ਮਾਰਲੋਅ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਾਰਲੋਅ (1564–1593) : ਮਾਰਲੋਅ, ਕਰਿਸਟੋਫਰ (Christopher Marlowe) ਦਾ ਜਨਮ ਕੈਂਟਰਬਰੀ ਦੇ ਮੋਚੀਆਂ ਦੇ ਇੱਕ ਪਰਿਵਾਰ ਵਿੱਚ 1564 ਵਿੱਚ ਹੋਇਆ। ਉਸ ਨੇ ਮੁਢਲੀ ਸਿੱਖਿਆ ਕੈਂਟਰਬਰੀ ਦੇ ਕਿੰਗਜ਼ ਸਕੂਲ ਤੋਂ ਅਤੇ ਉੱਚ ਸਿੱਖਿਆ ਕੈਂਬ੍ਰਿਜ ਦੇ ਕੋਰਪਸ ਕ੍ਰਿਸਟੀ ਕਾਲਜ ਤੋਂ ਪ੍ਰਾਪਤ ਕੀਤੀ। ਬਹੁਤ ਪ੍ਰਭਾਵਸ਼ਾਲੀ ਅਕਾਦਮਿਕ ਪ੍ਰਾਪਤੀਆਂ ਦੇ ਬਾਵਜੂਦ ਮਾਰਲੋਅ ਦੇ ਹਿੰਸਕ ਅਤੇ ਅਪਰਾਧੀ ਸੁਭਾਅ ਨੇ ਉਸ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਇਆ।
ਮਾਰਲੋਅ ਦੀਆਂ ਸਾਹਿਤਿਕ ਗਤੀਵਿਧੀਆਂ 1587 ਤੋਂ 1593 ਤੱਕ, ਸਿਰਫ਼ ਛੇ ਵਰ੍ਹਿਆਂ ਵਿੱਚ ਸੀਮਿਤ ਮੰਨੀਆਂ ਗਈਆਂ ਹਨ। ਇਹਨਾਂ ਛੇ ਵਰ੍ਹਿਆਂ ਵਿੱਚ ਉਸ ਨੇ ਛੇ ਸ਼ਾਹਕਾਰ ਨਾਟਕ ਲਿਖੇ, ਜੋ ਉਸ ਦੀ ਉੱਚ- ਕੋਟੀ ਦੀ ਨਾਟ-ਸ਼ੈਲੀ, ਕਾਵਿ-ਸ਼ੈਲੀ, ਭਾਸ਼ਾ ਉੱਤੇ ਪਕੜ ਅਤੇ ਜ਼ਿੰਦਗੀ ਲਈ ਭਰਪੂਰ ਜੋਸ਼ ਦੇ ਸਬੂਤ ਹਨ। ਮਾਰਲੋਅ ਦਾ ਹਰ ਨਾਟਕ ਅਸੰਜਮੀ, ਸ੍ਵੈ-ਘਾਤਕ ਅਤੇ ਬੇਰੋਕ ਮਨੋਵੇਗ ਦੇ ਦੁਆਲੇ ਘੁੰਮਦਾ ਹੈ ਅਤੇ ਰਾਜਨੀਤਿਕ ਤਾਕਤ, ਧਨ-ਦੌਲਤ, ਗਿਆਨ ਅਤੇ ਸੁੰਦਰਤਾ ਲਈ ਹਵਸ ਉਸ ਦੇ ਨਾਟਕਾਂ ਦੇ ਪਿਛੋਕੜ ਵੀ ਹਨ ਅਤੇ ਸ੍ਰੋਤ ਵੀ। ਇੱਕ ਪਾਸੇ ਜਿੱਥੇ ਇਹਨਾਂ ਨਾਟਕਾਂ ਰਾਹੀਂ ਮਾਰਲੋਅ ਨੇ ਆਪਣੇ-ਆਪ ਨੂੰ ਸਮੂਹ ਕਾਵਿ-ਨਾਟ ਵਿੱਚ ਇੱਕ ਬਹੁਤ ਦਲੇਰ ਅਤੇ ਉਤਸ਼ਾਹਿਤ ਮੋਢੀ ਸਾਬਤ ਕੀਤਾ ਹੈ, ਉੱਥੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸ਼ੇਕਸਪੀਅਰ ਵਰਗੇ ਮਹਾਨ ਨਾਟਕਕਾਰਾਂ ਦਾ ਪੱਥ-ਪ੍ਰਦਰਸ਼ਨ ਵੀ ਕੀਤਾ ਹੈ।
ਮਾਰਲੋਅ ਦਾ ਨਾਟਕ ਟੈਂਬਰਲੇਨ ਦਾ ਗਰੇਟ ਉਸ ਦਾ ਪਹਿਲਾ ਅਤੇ ਬਹੁਤ ਹੀ ਸਫਲ ਨਾਟਕ ਮੰਨਿਆ ਗਿਆ ਹੈ।ਕੁਝ ਕਮੀਆਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਮਾਰਲੋਅ ਦੀ ਪ੍ਰਭਾਵਪੂਰਨ ਲੇਖਨ-ਸ਼ੈਲੀ ਅਤੇ ਐਡਵਰਡ ਐਲਵਿਨ ਦੀ ਸ਼ਾਨਦਾਰ ਅਦਾਕਾਰੀ ਕਾਰਨ ਇਹ ਨਾਟਕ ਬਹੁਤ ਮਸ਼ਹੂਰ ਹੋਇਆ। ਅੰਗਰੇਜ਼ੀ ਵਿੱਚ ਪਹਿਲੀ ਵਾਰ ‘ਬਲੈਂਕ ਵਰਸ’ ਵਿੱਚ ਲਿਖਿਆ ਗਿਆ ਇਹ ਨਾਟਕ ਸਕੀਥੀਆ ਦੇ ਇੱਕ ਚਰਵਾਹੇ ਦੀ ਕਹਾਣੀ ਹੈ ਜੋ ਕਿ ਦੁਨੀਆ ਨੂੰ ਜਿੱਤਣ ਦਾ ਆਪਣਾ ਸੁਪਨਾ ਸੱਚ ਕਰ ਵਿਖਾਉਂਦਾ ਹੈ। ਭਾਵੇਂ ਇਸ ਨਾਟਕ ਦਾ ਪਲਾਟ ਕਮਜ਼ੋਰ ਹੈ ਅਤੇ ਕਲਾਤਮਿਕ ਪੱਖੋਂ ਵੀ ਇਸ ਵਿੱਚ ਕਈ ਦੋਸ਼ ਹਨ, ਫਿਰ ਵੀ ਇਸ ਦਾ ਨਾਇਕ ਸਾਹਸੀ ਸੁਭਾਅ ਅਤੇ ਜੋਸ਼ੀਲੀ ਕਥਨ-ਸ਼ਕਤੀ ਦਾ ਮਾਲਕ ਹੈ ਅਤੇ ਮਨੁੱਖ ਦੀ ਅਥਾਹ ਇੱਛਾ-ਸ਼ਕਤੀ ਅਤੇ ਨਿਡਰ ਦੂਰ-ਦ੍ਰਿਸ਼ਟੀ ਦਾ ਪ੍ਰਤੱਖ ਰੂਪ ਹੈ।
ਦਾ ਟ੍ਰੈਜਿਕ ਹਿਸਟਰੀ ਆਫ਼ ਡਾਕਟਰ ਫਾਸਟਸ ਮਾਰਲੋਅ ਦਾ ਅਗਲਾ ਨਾਟਕ ਸੀ ਜੋ ਉਸ ਦਾ ਸਭ ਤੋਂ ਵਧੀਆ ਨਾਟਕ ਮੰਨਿਆ ਗਿਆ ਹੈ। ਇਸ ਵਿੱਚ ਰਸੀਲੀ ਕਵਿਤਾ ਅਤੇ ਨਿਡਰ ਸੋਚ ਦਾ ਸੰਗਮ ਵੇਖਣ ਨੂੰ ਮਿਲਦਾ ਹੈ। ਫਾਸਟਸ ਇੱਕ ਵਿਦਵਾਨ ਹੈ ਜੋ ਸਰਬ-ਵਿਆਪਕ ਵਿੱਦਿਆ ਪ੍ਰਾਪਤ ਕਰਨ ਦੀ ਕਾਹਲ ਵਿੱਚ ਆਪਣੀ ਆਤਮਾ ਨੂੰ ਸ਼ੈਤਾਨ ਕੋਲ ਗਿਰਵੀ ਰੱਖ ਦਿੰਦਾ ਹੈ। ਸ਼ੈਤਾਨ ਲੂਸੀਫਰ ਉਸ ਨੂੰ ਚੌਵੀ ਸਾਲਾਂ ਦਾ ਸਮਾਂ ਦਿੰਦਾ ਹੈ ਜਿਸ ਦੌਰਾਨ ਫਾਸਟਸ ਹਰ ਤਰ੍ਹਾਂ ਦੀ ਵਿੱਦਿਆ ਗ੍ਰਹਿਣ ਕਰ ਸਕੇਗਾ ਅਤੇ ਉਸ ਤੋਂ ਬਾਅਦ ਉਹ ਆਪਣੇ-ਆਪ ਨੂੰ, ਜਿਸਮ ਅਤੇ ਆਤਮਾ ਸਮੇਤ ਲੂਸੀਫਰ ਦੇ ਹਵਾਲੇ ਕਰ ਦੇਵੇਗਾ। ਇਹਨਾਂ ਚੌਵੀ ਸਾਲਾਂ ਵਿੱਚ ਫਾਸਟਸ ਜਾਦੂ ਸਮੇਤ ਹਰ ਤਰ੍ਹਾਂ ਦੀ ਵਿੱਦਿਆ ਸਿੱਖਦਾ ਹੈ ਅਤੇ ਰੱਜ ਕੇ ਕੁਫਰ ਤੋਲਦਾ ਹੈ। ਪਰ ਅੰਤ ਵਿੱਚ ਸਮਾਂ ਪੂਰਾ ਹੋਣ ਤੇ ਉਸ ਦਾ ਸ੍ਵੈਸੰਵਾਦ ਉਸ ਦੀ ਅੰਦਰੂਨੀ ਲੜਾਈ, ਰੂਹ ਕੰਬਾ ਦੇਣ ਵਾਲੀ ਹਾਰ ਅਤੇ ਦਿਲ ਹਿਲਾ ਦੇਣ ਵਾਲੀਆਂ ਭਾਵਨਾਵਾਂ ਦੀ ਗਾਥਾ ਹੈ। ਇਹ ਇੱਕ ਐਸਾ ਆਤਮਿਕ ਦੁਖਾਂਤ ਹੈ ਜਿਸ ਦਾ ਮੁੱਖ ਨਾਇਕ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਰਹੱਸਮਈ ਤਾਕਤਾਂ ਨਾਲ ਘਿਰਿਆ, ਇੱਕ ਹਾਰਿਆ ਹੋਇਆ ਇਨਸਾਨ ਹੈ। ਇੱਕ ਸਧਾਰਨ ਜਰਮਨ ਕਹਾਣੀ ਨੂੰ ਮਾਰਲੋਅ ਨੇ ਬਹੁਤ ਹੀ ਸੁੰਦਰ ਢੰਗ ਨਾਲ ਇੱਕ ਵਿਦਵਾਨ ਦੀ ਦੁੱਖਾਂ ਵਿੱਚ ਗ੍ਰਸੀ ਆਤਮਾ ਦੀ ਕਹਾਣੀ ਵਿੱਚ ਤਬਦੀਲ ਕਰ ਕੇ ਪੇਸ਼ ਕੀਤਾ ਹੈ।
ਜਿਊ ਆਫ਼ ਮਾਲਟਾ ਮਾਰਲੋਅ ਦਾ ਅਗਲਾ ਨਾਟਕ ਸੀ ਜਿਸ ਦਾ ਮੁੱਖ ਪਾਤਰ ਲਾਲਚੀ, ਚਾਲਬਾਜ਼ ਅਤੇ ਕੂਟ-ਨੀਤੀਵਾਨ ਸ਼ਾਹੂਕਾਰ ਬਾਰਾਬੱਸ, ਸ਼ੇਕਸਪੀਅਰ ਦੇ ਸ਼ਾਇਲੌਕ ਨੂੰ ਵੀ ਪਿੱਛੇ ਛੱਡਦਾ ਹੈ। ਇਹ ਨਾਟਕ ਐਲਿਜ਼ਾਬੈਥ ਸਮੇਂ ਦੇ ਲੋਕਾਂ ਦਾ ਪੈਸੇ ਪ੍ਰਤਿ ਲਾਲਚ, ਬੇਈਮਾਨੀ ਅਤੇ ਕਠੋਰਤਾ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਟਰਕੀ ਦੇ ਸ਼ਾਸਕ ਵੱਲੋਂ ਮਾਲਟਾ ਤੋਂ ਟੈਕਸ ਮੰਗੇ ਜਾਣ ਤੇ ਉੱਥੋਂ ਦੀ ਸਰਕਾਰ ਮਾਲਟਾ ਵਿੱਚ ਰਹਿਣ ਵਾਲੇ ਯਹੂਦੀਆਂ ਨੂੰ ਇਹ ਟੈਕਸ ਭਰਨ ਲਈ ਕਹਿੰਦੀ ਹੈ ਪਰ ਅਮੀਰ ਯਹੂਦੀ ਬਾਰਾਬੱਸ ਵੱਲੋਂ ਇਸ ਤੋਂ ਇਨਕਾਰ ਕਰਨ ਤੇ ਉਸ ਦੀ ਸਾਰੀ ਦੌਲਤ ਅਤੇ ਜਾਇਦਾਦ ਜ਼ਬਤ ਕਰ ਲਈ ਜਾਂਦੀ ਹੈ। ਬਾਰਾਬੱਸ ਬਹੁਤ ਖ਼ੂਨ-ਖ਼ਰਾਬਾ ਕਰਦਾ ਹੈ ਅਤੇ ਮਾਲਟਾ ਉੱਤੇ ਕਬਜ਼ਾ ਕਰਨ ਵਿੱਚ ਟਰਕਾਂ ਦੀ ਮਦਦ ਕਰਦਾ ਹੈ। ਬਾਅਦ ਵਿੱਚ ਟਰਕੀ ਕਮਾਂਡਰ ਨੂੰ ਧੋਖੇ ਨਾਲ ਮਰਵਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪ ਹੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਭਾਵੇਂ ਇਹ ਨਾਟਕ ਮਾਰਲੋਅ ਦੇ ਪਹਿਲੇ ਦੋ ਨਾਟਕਾਂ ਜਿੰਨਾ ਆਵੇਸ਼ਪੂਰਨ ਨਹੀਂ ਹੈ, ਫਿਰ ਵੀ ਇਹ ਉਹਨਾਂ ਦੋਹਾਂ ਨਾਲੋਂ ਵੱਧ ਕੌੜਾ ਅਤੇ ਤਿੱਖਾ ਮੰਨਿਆ ਗਿਆ ਹੈ।
ਦਾ ਮਸੈਕਰ ਆਫ਼ ਪੈਰਿਸ ਮਾਰਲੋਅ ਦਾ ਇੱਕ ਕੱਚਾ-ਪਿੱਲਾ ਨਾਟਕ ਕਿਹਾ ਜਾਂਦਾ ਹੈ ਜਿਸ ਵਿੱਚ ਵਿਸ਼ਾ- ਵਸਤੂ ਬਹੁਤ ਕਮਜ਼ੋਰ ਅਤੇ ਪਾਤਰ-ਚਿਤਰਨ ਬਹੁਤ ਨੀਵੀਂ ਪੱਧਰ ਦਾ ਹੈ ਪਰ ਇਸ ਦੇ ਬਾਵਜੂਦ ਇਹ ਨਾਟਕ ਵੀ ਮਾਰਲੋਅ ਦੇ ਹੋਰ ਨਾਟਕਾਂ ਵਾਂਗੂ ਆਪਣੀ ਨਿਡਰ ਅਤੇ ਖ਼ੂਬਸੂਰਤ ਭਾਸ਼ਾ, ਯਾਦਗਾਰ ਅਤੇ ਸ਼ਾਨਦਾਰ ਕਥਨ-ਸ਼ਕਤੀ ਕਾਰਨ ਮੰਨਿਆ ਜਾਂਦਾ ਹੈ। ਇਹ ਨਾਟਕ ਪੈਰਿਸ ਵਿੱਚ ਸੇਂਟ ਬਾਰਥੋਲੋਮਿਉ ਦਿਵਸ 1572 ਦੌਰਾਨ ਪ੍ਰੋਟੈਸਟੈਂਟ ਲੋਕਾਂ ਦੇ ਕਤਲੇਆਮ ਦੀ ਕਹਾਣੀ ਹੈ।
ਐਡਵਰਡ ਦਾ ਸੈਕਿੰਡ ਮਾਰਲੋਅ ਦਾ ਵਧੀਆ ਨਾਟਕ ਮੰਨਿਆ ਜਾਂਦਾ ਹੈ ਜਿਸ ਵਿੱਚ ਉਸ ਦੀ ਲੇਖਨ ਕਲਾ ਉਚਾਈਆਂ ਛੂੰਹਦੀ ਹੈ। ਇਸ ਨਾਟਕ ਦੀ ਕਹਾਣੀ ਐਡਵਰਡ ਦੇ ਗੱਦੀ ਤੇ ਬੈਠਦਿਆਂ ਹੀ ਆਪਣੇ ਵਿਸ਼ਵਾਸ ਪਾਤਰ ਗੇਵਸਟਨ ਨੂੰ ਦੇਸ ਨਿਕਾਲੇ ਤੋਂ ਵਾਪਸ ਬੁਲਾਉਣ ਤੋਂ ਹੁੰਦੀ ਹੈ। ਇਸ ਤੋਂ ਬਾਅਦ ਸਾਰੀਆਂ ਦੁਖਾਂਤ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ, ਜਿਸ ਵਿੱਚ ਰਾਣੀ ਦਾ ਐਡਵਰਡ ਤੋਂ ਵੱਖ ਹੋ ਕੇ ਆਪਣੇ ਪ੍ਰੇਮੀ ਮੋਰਟੀਮਰ ਨਾਲ ਮਿਲ ਕੇ ਬਗ਼ਾਵਤ ਕਰਨਾ ਮੁੱਖ ਹੈ। ਇਸ ਤੋਂ ਬਾਅਦ ਐਡਵਰਡ ਨੂੰ ਬੰਦੀ ਬਣਾ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਹ ਸਭ ਤੋਂ ਪਹਿਲਾ ਪੂਰਨ ਇਤਿਹਾਸਿਕ ਨਾਟਕ ਮੰਨਿਆ ਗਿਆ ਹੈ, ਜਿਸ ਵਿੱਚ ‘ਟੈਬਰਲੇਨ’ ਅਤੇ ‘ਫਾਸਟਸ’ ਦੀਆਂ ਕਮਜ਼ੋਰੀਆਂ ਨੂੰ ਦੂਰ ਰੱਖਿਆ ਗਿਆ ਹੈ। ਭਾਵੇਂ ਇਸ ਵਿੱਚ ਕੁਝ ਕਮਜ਼ੋਰੀਆਂ ਵੀ ਹਨ ਪਰ ਫਿਰ ਵੀ ਇਹ ਨਾਟਕ ਇਤਿਹਾਸ ਨੂੰ ਰੰਗ-ਮੰਚ ਤੇ ਉਚਿਤ ਢੰਗ ਨਾਲ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਸੀ ਜਿਸ ਨੇ ਅਗੇ ਚੱਲ ਕੇ ਸ਼ੇਕਸਪੀਅਰ ਦੇ ਇਤਿਹਾਸਿਕ ਨਾਟਕ ਰਿਚਰਡ ਦਾ ਸੈਕਿੰਡ ਦੀ ਸਿਰਜਣਾ ਲਈ ਰਾਹ ਬਣਾਇਆ।
ਡੀਡੋ ਕੁਈਨ ਆਫ਼ ਕਾਰਥੇਜ ਮਾਰਲੋਅ ਦਾ ਆਖ਼ਰੀ ਪਰ ਅਧੂਰਾ ਨਾਟਕ ਸੀ ਜਿਸ ਨੂੰ ਉਸ ਦੀ ਮੌਤ ਤੋਂ ਬਾਅਦ ਨੈਸ਼ ਨੇ ਪੂਰਾ ਕਰ ਕੇ ਪੇਸ਼ ਕੀਤਾ। ਭਾਵੇਂ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਵਿੱਚ ਮਾਰਲੋਅ ਦਾ ਕਿੰਨਾ ਹਿੱਸਾ ਹੈ ਪਰ ਫਿਰ ਵੀ ਮਾਰਲੋਅ ਦੀ ਕਲਾ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਇਸ ਨਾਟਕ ਵਿੱਚ ਪਹਿਲੇ ਨਾਟਕਾਂ ਵਾਂਗ ਮਨੁੱਖੀ ਵਾਸਨਾ ਨਹੀਂ ਹੈ ਬਲਕਿ ਇਸ ਵਿੱਚ ਕਾਰਥੇਜ ਦੀ ਮਹਾਰਾਣੀ ਦੀ ਪ੍ਰੇਮ-ਗਾਥਾ ਨੂੰ ਕਾਵਿਮਈ ਅਤੇ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਮਾਰਲੋਅ ਦਾ ਇੱਕੋ-ਇੱਕ ਨਾਟਕ ਹੈ ਜਿਸ ਦਾ ਵਿਸ਼ਾ ਪਿਆਰ ਹੈ ਅਤੇ ਜਿਸ ਦੀ ਮੁੱਖ ਪਾਤਰ ਇੱਕ ਇਸਤਰੀ ਹੈ। ਇਸ ਨਾਟਕ ਵਿੱਚ ਮਾਰਲੋਅ ਨੇ ਪਹਿਲੀ ਵਾਰ ਬਾਹਰਲੀ ਖ਼ੂਬਸੂਰਤੀ ਦਰਸਾਉਣ ਨੂੰ ਤਰਜੀਹ ਦਿੱਤੀ ਹੈ। ਮਹਾਰਾਣੀ ਦੇ ਵਾਲ ਚਾਂਦੀ ਦੇ ਅਤੇ ਹੰਝੂ ਮੋਤੀਆਂ ਦੇ ਹਨ। ਮਾਰਲੋਅ ਨੇ ਇਹੋ ਜਿਹੇ ਅਲੰਕਾਰਮਈ ਚਿਤਰਨ ਵਿੱਚ ਆਪਣੀ ਭਰਪੂਰ ਯੋਗਤਾ ਦਾ ਸਬੂਤ ਦਿੱਤਾ ਹੈ।
ਮਾਰਲੋਅ ਦਾ ਹਰ ਨਾਟਕ ਅਥਾਹ, ਬੇਕਾਬੂ ਜੋਸ਼ ਤੋਂ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਵਧਦਾ ਹੋਇਆ ਤਬਾਹੀ ਤੇ ਜਾ ਕੇ ਮੁੱਕਦਾ ਹੈ। ਮਾਰਲੋਅ ਦੇ ਹਰ ਮੁੱਖ ਪਾਤਰ ਦੇ ਅੰਦਰ ਇੱਕ ਨਾ-ਬੁੱਝਣ ਵਾਲੀ ਅੱਗ ਹੈ ਜੋ ਅੰਤ ਵਿੱਚ ਉਸ ਨੂੰ ਭਸਮ ਕਰ ਦਿੰਦੀ ਹੈ। ਵੱਖ-ਵੱਖ ਨਾਟਕਾਂ ਵਿੱਚ ਇਹ ਅੱਗ ਪੈਸੇ, ਤਾਕਤ, ਗਿਆਨ ਅਤੇ ਸੁੰਦਰਤਾ ਦੀ ਹੈ। ਮਾਰਲੋਅ ਦੇ ਸਾਰੇ ਨਾਟਕ ਇੱਕੋ-ਇੱਕ ਮੁੱਖ ਪਾਤਰ ਉੱਤੇ ਕੇਂਦਰਿਤ ਹਨ ਜਿਨ੍ਹਾਂ ਵਿੱਚ ਬਾਕੀ ਦੇ ਪਾਤਰਾਂ ਦਾ ਯੋਗਦਾਨ ਬਹੁਤ ਘੱਟ ਨਜ਼ਰ ਆਉਂਦਾ ਹੈ। ਡੀਡੋ ਕੁਈਨ ਤੋਂ ਇਲਾਵਾ ਬਾਕੀ ਸਭ ਨਾਟਕਾਂ ਵਿੱਚ ਇਸਤਰੀ ਪਾਤਰ ਨਾ ਦੇ ਬਰਾਬਰ ਹਨ। ਮਾਰਲੋਅ ਦੇ ਕੁਝ ਨਾਟਕਾਂ ਦੇ ਪਲਾਟ ਰਵਾਇਤੀ ਅਤੇ ਕਮਜ਼ੋਰ ਹਨ ਪਰ ਕੁਝ ਪਲਾਟ ਕਾਫ਼ੀ ਸੰਗਠਿਤ ਹਨ।
ਮਾਰਲੋਅ ਦੀ ਅੰਗਰੇਜ਼ੀ ਨਾਟਕ ਨੂੰ ਸਭ ਤੋਂ ਵੱਡੀ ਦੇਣ ‘ਬਲੈਂਕ ਵਰਸ’ ਹੈ। ਉਸ ਨੇ ਪੁਰਾਣੇ ਸਮੇਂ ਦੇ ਸ਼ੈਲੀ ਨਾਟਕਾਂ ਵਿੱਚ ਵਰਤੀ ਜਾਣ ਵਾਲੀ ਬਣਾਵਟੀ ਅਤੇ ਅਕਾਊ ਤੁੱਕ-ਬੰਦੀ ਦੀ ਥਾਂ ਤੇ ਇੱਕ ਨਵੀਂ ਸ਼ੈਲੀ ਸ਼ੁਰੂ ਕਰ ਕੇ ਸਾਰੇ ਅੰਗਰੇਜ਼ੀ ਨਾਟਕਾਂ ਨੂੰ ਸ੍ਰੇਸ਼ਠਤਾ ਪ੍ਰਦਾਨ ਕੀਤੀ।
ਮਾਰਲੋਅ ਨੂੰ ਅੰਗਰੇਜ਼ੀ ਦੁਖਾਂਤ ਨਾਟਕ ਦਾ ਪਿਤਾ ਕਿਹਾ ਜਾਂਦਾ ਹੈ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਸ਼ੇਕਸਪੀਅਰ ਵਰਗੇ ਨਾਟਕਕਾਰਾਂ ਨੂੰ ਨਵੀਂ ਸੇਧ ਦਿੱਤੀ।
ਲੇਖਕ : ਨਰਿੰਦਰ ਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First