ਮੁੱਲਵਾਨ ਸੀਕਿਉਰਿਟੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Valuable security_ਮੁੱਲਵਾਨ ਸੀਕਿਉਰਿਟੀ: ਸ਼ਬਦ ‘‘ਮੁਲਵਾਨ ਸੀਕਿਉਰਿਟੀ ’’ ਤੋਂ ਮੁਰਾਦ ਹੈ ਉਹ ਦਾਸਤਵੇਜ਼ ਜੋ ਅਜਿਹੀ ਦਸਤਾਵੇਜ਼ ਹੈ ਜਾਂ ਜਿਸ ਦਾ ਅਜਿਹੀ ਦਸਤਾਵੇਜ਼ ਹੋਣਾ ਤਾਤਪਰਜਿਤ ਹੈ, ਜਿਸ ਦੁਆਰਾ ਕੋਈ ਕਾਨੂੰਨੀ ਅਧਿਕਾਰ ਸਿਰਜਤ, ਵਿਸਤਰਿਤ, ਮੁੰਤਕਿਲ, ਬੰਧੇਜੀ, ਖ਼ਤਮ ਕੀਤਾ ਜਾ ਉਸ ਤੋਂ ਛੁਟਕਾਰਾ ਦਿੱਤਾ ਜਾਵੇ ਜਾਂ ਜਿਸ ਦੁਆਰਾ ਕੋਈ ਵਿਅਕਤੀ ਇਹ ਮੰਨਦਾ ਹੈ ਕਿ ਉਹ ਕਿਸੇ ਕਾਨੂੰਨੀ ਉੱਤਰਦਾਇਤਾ ਦੇ ਅਧੀਨ ਹੈ, ਜਾਂ ਕੋਈ ਨਿਸਚਿਤ ਕਾਨੂੰਨੀ ਅਧਿਕਾਰ ਨਹੀਂ ਰੱਖਦਾ।
ੳ ਇਕ ਵਟਾਂਦਰਾ ਬਿਲ ਦੇ ਪਿੱਛੇ ਆਪਣਾ ਨਾਂ ਲਿਖ ਦਿੰਦਾ ਹੈ। ਕਿਉਂਕਿ ਪਿਠਕੰਣ ਦਾ ਪ੍ਰਭਾਵ ਕਿਸੇ ਵਿਅਕਤੀ ਨੂੰ, ਜੋ ਉਸ ਦਾ ਕਾਨੂੰਨ-ਪੂਰਨ ਧਾਰਕ ਹੋ ਜਾਵੇ, ਉਸ ਬਿਲ ਦਾ ਅਧਿਕਾਰ ਮੁੰਤਕਿਲ ਕਰਨ ਦਾ ਹੈ, ਇਹ ਪਿਠਕੰਣ ਇਕ ‘ਮੁੱਲਵਾਨ ਸੀਕਿਉਰਿਟੀ’ ਹੈ।
‘ਮੁੱਲਵਾਨ ਸੀਕਿਉਰਿਟੀ’ ਦਾ ਮਤਲਬ ਹੈ ਉਸ ਖ਼ਾਸ ਵਰਗ ਦੇ ਦਸਤਾਵੇਜ਼ ਜੋ ਕੋਈ ਕਾਨੂੰਨੀ ਅਧਿਕਾਰ ਸਿਰਜਦੇ ਜਾਂ ਖ਼ਤਮ ਕਰਦੇ ਹਨ। ਇਸ ਕਿਸਮ ਦਾ ਦਸਤਾਵੇਜ਼ ਹੋਰਨਾਂ ਗੱਲਾਂ ਤੋਂ ਇਲਾਵਾ ਜਾਂ ਤਾਂ ਵਾਸਤਵ ਵਿਚ ਕੋਈ ਕਾਨੂੰਨੀ ਅਧਿਕਾਰ ਸਿਰਜਦਾ, ਉਸ ਵਿਚ ਵਿਸਤਾਰ ਲਿਆਉਂਦਾ, ਉਸ ਨੂੰ ਮੁੰਤਕਿਲ ਕਰਦਾ , ਬੰਧੇਜੀ ਬਣਾਉਂਦਾ, ਖ਼ਤਮ ਕਰਦਾ ਜਾਂ ਉਸ ਤੋਂ ਵਾਗੁਜ਼ਾਰ ਕਰਦਾ ਹੈ ਜਾਂ ਉਸ ਤੋਂ ਅਜਿਹਾ ਕਰਨਾ ਤਾਤਪਰਜਤ ਹੁੰਦਾ ਹੈ। ਜਦੋਂ ਇਕੱਲੇ ਸ਼ਬਦ ਸੀਕਿਉਰਿਟੀ ਦੀ ਵਰਤੋੀ ਕੀਤੀ ਜਾਵੇ ਤਾਂ ਉਸ ਦਾ ਮਤਲਬ ਕਿਸੇ ਅਜਿਹੀ ਚੀਜ਼ ਤੋਂ ਹੁੰਦਾ ਹੈ ਜੋ ਧਨ ਦੀ ਵਾਪਸ ਅਦਾਇਗੀ ਸੁਨਿਸਚਿਤ ਕਰਦੀ ਹੈ ਜਾਂ ਆਸਾਨੀ ਨਾਲ ਵਸੂਲੀਯੋਗ ਬਣਾਉਂਦੀ ਹੈ। ਲੇਕਿਨ ਧਾਰਾ 30 ਵਿਚ ਯਥਾ-ਪਰਿਭਾਸ਼ਤ ਮੁੱਲਵਾਨ ਸੀਕਿਉਰਿਟੀ ਦਾ ਮਤਲਬ ਹੈ ਅਜਿਹੀ ਦਸਤਾਵੇਜ਼ ਜਾਂ ਜਿਸ ਦਾ ਅਜਿਹੀ ਦਸਤਾਵੇਜ਼ ਹੋਣਾ ਤਾਤਪਰਜਤ ਹੈ ਜਿਸ ਦੁਆਰਾ ਕੋਈ ਕਾਨੂੰਨੀ ਅਧਿਕਾਰ ਸਿਰਜਿਆ, ਵਿਸਤਰਿਤ ਕੀਤਾ, ਮੁੰਕਲਿਤ ਕੀਤਾ, ਬੰਧੇਜੀ ਕੀਤਾ, ਖ਼ਤਮ ਕੀਤਾ ਜਾਂ ਉਸ ਤੋਂ ਛੁਟਕਾਰਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਅਜਿਹੀ ਦਸਤਾਵੇਜ਼ ਵੀ ਮੁੱਲਵਾਨ ਸੀਕਿਉਰਿਟੀ ਹੈ ਜਿਸ ਦੁਆਰਾ ਕੋਈ ਵਿਅਕਤੀ ਇਹ ਮੰਨਦਾ ਹੈ ਕਿ ਉਹ ਕਿਸੇ ਕਾਨੂੰਨੀ ਦੇਣਦਾਰੀ ਦੇ ਅਧੀਨ ਹੈ ਜਾਂ ਕੋਈ ਨਿਸਚਿਤ ਕਾਨੂੰਨੀ ਅਧਿਕਾਰ ਨਹੀਂ ਰਖਦਾ। ਮੁੱਲਵਾਨ ਸੀਕਿਉਰਿਟੀ ਦੇ ਘਟਕ ਨਿਮਨ ਅਨੁਸਾਰ ਹਨ:-
(i) ਮੁੱਲਵਾਨ ਸੀਕਿਉਰਿਟੀ ਦਾ ਮਤਲਬ ਹੈ ਕੋਈ ਦਸਤਾਵੇਜ਼;
(ii) ਉਹ ਦਸਤਾਵੇਜ਼ ਅਜਿਹਾ ਹੁੰਦਾ ਹੈ ਜਿਸ ਦੁਆਰਾ ਕੋਈ ਕਾਨੂੰਨੀ ਅਧਿਕਾਰ ਸਿਰਜਤ, ਵਿਸਤਰਿਤ, ਮੁੰਤਕਿਲ, ਬੰਧੇਜੀ, ਖ਼ਤਮ ਕੀਤਾ ਜਾਂ ਵਾਗੁਜ਼ਾਰ ਕੀਤਾ ਜਾਂਦਾ ਹੈ; ਜਾਂ
(iii) ਉਹ ਦਸਤਾਵੇਜ਼ ਅਜਿਹਾ ਹੁੰਦਾ ਹੈ ਜਿਸ ਦੁਆਰਾ ਕੋਈ ਵਿਅਕਤੀ ਇਹ ਗੱਲ ਮੰਨਦਾ ਹੈ ਕਿ ਉਹ ਕਿਸੇ ਕਾਨੂੰਨੀ ਦੇਣਦਾਰੀ ਦੇ ਅਧੀਨ ਹੈ ਜਾਂ ਕੋਈ ਨਿਸਚਿਤ ਕਾਨੂੰਨੀ ਅਧਿਕਾਰ ਨਹੀਂ ਰੱਖਦਾ।
ਅਜਿਹਾ ਦਸਤਾਵੇਜ਼, ਜਿਸ ਬਾਰੇ ਸ਼ਹਾਦਤ ਪੇਸ਼ ਕੀਤੇ ਜਾਣ ਤੇ ਇਹ ਕਰਾਰ ਦਿੱਤਾ ਜਾਵੇ ਕਿ ਉਹ ਦਸਤਾਵੇਜ਼ ਕਾਨੂੰਨ-ਮੰਨਵਾਂ ਨਹੀਂ ਹੈ, ਪਰ ਉਸ ਤੇ ਲਿਖੇ ਸ਼ਬਦਾਂ ਦਾ ਅਰਥ ਇਹ ਹੋਵੇ ਕਿ ਉਸ ਦੁਆਰਾ ਕੋਈ ਕਾਨੂੰਨੀ ਅਧਿਕਾਰ ਸਿਰਜਿਆ, ਵਿਸਤਰਿਤ ਕੀਤਾ, ਮੁੰਤਕਿਲ ਕੀਤਾ, ਬੰਧੇਜੀ ਕੀਤਾ, ਖ਼ਤਮ ਕੀਤਾ ਜਾਂ ਛੁਟਕਾਰਾ ਦਿੱਤਾ ਗਿਆ ਹੈ ਤਾਂ ਵੀ ਉਹ ਦਸਤਾਵੇਜ਼ ਮੁੱਲਵਾਨ ਸੀਕਿਉਰਿਟੀ ਦੀ ਪਰਿਭਾਸ਼ਾ ਦੇ ਦਾਇਰੇ ਅੰਦਰ ਆਵੇਗਾ। ਗੋਬਿੰਦ ਪ੍ਰਸਾਦ ਬਨਾਮ ਰਾਜ (ਏ ਆਈ ਆਰ 1962 ਕਲਕੱਤਾ 174) ਦੇ ਕੇਸ ਵਿਚ ਕਲਕੱਤਾ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਮੁੱਲਵਾਨ ਸੀਕਿਉਰਿਟੀ ਦੀ ਨਕਲ ਮੁੱਲਵਾਨ ਸੀਕਿਉਰਿਟੀ ਨਹੀਂ ਹੈ ਅਤੇ ਇਸ ਪਰਿਭਾਸ਼ਾ ਵਿਚ ਕੇਵਲ ਅਸਲ ਦਸਤਾਵੇਜ਼ ਸ਼ਾਮਲ ਹਨ। ਸਰਵਉੱਚ ਅਦਾਲਤ ਨੇ ਭਾਉ ਸਾਹਿਬ ਕਾਲੂ ਪਾਟਿਲ ਬਨਾਮ ਰਾਜ [1980 ਕ੍ਰਿ ਲ ਜ1312 (ਐਸ ਸੀ)] ਵਿਚ ਕਰਾਰ ਦਿੱਤਾ ਹੈ ਕਿ ਜਾਲ੍ਹੀ ਸਰਟੀਫ਼ਿਕੇਟ ਜਿਸ ਦੇ ਆਧਾਰ ਉਤੇ ਕਾਲਜ ਵਿਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਮੁੱਲਵਾਨ ਸੀਕਿਉਰਿਟੀ ਨਹੀਂ ਹੈ। ਰਾਮਾ ਸੁਵਾਮੀ ਦੇ ਕੇਸ ਵਿਚ ਮਦਰਾਸ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਜੇ ਕਿਸੇ ਦਸਤਾਵੇਜ਼ ਉੱਤੇ ਪੂਰੇ ਸਟਾਂਪ ਨ ਲੱਗੇ ਹੋਣ ਜਾਂ ਉਸ ਤੇ ਸਟਾਂਪ ਲਾਏ ਹੀ ਨ ਗਏ ਹੋਣ ਤਦ ਵੀ ਉਹ ਦਸਤਾਵੇਜ਼ ਮੁਲਵਾਨ ਸੀਕਿਉਰਿਟੀ ਮੰਨਿਆ ਜਾਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First