ਭੱਠੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੱਠੀ (ਨਾਂ,ਇ) 1 ਦਾਣੇ ਭੁੰਨਣ ਵਾਲੀ ਕੜਾਹੀ ਰੱਖਣ ਅਤੇ ਉਸ ਥੱਲੇ ਘਾਹ ਫੂਸ ਦੀ ਅੱਗ ਬਾਲਣ ਲਈ ਬਣਾਈ ਗੋਲਾਕਾਰ ਚੁਰ੍ਹ 2 ਪੱਖੇ ਜਾਂ ਮਸ਼ਕ ਨਾਲ ਹਵਾ ਦੁਆਰਾ ਕੋਲਿ਼ਆਂ ਨੂੰ ਭਖ਼ਾ ਕੇ ਲੁਹਾਰ ਵੱਲੋਂ ਧਾਤ ਪੰਘਾਰਨ ਲਈ ਤਲ ਵਿੱਚ ਜਾਲੀ ਲਗਾ ਕੇ ਬਣਾਈ ਅੰਗੀਠੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੱਠੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੱਠੀ [ਨਾਂਇ] ਭਠਿਆਰਨ ਦਾ ਦਾਣੇ ਭੁੰਨਣ ਵਾਲ਼ਾ ਵੱਡਾ ਚੁੱਲ੍ਹਾ; ਹਲਵਾਈ/ਲੁਹਾਰ/ਕਲਾਲ ਆਦਿ ਦਾ ਚੁੱਲ੍ਹਾ, ਆਵੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੱਠੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੱਠੀ : ਭੱਠੀ ਦਾ ਪੰਜਾਬੀ ਸਭਿਆਚਾਰ ਨਾਲ ਪੁਰਾਣਾ ਤੇ ਨੇੜਲਾ ਸਬੰਧ ਹੈ। ਭੱਠੀ ਉੱਤੇ ਦਾਣੇ ਭੁੰਨਣ ਦਾ ਕੰਮ ਜ਼ਿਆਦਾਤਰ ਝਿਉਰ ਜਾਤੀ ਦੀਆਂ ਔਰਤਾਂ ਕਰਦੀਆਂ ਹਨ ਜਿਨ੍ਹਾਂ ਨੂੰ ਭਠਿਹਾਰਨਾਂ ਆਖਿਆ ਜਾਂਦਾ ਹੈ ਤੇ ਇਨ੍ਹਾਂ ਦੇ ਨਾਵਾਂ ਤੇ ਹੀ ਭੱਠੀਆਂ ਦਾ ਨਾਂ ਪੈਂਦਾ ਹੈ, ਜਿਵੇਂ ਸ਼ਾਮੋਂ ਦੀ ਭੱਠੀ ਜਾਂ ਨੰਤੀ ਦੀ ਭੱਠੀ ਆਦਿ। ਭੱਠੀ, ਕੱਚੇ ਪੱਕੇ ਇੱਟਾਂ ਰੋੜਿਆਂ ਨਾਲ ਬਣਾਈ ਜਾਂਦੀ ਹੈ ਤੇ ਇਸ ਨੂੰ ਛੱਪੜ ਦੀ ਕਾਲੀ ਮਿੱਟੀ ਵਿਚ ਰੀਣ ਰਲਾ ਕੇ ਲਿੱਪਿਆ ਜਾਂਦਾ ਹੈ। ਇਸ ਨੂੰ ਬਣਾਉਣ ਦਾ ਕਾਰਜ ਖ਼ੁਦ ਭਠਿਹਾਰਨਾਂ ਹੀ ਕਰਦੀਆਂ ਹਨ। ਕੱਚੀਆਂ ਭੱਠੀਆਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਉਹ ਪੁਰਾਣੀਆਂ ਬੋਰੀਆਂ, ਮੋਮੀ ਕਾਗਜ਼ (ਪਾੱਲੀਥੀਨ) ਜਾਂ ਤਰਪਾਲ ਇਸ ਉਪਰ ਪਾ ਦਿੰਦੀਆਂ ਹਨ।
ਜਦ ਦੁਪਹਿਰ ਢਲਣੀ ਸ਼ੁਰੂ ਹੁੰਦੀ ਹੈ ਭਠਿਹਾਰਣ ਭੱਠੀ ਨੂੰ ਤਾਉਂਦੀ ਹੈ। ਬੱਚੇ, ਜਵਾਨ, ਬੁੱਢੇ, ਬੁੱਢੀਆਂ ਅਤੇ ਮੁਟਿਆਰਾਂ ਦਾ ਝੁਰਮਟ ਇਸ ਦੁਆਲੇ ਪੈਣ ਲੱਗਦਾ ਹੈ। ਭੱਠੀ ਉਪਰ ਦਾਣੇ ਭੁੰਨਾਉਣ ਆਏ ਲੋਕਾਂ ਨੂੰ ‘ਚੁੰਗਾਂ’ ਆਖਿਆ ਜਾਂਦਾ ਹੈ। ਭਠਿਹਾਰਣ ਦਾਣੇ ਭੁੰਨਣ ਸਮੇਂ, ਚੁੰਗ ਦੇ ਦਾਣਿਆਂ ਵਿਚ ਅਣਭੁੱਜੇ ਦਾਣਿਆਂ ਦੀ ਭੁੰਨਾਈ ਕੱਢ ਲੈਂਦੀ ਹੈ, ਜਿਸ ਨੂੰ ਚੁੰਗ ਕੱਢਣੀ ਆਖਿਆ ਜਾਂਦਾ ਹੈ।
ਕਦੇ ਕਦੇ ਭੱਠੀ ਤੇ ਇਕੱਠੇ ਹੋਏ ਦੋ ਜਵਾਨ ਦਿਲਾਂ ਦੀਆਂ ਮਦਹੋਸ਼ ਅੱਖੀਆਂ ਇਕ ਦੂਜੇ ਨਾਲ ਲੜ ਵੀ ਜਾਂਦੀਆਂ ਹਨ ਅਤੇ ਕਿਸੇ ਦੀਆਂ ਲੜੀਆਂ ਅੱਖਾਂ ਦੀ ਚੁਗਲੀ ਨੁਮਾ ਚਰਚਾ ਵੀ ਖੂਹ ਟੋਭੇ ਤੋਂ ਇਲਾਵਾ ਭੱਠੀ ਉਪਰ ਹੀ ਹੁੰਦੀ ਹੈ। ਭੱਠੀ ਤੇ ਹੋਈ ਗੱਲ ਪਲਾਂ ਵਿਚ ਹੀ ਸਾਰੇ ਪਿੰਡ ਵਿਚ ਫੈਲ ਜਾਂਦੀ ਹੈ। ਇਥੇ ਆਈਆਂ ਨੂੰਹਾਂ ਸੱਸਾਂ ਦੀਆਂ ਅਤੇ ਸੱਸਾਂ ਨੂੰਹਾਂ ਦੀਆਂ ਚੁਗਲੀਆਂ ਕਰਦੀਆਂ ਹਨ। ਸਿਆਲੂ ਰਾਤਾਂ ਵਿਚ ਸੁੰਨੀ ਭੱਠੀ ਦੇ ਮਘਦੇ ਅੰਗਿਆਰਾਂ ਦੁਆਲੇ ਅਣ-ਵਿਆਹੇ ਚੋਬਰਾਂ ਅਤੇ ਬੁੱਢਿਆਂ ਠੇਰਿਆਂ ਦੀ ਢਾਣੀ ਆ ਜੁੜਦੀ ਹੈ। ਆਸ਼ਕਾਂ ਅਤੇ ਵੈਲੀਆਂ ਦੀਆਂ ਕਹਾਣੀਆਂ ਤੋਂ ਸ਼ੁਰੂ ਹੋ ਕੇ ਇਨ੍ਹਾਂ ਦੀਆਂ ਗੱਲਾਂ ਪਿੰਡ ਦੇ ਲੋਕਾਂ ਦੇ ਲੜਾਈ ਝਗੜਿਆਂ ਅਤੇ ਅਥਰੀਆਂ ਕੁੜੀਆਂ ਦੇ ਇਸ਼ਕਾਂ ਦੀ ਦੰਦ ਕਥਾ ਤੱਕ ਜਾ ਪਹੁੰਚਦੀਆਂ ਹਨ।
ਭੱਠੀ ਦਾ ਜ਼ਿਕਰ ਸਾਡੀਆਂ ਬੁਝਾਰਤਾਂ ਤੇ ਲੋਕ ਗੀਤਾਂ ਤੋਂ ਇਲਾਵਾ ਕੁੱਝ ਕਵੀਆਂ ਦੀਆਂ ਕਾਵਿ-ਕ੍ਰਿਤਾਂ ਵਿਚ ਵੀ ਮਿਲਦਾ ਹੈ–
ਬੁਝਾਰਤਾਂ – ਆਰ ਢਾਂਗਾ ਪਾਰ ਢਾਂਗਾ
ਵਿਚ ਢਾਂਗਾ ਗੱਡਿਆ।
ਤੋਪਖ਼ਾਨੇ ਅੱਗ ਲੱਗੀ
ਠਾਹ ਠਾਹ ਵੱਜਿਆ।
- - - - - - - - - - - - -- - - -
ਹੱਟੀ, ਭੱਠੀ ਤੇ ਖੂਹ, ਦਰਵਾਜਾ
ਇਹ ਥਾਂ ਆਸ਼ਕਾਂ ਦੇ।
- - - - - - - - - - - - - - - -- -
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ।
ਭੱਠੀ ਵਾਲੀਏ, ਚੰਬੇ ਦੀ ਡਾਲੀਏ।
ਨੀ ਦੁੱਖਾਂ ਦਾ ਪਰਾਗਾ ਭੁੰਨ ਦੇ।
(ਸ਼ਿਵ ਕੁਮਾਰ)
ਪਰ ਹੁਣ ਕਈ ਹੋਰਨਾਂ ਪੁਰਾਤਨ ਚੀਜ਼ਾਂ ਵਾਂਗ ਭੱਠੀ ਦਾ ਜ਼ਮਾਨਾ ਵੀ ਲੱਦ ਰਿਹਾ ਹੈ। ਪਿੰਡਾਂ-ਗਰਾਵਾਂ ਵਿਚ ਰੇੜ੍ਹੀਆਂ ਤੇ ਦਾਣੇ ਵੇਚਦੇ ਪੂਰਬੀਆਂ ਨੇ ਭੱਠੀ ਦੀ ਮਾਨਤਾ ਘੱਟ ਕਰ ਦਿੱਤੀ ਹੈ। ਉਂਜ ਵੀ ਲੋਕਾਂ ਕੋਲ ਪਹਿਲਾਂ ਵਾਲੀ ਵਿਹਲ ਨਹੀਂ ਰਹੀ ਕਿ ਉਹ ਭੱਠੀ ਤੇ ਦਾਣੇ ਭੁੰਨਾਉਣ ਲਈ ਬੈਠ ਸਕਣ। ਲੱਗਦਾ ਹੈ ਕਿ ਕੁੱਝ ਕੁ ਵਰ੍ਹਿਆਂ ਵਿਚ ਹੀ ਭੱਠੀ ਅਜਾਇਬ ਘਰ ਦੀ ਇਕ ਵਸਤੂ ਬਣ ਕੇ ਰਹਿ ਜਾਵੇਗੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-09-51-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First