ਮੇਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੇਲ : ਮੇਲ (Agreement/Concord) ਇੱਕ ਪ੍ਰਕਾਰ ਦਾ ਵਿਆਕਰਨਿਕ ਨੇਮ-ਪ੍ਰਬੰਧ ਹੈ, ਜਿਸ ਨਾਲ ਵਾਕ ਬਣਤਰ ਵਿਚਲੇ ਸ਼ਬਦ-ਰੂਪਾਂ ਵਿੱਚ ਵਿਆਕਰਨਿਕ ਜਾਂ ਵਾਕਾਤਮਿਕ ਪੱਖੋਂ ਇਕਰੂਪਤਾ ਅਤੇ ਇੱਕਸਾਰਤਾ ਆਉਂਦੀ ਹੈ। ਭਾਸ਼ਾ ਵਿੱਚ ਇਹ ਨੇਮ-ਪ੍ਰਬੰਧ ਉਸੇ ਤਰ੍ਹਾਂ ਦੀ ਇੱਕ ਮਰਯਾਦਾ ਹੈ, ਜਿਵੇਂ ਸਾਡੇ ਸੱਭਿਆਚਾਰਿਕ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮਰਯਾਦਾਵਾਂ ਹੁੰਦੀਆਂ ਹਨ। ਮਿਸਾਲ ਵਜੋਂ ਸਾਡੇ ਸੱਭਿਆਚਾਰ ਵਿੱਚ ਪਹਿਰਾਵੇ ਅਤੇ ਖਾਣ-ਪੀਣ ਦੀਆਂ ਵਸਤਾਂ ਵਿੱਚ ਮੇਲ ਹੁੰਦਾ ਹੈ। ਅਸੀਂ ਸਾਗ ਨਾਲ ਮੱਕੀ ਦੀ ਰੋਟੀ ਬਣਾਉਣਾ ਪਸੰਦ ਕਰਦੇ ਹਾਂ। ਕੜੀ ਨਾਲ ਚੌਲਾਂ ਦਾ ਮੇਲ ਹੈ। ਪਹਿਰਾਵੇ ਵਿੱਚ ਪੈਂਟ ਨਾਲ ਸ਼ਰਟ ਦਾ ਮੇਲ ਹੈ। ਕੁੜਤੇ ਨਾਲ ਪਜਾਮੇ ਦਾ ਮੇਲ ਹੈ। ਜੇ ਟਾਈ ਲੱਗੀ ਹੈ ਤਾਂ ਫਲੀਟ ਪਾਉਣੇ ਉਚਿਤ ਨਹੀਂ ਸਮਝੇ ਜਾਂਦੇ। ਅੱਜ-ਕੱਲ੍ਹ ਸਕੂਲਾਂ-ਕਾਲਜਾਂ ਵਿੱਚ ਬੱਚਿਆਂ ਨੂੰ ਕੁੜਤਾ-ਪਜਾਮਾ-ਜੁੱਤੀ ਪਾਉਣ ਦੀ ਮਨਾਹੀ ਹੈ। ਪਰ ਕੁੜਤੇ-ਪਜਾਮੇ ਅਤੇ ਜੁੱਤੀ ਦਾ ਆਪਣਾ ਮੇਲ ਹੈ। ਦਫ਼ਤਰਾਂ ਜਾਂ ਹੋਰ ਰਸਮੀ ਥਾਂਵਾਂ ਉੱਤੇ ਜਾਣ ਵੇਲੇ ਵੀ ਅਸੀਂ ਪਹਿਰਾਵੇ ਦਾ ਖ਼ਾਸ ਕਿਸਮ ਦਾ ਮੇਲ ਬਣਾਉਂਦੇ ਹਾਂ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੇਕਰ ਅਸੀਂ ਕੜੀ ਨਾਲ ਰੋਟੀ ਖਾ ਲਵਾਂਗੇ ਜਾਂ ਦਫ਼ਤਰਾਂ ਜਾਂ ਹੋਰ ਰਸਮੀ ਥਾਂਵਾਂ ਉੱਤੇ ਕੁੜਤੇ-ਪਜਾਮੇ ਜਾਂ ਚਾਦਰੇ ਨਾਲ ਚਲੇ ਜਾਵਾਂਗੇ ਤਾਂ ਸਾਨੂੰ ਕੋਈ ਕਨੂੰਨ ਰੋਕ ਦੇਵੇਗਾ। ਇਹ ਇੱਕ ਸਮਾਜਿਕ ਮਰਯਾਦਾ ਹੈ ਜਾਂ ਉਚਿਤਤਾ ਹੈ। ਭਾਸ਼ਾ ਵਿੱਚ ਵੀ ਇਸੇ ਤਰ੍ਹਾਂ ਦੀ ਉਚਿਤਤਾ (appropriateness) ਪਾਈ ਜਾਂਦੀ ਹੈ। ਜੇ ਕੋਈ ‘ਕੁੜੀ ਪੜ੍ਹਦਾ ਹੈ’ ਜਾਂ ‘ਮੁੰਡਾ ਪੜ੍ਹਦੀ ਹੈ’ ਵਰਗੇ ਵਾਕ ਬੋਲੇਗਾ ਤਾਂ ਝੱਟ ਅਣਉਚਿਤਤਾ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ, ਭਾਵੇਂ ਕਿ ਭਾਵਾਂ ਦਾ ਸੰਚਾਰ ਤਾਂ ਇਵੇਂ ਬੋਲਣ ਨਾਲ ਵੀ ਹੋ ਜਾਂਦਾ, ਹੈ। ਇਉਂ ਹਰ ਭਾਸ਼ਾ ਦਾ ਆਪਣਾ ਨੇਮ- ਪ੍ਰਬੰਧ ਹੁੰਦਾ ਹੈ ਅਤੇ ਇਹ ਭਾਸ਼ਾ ਧੁਨੀਆਂ ਤੋਂ ਸ਼ਬਦ ਬਣਾਉਣ ਵੇਲੇ, ਸ਼ਬਦਾਂ ਤੋਂ ਵਾਕਾਂਸ਼ ਬਣਾਉਣ ਵੇਲੇ ਅਤੇ ਵਾਕਾਂਸ਼ਾਂ ਤੋਂ ਵਾਕ ਬਣਾਉਣ ਵੇਲੇ ਕਾਰਜਸ਼ੀਲ ਹੁੰਦਾ ਹੈ। ਇਸੇ ਨੂੰ ਅਸੀਂ ਭਾਸ਼ਾ ਦਾ ਵਿਆਕਰਨ ਕਹਿੰਦੇ ਹਾਂ। ਪਰ ਨਾਲ ਹੀ ਸਮਾਜਿਕ ਵਿਆਕਰਨ ਵੀ ਕਾਰਜਸ਼ੀਲ ਰਹਿੰਦਾ ਹੈ। ਅਸੀਂ ਪੰਜਾਬੀ ਸਮਾਜ ਵਿੱਚ ਆਪਣੇ ਤੋਂ ਵੱਡੇ ਨੂੰ ਜਾਂ ਅਫ਼ਸਰ ਨੂੰ ‘ਤੂੰ’ ਕਹਿ ਕੇ ਨਹੀਂ ਬਲਾਉਂਦੇ ਬਲਕਿ ‘ਤੁਸੀਂ’ ਕਹਿ ਕੇ ਬੁਲਾਉਂਦੇ ਹਾਂ। ਇਹ ਸਮਾਜਿਕ-ਸੱਭਿਆਚਾਰਿਕ ਵਿਆਕਰਨ ਹੈ। ਭਾਸ਼ਾਈ ਜਾਂ ਵਿਆਕਰਨ ਦੇ ਪੱਖ ਤੋਂ ‘ਤੂੰ’ ਜਾਂ ‘ਤੁਸੀਂ’ ਵਿੱਚ ਕੇਵਲ ਇੱਕਵਚਨ ਤੇ ਬਹੁਵਚਨ ਦਾ ਅੰਤਰ ਹੈ। ਅੰਗਰੇਜ਼ੀ ਭਾਸ਼ਾ ਵਿੱਚ you ਹੀ ਕਿਹਾ ਜਾਂਦਾ ਹੈ। ਦਰਅਸਲ ਜਿਵੇਂ ਸਮਾਜ ਵਿੱਚ ਵਿਚਰਦਿਆਂ ਵਿਭਿੰਨ ਵਿਅਕਤੀਆਂ ਦਾ ਆਪਸ ਵਿੱਚ ਕਈ ਕਿਸਮ ਦਾ ਭਾਈਚਾਰਿਕ/ ਸਾਕਾਦਾਰੀ ਸੰਬੰਧ ਹੁੰਦਾ ਹੈ, ਓਵੇਂ ਵਾਕ ਵਿੱਚ ਵਿਚਰਨ ਵਾਲੇ ਸ਼ਬਦ ਜਾਂ ਸ਼ਬਦ-ਸਮੂਹ ਕਈ ਕਿਸਮ ਦੇ ਵਾਕਾਤਮਿਕ ਸੰਬੰਧਾਂ ਵਿੱਚ ਬੱਝੇ ਹੁੰਦੇ ਹਨ। ਇੱਕ ਸ਼੍ਰੇਣੀ ਦੇ ਸ਼ਬਦ-ਰੂਪਾਂ ਦਾ ਦੂਜੀ ਸ਼੍ਰੇਣੀ ਦੇ ਸ਼ਬਦ-ਰੂਪਾਂ ਨਾਲ ਵਿਆਕਰਨਿਕ ਸੰਬੰਧ ਹੁੰਦਾ ਹੈ। ਇਸ ਸੰਬੰਧ ਅਨੁਸਾਰ ਵਾਕ ਬਣਤਰ ਵਿਚਲੇ ਸ਼ਬਦ-ਰੂਪਾਂ ਵਿੱਚ ਵਿਆਕਰਨਿਕ ਪੱਖੋਂ ਇੱਕਰੂਪਤਾ ਅਤੇ ਇੱਕਸਾਰਤਾ ਆਉਂਦੀ ਹੈ। ਇਸ ਇੱਕਰੂਪਤਾ ਅਤੇ ਇੱਕਸਾਰਤਾ ਨੂੰ ਹੀ ਵਿਆਕਰਨਿਕ ਮੇਲ ਜਾਂ ਸਮਤਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਆਕਰਨਾਂ ਵਿੱਚ ਮੇਲ ਦੀ ਥਾਂ agreement ਅਤੇ concord ਆਦਿ ਸੰਕਲਪਾਂ/ਸ਼ਬਦਾਂ ਨੂੰ ਵਰਤਿਆ ਜਾਂਦਾ ਹੈ। ਮੇਲ ਦਾ ਨੇਮ ਪ੍ਰਬੰਧ ਹਰ ਭਾਸ਼ਾ ਦਾ ਆਪਣਾ-ਆਪਣਾ ਹੁੰਦਾ ਹੈ। ਮਿਸਾਲ ਵਜੋਂ :

                                 ਪੰਜਾਬੀ                    ਅੰਗਰੇਜ਼ੀ

        1.                    ਮੈਂ ਰੋਟੀ ਖਾ ਰਿਹਾ ਹਾਂ।    I am eating bread.

        2.                    ਮੈਂ ਰੋਟੀ ਖਾ ਰਹੀ ਹਾਂ।     I am eating bread.

        3.                    ਤੂੰ ਰੋਟੀ ਖਾ ਰਿਹਾ ਹੈਂ।     You are eating bread.

        4.                    ਤੁਸੀਂ ਰੋਟੀ ਖਾ ਰਹੇ ਹੋ।    You are eating bread.

        5.                    ਅਸੀਂ ਰੋਟੀ ਖਾ ਰਹੇ ਹਾਂ।   We are eating bread.

     ਪੰਜਾਬੀ ਦੇ ਪੰਜੇ ਵਾਕਾਂ ਵਿੱਚ ਕਰਤਾ-ਪੜਨਾਂਵ ਅਨੁਸਾਰ ਗਤੀ ਵਾਚਕ ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ ‘ਹੈ’ ਦਾ ਰੂਪ ਲਿੰਗ-ਵਚਨ ਅਨੁਸਾਰ ਬਦਲ ਗਿਆ ਹੈ। ਪਰ ਇਸ ਦੇ ਮੁਕਾਬਲੇ ਉੱਤੇ ਅੰਗਰੇਜ਼ੀ ਭਾਸ਼ਾ ਦੇ ਵਾਕ ਵਿੱਚ ਸਿਰਫ਼ ਸਹਾਇਕ ਕਿਰਿਆ ਹੀ ਬਦਲੀ ਹੈ। ਪੰਜਾਬੀ ਵਾਕਾਂ ਵਿੱਚ ‘ਮੈਂ’ ਪੁਲਿੰਗ ਨਾਲ ‘ਰਿਹਾ’ ਅਤੇ ਇਲਿੰਗ ਨਾਲ ‘ਰਹੀ’ ਕਿਰਿਆ ਰੂਪ ਆਇਆ ਹੈ। ਪਰ ਪੰਜਾਬੀ ਵਿੱਚ ਸਮਾਨ ਹੈ। ਇਸੇ ਤਰ੍ਹਾਂ ਬਾਕੀ ਵਾਕਾਂ ਵਿੱਚ ਗਤੀਵਾਦੀ ਕਿਰਿਆ ਰੂਪ ‘ਰਿਹਾ’ ਅਤੇ ਸਹਾਇਕ ਕਿਰਿਆ ‘ਹੋ’ ਦੇ ਵੱਖ-ਵੱਖ ਰੂਪ ਵੇਖੇ ਜਾ ਸਕਦੇ ਹਨ। ਪਰ ਅੰਗਰੇਜ਼ੀ ਵਿੱਚ ਸਿਰਫ਼ ਸਹਾਇਕ ਕਿਰਿਆਵਾਂ (am) ਅਤੇ (are) ਹੀ ਬਦਲੀਆਂ ਹਨ।

     ਪੰਜਾਬੀ ਵਾਕ ਬਣਤਰ ਵਿੱਚ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਵਿੱਚ ਲਿੰਗ, ਵਚਨ ਅਤੇ ਪੁਰਖ ਆਦਿ ਦੇ ਪੱਖ ਤੋਂ ਮੇਲ ਹੁੰਦਾ ਹੈ। ਨਾਂਵ ਵਾਕਾਂਸ਼ ਦੇ ਅੰਦਰ ਵਿਸ਼ੇਸ਼ਣ ਅਤੇ ਨਾਂਵ ਵਿਚਕਾਰ ਵੀ ਮੇਲ ਹੁੰਦਾ ਹੈ। ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਵਿਚਲਾ ਮੇਲ ਦੋਹਾਂ ਵਾਕਾਂਸ਼ਾਂ ਦੇ ਬਣਤਰੀ ਲੱਛਣਾਂ ਉਪਰ ਨਿਰਭਰ ਕਰਦਾ ਹੈ। ਮਸਲਨ ਸਧਾਰਨ ਕਾਰਕੀ ਰੂਪਾਂ ਵਾਲੇ ਕਰਤਾ ਜਾਂ ਕਰਮ ਦਾ ਲਿੰਗ ਅਤੇ ਵਚਨ ਦੇ ਪੱਖ ਤੋਂ ਮੇਲ ਕਾਲਕੀ ਕਿਰਿਆ ਨਾਲ ਹੁੰਦਾ ਹੈ। ਕਰਤਾ-ਨਾਂਵ ਅਤੇ ਕਿਰਿਆ ਦਰਮਿਆਨ ਮੇਲ ਵਰਤਮਾਨ ਕਾਲ ਅਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਤਾਂ ਲਾਜ਼ਮੀ ਹੁੰਦਾ ਹੈ ਪਰ ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਇਹ ਓਦੋਂ ਹੀ ਸੰਭਵ ਹੈ, ਜੇ ਕਰਤਾ ਸਧਾਰਨ ਕਾਰਕੀ ਰੂਪ ਵਿੱਚ ਹੋਵੇ, ਪਰ ਜੇ ਸੰਬੰਧਕ ਸਹਿਤ ਹੋਵੇ ਤਾਂ ਇਹੋ ਮੇਲ ਕਰਮ ਨਾਲ ਹੁੰਦਾ ਹੈ। ਇਹੋ ਨੇਮ ਕਰਮ ਉਪਰ ਹੀ ਲਾਗੂ ਹੁੰਦਾ ਹੈ। ਭਾਵ ਜੇ ਕਰਮ ਨਾਲ ਸੰਬੰਧਕ ਲੱਗਿਆ ਹੋਵੇ ਤਾਂ ਕਿਰਿਆ ਦਾ ਮੇਲ ਕਰਮ ਨਾਲ ਵੀ ਨਹੀਂ ਹੁੰਦਾ। ਹੇਠ ਲਿਖੇ ਵਾਕਾਂ ਵਿੱਚ ਮੇਲ ਦਾ ਇਹ ਨੇਮ ਵੇਖਿਆ ਜਾ ਸਕਦਾ ਹੈ :

                                   ਵਾਕ                           ਮੇਲ

         1.                        ਬੱਚਾ ਪੜ੍ਹਦਾ ਹੈ।               (ਕਰਤਾ-ਕਿਰਿਆ)

         2.                        ਬੱਚਾ ਕਿਤਾਬ ਪੜ੍ਹਦਾ ਹੈ।      (ਕਰਤਾ-ਕਿਰਿਆ)

         3.                        ਬੱਚੇ ਨੇ ਕਿਤਾਬ ਪੜ੍ਹੀ।                   (ਕਰਤਾ-ਕਰਮ)           

         4.                        ਬੱਚੇ ਨੇ ਕਿਤਾਬ ਨੂੰ ਪੜ੍ਹਿਆ।   (ਮੇਲ-ਯੁਕਤ)

     ਪੰਜਾਬੀ ਭਾਸ਼ਾ ਵਿੱਚ ਹੇਠ ਲਿਖੀਆਂ ਇਕਾਈਆਂ/ਸ਼ਬਦ ਰੂਪਾਂ ਦਰਮਿਆਨ ਮੇਲ ਸਥਾਪਿਤ ਹੁੰਦਾ ਹੈ :

     1.  ਵਿਸ਼ੇਸ਼ਣ ਅਤੇ ਨਾਂਵ : ਚੰਗਾ ਮੁੰਡਾ, ਚੰਗੇ ਮੁੰਡੇ, ਚੰਗੀ ਕੁੜੀ, ਚੰਗੀਆਂ ਕੁੜੀਆਂ।

     2.  ਪੜਨਾਂਵ ਅਤੇ ਕਿਰਿਆ : ਮੈਂ ਜਾਵਾਂ, ਉਹ ਜਾਵੇ, ਅਸੀਂ ਜਾਈਏ, ਤੁਸੀਂ ਜਾਵੋ।

     3.  ਪੜਨਾਂਵ ਅਤੇ ਸਹਾਇਕ ਕਿਰਿਆ : ਮੈਂ ਜਾਂਦਾ ਹਾਂ, ਉਹ ਜਾਂਦਾ ਹੈ, ਤੂੰ ਜਾਂਦਾ ਹੈ, ਤੁਸੀਂ ਜਾਂਦੇ ਹੋ।

     4.  /ਦਾ/ ਸੰਬੰਧਕ ਅਤੇ ਨਾਂਵ : ਮੁੰਡੇ ਦਾ ਮਾਮਾ, ਮੁੰਡੇ ਦੀ ਮਾਮੀ, ਮੁੰਡੇ ਦੀਆਂ ਮਾਮੀਆਂ।

     5.  ਕਰਮ ਅਤੇ ਕਿਰਿਆ : ਮੁੰਡੇ ਨੇ ਰੋਟੀ ਖਾਧੀ, ਮੁੰਡੇ ਨੇ ਰੋਟੀਆਂ ਖਾਧੀਆਂ, ਮੁੰਡੇ ਨੇ ਚਾਹ ਪੀਤੀ।

     6.  ਨਾਂਵ ਅਤੇ ਸਹਾਇਕ ਕਿਰਿਆ : ਕੁੱਤਾ ਕਾਲਾ ਹੈ, ਕੁੱਤੇ ਕਾਲੇ ਹਨ। 


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 67621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮੇਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੇਲ ਮਿਲਾਪ- ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ। ਵੇਖੋ ਮੇਲਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 67112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.