ਮੁਖ਼ਤਾਰਨਾਮਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Power of Attorney_ਮੁਖ਼ਤਾਰਨਾਮਾ: ਮੁਖ਼ਤਾਰਨਾਮਾ ਉਸ ਦਸਤਾਵੇਜ਼ ਨੂੰ ਕਿਹਾ ਜਾਂਦਾ ਹੈ ਜਿਸ ਦੁਆਰਾ ਇਕ ਜਾਂ ਇਕ ਤੋਂ ਵੱਧ ਵਿਅਕਤੀ ਕਿਸੇ ਇਕ ਵਿਅਕਤੀ ਜਾਂ ਵੱਧ ਵਿਅਕਤੀਆਂ ਨੂੰ ਉਸ ਜਾਂ ਉਨ੍ਹਾਂ ਦੀ ਥਾਵੇਂ ਕੋਈ ਕੰਮ ਕਰਨ ਦਾ ਇਖ਼ਤਿਆਰ ਦਿੰਦਾ ਜਾਂ ਦਿੰਦੇ ਹਨ। ‘ਦ ਸਟੈਂਪ ਐਕਟ ਦੀ ਧਾਰਾ 2(2) ਵਿਚ ਮੁਖ਼ਤਾਰਨਾਮੇ ਨੂੰ ਨਿਮਨ-ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-
‘‘ਮੁਖ਼ਤਾਰਨਾਮੇ ਵਿਚ ਕੋਈ ਲਿਖਤ ਸ਼ਾਮਲ ਹੈ (ਜਿਸ ਉਤੇ ਤਤਸਮੇਂ ਕੋਰਟ ਫ਼ੀਸ ਨਾਲ ਸਬੰਧਤ ਕਾਨੂੰਨ ਅਧੀਨ ਕੋਈ ਫ਼ੀਸ ਚਾਰਜ ਨਹੀਂ ਕੀਤੀ ਜਾਂਦੀ/ਨਹੀਂ ਲਈ ਜਾਂਦੀ) ਜਿਸ ਦੁਆਰਾ ਉਲਿਖਤ ਵਿਅਕਤੀ ਨੂੰ ਮੁਖ਼ਤਾਰਨਾਮੇ ਦੀ ਤਕਮੀਲ ਕਰਨ ਵਾਲੇ ਵਿਅਕਤੀ ਲਈ ਅਤੇ ਉਸ ਦੇ ਨਾਂ ਤੇ ਕੰਮ ਕਰਨ ਦਾ ਇਖ਼ਤਿਆਰ ਦਿੱਤਾ ਜਾਂਦਾ ਹੈ।’’
ਇਸ ਤਰ੍ਹਾਂ ਮੁਖ਼ਤਾਰਨਾਮੇ ਦੁਆਰਾ ਲਿਖਤੀ ਰੂਪ ਵਿਚ ਇਕ ਵਿਅਕਤੀ ਦੁਆਰਾ ਉਸ ਦੇ ਨਮਿਤ ਕੰਮ ਕਰਨ ਲਈ ਅਥਾਰਿਟੀ ਡੈਲੀਗੇਟ ਕੀਤੀ ਜਾਂਦੀ ਹੈ। ਕਾਨੂੰਨੀ ਸ਼ਬਦਾਵਲੀ ਵਿਚ ਸੱਤਾ ਡੈਲੀਗੇਟ ਕਰਨ ਵਾਲੇ ਨੂੰ ਡੋਨਰ (ਦਾਨੀ) ਅਤੇ ਜਿਸ ਨੂੰ ਉਹ ਸੱਤਾ ਡੈਲੀਗੇਟ ਕੀਤੀ ਜਾਂਦੀ ਹੈ ਉਸ ਨੂੰ ਦਾਨ-ਪਾਤਰ ਅਥਵਾ ਮੁਖ਼ਤਾਰ ਕਿਹਾ ਜਾਂਦਾ ਹੈ। ਜੇ ਇਸ ਤਰ੍ਹਾਂ ਦੀ ਨਿਯੁਕਤੀ ਅਥਵਾ ਸੱਤਾ ਦਾ ਡੈਲੀਗੇਟ ਕੀਤਾ ਜਾਣਾ ਕੋਈ ਉਲਿਖਤ ਕੰਮ ਕਰਨ ਲਈ ਕੀਤੀ ਜਾਵੇ ਤਾਂ ਉਸ ਲਿਖਤ ਨੂੰ ਮੁਖ਼ਤਾਰਨਾਮਾ ਖ਼ਾਸ ਕਿਹਾ ਜਾਂਦਾ ਹੈ ਅਤੇ ਜੇ ਉਹ ਲਿਖਤ ਦਾਨਪਾਤਰ ਨੂੰ ਦਾਨੀ ਦੀ ਥਾਵੇਂ ਸਾਧਾਰਨ ਤੌਰ ਤੇ ਕੰਮ ਕਰਨ ਦੀ ਸੱਤਾ ਡੈਲੀਗੇਟ ਕਰਦੀ ਹੋਵੇ ਤਾਂ ਉਸ ਨੂੰ ਸਾਧਾਰਨ ਮੁਖ਼ਤਾਰਨਾਮਾ ਕਿਹਾ ਜਾਂਦਾ ਹੈ।
ਮੁਖ਼ਤਾਰਨਾਮੇ ਦੀ ਤਕਮੀਲ ਹਰ ਉਹ ਵਿਅਕਤੀ ਕਰ ਸਕਦਾ ਹੈ ਜੋ ਮੁਆਇਦਾ ਕਰਨ ਲਈ ਸ਼ਕਤਵਾਨ ਹੋਵੇ ਅਰਥਾਤ ਸਵੱਸਥਚਿੱਤ ਅਤੇ ਬਾਲਗ਼ ਹੋਵੇ। ਜਦੋਂ ਕੋਈ ਮੁਖ਼ਤਾਰਨਾਮਾ ਇਕ ਤੋਂ ਵੱਧ ਵਿਅਕਤੀਆਂ ਦੇ ਪੱਖ ਵਿਚ ਕੀਤਾ ਜਾਵੇ ਤਾਂ ਇਹ ਸਪਸ਼ਟ ਕਰ ਦੇਣਾ ਵਾਂਛਨੀ ਹੁੰਦਾ ਹੈ ਕਿ ਕੀ ਮੁਖ਼ਤਾਰ ਅਥਵਾ ਦਾਨ-ਪਾਤਰ ਕੇਵਲ ਸੰਯੁਕਤ ਰੂਪ ਵਿਚ ਕੰਮ ਕਰਨਗੇ ਜਾਂ ਵਖ ਵਖ ਵੀ ਅਤੇ ਸੰਯੁਕਤ ਰੂਪ ਵਿਚ ਵੀ।
ਜਦੋਂ ਤਕ ਮੁਖ਼ਤਾਰ ਅਥਵਾ ਦਾਨ-ਪਾਤਰ ਉਸ ਨੂੰ ਡੈਲੀਗੇਟ ਕੀਤੇ ਗਏ ਇਖ਼ਤਿਆਰਾਂ ਦੇ ਅੰਦਰ ਕੰਮ ਕਰਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਉਹ ਕੰਮ ਦਾਨੀ ਅਥਵਾ ਮੁਖ਼ਤਾਰ ਗਠਤ ਕਰਨ ਵਾਲੇ ਵਿਅਕਤੀ ਦੇ ਹਨ ਅਤੇ ਉਹ ਮੁਖ਼ਤਾਰ ਦੇ ਕੰਮਾਂ ਦਾ ਪਾਬੰਦ ਹੋਵੇਗਾ। ਇਸ ਗੱਲ ਨਾਲ ਸਬੰਧਤ ਮੁਖ਼ਤਾਰਨਾਮਾ ਐਕਟ, 1882 (The Power of Attorney Act, 1882) ਦੀ ਧਾਰਾ 2 ਨਿਮਨ ਅਨੁਸਾਰ ਹੈ:-
‘‘ਮੁਖ਼ਤਾਰਨਾਮੇ ਦਾ ਦਾਨ-ਪਾਤਰ (ਮੁਖ਼ਤਾਰ), ਜੇ ਉਹ ਠੀਕ ਸਮਝੇ , ਉਹ ਇਖ਼ਤਿਆਰ ਦੇਣ ਵਾਲੇ ਦਾਨੀ ਦੀ ਸੱਤਾ ਨਾਲ ਆਪਣੇ ਨਾਂ ਅਤੇ ਦਸਖ਼ਤਾਂ ਨਾਲ ਅਤੇ ਆਪਣੀ ਮੁਹਰ ਨਾਲ ਜਿਥੇ ਮੁਹਰ ਲਾਉਣ ਦੀ ਲੋੜ ਹੋਵੇ, ਕਿਸੇ ਲਿਖਤ ਦੀ, ਇਖ਼ਤਿਆਰ ਦੇਣ ਵਾਲੇ ਦਾਨੀ ਦੀ ਸੱਤਾ ਨਾਲ, ਤਕਮੀਲ ਕਰ ਸਕਦਾ ਹੈ ਜਾਂ ਕੋਈ ਗੱਲ (ਕੰਮ) ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਤਕਮੀਲੀ ਗਈ ਹਰ ਲਿਖਤ ਅਤੇ ਕੀਤੀ ਗਈ ਗੱਲ (ਕੀਤਾ ਗਿਆ ਕੰਮ) ਕਾਨੂੰਨ ਵਿਚ ਉਤਨਾ ਹੀ ਕਾਰਗਰ ਹੋਵੇਗਾ ਮਾਨੋ ਉਹ ਇਖ਼ਤਿਆਰ ਦੇਣ ਵਾਲੇ ਦਾਨੀ ਦੁਆਰਾ ਉਸ ਦੇ ਨਾਂ ਅਤੇ ਦਸਖ਼ਤ ਅਤੇ ਮੁਹਰ ਨਾਲ ਤਕਮੀਲੀ ਜਾਂ ਕੀਤੀ ਗਈ ਹੋਵੇ।
ਮੁਖ਼ਤਾਰਨਾਮੇ ਦੇ ਦਾਨੀ ਦੁਆਰਾ ਮੁਖ਼ਤਾਰਨਾਮਾ ਵਾਪਸ ਲੈ ਲਏ ਜਾਣ (Revocation) ਉਪਰੰਤ ਮੁਖ਼ਤਾਰ (ਦਾਨ-ਪਾਤਰ) ਦਾਨੀ ਦਾ ਏਜੰਟ ਨਹੀਂ ਰਹਿ ਜਾਂਦਾ। ਲੇਕਿਨ ਕੁਝ ਹਾਲਾਤ ਵਿਚ ਜਿਨ੍ਹਾਂ ਦਾ ਜ਼ਿਕਰ ਧਾਰਾ 3 ਵਿਚ ਕੀਤਾ ਗਿਆ ਹੈ, ਮੁਖ਼ਤਾਰਨਾਮੇ ਦੇ ਅਨੁਸਰਣ ਵਿਚ ਨੇਕਨੀਤੀ ਨਾਲ ਕੀਤੀ ਗਈ ਅਦਾਇਗੀ ਜਾਂ ਕਿਸੇ ਗੱਲ ਦੇ ਸਬੰਧ ਵਿਚ ਲੋੜੀਂਦੀ ਹਿਫ਼ਾਜ਼ਤ ਦਾ ਉਪਬੰਧ ਕੀਤਾ ਗਿਆ ਹੈ।
ਮੁਖ਼ਤਾਰਨਾਮਾ, ਜਿਹਾ ਕਿ ਇਸ ਦੇ ਨਾਂ ਤੋਂ ਪਰਗਟ ਹੈ, ਲਿਖਤੀ ਰੂਪ ਵਿਚ ਕੀਤਾ ਜਾਂਦਾ ਹੈ। ਇਹ ਇਕ ਤਰਫ਼ਾ , ਉੱਤਮ ਪਰਖ ਵਿਚ, ਦਾਨੀ ਦੁਆਰਾ ਦਸਖ਼ਤ ਕੀਤਾ ਅਤੇ ਤਕਮੀਲਿਆ ਦਸਤਾਵੇਜ਼ ਹੁੰਦਾ ਹੈ। ਭਾਵੇਂ ਕਾਨੂੰਨ ਅਧੀਨ ਮੁਖ਼ਤਾਰਨਾਮੇ ਦੀ ਤਸਦੀਕ ਦੀ ਲੋੜ ਨਹੀਂ ਹੁੰਦੀ ਲੇਕਿਨ ਗਵਾਹਾਂ ਤੋਂ ਉਸ ਦੀ ਤਸਦੀਕ ਕਰਵਾ ਲੈਣੀ ਚਾਹੀਦੀ ਹੈ।
ਮੁਖ਼ਤਾਰਨਾਮਾ ਤੇ ਦ ਸਟੈਂਪ ਐਕਟ ਦੇ ਅਨੁਛੇਦ 48 ਅਧੀਨ ਸਟੈਂਪ ਲਗਿਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮੁਖ਼ਤਾਰਨਾਮਾ ਰੱਦ ਕਰਨ ਵਾਲੀ ਲਿਖਤ ਉਤੇ ਵੀ ਅਨੁਛੇਦ 17 ਅਧੀਨ ਅਸ਼ਟਾਮ ਲਗਿਆ ਹੋਣਾ ਜ਼ਰੂਰੀ ਹੈ।
ਇਸੇ ਤਰ੍ਹਾਂ ਕਾਨੂੰਨ ਅਧੀਨ ਮੁਖ਼ਤਾਰਨਾਮਾ ਨੋਟਰੀ ਪਬਲਿਕ ਤੋਂ ਪ੍ਰਮਾਣੀਕ ਕਰਵਾਏ ਜਾਣ ਦੀ ਲੋੜ ਨਹੀਂ ਹੈ। ਲੇਕਿਨ ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 85 ਦਾ ਲਾਭ ਲੈਣ ਲਈ ਮੁਖ਼ਤਾਰਨਾਮੇ ਦੀ ਸੂਰਤ ਵਿਚ ਅਦਾਲਤ ਨੂੰ ਇਹ ਕਿਆਸ ਕਰਨਾ ਪੈਂਦਾ ਹੈ ਕਿ ਕੋਈ ਦਸਤਾਵੇਜ਼ ਜਿਸਦਾ ਤਾਤਪਰਜ ਮੁਖ਼ਤਾਰਨਾਮਾ ਹੋਣਾ ਹੈ ਉਹ ਕਿਸੇ ਨੋਟਰੀ ਪਬਲਿਕ ਜਾਂ ਅਦਾਲਤ ਆਦਿ ਅੱਗੇ ਤਕਮੀਲ ਕੀਤਾ ਅਤੇ ਪ੍ਰਮਾਣੀਕ ਕੀਤਾ ਗਿਆ ਸੀ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 85 ਨਿਮਨ-ਅਨੁਸਾਰ ਹੈ:-
‘‘ਅਦਾਲਤ ਇਹ ਕਿਆਸ ਕਰੇਗੀ ਕਿ ਹਰਿਕ ਦਸਤਾਵੇਜ਼, ਜਿਸ ਦਾ ਮੁਖ਼ਤਾਰਨਾਮਾ ਹੋਣਾ ਅਤੇ ਨੋਟਰੀ ਪਬਲਿਕ ਜਾਂ ਕਿਸੇ ਅਦਾਲਤ, ਜੱਜ , ਮੈਜਿਸਟਰੇਟ , ਭਾਰਤੀ ਕੌਂਸਲ ਜਾਂ ਉਪਕੌਂਸਲ ਦੁਆਰਾ ਜਾਂ ਕੇਂਦਰੀ ਸਰਕਾਰ ਦੇ ਪ੍ਰਤੀਨਿਧ ਦੇ ਅੱਗੇ ਤਕਮੀਲ ਕੀਤਾ ਹੋਣਾ, ਅਤੇ ਉਸ ਦੁਆਰਾ ਪ੍ਰਮਾਣੀਕ ਕੀਤਾ ਹੋਣਾ ਤਾਤਪਰਜਤ ਹੈ, ਉਸੇ ਤਰ੍ਹਾਂ ਤਕਮੀਲ ਅਤੇ ਪ੍ਰਮਾਣੀਕ ਕੀਤਾ ਗਿਆ ਸੀ।’’
ਪਰਫ਼ਾਰਮਿੰਗ ਰਾਈਟ ਸੋਸਾਇਟੀ ਲਿਮਟਿਡ ਬਨਾਮ ਇੰਡੀਅਨ ਮਾਰਨਿੰਗ ਪੋਸਟ ਰੈਸਟੋਰਾਂਟ (41 ਬੰਬੇ ਐਲ ਆਰ 530) ਅਨੁਸਾਰ ਧਾਰਾ 85 ਦੇ ਉਪਬੰਧ ਸਰਬਸੰਪੂਰਨ ਨਹੀਂ ਹਨ ਅਤੇ ਇਹ ਧਾਰਾ ਮੁਖ਼ਤਾਰਨਾਮੇ ਨੂੰ ਸਾਬਤ ਕਰਨ ਦੇ ਹੋਰ ਢੰਗਾਂ ਨੂੰ ਖ਼ਾਰਜ ਨਹੀਂ ਕਰਦੀ। ਨਰ ਬਹਾਦਰ ਬਨਾਮ ਅਨਿਲਕ੍ਰਿਸ਼ਨਾ (ਏ ਆਈ ਆਰ 1970 ਮਨੀਪੁਰ 57) ਅਨੁਸਾਰ ਮੁਖ਼ਤਾਰਨਾਮੇ ਵਿਚ ਕੀਤਾ ਕੋਈ ਬਿਆਨ ਆਪਣੇ ਆਪ ਸਾਬਤ ਨਹੀਂ ਹੋ ਜਾਂਦਾ ਸਗੋਂ ਕਿਸੇ ਵਿਅਕਤੀ ਦੁਆਰਾ ਦਿੱਤੇ ਗਏ ਕਿਸੇ ਹੋਰ ਬਿਆਨ ਵਾਂਗ ਸਾਬਤ ਕਰਨਾ ਪੈਂਦਾ ਹੈ। ਜੁਗਰਾਜ ਸਿੰਘ ਬਨਾਮ ਜਸਵੰਤ ਸਿੰਘ (ਏ ਆਈ ਆਰ 1976 ਐਸ ਸੀ 761) ਵਿਚ ਸਰਵਉੱਚ ਅਦਾਲਤ ਨੇ ਕੈਲੀਫ਼ੋਰਨੀਆ, ਯੂ ਐਸ ਏ ਦੇ ਨੋਟਰੀ ਪਬਲਿਕ ਦੁਆਰਾ ਪ੍ਰਮਾਣੀਕ ਕੀਤਾ ਦਸਤਾਵੇਜ਼ ਸਵੀਕਾਰ ਕੀਤਾ ਹੈ। ਇਸ ਕੇਸ ਦਾ ਇਕ ਦਿਲਚਸਪ ਪਹਿਲੂ ਇਹ ਹੈ ਕਿ ਸੰਪੱਤੀ ਦਾ ਵਿਕਰੀਕਾਰ ਯੂ ਐਸ ਏ ਵਿਚ ਸੀ ਅਤੇ ਉਸ ਨੇ ਮੁਖ਼ਤਾਰਨਾਮਾ ਤਕਮੀਲ ਕੀਤਾ ਜਿਸ ਦਾ ਪ੍ਰਮਾਣੀਕ ਕੀਤਾ ਜਾਣਾ ਠੀਕ ਨਹੀਂ ਸੀ ਪਾਇਆ ਗਿਆ। ਲੇਕਿਨ ਉਸ ਮੁਖ਼ਤਾਰਨਾਮੇ ਦੇ ਆਧਾਰ ਤੇ ਮੁਖ਼ਤਾਰ ਨੇ ਭਾਰਤ ਵਿਚ ਬੈਨਾਮਾ ਤਕਮੀਲ ਕਰ ਦਿੱਤਾ। ਉਸ ਤਰੁਟੀ ਨੂੰ ਦੂਰ ਕਰਨ ਲਈ ਵਿਕਰੀਕਾਰ ਨੇ ਇਕ ਹੋਰ ਮੁਖ਼ਤਾਰਨਾਮਾ ਤਕਮੀਲ ਕੀਤਾ ਜਿਸ ਵਿਚ ਪਹਿਲੇ ਮੁਖ਼ਤਾਰਨਾਮੇ ਦੀ ਪੁਸ਼ਟੀ ਕੀਤੀ ਗਈ ਅਤੇ ਉਸ ਦਾ ਯਥਾਯੋਗ ਪ੍ਰਮਾਣੀਕ ਕਰਣ ਕੀਤਾ ਗਿਆ। ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਕਿ ਦੂਜਾ ਮੁਖ਼ਤਾਰਨਾਮਾ ਵਿਕਰੀ ਅਤੇ ਰਜਿਸਟਰਕਰਣ ਨੂੰ ਕਾਨੂੰਨ-ਮੰਨਵਾ ਬਣਾਉਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First