ਭੰਗੀਆਂ ਦੀ ਤੋਪ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੰਗੀਆਂ ਦੀ ਤੋਪ: ਭੰਗੀਆਂ ਦੀ ਮਿਸਲ ਨਾਲ ਸੰਬੰਧਿਤ ਇਕ ਵੱਡੀ ਤੋਪ , ਜੋ ਅਹਿਮਦਸ਼ਾਹ ਦੁਰਾਨੀ ਨੇ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਨ ਨੂੰ ਆਦੇਸ਼ ਦੇ ਕੇ ਬਣਵਾਈ ਸੀ। ਸ਼ਾਹ ਵਲੀ ਖ਼ਾਨ ਨੇ ਲਾਹੌਰ ਦੇ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਤੋਂ ਪਿਤਲ ਅਤੇ ਤਾਂਬੇ ਦੇ ਬਰਤਨ ਇਕੱਠੇ ਕਰਕੇ ਸ਼ਾਹ ਨਜ਼ੀਰ ਨਾਂ ਦੇ ਇਕ ਪ੍ਰਸਿੱਧ ਕਾਰੀਗਰ ਦੀ ਦੇਖ-ਰੇਖ ਵਿਚ ਇਸ ਨੂੰ ਸੰਨ 1760 ਈ. ਵਿਚ ਤਿਆਰ ਕਰਵਾਇਆ। ਇਸ ਉਤੇ ਫ਼ਾਰਸੀ ਭਾਸ਼ਾ ਵਿਚ ਇਸ ਦਾ ਨਾਂ ‘ਜ਼ਮਜ਼ਮਾ ’ ਉਕਰਿਆ ਹੋਇਆ ਹੈ ਅਤੇ ਇਸ ਦੀ ਅਜਿਤਤਾ ਨੂੰ ਪ੍ਰਮਾਣਿਤ ਕੀਤਾ ਗਿਆ ਹੈ। ਇਸ ਨੂੰ ਸਭ ਤੋਂ ਪਹਿਲੀ ਵਾਰ ਸੰਨ 1761 ਈ. ਵਿਚ ਹੋਈ ਪਾਨੀਪਤ ਦੀ ਤੀਜੀ ਲੜਾਈ ਵਿਚ ਵਰਤਿਆ ਗਿਆ। ਅਹਿਮਦ ਸ਼ਾਹ ਦੁਰਾਨੀ ਇਸ ਨੂੰ ਕਾਬੁਲ ਲੈ ਜਾਣਾ ਚਾਹੁੰਦਾ ਸੀ, ਪਰ ਬਹੁਤ ਭਾਰੀ ਹੋਣ ਕਰਕੇ ਨਾਲ ਲੈ ਜਾਣੀ ਸੌਖੀ ਨ ਹੋ ਸਕੀ। ਉਹ ਇਸ ਨੂੰ ਲਾਹੌਰ ਦੇ ਗਵਰਨਰ ਖ਼੍ਵਾਜਾ ਉਬੈਦ ਬੇਗ (ਖ਼ਾਨ) ਪਾਸ ਛਡ ਗਿਆ।
ਸੰਨ 1762 ਈ. ਵਿਚ ਭੰਗੀਆਂ ਵਾਲੀ ਮਿਸਲ ਦੇ ਸ. ਹਰੀ ਸਿੰਘ ਨੇ ਲਾਹੌਰ ਉਤੇ ਹਮਲਾ ਕਰਕੇ ਇਸ ਤੋਪ ਨੂੰ ਹਥਿਆ ਲਿਆ। ਸੰਨ 1764 ਈ. ਵਿਚ ਭੰਗੀ ਸਰਦਾਰਾਂ ਨੇ ਇਹ ਤੋਪ ਸ. ਚੜ੍ਹਤ ਸਿੰਘ ਸੁਕਰਚਕੀਏ ਨੂੰ ਦੇ ਦਿੱਤੀ। ਉਹ ਇਸ ਨੂੰ ਗੁਜਰਾਂਵਾਲੇ ਲੈ ਗਿਆ। ਉਸ ਤੋਂ ਅਹਿਮਦਨਗਰ ਦੇ ਚੱਠਿਆਂ ਨੇ ਖੋਹ ਲਈ ਅਤੇ ਚੱਠਿਆਂ ਤੋਂ ਗੁਜਰ ਸਿੰਘ ਭੰਗੀ ਹਥਿਆ ਕੇ ਗੁਜਰਾਤ ਲੈ ਗਿਆ। ਚੱਠਿਆਂ ਨੇ ਸੰਨ 1772 ਈ. ਵਿਚ ਇਸ ਨੂੰ ਫਿਰ ਪ੍ਰਾਪਤ ਕਰਕੇ ਰਸੂਲਪੁਰ ਲੈ ਗਏ। ਸੰਨ 1773 ਈ. ਵਿਚ ਸ. ਝੰਡਾ ਸਿੰਘ ਭੰਗੀ ਨੇ ਇਸ ਉਤੇ ਆਪਣਾ ਕਬਜ਼ਾ ਕਰ ਲਿਆ ਅਤੇ ਅੰਮ੍ਰਿਤਸਰ ਲੈ ਆਇਆ। ਉਸ ਤੋਂ ਬਾਦ ਇਸ ਦਾ ਨਾਂ ‘ਭੰਗੀਆਂ ਦੀ ਤੋਪ’ ਪ੍ਰਚਲਿਤ ਹੋ ਗਿਆ।
ਸੰਨ 1802 ਈ. ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਉਤੇ ਕਬਜ਼ਾ ਕੀਤਾ, ਤਾਂ ਇਹ ਤੋਪ ਉਸ ਕੋਲ ਚਲੀ ਗਈ। ਮਹਾਰਾਜੇ ਨੇ ਡਸਕਾ, ਕਸੂਰ , ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਦੀਆਂ ਫ਼ੌਜੀ ਮੁਹਿੰਮਾਂ ਵਿਚ ਇਸ ਨੂੰ ਵਰਤਿਆ। ਮੁਲਤਾਨ ਉਤੇ ਸੰਨ 1818 ਈ. ਦੀ ਮੁਹਿੰਮ ਵਿਚ ਇਸ ਦੀ ਵਰਤੋਂ ਬਹੁਤ ਸਫਲ ਨਹੀਂ ਰਹੀ ਅਤੇ ਇਸ ਦਾ ਨੁਕਸਾਨ ਵੀ ਬਹੁਤ ਹੋ ਗਿਆ। ਤਦਉਪਰੰਤ ਇਸ ਨੂੰ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਰਖਵਾ ਦਿੱਤਾ ਗਿਆ, ਜਿਥੇ ਇਹ ਸੰਨ 1860 ਈ. ਤਕ ਰਖੀ ਰਹੀ। ਸੰਨ 1870 ਈ. ਵਿਚ ਇਸ ਨੂੰ ਲਾਹੌਰ ਅਜਾਇਬ ਘਰ ਦੇ ਬਾਹਰ ਰਖਵਾ ਦਿੱਤਾ ਗਿਆ। ਸੰਨ 1977 ਈ. ਵਿਚ ਇਸ ਦੀ ਮੁਰੰਮਤ ਕਰਵਾ ਕੇ ਪੰਜਾਬ ਯੂਨੀਵਰਸਿਟੀ ਦੀ ਇਨਸਟੀਚੀਉਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸਾਹਮਣੇ ਸਥਾਪਿਤ ਕਰ ਦਿੱਤਾ ਗਿਆ। ਇਸ ਨੂੰ ਉਦੋਂ ਸਿੱਖਾਂ ਦੀ ਅਫ਼ਗ਼ਾਨਾਂ ਉਤੇ ਜਿਤ ਦਾ ਪ੍ਰਤੀਕ ਸਮਝਿਆ ਜਾਂਦਾ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First