ਮਰਸੀਆ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਰਸੀਆ : ਮਰਸੀਆ ਸ਼ਬਦ ‘ਰਿਸਾਅ’ ਤੋਂ ਬਣਿਆ ਹੈ। ‘ਰਿਸਾਅ’ ਦਾ ਅਰਥ ਹੈ ਰੋਣਾ, ਮਾਤਮ ਕਰਨਾ ਆਦਿ। ਸਾਹਿਤ ਦੇ ਖੇਤਰ ਵਿੱਚ ਮਰਸੀਆ ਕਿਸੇ ਦੀ ਮੌਤ `ਤੇ ਲਿਖੀ ਗਈ ਮਾਤਮੀ (ਸ਼ੋਕਮਈ) ਕਵਿਤਾ ਨੂੰ ਕਹਿੰਦੇ ਹਨ, ਜਿਸ ਵਿੱਚ ਕਵੀ ਮਰ ਗਏ ਵਿਅਕਤੀ ਦੀ ਮੌਤ `ਤੇ ਆਪਣੇ ਦੁੱਖ-ਦਰਦ ਦਾ ਪ੍ਰਗਟਾਵਾ ਅਜਿਹੇ ਸ਼ੋਕਮਈ ਸ਼ਬਦਾਂ ਵਿੱਚ ਕਰਦਾ ਹੈ, ਜਿਸ ਨੂੰ ਪੜ੍ਹ/ਸੁਣ ਕੇ ਰੋਣਾ ਆ ਜਾਵੇ। ਮਰਸੀਏ ਵਿੱਚ ਕਵੀ ਮਰ ਗਏ ਵਿਅਕਤੀ ਦੀ ਮੌਤ `ਤੇ ਵਿਰਲਾਪ ਕਰਦਾ ਹੋਇਆ ਉਸ ਦੇ ਗੁਣਾਂ ਦਾ ਬਿਆਨ ਵੀ ਕਰਦਾ ਹੈ। ਮਰ ਗਏ ਵਿਅਕਤੀ ਦੇ ਗੁਣਾਂ ਦਾ ਬਿਆਨ ਉਸ ਦੀ ਮੌਤ ਦੇ ਦੁੱਖਾਂ ਨੂੰ ਵਧੇਰੇ ਡੂੰਘਾ ਤੇ ਅਸਹਿ ਬਣਾਉਂਦਾ ਹੈ। ਮੁੱਹਰਮ ਦੇ ਦਿਨਾਂ ਵਿੱਚ ਸ਼ੀਆ ਮੁਸਲਮਾਨ ਹਜ਼ਰਤ ਇਮਾਮ ਹੁਸੈਨ ਹੁਰਾਂ ਦੀ ਕਰਬਲਾ ਦੀ ਜੰਗ ਵਿੱਚ ਹੋਈ ਦਰਦਨਾਕ ਸ਼ਹਾਦਤ ਦੀ ਯਾਦ ਵਿੱਚ ਤਾਜ਼ੀਏ ਕੱਢਦੇ ਹਨ, ਉਸ ਵੇਲੇ ਜਿਹੜੇ ਮਾਤਮੀ ਗੀਤ ਗਾਏ ਜਾਂਦੇ ਹਨ, ਉਹਨਾਂ ਨੂੰ ਮਰਸੀਆ ਕਿਹਾ ਜਾਂਦਾ ਹੈ। ਸ਼ੀਆ ਲੋਕ ਤਾਜ਼ੀਏ ਦੇ ਨਾਲ-ਨਾਲ ਚੱਲਦੇ ਹੋਏ ਮਰਸੀਏ ਪੜ੍ਹਦੇ ਜਾਂਦੇ ਹਨ ਅਤੇ ਛਾਤੀ `ਤੇ ਹੱਥ ਮਾਰ-ਮਾਰ ਕੇ ਮਾਤਮ ਵੀ ਕਰਦੇ ਜਾਂਦੇ ਹਨ।
ਵੈਸੇ ਤਾਂ ਕਿਸੇ ਵੀ ਵਿਅਕਤੀ ਦੀ ਮੌਤ `ਤੇ ਲਿਖੀ ਗਈ ਸ਼ੋਕਮਈ ਕਵਿਤਾ ਨੂੰ ਮਰਸੀਆ ਕਿਹਾ ਜਾ ਸਕਦਾ ਹੈ ਪਰੰਤੂ ਉਰਦੂ/ਫ਼ਾਰਸੀ ਵਿੱਚ ਮਰਸੀਆ ਕੇਵਲ ਉਸ ਸ਼ੋਕਮਈ ਕਵਿਤਾ ਨੂੰ ਕਹਿੰਦੇ ਹਨ, ਜਿਸ ਵਿੱਚ ਕਰਬਲਾ ਦੀ ਜੰਗ ਦੇ ਮਹਾਨ ਸ਼ਹੀਦ, ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਅਤੇ ਇਸ ਜੰਗ ਦੇ ਹੋਰ ਸ਼ਹੀਦਾਂ ਦਾ ਦਰਦ ਭਰਿਆ ਜ਼ਿਕਰ ਹੋਵੇ। ਬਾਕੀ ਹੋਰ ਕਿਸੇ ਵੀ ਵਿਅਕਤੀ ਦੀ ਮੌਤ ਉੱਤੇ ਲਿਖੀ ਸ਼ੋਕਮਈ ਕਵਿਤਾ ਨੂੰ ਵਿਅਕਤੀਗਤ (ਸ਼ਖ਼ਸੀ) ਮਰਸੀਆ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਭਾਵੇਂ ਬਹੁਤ ਥੋੜ੍ਹੇ ਮਰਸੀਏ ਲਿਖੇ ਗਏ, ਪਰ ਉਪਰੋਕਤ ਦੋਵੇਂ ਤਰ੍ਹਾਂ ਦੇ ਮਰਸੀਏ ਪੰਜਾਬੀ ਵਿੱਚ ਮਿਲਦੇ ਹਨ। ਪਹਿਲੀ ਪ੍ਰਕਾਰ ਵਿੱਚ ਉਹ ਮਰਸੀਆ ਆਉਂਦਾ ਹੈ, ਜੋ ਕਰਬਲਾ ਦੇ ਸ਼ਹੀਦਾਂ ਬਾਰੇ ਹੁੰਦਾ ਹੈ ਤੇ ਦੂਜੀ ਪ੍ਰਕਾਰ ਵਿੱਚ ਵਿਅਕਤੀਗਤ ਮਰਸੀਏ ਆ ਜਾਂਦੇ ਹਨ।
ਪੰਜਾਬੀ ਦੇ ਲੋਕ-ਕਾਵਿ ਵਿੱਚ ਮੌਤ ਨਾਲ ਸੰਬੰਧਿਤ ਸ਼ੋਕਮਈ ਕਵਿਤਾ ਨੂੰ ‘ਅਲਾਹੁਣੀ’ ਵਜੋਂ ਜਾਣਿਆ ਜਾਂਦਾ ਹੈ। ਅਲਾਹੁਣੀ ਇੱਕ ਛੋਟਾ ਜਿਹਾ ਲੋਕ-ਗੀਤ ਹੁੰਦਾ ਹੈ, ਜੋ ਮਰ ਗਏ ਵਿਅਕਤੀ ਲਈ ਗਾਇਆ ਜਾਂਦਾ ਹੈ। ਔਰਤਾਂ ਮਰ ਗਏ ਵਿਅਕਤੀ ਨੂੰ ਰੋਂਦੀਆਂ ਪਿੱਟਦੀਆਂ ਨਾਲ-ਨਾਲ ਅਲਾਹੁਣੀਆਂ ਗਾ ਕੇ ਉਸ ਦੀ ਮੌਤ ਦਾ ਦੁੱਖ-ਦਰਦ ਜ਼ਾਹਰ ਕਰਦੀਆਂ ਹਨ। ਅਲਾਹੁਣੀ ਵੀ ਭਾਵੇਂ ਮੌਤ ਨਾਲ ਸੰਬੰਧਿਤ ਸ਼ੋਕਮਈ ਗੀਤ ਹੈ, ਪਰੰਤੂ ਮਰਸੀਏ ਤੇ ਅਲਾਹੁਣੀ ਵਿੱਚ ਬਹੁਤ ਅੰਤਰ ਹੈ। ਅਲਾਹੁਣੀ ਛੋਟਾ ਜਿਹਾ ਗੀਤ ਹੁੰਦਾ ਹੈ, ਜਦ ਕਿ ਮਰਸੀਆ ਲੰਮੇ ਆਕਾਰ ਵਾਲੀ ਕਵਿਤਾ ਹੁੰਦੀ ਹੈ। ਅਲਾਹੁਣੀ ਵਿਚਲਾ ਮਾਤਮੀ ਅੰਸ਼ ਮਰਸੀਏ ਨਾਲੋਂ ਘੱਟ ਦਿਲ-ਦੁਖਾਊ ਹੁੰਦਾ ਹੈ, ਮਰਸੀਏ ਦਾ ਪ੍ਰਭਾਵ ਅਲਾਹੁਣੀ ਨਾਲੋਂ ਵਧੇਰੇ ਦਿਲ-ਚੀਰਵਾਂ ਹੁੰਦਾ ਹੈ। ਅਲਾਹੁਣੀ ਕਿਸੇ ਦੀ ਵੀ ਮੌਤ ਉੱਤੇ ਗਾਈ ਜਾ ਸਕਦੀ ਹੈ, ਪਰੰਤੂ ਮਰਸੀਆ ਕਰਬਲਾ ਦੀ ਜੰਗ ਦੇ ਸ਼ਹੀਦਾਂ ਬਾਰੇ ਹੀ ਹੁੰਦਾ ਹੈ। (ਵਿਅਕਤੀਗਤ ਮਰਸੀਆ ਇਸ ਤੋਂ ਵੱਖਰਾ ਹੈ।) ਮਰਸੀਏ ਨਾਲ ਮਿਲਦਾ- ਜੁਲਦਾ ਕਾਵਿ-ਰੂਪ ਪੁਰਾਤਨ ਪੰਜਾਬੀ ਵਿੱਚ ‘ਸੱਦ’ ਹੁੰਦੀ ਸੀ। ਗੁਰੂ ਅਮਰਦਾਸ ਦੇ ਜੋਤੀ-ਜੋਤਿ ਸਮਾਉਣ `ਤੇ ਲਿਖੀ ਬਾਬਾ ਸੁੰਦਰ ਦੀ ‘ਸੱਦ’ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਪੰਜਾਬੀ ਨਾਲੋਂ ਜ਼ਿਆਦਾ ਮਰਸੀਏ ਉਰਦੂ, ਫ਼ਾਰਸੀ ਵਿੱਚ ਲਿਖੇ ਗਏ ਹਨ। ਅਰੰਭ ਵਿੱਚ ਲਿਖੇ ਗਏ ਮਰਸੀਏ ਛੋਟੇ ਆਕਾਰ ਦੇ ਹੁੰਦੇ ਸਨ, ਜੋ ਗ਼ਜ਼ਲ ਵਾਂਗ ਲਿਖੇ ਜਾਂਦੇ ਸਨ। ਅਨੁਮਾਨ ਹੈ ਕਿ ਮਿਰਜ਼ਾ ਮੁਹੰਮਦ ਰਫ਼ੀ ਸੌਦਾ ਉਰਦੂ ਦਾ ਪਹਿਲਾ ਕਵੀ ਸੀ, ਜਿਸ ਨੇ ਮਰਸੀਏ ਲਈ ਛੇ ਸਤਰਾਂ ਵਾਲਾ ਬੰਦ (ਮੁੱਸਦਸ) ਵਰਤਿਆ। ਬਾਅਦ ਵਿੱਚ ਇਹ ਮੁੱਸਦਸ ਵਾਲਾ ਬੰਦ ਏਨਾ ਮਕਬੂਲ ਹੋਇਆ ਕਿ ਮਰਸੀਏ ਲਈ ਏਹੀ ਪੱਕਾ ਹੋ ਗਿਆ। ਹੁਣ ਜਿੰਨੇ ਵੀ ਮਰਸੀਏ ਲਿਖੇ ਜਾਂਦੇ ਹਨ, ਉਹ ਇਸੇ ਢੰਗ ਦੇ ਹੁੰਦੇ ਹਨ। ਮਰਸੀਏ ਵਿੱਚ ਛੇ ਸਤਰਾਂ (ਪੰਕਤੀਆਂ) ਦਾ ਇੱਕ ਕਾਵਿ-ਟੋਟਾ ਹੁੰਦਾ ਹੈ ਅਤੇ ਆਮ ਤੌਰ `ਤੇ ਇੱਕ ਮਰਸੀਏ ਵਿੱਚ 16 ਕਾਵਿ-ਟੋਟੇ ਰੱਖੇ ਜਾਂਦੇ ਹਨ। ਵਿਸ਼ੇ ਦੇ ਪੱਖ ਤੋਂ ਮਰਸੀਏ ਦੀ ਅੰਦਰੂਨੀ ਬਣਤਰ ਕਈ ਭਾਗਾਂ ਵਿੱਚ ਵੰਡੀ ਹੁੰਦੀ ਹੈ। ਵਿਸ਼ੇ ਦੇ ਪੱਖ ਤੋਂ ਮਰਸੀਏ ਦੇ ਮਹੱਤਵਪੂਰਨ ਭਾਗ ਇਸ ਪ੍ਰਕਾਰ ਹਨ :
1. ਚਿਹਰਾ : ਮਰਸੀਏ ਦੀ ਭੂਮਿਕਾ ਨੂੰ ਚਿਹਰਾ ਕਹਿੰਦੇ ਹਨ। ਇਸ ਵਿੱਚ ਕਵੀ ਅਜਿਹੇ ਵਿਸ਼ੇ ਲੈਂਦਾ ਹੈ, ਜਿਨ੍ਹਾਂ ਦਾ ਮਰਸੀਏ ਦੇ ਅਸਲ ਵਿਸ਼ੇ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ, ਜਿਵੇਂ ਸਵੇਰ ਦਾ ਦ੍ਰਿਸ਼, ਰਾਤ ਦਾ ਸਮਾਂ, ਗਰਮੀ ਦੀ ਸ਼ਿੱਦਤ, ਦੁਨੀਆ ਦੀ ਨਾਸ਼ਮਾਨਤਾ, ਹਮਦ, ਨਾਅਤ ਆਦਿ।
2. ਸਰਾਪਾ : ਇਸ ਵਿੱਚ ਕਵੀ ਮਰਸੀਏ ਦੇ ਹੀਰੋ, ਉਸ ਦੀ ਸ਼ਕਲ-ਸੂਰਤ ਅਤੇ ਹੋਰ ਗੁਣਾਂ ਨੂੰ ਬਿਆਨ ਕਰਦਾ ਹੈ।
3. ਰੁਖ਼ਸਤ : ਇਸ ਭਾਗ ਵਿੱਚ ਹੀਰੋ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਪਣੇ ਸਾਕ-ਸੰਬੰਧੀਆਂ ਤੋਂ ਵਿਦਾ ਲੈਂਦੇ ਦੱਸਿਆ ਜਾਂਦਾ ਹੈ।
4. ਰਜਜ਼ : ਹੀਰੋ ਆਪਣੇ ਬਜ਼ੁਰਗਾਂ ਦੇ ਕਾਰਨਾਮਿਆਂ ਬਾਰੇ ਦੱਸਦਿਆਂ ਆਪਣੇ ਖ਼ਾਨਦਾਨ ਦੀ ਪ੍ਰਸੰਸਾ ਕਰਦਾ ਹੈ ਅਤੇ ਆਪਣੀ ਬਹਾਦਰੀ ਤੇ ਜੰਗੀ ਮੁਹਾਰਤ ਦਾ ਵਰਣਨ ਕਰਦਾ ਹੈ। ਨਾਲ ਹੀ ਦੁਸ਼ਮਣ ਦੀ ਬਹਾਦਰੀ ਦਾ ਵੀ ਜ਼ਿਕਰ ਕਰਦਾ ਹੈ।
5. ਜੰਗ : ਇਸ ਭਾਗ ਵਿੱਚ ਮਰਸੀਏ ਦੇ ਹੀਰੋ ਦੀ ਦੁਸ਼ਮਣ ਫ਼ੌਜ ਦੇ ਕਿਸੇ ਇੱਕ ਸਿਰਕੱਢ ਸਿਪਾਹੀ ਨਾਲ ਜਾਂ ਪੂਰੀ ਫ਼ੌਜ ਨਾਲ ਲੜਾਈ ਦਾ ਵਰਣਨ ਹੁੰਦਾ ਹੈ। ਹੀਰੋ ਦੀ ਤਲਵਾਰ ਅਤੇ ਘੋੜੇ ਦੀ ਤਾਰੀਫ਼ ਵੀ ਕੀਤੀ ਜਾਂਦੀ ਹੈ।
6. ਸ਼ਹਾਦਤ : ਹੀਰੋ ਮੈਦਾਨ-ਏ-ਜੰਗ ਵਿੱਚ ਦੁਸ਼ਮਣ ਨਾਲ ਲੜਦਾ ਹੋਇਆ ਅੰਤ ਸ਼ਹੀਦ ਹੋ ਜਾਂਦਾ ਹੈ। ਮਰਸੀਏ ਦਾ ਇਹ ਬਹੁਤ ਮਹੱਤਵਪੂਰਨ ਭਾਗ ਹੈ, ਜਿਸ ਵਿੱਚ ਹੀਰੋ ਦੀ ਸ਼ਹਾਦਤ ਦਾ ਬਿਆਨ ਅਤਿ ਸ਼ੋਕਮਈ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ।
7. ਵੈਣ : ਇਸ ਭਾਗ ਵਿੱਚ ਸ਼ਹੀਦ ਹੋਏ ਵਿਅਕਤੀ ਦੇ ਸਾਕ-ਸੰਬੰਧੀ ਉਸ ਦੀ ਲਾਸ਼ ਦੁਆਲੇ ਵੈਣ ਪਾਉਂਦੇ ਅਤੇ ਰੋਂਦੇ ਪਿੱਟਦੇ ਦੱਸੇ ਜਾਂਦੇ ਹਨ। ਕੁਝ ਵਿਦਵਾਨ ਇਸ ਨੂੰ ਵੱਖਰਾ ਭਾਗ ਨਾ ਮੰਨ ਕੇ ਸ਼ਹਾਦਤ ਵਾਲੇ ਭਾਗ ਵਿੱਚ ਹੀ ਸ਼ਾਮਲ ਕਰਦੇ ਹਨ।
ਮਰਸੀਏ ਦੇ ਅਖੀਰਲੇ ਦੋ ਭਾਗ ਭਾਵ ਸ਼ਹਾਦਤ ਅਤੇ ਵੈਣ ਇਸ ਦੇ ਬਹੁਤ ਮਹੱਤਵਪੂਰਨ ਭਾਗ ਹਨ। ਇਹਨਾਂ ਦੋਹਾਂ ਦੀ ਸਫਲਤਾ `ਤੇ ਹੀ ਮਰਸੀਏ ਦੀ ਸਫਲਤਾ ਨਿਰਭਰ ਕਰਦੀ ਹੈ। ਉਂਞ ਵੀ ਮਰਸੀਏ ਦਾ ਬੁਨਿਆਦੀ ਮੰਤਵ ਰੋਣਾ, ਰੁਆਉਣਾ ਤੇ ਰੋਣ ਲਈ ਉਕਸਾਉਣਾ ਹੁੰਦਾ ਹੈ, ਇਸ ਲਈ ਕਵੀ ਸਾਰਾ ਜ਼ੋਰ ਸ਼ਹਾਦਤ ਅਤੇ ਵੈਣ ਵਾਲੇ ਭਾਗ `ਤੇ ਲਾਉਂਦਾ ਹੈ। ਉਰਦੂ ਵਿੱਚ ਬੱਬਰ ਅਲੀ ਅਨੀਸ ਅਤੇ ਸਲਾਮਤ ਅਲੀ ਦਬੀਰ ਦੇ ਕਰਬਲਾ ਸੰਬੰਧੀ ਮਰਸੀਏ ਬਹੁਤ ਪ੍ਰਸਿੱਧ ਹਨ। ਇਸ ਤੋਂ ਇਲਾਵਾ ਕੁਝ ਵਿਅਕਤੀਗਤ ਮਰਸੀਏ ਵੀ ਮਿਲਦੇ ਹਨ, ਜਿਵੇਂ ਹਾਲੀ ਦਾ ਗ਼ਾਲਿਬ ਦੀ ਮੌਤ `ਤੇ ਲਿਖਿਆ ਮਰਸੀਆ-ਏ- ਗ਼ਾਲਿਬ ਅਤੇ ਇਕਬਾਲ ਦਾ ਦਾਗ਼ ਦਿਹਲਵੀ ਦੀ ਮੌਤ `ਤੇ ਲਿਖਿਆ ਮਰਸੀਆ-ਏ-ਦਾਗ਼ ਆਦਿ।
ਪੰਜਾਬੀ ਵਿੱਚ ਕਰਬਲਾ ਦੀ ਜੰਗ ਦੇ ਸ਼ਹੀਦਾਂ ਸੰਬੰਧੀ ਵੀ ਮਰਸੀਏ ਲਿਖੇ ਗਏ ਹਨ ਅਤੇ ਵਿਅਕਤੀਗਤ ਮਰਸੀਏ ਵੀ ਮਿਲਦੇ ਹਨ। ਲਾਲਾ ਕਿਰਪਾ ਸਾਗਰ ਨੇ ਆਪਣੇ ਪਿਤਾ ਦੇ ਅਕਾਲ ਚਲਾਣੇ `ਤੇ ਇੱਕ ਮਰਸੀਆ ਲਿਖਿਆ ਸੀ। ਕਵੀ ਲਾਹੌਰਾ ਸਿੰਘ ਨੇ ਆਪਣੇ ਸ਼ਾਗਿਰਦ ਮੁਰਾਦ ਬਖ਼ਸ਼ ਮਰਾਗਦ ਦੀ ਮੌਤ ਉੱਤੇ ਮਰਸੀਆ ਲਿਖਿਆ ਸੀ। ਇਸੇ ਤਰ੍ਹਾਂ ਭਗਵਾਨ ਦਾਸ ਅਲਮਸਤ ਨੇ ਆਪਣੇ ਭਰਾ ਬਾਂਕੇ ਦਿਆਲ ਦੀ ਮੌਤ `ਤੇ ਇੱਕ ਮਰਸੀਆ ਲਿਖਿਆ ਸੀ। ਬਾਂਕੇ ਦਿਆਲ ਪੰਜਾਬੀ ਦਾ ਇੱਕ ਪ੍ਰਸਿੱਧ ਸਟੇਜੀ ਕਵੀ ਸੀ, ਜਿਸ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਵਿਰੁੱਧ ਲੜਨ ਲਈ ਲੋਕਾਂ ਨੂੰ ਪ੍ਰੇਰਨਾ ਦਿੱਤੀ।
ਭਗਵਾਨ ਦਾਸ ਅਲਮਸਤ ਦੇ ਮਰਸੀਏ ਦਾ ਇੱਕ ਬੰਦ ਇਸ ਪ੍ਰਕਾਰ ਹੈ :
ਸ਼ੇਰਾਂ ਵਾਲੀ ਭਬਕ ਜੋ ਮਾਰਦਾ ਸੀ,
ਉਹ ਮੂੰਹ ਨੂੰ ਜੰਦਰੇ ਵੱਜ ਗਏ।
ਹੁਣ ਨ ਕਦੀ ਸਟੇਜ `ਤੇ ਆਵਣਗੇ,
ਜਿਤਨਾ ਗੱਜਣਾ ਸੀ ਉਤਨਾ ਗੱਜ ਗਏ।
ਮੁਲਕ ਅਦਮ ਦੇ ਸਫ਼ਰ ਪੈ ਗਏ ਰਾਹੀ
ਪਾ ਕੇ ਨਿਰਾ ਕਸ਼ਮੀਰ ਦਾ ਪੱਜ ਗਏ।
ਜਿਨ੍ਹਾਂ ਉਮਰ ਦਾ ਸਾਥ ਨਿਭਾਵਣਾ ਸੀ,
ਸਾਡਾ ਸਾਥ ਤੋੜ ਕੇ ਅੱਜ ਗਏ।
ਭਾਈ ਭਾਈਆਂ ਦਾ ਮਿੱਤਰ ਮਿੱਤਰਾਂ ਦਾ,
ਅੱਜ ਮਾਤ ਪੰਜਾਬ ਦਾ ਲਾਲ ਗਿਆ।
ਸਭ ਕੁਝ ਦੇਸ ਤੋਂ ਘੋਲ ਘੁਮਾਏ ਕੇ ਤੇ ਅੱਜ
ਆਪ ਭੀ ਬਾਂਕੇ ਦਿਆਲ ਗਿਆ।
ਲੇਖਕ : ਰਾਸ਼ਿਦ ਰਸੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਮਰਸੀਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਰਸੀਆ [ਨਾਂਪੁ] ਕਿਸੇ ਦੀ ਮੌਤ ਸਮੇਂ ਪੜ੍ਹੀ ਜਾਣ ਵਾਲ਼ੀ ਸੋਗ ਭਰੀ ਕਵਿਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਰਸੀਆ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਰਸੀਆ : ਇਕ ਪ੍ਰਕਾਰ ਦਾ ਗੀਤ ਜਿਸ ਵਿਚ ਕਿਸੇ ਦੀ ਮੌਤ ਤੇ ਦੁਖ ਅਤੇ ਸ਼ੋਕ ਪ੍ਰਗਟ ਕੀਤਾ ਗਿਆ ਹੋਵੇ। ਵਿਸ਼ੇਸ਼ ਕਰ ਕੇ ਉਨ੍ਹਾਂ ਗੀਤਾਂ ਨੂੰ ਮਰਸੀਆ ਕਿਹਾ ਜਾਂਦਾ ਹੈ ਜਿਹੜੇ ਹਜ਼ਰਤ ਅਮਾਮ ਹੁਸੈਨ ਤੇ ਹੋਰ ਮਹਾਂਪੁਰਖਾਂ ਦੇ ਮਾਤਮ ਵਿਚ ਗਾਏ ਜਾਂਦੇ ਹਨ। ਇਨ੍ਹਾਂ ਨੂੰ ਅਹਿਲੇ ਬੈਂਤ ਵੀ ਕਿਹਾ ਜਾਂਦਾ ਹੈ। ਮੁਹੱਰਮ ਦੇ ਦਿਨਾਂ ਵਿਚ ਅਤੇ ਖਾਸ ਕਰਕੇ ਮੁਹੱਰਮ ਦੇ ਜਲੂਸ ਵਿਚ ਸ਼ੀਆ ਮੁਸਲਮਾਨ ਮਰਸੀਆ ਪੜ੍ਹਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-12-45-11, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ.ਲੋ. ਵਿ. ਕੋ.
ਵਿਚਾਰ / ਸੁਝਾਅ
Please Login First