ਮਿਹਰਬਾਨ ਵਾਲੀ ਜਨਮਸਾਖੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਿਹਰਬਾਨ ਵਾਲੀ ਜਨਮਸਾਖੀ: ਇਹ ਸੋਢੀ ਮਿਹਰਬਾਨ ਦੀ ਪ੍ਰਮੁਖ ਰਚਨਾ ਹੈ ਅਤੇ ਦੋ ਭਾਗਾਂ ਵਿਚ ‘ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’ ਦੇ ਨਾਂ ਅਧੀਨ ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਹੋ ਚੁਕੀ ਹੈ। ਇਸ ਦਾ ਪਹਿਲਾ ਭਾਗ ਡਾ. ਕਿਰਪਾਲ ਸਿੰਘ ਨੇ ਸ਼ਮਸ਼ੇਰ ਸਿੰਘ ਅਸ਼ੋਕ ਦੇ ਸਹਿਯੋਗ ਨਾਲ 1962 ਈ. ਵਿਚ ਪ੍ਰਕਾਸ਼ਿਤ ਕੀਤਾ ਸੀ ਅਤੇ ਦੂਜਾ ਡਾ. ਬਲਬੀਰ ਸਿੰਘ ਨੇ ਭੂਮਿਕਾ ਲਿਖ ਕੇ 1969 ਈ. ਵਿਚ ਛਾਪਿਆ ਸੀ। ਪਹਿਲੇ ਭਾਗ ਵਿਚ ‘ਸਚ ਖੰਡ ’ ਪੋਥੀ ਸੰਪਾਦਿਤ ਹੋਈ ਹੈ ਅਤੇ ਦੂਜੇ ਹਿੱਸੇ ਵਿਚ ‘ਹਰਿਜੀ’ ਅਤੇ ‘ਚਤਰਭੁਜ ’ ਪੋਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੂਲ ਹੱਥ-ਲਿਖਿਤ ਖ਼ਾਲਸਾ ਕਾਲਜ ਦੀ ਲਾਇਬ੍ਰੇਰੀ ਵਿਚ ਸੁਰਖਿਅਤ ਹੈ ਜੋ ਉਸ ਕਾਲਜ ਦੇ ਭੂਤ-ਪੂਰਵ ਗ੍ਰੰਥੀ ਗਿਆਨੀ ਬਿਸ਼ਨ ਸਿੰਘ ਲਖੂਵਾਲੀਏ ਨੇ ਆਪਣੇ ਮਾਮੇ ਭਗਤ ਸਿੰਘ ਪਾਸੋਂ ਤਲਵੰਡੀ ਸਾਬੋ (ਦਮਦਮਾ ਸਾਹਿਬ) ਤੋਂ ਪ੍ਰਾਪਤੀ ਕੀਤੀ ਸੀ। ਇਸ ਤੋਂ ਇਲਾਵਾ ਡਾ. ਕ੍ਰਿਸ਼ਣਾ ਬਾਂਸਲ (41, ਸੈਕਟਰ 8, ਪੰਚਕੂਲਾ) ਪਾਸ ਵੀ ਇਸ ਜਨਮਸਾਖੀ ਦੀ ਹੱਥ-ਲਿਖਿਤ ਪੋਥੀ ਉਪਲਬਧ ਹੈ।
ਇਸ ਜਨਮਸਾਖੀ ਦੇ ਪਹਿਲੇ ਭਾਗ (ਸਚਖੰਡ ਪੋਥੀ) ਦੇ ਕਰਤ੍ਰਿਤਵ ਦਾ ਸੰਬੰਧ ਸੋਢੀ ਮਿਹਰਬਾਨ ਨਾਲ ਜੋੜਿਆ ਜਾਂਦਾ ਹੈ ਅਤੇ ਪੁਸ਼ਟੀ ਲਈ ਹੇਠ ਲਿਖਿਆ ਅੰਦਰਲਾ ਪ੍ਰਮਾਣ ਪੇਸ਼ ਕੀਤਾ ਜਾਂਦਾ ਹੈ :
ਸਚਖੰਡ ਪੋਥੀ ਲਿਖਣੇ ਕਾ ਆਰੰਭ ਭਇਆ। ਸ੍ਰੀ ਸਤਿਗੁਰੂ ਬਾਬੇ ਨਾਨਕ ਜੀ ਕਾ ਸੇਵਕੁ ਮਿਹਰਵਾਨੁ ਜੀ ਪੋਥੀ ਲਿਖੀ ਲਿਖਾਈ। ਏਸ ਪੋਥੀ ਨੂੰ ਸੁਣੈ, ਪੜੇ, ਗਾਵੈ ਤਿਸ ਕੀ ਪਰਮਗਤਿ ਹੋਵੇ। ਵਚਨ ਹੈ ਸ੍ਰੀ ਸਤਿਗੁਰੂ ਮਿਹਰਵਾਨ ਜੀ ਕਾ, ਜੇ ਕੋਈ ਸਚਖੰਡ ਪੋਥੀ ਪੜ੍ਹੇ ਸੋ ਮੁਕਤਾ ਹੋਇ। ਪ੍ਰੀਤਿ ਲਾਇ ਕਰਿ ਪੜੇ ਸੋ ਬਾਬੇ ਜੀ ਪਾਸ ਜਾਇ ਨਿਰਸੰਦੇਹ।
(ਪੰਨਾ 1)
ਇਸ ਤੋਂ ਇਲਾਵਾ ਹੋਰ ਕੋਈ ਪ੍ਰਮਾਣ ਉਪਲਬਧ ਨਹੀਂ ਹੈ। ਸੋਢੀ ਮਿਹਰਬਾਨ ਚੌਥੇ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀਚੰਦ ਦਾ ਇਕਲੋਤਾ ਲੜਕਾ ਸੀ। ‘ਗੋਸ਼ਟਾਂ ਮਿਹਰਬਾਨ ਜੀ ਕੀਆਂ’ ਅਨੁਸਾਰ ਇਸ ਦਾ ਜਨਮ ‘‘ਸੰਮਤ 1637 (1638) ਮਾਘੁ ਸੁਦੀ ਬਸੰਤੁ 5 ਪੰਚਮੀ ਕੇ ਦਿਨ ਸਵਾ ਪਹੁਰ ਰਾਤਿ ਰਹੰਦੀ ਕੰਉ ਸ੍ਰੀ ਗੁਰੂ ਸਾਹਿਬ ਜੀ ਕੇ ਗ੍ਰਹਿ ਸੋਢੀ ਕੇ ਬੰਸ ਮਾਤਾ ਸਾਹਿਬਾਣੀ ਭਗਵਾਨੋ ਕੇ ਉਦਰ ਤੇ ਸ੍ਰੀ ਗੁਰੂ ਬਾਬੇ ਨਾਨਕ ਜੀ ਕੇ ਪੰਥ ਮਹਿ ’’ ਹੋਇਆ ਅਤੇ ਦੇਹਾਂਤ 1639 ਈ. (1696 ਬਿ.) ਵਿਚ ਹੋਇਆ। ਇਸ ਤਰ੍ਹਾਂ ਮਿਹਰਬਾਨ ਦੀ ਕੁਲ ਆਯੂ 59 ਵਰ੍ਹੇ ਸਿੱਧ ਹੁੰਦੀ ਹੈ। ਕੇਸਰ ਸਿੰਘ ਛਿੱਬਰ ਦੇ ਮਤ ਅਨੁਸਾਰ ਮਿਹਰਬਾਨ ਕਈਆਂ ਭਾਸ਼ਾਵਾਂ ਦਾ ਗਿਆਤਾ ਅਤੇ ਕਵੀ ਸੀ ਅਤੇ ਉਸ ਨੇ ਆਪਣੀ ਬਾਣੀ ਰਚ ਕੇ ਉਸ ਵਿਚ ‘ਨਾਨਕ’ ਕਵੀ-ਛਾਪ ਦੀ ਵਰਤੋਂ ਕੀਤੀ ਹੈ।
ਇਸ ਜਨਮਸਾਖੀ ਦੇ ਦੂਜੇ ਭਾਗ (ਹਰਿਜੀ ਪੋਥੀ ਅਤੇ ਚਤੁਰਭੁਜ ਪੋਥੀ) ਦੇ ਕਰਤ੍ਰਿਤਵ ਦਾ ਸੰਬੰਧ ਆਮ ਤੌਰ ’ਤੇ ਵਿਦਵਾਨਾਂ ਨੇ ਮਿਹਰਬਾਨ ਦੇ ਕ੍ਰਮਵਾਰ ਦੋ ਪੁੱਤਰਾਂ ਹਰਿਜੀ ਅਤੇ ਚਤੁਰਭੁਜ ਨਾਲ ਜੋੜਿਆ ਹੈ, ਪਰ ਚਤੁਰਭੁਜ ਪੋਥੀ ਦੀ ਅੰਤਿਮ ਪੁਸ਼ਪਿਕਾ ਇਸ ਮਾਨਤਾ ਨੂੰ ਸੰਦਿਗਧ ਬਣਾ ਦਿੰਦੀ ਹੈ—
ਸੰਬਤ 1708 ਵੈਸਾਖ ਵਦੀ ਏਕਮ 1 ਨੂੰ ਚਤ੍ਰਭੋਜ ਪੋਥੀ ਪੂਰੀ ਹੋਈ ਵਚਨਿ ਸ੍ਰੀ ਗੁਰੂ ਮਿਹਰਵਾਨ ਦੇ ਲਿਖਾਈ ਜੀ। ਲਿਖੀ ਭਾਈ ਕੇਸੋ ਦਾਸ ਬਰਹਮਨੁ ਸੇਵਕੁ ਗੁਰੂ ਦਾ ਪੂਰੀ ਹੋਈ। 74 ਗੋਸ਼ਟੀ ਲਿਖੀਆ।...ਗੁਰੂ ਦੇ ਹੁਕਮ ਨਾਲਿ ਪੋਥੀ ਸੋਧੀ। ਅਖਰੁ ਘਟਦਾ ਵਧਦਾ ਬਖਸਣਾ।
ਇਸ ਟੂਕ ਤੋਂ ਸੰਕੇਤ ਮਿਲਦਾ ਹੈ ਕਿ ਇਹ ਦੋਵੇਂ ਪੋਥੀਆਂ ਵੀ ‘ਸਚਖੰਡ ਪੋਥੀ’ ਵਾਂਗ ਮਿਹਰਬਾਨ ਦੇ ਹੀ ਬਚਨ ਹਨ ਅਤੇ ਮਿਹਰਬਾਨ ਦੇ ਹੁਕਮ ਨਾਲ ਹੀ ਇਨ੍ਹਾਂ ਦੀ ਸੁਧਾਈ ਕੀਤੀ ਗਈ ਹੈ। ਸਪੱਸ਼ਟ ਹੈ ਕਿ ਹਰਿਜੀ ਅਤੇ ਚਤੁਰਭੁਜ ਦਾ ਇਨ੍ਹਾਂ ਦੋਹਾਂ ਪੋਥੀਆਂ ਦੀ ਸਿਰਜਨਾ ਵਿਚ ਕੇਵਲ ਸੋਧਕ ਦਾ ਯੋਗ ਰਿਹਾ ਹੈ, ਰਚੈਤਾ ਦਾ ਨਹੀਂ।
ਕਰਤ੍ਰਿਤਵ ਸੰਬੰਧੀ ਇਕ ਹੋਰ ਪ੍ਰਮਾਣ ਇਸ ਜਨਮਸਾਖੀ ਦੇ ਸਾਰੇ ਭਾਗਾਂ ਦੀ ਰਚਨਾ-ਸ਼ੈਲੀ, ਵਸਤੂ ਸੰਯੋਜਨ ਅਤੇ ਬਾਣੀ-ਪਰਮਾਰਥ-ਵਿਧੀ ਦਾ ਤੁਲਨਾਤਮਕ ਅਧਿਐਨ ਹੈ, ਜੋ ਸਿੱਧ ਕਰਦਾ ਹੈ ਕਿ ਨਾਂ-ਮਾਤ੍ਰ ਅੰਤਰ ਤੋਂ ਇਹ ਇਕੋ ਟਕਸਾਲ ਦੇ ਢਲੇ ਸਿੱਕੇ ਹਨ ਅਤੇ ਇਨ੍ਹਾਂ ਦਾ ਕਰਤ੍ਰਿਤਵ ਕੇਵਲ ਇਕੋ ਵਿਅਕਤੀ ਨਾਲ ਸੰਬੰਧਿਤ ਹੈ। ਇਹ ਵੀ ਧਿਆਨ ਯੋਗ ਗੱਲ ਹੈ ਕਿ ਇਨ੍ਹਾਂ ਤਿੰਨਾਂ ਪੋਥੀਆਂ ਵਿਚ ਕਿਸੇ ਸ਼ਬਦ ਦਾ ਪਰਮਾਰਥ ਜਾਂ ਕਿਸੇ ਸਮੁੱਚੀ ਬਾਣੀ ਦਾ ਪਰਮਾਰਥ, ਜਾਂ ਸਾਖੀ ਜਾਂ ਹੋਰ ਕੋਈ ਸਾਖੀਗਤ ਤੱਥ ਦੋਹਰਾਇਆ ਨਹੀਂ ਗਿਆ। ਜੇ ਇਹ ਵਖ ਵਖ ਰਚੈਤਿਆਂ ਦੀ ਰਚਨਾਵਾਂ ਹੁੰਦੀਆਂ ਤਾਂ ਪਰਮਾਰਥਾਂ, ਸਾਖੀਆਂ ਅਤੇ ਗੁਰੂ ਜੀ ਦੇ ਜੀਵਨ ਸੰਬੰਧੀ ਹੋਰ ਅਨੇਕ ਅੰਸ਼ਾਂ ਦਾ ਦੋਹਰਾਹਿਆ ਜਾਣਾ ਸੁਭਾਵਿਕ ਸੀ।
ਇਸ ਜਨਮਸਾਖੀ ਦਾ ਰਚਨਾ-ਕਾਲ ਸੰਦਿਗਧ ਹੈ, ਕਿਉਂਕਿ ਇਸ ਸੰਬੰਧ ਵਿਚ ਕੋਈ ਅੰਦਰਲਾ ਪ੍ਰਮਾਣ ਉਪਲਬਧ ਨਹੀਂ ਹੈ। ਪ੍ਰੋ. ਕਿਰਪਾਲ ਸਿੰਘ ਨੇ ‘ਗੋਸ਼ਟਾਂ ਮਿਹਰਬਾਨ ਜੀ ਕੀਆਂ’ ਦੇ ਇਕ ਸੰਦਰਭ (ਅਰੁ ਸਭਨਾ ਗੁਰਾ ਕੀਆ ਗੋਸਟੀ ਅਰੁ ਸਭਨਾ ਭਗਤਾ ਕੀਆ ਗੋਸਟੀ ਗੁਰੂ ਸਾਹਿਬ ਸਲਾਮਤੀ ਹੋਦੇ ਹੀ ਹੋਈਆ ਥੀਆ) ਦੇ ਆਧਾਰ’ਤੇ ‘ਗੁਰੂ ਸਲਾਮਤੀ’ ਦਾ ਸੰਬੰਧ ਪ੍ਰਿਥੀਚੰਦ ਨਾਲ ਸਥਾਪਿਤ ਕਰਦੇ ਹੋਇਆਂ ਪ੍ਰਸਤੁਤ ਜਨਮਸਾਖੀ ਦਾ ਰਚਨਾ-ਕਾਲ 1618 ਈ. (1675 ਬਿ.) ਤੋਂ ਪਹਿਲਾਂ ਸਿੱਧ ਕੀਤਾ ਹੈ, ਕਿਉਂਕਿ ਪ੍ਰਿਥੀਚੰਦ ਦਾ ਦੇਹਾਂਤ 1618 ਈ. ਵਿਚ ਹੋਇਆ ਸੀ। ਪਰ ‘ਗੁਰੂ ਸਲਾਮਤੀ’ ਦਾ ਸੰਬੰਧ ਪ੍ਰਕਰਣ ਅਨੁਸਾਰ ਮਿਹਰਬਾਨ ਨਾਲ ਉਪਯੁਕਤ ਬੈਠਦਾ ਹੈ, ਪ੍ਰਿਥੀਚੰਦ ਨਾਲ ਨਹੀਂ। ਪ੍ਰੋ. ਕਿਰਪਾਲ ਸਿੰਘ ਦੇ ਇਸ ਉਕਤੀ ਨੂੰ ਪ੍ਰਿਥੀਚੰਦ ਨਾਲ ਜੋੜਨ ਦੇ ਪਿਛੇ ਸ਼ਾਇਦ ਇਸ ਜਨਮਸਾਖੀ ਨੂੰ ਸਭ ਤੋਂ ਪੁਰਾਣੀ ਸਿੱਧ ਕਰਨ ਦੀ ਰੁਚੀ ਰਹੀ ਹੋਵੇ। ਇਸ ਜਨਮਸਾਖੀ ਦੀ ਰਚਨਾ ਅਸਲ ਵਿਚ ਮਿਹਰਬਾਨ ਦੇ ਦੇਹਾਂਤ 1639 ਈ. (1696 ਬਿ.) ਤੋਂ ਪਹਿਲਾਂ ਹੋ ਚੁਕੀ ਸੀ। ਇਸ ਦੇ ਪਹਿਲੇ ਭਾਗ (ਸਚਖੰਡ ਪੋਥੀ) ਦੀ ਸੋਧ ਸੁਧਾਈ ਮਿਹਰਬਾਨ ਦੇ ਜੀਵਨ-ਕਾਲ ਵਿਚ ਹੀ ਹੋ ਗਈ ਪ੍ਰਤੀਤ ਹੁੰਦੀ ਹੈ ਅਤੇ ਬਾਕੀ ਦੀਆਂ ਦੋ ਪੋਥੀਆਂ ਦੀ ਸੁਧਾਈ ਦਾ ਕੰਮ ਹਰਿਜੀ ਅਤੇ ਚਤੁਰਭੁਜ ਨੂੰ ਸੌਂਪਿਆ ਗਿਆ ਜੋ ਉਨ੍ਹਾਂ ਨੇ ਅੰਦਰਲੀ ਗਵਾਹੀ ਅਨੁਸਾਰ 1650 ਈ. (1707 ਬਿ.) ਅਤੇ 1651 ਈ. (1708 ਬਿ.) ਵਿਚ ਮੁਕੰਮਲ ਕੀਤਾ। ਇਸ ਤਰ੍ਹਾਂ ਜਨਮਸਾਖੀ ਪਰੰਪਰਾ ਵਿਚ ਇਸ ਜਨਮਸਾਖੀ ਦਾ ਸਥਾਨ ‘ਪੁਰਾਤਨ ਜਨਮਸਾਖੀ ’ ਤੋਂ ਬਾਦ ਆਉਂਦਾ ਹੈ।
ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਹੱਥ-ਲਿਖਿਤ (427) ਦੀ ਅੰਤਿਮ ਪੁਸ਼ਪਿਕਾ ਦੇ ਆਧਾਰ’ਤੇ ਇਨ੍ਹਾਂ ਗੋਸ਼ਟਾਂ ਦੀ ਕੁਲ ਗਿਣਤੀ 575 ਹੈ, ਜਿਨ੍ਹਾਂ ਵਿਚੋਂ 302 ਪਹਿਲੀਆਂ ਤਿੰਨ ਪੋਥੀਆਂ ਵਿਚ ਸੰਕਲਿਤ ਹਨ ਜਦ ਕਿ 273 ਮਗਰਲੀਆਂ ਤਿੰਨ ਪੋਥੀਆਂ (ਕੇਸੋਰਾਇ ਪੋਥੀ 83, ਅਭੈਪਦ ਪੋਥੀ 84 ਅਤੇ ਪਰਮਤਤੁ ਪੋਥੀ 106) ਵਿਚ ਸਨ। ਇਸ ਤਰ੍ਹਾਂ ਇਸ ਜਨਮਸਾਖੀ ਦੀਆਂ ਕੁਲ 288 ਗੋਸ਼ਟਾਂ ਉਪਲਬਧ ਹਨ ਅਤੇ ਬਾਕੀ 287 ਉਪਲਬਧ ਨਹੀਂ ਹਨ, ਜਿਵੇਂ—ਪਹਲੀ ਪੋਥੀ ਵਿਚੋਂ ਗੁੰਮ ਹੋਈਆਂ 14 ਗੋਸ਼ਟਾਂ ਅਤੇ ਮਗਰਲੀਆਂ ਤਿੰਨ ਪੋਥੀਆਂ ਵਿਚ ਸੰਕਲਿਤ 273 ਗੋਸ਼ਟਾਂ।
ਇਸ ਜਨਮਸਾਖੀ ਦੀ ਉਪਲਬਧ ਸਾਮਗ੍ਰੀ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ, ‘ਸਚਖੰਡ ਪੋਥੀ’ ਜਿਸ ਵਿਚ ਘਟਨਾ ਪ੍ਰਧਾਨ ਜਾਂ ਬ੍ਰਿੱਤਾਂਤਿਕ ਗੋਸ਼ਟਾਂ ਦੀ ਪ੍ਰਧਾਨਤਾ ਹੈ। ਦੂਜਾ, ‘ਹਰਿਜੀ ਪੋਥੀ ਅਤੇ ਚਤੁਰਭੁਜ ਪੋਥੀ’ ਜਿਨ੍ਹਾਂ ਵਿਚ ਵਿਆਖਿਆ ਦੀ ਅਧਿਕਤਾ ਹੈ। ਪਹਿਲੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਕਰਤਾਰਪੁਰ ਵਿਚ ਨਿਵਾਸ ਕਰਨ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਚਿਤ੍ਰਣ ਹੈ ਅਤੇ ਦੂਜੇ ਭਾਗ (ਦੂਜੀ ਤੇ ਤੀਜੀ ਪੋਥੀ) ਵਿਚ ਕਰਤਾਰਪੁਰ ਨਿਵਾਸ ਵੇਲੇ ਦੀਆਂ ਘਟਨਾਵਾਂ ਦਾ ਅੰਕਨ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਾਖੀਆਂ ਦੀ ਥਾਂ ਗੋਸ਼ਟਾਂ ਦੇ ਰੂਪ ਚਿਤ੍ਰਿਤ ਕੀਤਾ ਗਿਆ ਹੈ ਅਤੇ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ੁੱਧ ਗੋਸ਼ਟਿ ਦਾ ਰੂਪ ਧਾਰਣ ਨਹੀਂ ਕਰਦੀਆਂ, ਬਾਣੀ ਦੀ ਇਕ-ਤਰਫੀ ਵਿਆਖਿਆ ਨੂੰ ਪਰਮਾਰਥ ਰੂਪ ਵਿਚ ਪੇਸ਼ ਕਰਦੀਆਂ ਹਨ। ਅਸਲ ਵਿਚ, ਇੰਜ ਪ੍ਰਤੀਤ ਹੁੰਦਾ ਹੈ ਕਿ ਮਿਹਰਬਾਨ ਦਾ ਮੁੱਖ ਉਦੇਸ਼ ਬਾਣੀ ਦੀ ਵਿਆਖਿਆ ਕਰਨਾ ਹੈ ਅਤੇ ਇਸ ਉਦੇਸ਼-ਸਿੱਧੀ ਲਈ ਉਸ ਨੇ ਸਾਖੀਆਂ ਨੂੰ ਉਥਾਨਿਕਾਵਾਂ ਦੇ ਰੂਪ ਵਿਚ ਸੰਯੋਜਿਤ ਕੀਤਾ ਹੈ।
ਗੁਰਬਾਣੀ ਦੀ ਵਿਆਖਿਆ ਕਰਦਿਆਂ ਜਾਂ ਉਸ ਦੇ ਪਰਮਾਰਥ ਲਿਖਦਿਆਂ ਭਾਵੇਂ ਲੇਖਕ ਨੇ ਕਾਫ਼ੀ ਮਿਹਨਤ ਨਾਲ ਗੁਰਬਾਣੀ ਦੇ ਮੂਲ ਆਸ਼ੇ ਦੇ ਨੇੜੇ ਰਹਿ ਕੇ ਗੱਲ ਕੀਤੀ ਹੈ, ਪਰ ਚੂੰਕਿ ਉਹ ਗੁਰੂ-ਗੱਦੀ ਦੇ ਮੂਲ ਸਰੋਤ ਤੋਂ ਹਟ ਚੁਕਿਆ ਸੀ, ਇਸ ਲਈ ਕਿਤੇ ਕਿਤੇ ਉਸ ਨੇ ਆਪਣੇ ਨਿਜੀ ਦ੍ਰਿਸ਼ਟੀਕੋਣ ਜਾਂ ਮਾਨਤਾ ਦੀ ਸਥਾਪਨਾ ਵੀ ਕੀਤੀ ਹੈ ਜਿਸ ਦੇ ਫਲਸਰੂਪ ਕੁਝ ਵਿਰੋਧੀ ਤੱਤ੍ਵਾਂ ਦਾ ਸਹਿਜ ਸੁਭਾ ਸਮਾਵੇਸ਼ ਹੋ ਗਿਆ ਹੈ। ਇਸ ਨਾਲ ਕਿਤੇ ਕਿਤੇ ਨਿਰਗੁਣਵਾਦੀ ਪ੍ਰਵ੍ਰਿੱਤੀਆਂ ਦਬ ਜਿਹੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਥਾਂ’ਤੇ ਸਗੁਣਵਾਦੀ ਪ੍ਰਵ੍ਰਿੱਤੀਆਂ ਸਿਰ ਚੁਕਦੀਆਂ ਪ੍ਰਤੀਤ ਹੁੰਦੀਆਂ ਹਨ।
ਇਸ ਜਨਮਸਾਖੀ ਵਿਚ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਬੜੇ ਅਸਾਧਾਰਣ ਢੰਗ ਨਾਲ ਪੇਸ਼ ਕੀਤਾ ਹੈ। ਇਸ ਵਿਚ ਉਸ ਨੇ ਇਤਿਹਾਸ-ਲਿਖਣ-ਵਿਧੀ ਤੋਂ ਕੰਮ ਨਹੀਂ ਲਿਆ, ਕਿਉਂਕਿ ਅਜਿਹੇ ਬ੍ਰਿੱਤਾਂਤ ਵਿਚ ਨੀਰਸਤਾ ਦਾ ਪੈਦਾ ਹੋ ਜਾਣਾ ਸੁਭਾਵਿਕ ਹੈ। ਉਸ ਨੇ ਬੜੀ ਸਰਸਤਾ ਨਾਲ ਗੁਰੂ ਜੀ ਦਾ ਜੀਵਨ-ਬ੍ਰਿੱਤਾਂਤ ਅੰਕਿਤ ਕੀਤਾ ਹੈ ਅਤੇ ਸਹਿਜੇ ਸਹਿਜੇ ਉਨ੍ਹਾਂ ਦਾ ਜੀਵਨ ਅਤੇ ਵਿਅਕਤਿਤਵ ਗੁਰਬਾਣੀ ਦੇ ਵਿਆਖਿਆ-ਕ੍ਰਮ ਜਾਂ ਪਰਮਾਰਥਾਂ ਰਾਹੀਂ ਵਿਕਸਨਸ਼ੀਲ ਹੁੰਦਾ ਹੈ। ਇਥੇ ਲੇਖਕ ਦੀ ਗੁਰੂ ਜੀ ਦੇ ਜੀਵਨ ਦੀਆਂ ਯਥਾਰਥ ਘਟਨਾਵਾਂ ਵਿਚ ਦਿਲਚਸਪੀ ਨਹੀਂ, ਸਗੋਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਲੋਕ ਨਾਇਕਤ੍ਵ ਨੂੰ, ਗੁਰਮਤਿ ਦੀ ਭਾਵ-ਸਾਮਗ੍ਰੀ ਨੂੰ ਅਤੇ ਗੁਰੂ ਜੀ ਦੇ ਦੈਵੀ ਸਰੂਪ ਨੂੰ ਪ੍ਰਦਰਸ਼ਿਤ ਕਰਨ ਵਿਚ ਗੁਰੂ ਜੀ ਦੀਆਂ ਜੀਵਨ-ਘਟਨਾਵਾਂ ਨੂੰ ਸਹਾਰਾ ਬਣਾਇਆ ਹੈ। ਇਸ ਤਰ੍ਹਾਂ ਇਸ ਜਨਮਸਾਖੀ ਦਾ ਸਰੂਪ ਨਿਰਾਪੁਰਾ ਜੀਵਨੀ ਵਾਲਾ ਨ ਰਹਿ ਕੇ ਗੁਰਬਾਣੀ ਦੀ ਵਿਆਖਿਆ ਦੇ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੇ ਲੀਲਾ-ਗਾਨ ਦਾ ਹੈ। ਜਿਸ ਗੱਲ ਨੂੰ ‘ਪੁਰਾਤਨ ਜਨਮਸਾਖੀ’ ਦਾ ਲੇਖਕ ਚਾਰ ਪੰਜ ਪੰਕਤੀਆਂ ਵਿਚ ਮੁਕਾ ਲੈਂਦਾ ਹੈ, ਉਸ ਨੂੰ ਮਿਹਰਬਾਨ ਘਟੋ ਘਟ ਇਕ ਹਜ਼ਾਰ ਸ਼ਬਦਾਂ ਵਿਚ ਵਿਸਤ੍ਰਿਤ ਕਰਦਾ ਹੈ। ਕੁੜਮਾਈ-ਵਿਆਹ ਵਾਲੇ ਪ੍ਰਸੰਗ ਵਿਚ ਵੀ ਅਜਿਹੀ ਸਥਿਤੀ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਮਿਹਰਬਾਨ ਜਲਦੀ ਜਲਦੀ ਗੱਲ ਨੂੰ ਮੁਕਾਂਦਾ ਨਹੀਂ, ਉਹ ਗੁਰੂ ਜੀ ਦੇ ਜੀਵਨ ਘਟਨਾ-ਕ੍ਰਮ ਵਿਚ ਅਧਿਕ ਵਿਸਤਾਰ ਲਿਆ ਕੇ ਅਤੇ ਪਰਮਾਰਥਾਂ ਦੇ ਬਦਲਾਂ ਨੂੰ ਘਟਾ-ਟੋਪ ਕਰਕੇ ਅਧਿਆਤਮਿਕ ਰਸ ਦੀ ਬੜੀ ਨਿਮ੍ਹੀ ਨਿਮ੍ਹੀ ਵਰਖਾ ਕਰਦਾ ਹੋਇਆ ਜਿਗਿਆਸੂ ਦੇ ਮਨ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਣਾਂ ਵਿਚ ਲੀਨ ਕਰ ਦਿੰਦਾ ਹੈ। ਇਹ ਉਸ ਦੀ ਅਭਿ- ਵਿਅਕਤੀ ਦੀ ਵਿਸ਼ਿਸ਼ਟਤਾ ਦਾ ਫਲ ਹੈ।
ਮਿਹਰਬਾਨ ਨੇ ਚਰਿਤ-ਨਾਇਕ ਦਾ ਸਰੂਪ ਮੁੱਖ ਤੌਰ’ਤੇ ਬਾਣੀ ਦੀ ਵਿਆਖਿਆ ਦੇ ਮਾਧਿਅਮ ਰਾਹੀਂ ਉਘਾੜਿਆ ਹੈ। ਉਹ ਇਕ ਮਹਾਨ ਚਿੰਤਕ, ਪਰਮ ਮਨੁੱਖ ਅਤੇ ਧਰਮ-ਉਪਦੇਸ਼ ਰਾਹੀਂ ਮਾਨਵਤਾ ਦਾ ਕਲਿਆਣ ਕਰਨ ਵਾਲੇ ਸਨ। ਉਨ੍ਹਾਂ ਦੀ ਜੀਵਨ-ਜੁਗਤ ਗ੍ਰਿਹਸਥ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਇਆਂ, ਪ੍ਰਪੰਚਕ ਮੋਹ ਤੋਂ ਉੱਚਾ ਉਠ ਕੇ ਹਰਿ-ਭਗਤੀ ਵਿਚ ਲੀਨ ਹੋਣ ਵਿਚ ਵੇਖੀ ਜਾ ਸਕਦੀ ਹੈ। ਸਮਾਜ ਵਿਚ ਵਿਆਪਤ ਦੁਰਾਚਾਰ ਨੂੰ ਦੂਰ ਕਰਕੇ ਪ੍ਰੇਮ ਦੀ ਸਾਤਵਿਕ ਬਿਰਤੀ ਨੂੰ ਵਿਕਸਿਤ ਕਰਨਾ ਉਨ੍ਹਾਂ ਦੀ ਸਮਾਜਿਕ ਚੇਤਨਾ ਦਾ ਮੁੱਖ ਧੁਰਾ ਸੀ। ਉਹ ਇਕ ਮਹਾਨ ਕਵੀ ਸਨ ਜੋ ਕਿਸੇ ਦਰਪੇਸ਼ ਸਮਸਿਆ ਪ੍ਰਤਿ ਆਪਣੀ ਪ੍ਰਤਿਕ੍ਰਿਆ ਨੂੰ ਇਕਦਮ ਬਾਣੀ ਰਾਹੀਂ ਅਭਿਵਿਅਕਤ ਕਰ ਦਿੰਦੇ ਹਨ।
ਇਸ ਜਨਮਸਾਖੀ ਵਿਚ ਯੁਗ-ਚਿਤ੍ਰਣ ਵੀ ਕਮਾਲ ਦਾ ਹੋਇਆ ਹੈ। ਇਹ ਯੁਗ-ਚਿਤ੍ਰਣ ਕਿਸੇ ਜੀਵਨੀ- ਜਨਮਸਾਖੀ ਦਾ ਆਵੱਸ਼ਕ ਅੰਗ ਹੁੰਦਾ ਹੈ, ਕਿਉਂਕਿ ਨਾਇਕ ਨੇ ਜਿਸ ਯੁਗ ਵਿਚ ਜੀਵਨ ਬਤੀਤ ਕੀਤਾ ਹੁੰਦਾ ਹੈ, ਉਸ ਯੁਗ ਦੇ ਚਿਤ੍ਰਣ ਦੇ ਸੰਦਰਭ ਵਿਚ ਹੀ ਨਾਇਕ ਦਾ ਵਿਅਕਤਿਤਵ ਉਭਰਦਾ ਹੈ। ਉਹ ਯੁਗ ਤੋਂ ਕਿਥੋਂ ਤਕ ਪ੍ਰਭਾਵਿਤ ਹੁੰਦਾ ਹੈ, ਯੁਗ ਨੂੰ ਉਹ ਕਿਸ ਹਦ ਤਕ ਪ੍ਰਭਾਵਿਤ ਕਰਦਾ ਹੈ, ਉਦੋਂ ਦਾ ਯੁਗ ਕਿਹੜੀਆਂ ਕਿਹੜੀਆਂ ਵਿਸ਼ਿਸ਼ਟਤਾਵਾਂ ਕਾਰਣ ਬਾਕੀ ਯੁਗਾਂ ਨਾਲੋਂ ਨਿਖੜਵਾਂ ਹੁੰਦਾ ਹੈ ? ਇਨ੍ਹਾਂ ਪੁੱਛਾਂ ਦਾ ਸਮਾਧਾਨ ਯੁਗ-ਚਿਤ੍ਰਣ ਰਾਹੀਂ ਹੀ ਸੰਭਵ ਹੈ। ਇਸ ਚਿਤ੍ਰਣ ਦੇ ਫਲਸਰੂਪ ਨਾਇਕ ਕੋਈ ਅਲਗ-ਥਲਗ ਇਕਾਈ ਨ ਰਹਿ ਕੇ ਸਮਾਜ ਵਿਚ ਵਿਚਰਦਾ ਹੋਇਆ ਉਸ ਦਾ ਅੰਗ ਬਣ ਕੇ ਪੇਸ਼ ਹੁੰਦਾ ਹੈ। ਮਿਹਰਬਾਨ ਇਸ ਪੱਖੋਂ ਕਾਫ਼ੀ ਸਫਲ ਰਿਹਾ ਹੈ। ਉਸ ਨੇ ਉਸ ਯੁਗ ਦੇ ਸਮਾਜ ਦੀ ਸਥਿਤੀ, ਧਰਮ ਦੀਆਂ ਸਥਾਪਨਾਵਾਂ, ਪਰਿਵਾਰਿਕ ਮਾਨਤਾਵਾਂ, ਲੋਕਾਚਾਰ , ਖਾਣ-ਪੀਣ ਦੀਆਂ ਵਿਧੀਆਂ ਅਤੇ ਰਾਜਸੀ ਠਾਠ-ਬਾਠ ਦਾ ਬੜਾ ਸੁੰਦਰ ਅਤੇ ਵਿਸ਼ਵਸਤ ਚਿਤ੍ਰਣ ਕੀਤਾ ਹੈ। ਇਸ ਵਿਚ ਲੋਕ-ਸੰਸਕ੍ਰਿਤੀ ਦੀ ਇਕ ਸੁੰਦਰ ਅਤੇ ਦਿਲਕਸ਼ ਤਸਵੀਰ ਖਿਚੀ ਮਿਲਦੀ ਹੈ।
ਭਾਸ਼ਾ ਦੀ ਦ੍ਰਿਸ਼ਟੀ ਤੋਂ ਇਸ ਵਿਚ ਕਈ ਭਾਸ਼ਾਵਾਂ ਦੀ ਮਿਸ ਮਿਲਦੀ ਹੈ। ਇਸ ਤਰ੍ਹਾਂ ਦੀ ਮਿਸੀ ਭਾਸ਼ਾ ਨੂੰ ਮੁਸਲਮਾਨਾਂ ਵਲੋਂ ‘ਹਿੰਦਵੀ’ (ਹਿੰਦੂਆਂ ਦੀ ਬੋਲੀ) ਨਾਂ ਦਿੱਤਾ ਗਿਆ ਸੀ। ਅਜਿਹੀ ਭਾਸ਼ਾ ਦੇ ਵਿਕਸਿਤ ਹੋਣ ਦਾ ਕਾਰਣ ਉਸ ਵੇਲੇ ਦੀਆਂ ਇਤਿਹਾਸਿਕ ਪਰਿਸਥਿਤੀਆਂ ਸਨ। ਹਿੰਦਵੀ ਭਾਸ਼ਾ ਦਾ ਮੂਲ ਜਨਮ-ਸਥਾਨ ਪੰਜਾਬ ਸੀ ਪਰ ਮੁਸਲਮਾਨਾਂ ਦੇ ਭਾਰਤ ਵਿਚ ਅਗੇ ਵਧ ਜਾਣ ਨਾਲ ਇਸ ਦਾ ਧੁਰਾ ਵੀ ਖਿਸਕਦਾ ਖਿਸਕਦਾ ਗੰਗਾ ਜਮਨਾ ਦੇ ਕੰਢੇ ਜਾ ਟਿਕਿਆ ਅਤੇ ਆਧੁਨਿਕ ਸੰਦਰਭ ਵਿਚ ਇਸ ਨੂੰ ਖੜੀ ਬੋਲੀ ਦਾ ਨਾਂ ਦਿੱਤਾ ਗਿਆ। ਇਸ ਜਨਮਸਾਖੀ ਦੀ ਭਾਸ਼ਾ ਕੁਲ ਮਿਲਾ ਕੇ ਸਾਧ ਭਾਖਾ ਜਾਂ ਹਿੰਦਵੀ ਕਹੀ ਜਾ ਸਕਦੀ ਹੈ। ਇਸ ਵਿਚ ਵਿਆਕਰਣ ਦੀ ਦ੍ਰਿਸ਼ਟੀ ਤੋਂ ਵੀ ਕਈ ਪ੍ਰਕਾਰ ਦੇ ਪ੍ਰਯੋਗ ਮਿਲਦੇ ਹਨ। ਇਸ ਵਿਚ ਅਪਭ੍ਰੰਸ਼ੀ ਪਰੰਪਰਾ ਦੀਆਂ ਵਿਭਕਤੀਆਂ ਵਰਤੀਆਂ ਮਿਲ ਜਾਂਦੀਆਂ ਹਨ। ਪਰ ਇਹ ਵੀ ਸਪੱਸ਼ਟ ਹੈ ਕਿ ਥਾਂ ਥਾਂ’ਤੇ ਵਿਭਕਤੀਆਂ ਦਾ ਸਥਾਨ ਪਰਸਰਗ ਗ੍ਰਹਿਣ ਕਰਦੇ ਜਾ ਰਹੇ ਹਨ।
ਇਸ ਜਨਮਸਾਖੀ ਨੂੰ ਪੰਜਾਬੀ ਵਾਰਤਕ ਦੇ ਇਤਿਹਾਸ ਵਿਚ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਕਿਉਂਕਿ ਇਤਨੇ ਵੱਡੇ ਆਕਾਰ ਦੀ ਵਾਰਤਕ ਰਚਨਾ ਇਸ ਤੋਂ ਪਹਿਲਾਂ ਨਹੀਂ ਮਿਲਦੀ। ਇਸ ਰਾਹੀਂ ਗੁਰਮਤਿ ਵਿਚਾਰਧਾਰਾ ਨਾਲ ਸੰਬੰਧਿਤ ਪਰਮਾਰਥ ਟੀਕੇ ਅਤੇ ਗੋਸ਼ਟਾਂ ਦੀ ਕਲਾਤਮਕਤਾ ਵਿਚ ਵਿਕਾਸ ਹੁੰਦਾ ਹੈ। ਅਨੇਕ ਪ੍ਰਕਾਰ ਦੀ ਮਿਲ-ਗੋਭਾ ਭਾਸ਼ਾ ਹੋਣ ਕਾਰਣ ਇਹ ਅਨੇਕ ਭਾਸ਼ਾਵਾਂ ਦੇ ਦਾਵਾਦਾਰਾਂ ਦੀ ਤ੍ਰਿਪਤੀ ਕਰਦੀ ਹੈ। ਇਸ ਦੀ ਸ਼ਬਦਾਵਲੀ ਵੀ ਬਹੁਤ ਅਮੀਰ ਹੈ ਜੋ ਲੇਖਕ ਦੀ ਬਹੁ-ਵਿੱਗਤਾ ਦਾ ਪ੍ਰਮਾਣ ਹੈ। ਸਮੁੱਚੇ ਤੌਰ’ਤੇ ਸ਼ਬਦਾਵਲੀ ਭਾਰਤੀ ਵਿਰਸੇ ਵਾਲੀ ਅਧਿਆਤਮੀ ਰੰਗ ਵਿਚ ਰੰਗੀ ਹੋਈ ਹੈ ਅਤੇ ਯਥਾ ਪ੍ਰਸੰਗ ਅਰਬੀ-ਫ਼ਾਰਸੀ ਦੀ ਸ਼ਬਦਾਵਲੀ ਵੀ ਵਰਤੀ ਗਈ ਹੈ ਜੋ ਆਮ ਜਨ-ਜੀਵਨ ਨਾਲ ਸਾਂਝ ਪਾ ਚੁਕੀ ਸੀ, ਉਂਜ ਅਜਿਹੀ ਸ਼ਬਦਾਵਲੀ ਨੂੰ ਵਰਤਣ ਪ੍ਰਤਿ ਲੇਖਕ ਦਾ ਕੋਈ ਉਚੇਚਾ ਝੁਕਾ ਨਹੀਂ ਹੈ। ਕੁਲ ਮਿਲਾ ਕੇ ਇਸ ਜਨਮਸਾਖੀ ਵਿਚ ‘ਪੁਰਾਤਨ ਜਨਮਸਾਖੀ’ ਨਾਲੋਂ ਪੰਜਾਬੀ-ਪਨ ਘਟ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First