ ਪ੍ਰਦੇਸ਼ ਨਾਲ ਸੰਬੰਧਿਤ ਮੰਨੇ ਗਏ ਹਨ। ਪਤੰਜਲੀ ਨੇ ਆਪਣੇ ਮਹਾਂਭਾਸ਼ ਵਿੱਚ ਇਸ ਸੰਹਿਤਾ ਦੇ ਥਾਂ-ਥਾਂ ਪ੍ਰਚਲਿਤ ਹੋਣ ਦੀ ਗੱਲ ਕੀਤੀ ਹੈ। ਪਰ ਅੱਜ ਇਸ ਦੇ ਪੜ੍ਹਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਸੰਹਿਤਾ ਵਿੱਚ 40 ਸਥਾਨਿਕ, 13 ਅਨੁਵਾਚਨ, 843 ਅਨੁਵਾਦ, 3091 ਮੰਤਰ ਅਤੇ ਮੰਤਰਾਂ ਤੇ ਬ੍ਰਾਹਮਣਾਂ ਦੀ ਮਿਲੀ-ਜੁਲੀ ਗਿਣਤੀ 18000 ਹੈ। ਇਸ ਦੇ ਵਰਨ ਵਿਸ਼ੇ ਵੀ ਬਾਕੀ ਸੰਹਿਤਾਵਾਂ ਵਾਂਗ ਦਰਸ਼ਪੌਰਣਮਾਸ, ਰਾਜਸੂਯ, ਵਾਜਪੇਯ ਆਦਿ ਹਨ।

     ਕਪਿਸ਼ਠਲ ਸੰਹਿਤਾ : ਕੁਝ ਵਿਦਵਾਨਾਂ ਦੇ ਵਿਚਾਰ ਵਿੱਚ ਕਪਿਸ਼ਠਲ ਕਿਸੇ ਰਿਸ਼ੀ ਦਾ ਨਾਂ ਹੈ ਪਰ ਕੁਝ ਹੋਰ ਵਿਦਵਾਨ ਇਸ ਨੂੰ ਖ਼ਾਸ ਸਥਾਨ ਦਾ ਨਾਂ ਮੰਨਦੇ ਹਨ। ਕੁਰੁਕਸ਼ੇਤਰ ਵਿੱਚ ਸਰਸਵਤੀ ਨਦੀ ਦੇ ਪੂਰਬੀ ਕਿਨਾਰੇ `ਤੇ ਮੌਜੂਦ ਕੈਥਲ ਸ਼ਹਿਰ ਪੁਰਾਣਾ ਕਪਿਸ਼ਠਲ ਹੀ ਹੈ, ਜਿਸ ਦਾ ਹਵਾਲਾ ਵਰਾਹਮਿਹਿਰ ਦੀ ਬ੍ਰਿਹਤਸੰਹਿਤਾ ਵਿੱਚ ਵੀ ਉਪਲਬਧ ਹੈ। ਇਸ ਸੰਹਿਤਾ ਦੀ ਵੰਡ ਅਸ਼ਟਕਾਂ ਅਤੇ ਅਧਿਆਇਆਂ ਵਿੱਚ ਕੀਤੀ ਗਈ ਹੈ ਜਿਸ ਵਿੱਚ 6 ਅਸ਼ਟਕ ਅਤੇ 48 ਅਧਿਆਇਆਂ ਦੇ ਹੋਣ ਦੇ ਹਵਾਲੇ ਤਾਂ ਮਿਲਦੇ ਹਨ ਪਰ ਉਪਲਬਧ ਪ੍ਰਤਿ ਵਿੱਚ ਪਹਿਲੇ ਅਸ਼ਟਕ ਦੇ ਅੱਠ ਅਧਿਆਇਆਂ ਤੋਂ ਇਲਾਵਾ ਕੋਈ ਵੀ ਅਸ਼ਟਕ ਸੰਪੂਰਨ ਨਹੀਂ ਹੈ। ਇਸ ਅਧੂਰੇ ਗ੍ਰੰਥ ਦਾ ਵਿਸ਼ਾ ਅਤੇ ਸ਼ੈਲੀ ਕਠ ਸੰਹਿਤਾ ਵਰਗੇ ਹਨ ਅਤੇ ਇਹ ਯਜੁਰਵੇਦ ਦਾ ਬਹੁਤ ਮਹੱਤਵਪੂਰਨ ਗ੍ਰੰਥ ਹੈ।

     ਸ਼ੁਕਲ ਯਜੁਰਵੇਦ : ਇਸ ਵੇਦ ਦੀਆਂ ਦੋ ਸੰਹਿਤਾਵਾਂ ਜਾਂ ਪਾਠ ਪੁਸਤਕਾਂ ਉਪਲਬਧ ਹਨ-ਮਾਧਯੰਦਿਨ ਸੰਹਿਤਾ ਅਤੇ ਕਾਣਵ ਸੰਹਿਤਾ।

     ਮਾਧਯੰਦਿਨ ਸੰਹਿਤਾ : ਯਾਗਯਵਲਕਯ ਤੋਂ ਕਈ ਸ਼ਿਸ਼ਾਂ ਨੇ ਵਿੱਦਿਆ ਪ੍ਰਾਪਤ ਕੀਤੀ ਜਿਨ੍ਹਾਂ ਵਿੱਚੋਂ ਮਾਧਯੰਦਿਨ ਵੀ ਇੱਕ ਸੀ। ਆਪਣੇ ਗਿਆਨ ਦੀ ਖ਼ਾਸੀਅਤ ਕਾਰਨ ਹੀ ਉਸ ਦੇ ਨਾਂ ਨਾਲ ਇਸ ਸੰਹਿਤਾ ਦੀ ਪ੍ਰਸਿੱਧੀ ਹੋਈ। ਅੱਜ ਉਪਲਬਧ ਯਜੁਰਵੇਦ ਮਾਧਯੰਦਿਨ ਸੰਹਿਤਾ ਹੀ ਹੈ। ਇਸ ਦੇ ਦੋ ਭਾਗ ਹਨ। ਸੰਪੂਰਨ ਸੰਹਿਤਾ ਵਿੱਚ 40 ਅਧਿਆਇ ਤੇ 1975 ਮੰਤਰ ਹਨ। ਯੱਗ ਨਾਲ ਸੰਬੰਧਿਤ ਕਰਮ ਕਾਂਡ ਲਈ ਮੰਤਰਾਂ ਦੀ ਪੇਸ਼ਕਾਰੀ ਇਸ ਦਾ ਵਰਨ ਵਿਸ਼ਾ ਹੈ। ਇਸ ਦਾ 40ਵਾਂ ਅਧਿਆਇ ਸ਼ੁੱਧ ਗਿਆਨ ਪਰਕ ਹੈ ਅਤੇ ਉਸ ਦਾ ਨਾਂ ਹੈ ਈਸ਼ਾਵਾਸਯਪਨਿਸ਼ਦ। ਇਸੇ ਤਰ੍ਹਾਂ ਇਸ ਸੰਹਿਤਾ ਦੇ 34ਵੇਂ ਅਧਿਆਇ ਦੇ ਛੇ ਮੰਤਰ ਸੰਕਲਪੋਪਨਿਸ਼ਦ ਦੇ ਨਾਂ ਨਾਲ ਪ੍ਰਸਿੱਧ ਹਨ।

     ਕਾਣਵ ਸੰਹਿਤਾ : ਇਸ ਸੰਹਿਤਾ ਦਾ ਪ੍ਰਸਿੱਧ ਕਣਵ ਰਿਸ਼ੀ ਨਾਲ ਹੈ। ਇਸ ਸੰਹਿਤਾ ਵਿੱਚ 40 ਅਧਿਆਇ, 328 ਅਨੁਵਾਦ ਅਤੇ 2086 ਮੰਤਰ ਹਨ। ਹਰ ਵੇਦ ਦੀ ਤਰ੍ਹਾਂ ਯਜੁਰਵੇਦ ਵਿੱਚ ਵੀ ਰਿਸ਼ੀ, ਦੇਵਤਾ ਅਤੇ ਛੰਦ ਦਾ ਮਹੱਤਵਪੂਰਨ ਸਥਾਨ ਹੈ। ਪੂਰੇ ਸ਼ੁਕਲ ਯਜੁਰਵੇਦ ਦੇ ਰਿਸ਼ੀ ਵਿਵਸਵਾਨ ਹਨ। ਦਰਸ਼ਪੌਰਣਮਾਸ ਆਦਿ ਪ੍ਰਕਰਨਾਂ ਦੇ ਰਿਸ਼ੀ ਸਮੂਹਿਕ ਰੂਪ ਵਿੱਚ ਆਏ ਹਨ ਅਤੇ ਜਿਨ੍ਹਾਂ ਵਿੱਚ ਪ੍ਰਜਾਪਤੀ, ਵਿਸ਼ਿਸ਼ਠ ਵਰੁਣ, ਬ੍ਰਿਹਸਪਤੀ ਇੰਦਰ ਆਦਿ ਦੇ ਨਾਂ ਹਨ। ਤੀਜੇ ਪੱਧਰ ਦੇ ਰਿਸ਼ੀਆਂ ਵਿੱਚ ਉਹ ਰਿਸ਼ੀ ਹਨ ਜਿਨ੍ਹਾਂ ਨੇ ਵੇਦ-ਮੰਤਰਾਂ ਦੀ ਦੇਵਤਿਆਂ ਦੀ ਉਸਤਤਿ ਜਾਂ ਪ੍ਰਾਰਥਨਾ ਆਦਿ ਲਈ ਵਰਤੋਂ ਕੀਤੀ ਅਤੇ ਅਜਿਹੇ ਰਿਸ਼ੀ ਹਨ ਪਰਮੇਸ਼ਠੀ ਪ੍ਰਜਾਪਤੀ, ਅਘਸ਼ੰਸ, ਵਿਸ਼ਵਾਵਸੂ, ਬ੍ਰਿਹਸਪਤੀ ਆਂਗੀਰਸ, ਕਪੀ, ਦੇਵਲ, ਯਵਮਾਨ, ਵਸੁਸ਼੍ਰਵ, ਭਰਦਵਾਜ ਗੋਤਮ, ਨਾਗਾਇਣ, ਵਤਸ, ਮੇਧਾਤਿਥੀ, ਦੀਰਘਤਮਾ, ਭਾਰਗਵ, ਅਗਸਤਯ ਆਦਿ। ਯਜੁਰਵੇਦ ਦੇ ਦੇਵਤਿਆਂ ਵਿੱਚ ਅਗਨੀ, ਅਦਿਤੀ, ਅਰਯਮਾ, ਅਸ਼ਵਿਨੀ ਕੁਮਾਰ, ਅਸੁਰ, ਅਦਿਤਯ, ਇੰਦਰ, ਇੰਦਰਾਗਨੀ, ਇੰਦਰਵਾਯੂ, ਇੰਦਰਮਾਰੁਤ, ਉਸ਼ਾ, ਗੰਧਰਵ, ਚੰਦਰਮਾ, ਤ੍ਵਸ਼ਟਾ, ਮਿਤਰ, ਭਰਾ, ਬ੍ਰਿਹਸਪਤੀ, ਮਰੁਦਗਣ, ਮਿੱਤਰ, ਰੁਦਰ ਗਾਣ, ਵਰੁਣ, ਵਾਯੂ, ਵਾਕ, ਵਿਸ਼ਵਕਰਮਾ, ਵਾਕ, ਸਰਸਵਤੀ, ਸਵਿਤਾ, ਸਿਨੀਵਾਲੀ, ਸੂਰਜ ਆਦਿ ਪ੍ਰਮੁਖ ਹਨ। ਇਸੇ ਤਰ੍ਹਾਂ ਯਜੁਰਵੇਦ ਦੇ ਮੁੱਖ ਛੰਦ ਹਨ-ਅਤਿਜਗਤੀ, ਅਤਿਧ੍ਰਿਤੀ, ਅਤਿਸ਼ਕਵਰੀ, ਅਨੁਸ਼ਟੁਪ, ਅਭਿਕ੍ਰਿਤੀ, ਅਸ਼ਟੀ, ਆਕ੍ਰਿਤੀ, ਉਸ਼ਣਿਕ, ਗਾਯਤ੍ਰੀ, ਜਗਤੀ, ਤ੍ਰਿਸ਼ਟੁਪ, ਪੰਕਤੀ, ਪ੍ਰਕ੍ਰਿਤੀ, ਬ੍ਰਿਹਤੀ, ਵਿਕ੍ਰਿਤੀ, ਸ਼ਕਵਰੀ ਆਦਿ। ਇਸ ਤਰ੍ਹਾਂ ਯਜੁਰਵੇਦ ਸੰਸਕ੍ਰਿਤ ਸਾਹਿਤ ਦਾ ਇੱਕ ਮਹੱਤਵਪੂਰਨ ਗ੍ਰੰਥ ਹੈ।


ਲੇਖਕ : ਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.