ਮੀਰੀ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੀਰੀ ਸਿੰਘ: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸ਼ਕਤੀ ਨੂੰ ਖ਼ਤਮ ਕਰਨ ਲਈ ਪੰਜਾਬ ਭੇਜਿਆ, ਤਾਂ ਉਸ ਨਾਲ ਪੰਜ ਸਿੰਘ ਵੀ ਤੋਰੇ , ਜਿਨ੍ਹਾਂ ਵਿਚੋਂ ਇਕ ਸੀ ਬਾਬਾ ਬਿਨੋਦ ਸਿੰਘ। ਮੀਰੀ ਸਿੰਘ ਬਾਬਾ ਬਿਨੋਦ ਸਿੰਘ ਦਾ ਪੋਤਰਾ ਅਤੇ ਬਾਬਾ ਕਾਨ੍ਹ ਸਿੰਘ ਦਾ ਬੇਟਾ ਸੀ। ਬਾਬਾ ਬੰਦਾ ਬਹਾਦਰ ਨੇ ਕਰਨਾਲ ਫ਼ਤਹਿ ਕਰਨ ਤੋਂ ਬਾਦ ਉਸ ਦਾ ਪ੍ਰਬੰਧ ਬਾਬਾ ਬਿਨੋਦ ਸਿੰਘ ਨੂੰ ਸੌਂਪਿਆ। ਕਰਨਾਲ ਨਗਰ ਨੂੰ ਮੁਗ਼ਲ ਸੈਨਾ ਤੋਂ ਸੁਰਖਿਅਤ ਰਖਣ ਲਈ ਮੀਰੀ ਸਿੰਘ ਨੇ ਆਪਣੇ ਬਜ਼ੁਰਗ ਦਾਦੇ ਦੀ ਬਹੁਤ ਸਹਾਇਤਾ ਕੀਤੀ। ਇਸ ਤੋਂ ਇਲਾਵਾ ਮੁਗ਼ਲ ਸੈਨਾ- ਨਾਇਕ ਫ਼ਿਰੋਜ਼ ਖ਼ਾਨ ਮੇਵਾਤੀ ਅਤੇ ਹੋਰਨਾਂ ਨਾਲ ਹੋਈਆਂ ਅਮੀਨ, ਤਰਾਉੜੀ, ਥਾਨੇਸਰ ਅਤੇ ਸ਼ਾਹਾਬਾਦ ਦੀਆਂ ਲੜਾਈਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਵੀਰਤਾ ਦਾ ਪ੍ਰਦਰਸ਼ਨ ਕੀਤਾ।
ਜਦੋਂ ਭਾਈ ਮਨੀ ਸਿੰਘ ਨੇ ਤੱਤ-ਖ਼ਾਲਸੇ ਅਤੇ ਬੰਦਈ ਸਿੰਘਾਂ ਦੇ ਧੜਿਆਂ ਵਿਚ ਪੈਦਾ ਹੋਏ ਵਿਵਾਦ ਨੂੰ ਖ਼ਤਮ ਕਰਨ ਲਈ ਸਰੋਵਰ ਵਿਚ ਪਰਚੀਆਂ ਪਾ ਕੇ ਸਰਦਾਰੀ ਨਿਸਚਿਤ ਕਰਨ ਦਾ ਉਦਮ ਕੀਤਾ, ਤਾਂ ਸਰਦਾਰੀ ਤੱਤ- ਖ਼ਾਲਸੇ ਦੀ ਸਥਾਪਿਤ ਹੋਈ। ਪਰ ਕਈ ਹਠੀ ਬੰਦਈ ਸਿੰਘ ਨ ਮੰਨੇ। ਗੱਲ ਦੋਹਾਂ ਧੜਿਆਂ ਦੇ ਇਕ ਇਕ ਵਿਅਕਤੀ ਦਾ ਮੱਲ ਯੁੱਧ ਕਰਵਾ ਕੇ ਸਰਦਾਰੀ ਜੇਤੂ ਮੱਲ ਦੇ ਧੜੇ ਦੀ ਨਿਰਧਾਰਿਤ ਕਰਨ ਦਾ ਫ਼ੈਸਲਾ ਹੋਇਆ। ਮੱਲ ਯੁੱਧ ਵਿਚ ਤੱਤ-ਖ਼ਾਲਸੇ ਵਲੋਂ ਮੀਰੀ ਸਿੰਘ ਅਤੇ ਬੰਦਈ ਖ਼ਾਲਸੇ ਵਲੋਂ ਭਾਈ ਲਾਹੌਰਾ ਸਿੰਘ ਦਾ ਲੜਕਾ ਸੰਗਤ ਸਿੰਘ ਅਖਾੜੇ ਵਿਚ ਉਤਰੇ। ਮੀਰੀ ਸਿੰਘ ਨੇ ਮੱਲ-ਯੁੱਧ ਜਿਤ ਕੇ ਤੱਤ- ਖ਼ਾਲਸੇ ਦੀ ਸਰਦਾਰੀ ਸਥਾਪਿਤ ਕੀਤੀ। ਵੇਖੋ ‘ਤੱਤ- ਖ਼ਾਲਸਾ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First