ਭਾਸ਼ਾ ਪਰਿਵਰਤਨ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਭਾਸ਼ਾ ਪਰਿਵਰਤਨ: ਇਸ ਸੰਕਲਪ ਦੀ ਵਰਤੋਂ ਇਤਿਹਾਸਕ ਭਾਸ਼ਾ ਵਿਗਿਆਨ ਵਿਚ ਕੀਤੀ ਜਾਂਦੀ ਹੈ। ਇਤਿਹਾਸਕ ਭਾਸ਼ਾ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਇਸ ਸ਼ਾਖਾ ਰਾਹੀਂ ਭਾਸ਼ਾ ਦੇ ਵਿਕਾਸ-ਕ੍ਰਮ ਦਾ ਅਧਿਅਨ ਸਮੇਂ ਨੂੰ ਅਧਾਰ ਬਣਾ ਕੇ ਕੀਤਾ ਜਾਂਦਾ ਹੈ। ਇਸ ਵਿਗਿਆਨ ਰਾਹੀਂ ਜਿਥੇ ਭਾਸ਼ਾ ਦੀ ਪਰਿਵਾਰਕ ਸਾਂਝ ਦਾ ਅਧਿਅਨ ਕੀਤਾ ਜਾਂਦਾ ਹੈ ਉਥੇ ਇਸ ਦੇ ਨਾਲ ਨਾਲ ਇਕ ਭਾਸ਼ਾ ਜਾਂ ਭਾਸ਼ਾ ਪਰਿਵਾਰ ਦੀ ਭਾਸ਼ਾ ਵਿਚ ਵਿਭਿੰਨ ਪੱਖਾਂ ਤੋਂ ਆਈ ਤਬਦੀਲੀ ਦਾ ਜਾਇਜ਼ਾ ਲਿਆ ਜਾਂਦਾ ਹੈ। ਭਾਸ਼ਾ ਦੀ ਪ੍ਰਕਿਰਤੀ ਦੀ ਇਕ ਮੂਲ ਵਿਸ਼ੇਸ਼ਤਾ ਪਰਿਵਰਤਨ ਹੈ। ਪਰਿਵਰਤਨ ਭਾਸ਼ਾ ਦੀ ਇਕ ਅਜਿਹੀ ਵਿਸ਼ੇਸ਼ਤਾ ਹੈ ਜਿਸ ਨੂੰ ਕਾਲਕ੍ਰਮਕ ਭਾਸ਼ਾ ਵਿਗਿਆਨ ਰਾਹੀਂ ਨਹੀਂ ਵੇਖਿਆ ਜਾ ਸਕਦਾ। ਭਾਸ਼ਾ ਦੇ ਵਿਭਿੰਨ ਪੱਖਾਂ ਵਿਚ ਵਾਪਰਨ ਵਾਲਾ ਪਰਿਵਰਤਨ ਦੀਰਘ ਕਾਲੀਨ ਹੁੰਦਾ ਹੈ ਭਾਵ ਸਾਲਾਂ ਦੇ ਵਿਥ ਨਾਲ ਭਾਸ਼ਾ ਦੇ ਪਰਿਵਰਤਨ ਨੂੰ ਨਹੀਂ ਵੇਖਿਆ ਜਾ ਸਕਦਾ ਸਗੋਂ ਇਸ ਪਰਿਵਰਤਨ ਨੂੰ ਕਈ ਵਾਰ ਸਦੀਆਂ ਲੱਗ ਜਾਂਦੀਆਂ ਹਨ। ਭਾਸ਼ਾ ਪਰਿਵਰਤਨ ਦਾ ਹੀ ਨਤੀਜਾ ਹੈ ਕਿ ਕਿਸੇ ਸਮੇਂ ਬੜੀ ਸਮਰਥ ਭਾਸ਼ਾ ਸੰਸਕ੍ਰਿਤ ਨੂੰ ਅੱਜ ਦੀ ਮ੍ਰਿਤ ਭਾਸ਼ਾ ਸਮਝਿਆ ਜਾਂਦਾ ਹੈ ਕਿਉਂਕਿ ਆਮ ਲੋਕਾਂ ਵਿਚ ਅੱਜ ਇਹ ਬੋਲਚਾਲ ਦੀ ਭਾਸ਼ਾ ਨਹੀਂ ਰਹੀ ਸਗੋਂ ਅਜੋਕੇ ਭਾਰਤੀ ਆਰੀਆ ਪਰਿਵਾਰ ਦੀਆਂ ਭਾਸ਼ਾਵਾਂ ਦਾ ਸਰੋਤ ਹੀ ਬਣ ਕੇ ਰਹਿ ਗਈ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਕ੍ਰਮ ਵੱਲ ਧਿਆਨ ਦਿੱਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਦਸਵੀਂ ਸਦੀ ਦੀ ਪੰਜਾਬੀ ਦੇ ਮੱਧਯੁੱਗ ਦੀ ਪੰਜਾਬੀ ਨਾਲੋਂ ਗਿਣਨਯੋਗ ਪਰਿਵਰਤਨ ਹਨ ਅਤੇ ਮੱਧਕਾਲ ਦੀ ਪੰਜਾਬੀ ਨਾਲੋਂ ਅਜੋਕੀ ਪੰਜਾਬੀ ਵਿਚ ਵਿਭਿੰਨ ਪੱਧਰਾਂ ’ਤੇ ਬਹੁਤ ਅੰਤਰ ਹੈ। ਭਾਸ਼ਾ ਵਿਚਲਾ ਪਰਿਵਰਤਨ ਭਾਸ਼ਾ ਦੇ ਸਾਰੇ ਰੂਪਾਂ ਭਾਵ ਧੁਨੀ, ਵਾਕ, ਅਰਥ, ਸ਼ਬਦ ਬਣਤਰ ਆਦਿ ਪੱਧਰਾਂ ਤੇ ਵਾਪਰਦਾ ਹੈ। ਧੁਨੀ ਵਿਚ ਵਾਪਰਨ ਵਾਲੇ ਪਰਿਵਰਤਨ ਨੂੰ ਧੁਨੀ ਪਰਿਵਰਤਨ ਕਿਹਾ ਜਾਂਦਾ ਹੈ ਜਿਵੇਂ : ਆਧੁਨਿਕ ਪੰਜਾਬੀ ਵਿਚ ਸੱਪ (ਸ ਅ ਪ ਪ), ਅੱਗ (ਅ ਗ ਗ) ਦਾ ਰੂਪ ਸਰੋਤ ਸੰਸਕ੍ਰਿਤ ਵਿਚ (ਸਰਪ) ਅਤੇ (ਅਗਨਿ) ਸੀ। ਸ਼ਬਦਾਂ ਦੀ ਬਣਤਰ ਵਿਚ ਆਉਣ ਵਾਲੇ ਪਰਿਵਰਤਨ ਨੂੰ ਰੂਪਾਤਮਕ ਪਰਿਵਰਤਨ ਕਿਹਾ ਜਾਂਦਾ ਹੈ। ਇਸ ਪੱਧਰ ’ਤੇ ਵਾਪਰਨ ਵਾਲਾ ਪਰਿਵਰਤਨ ਅਗੇਤਰਾਂ ਪਿਛੇਤਰਾਂ ਦੁਆਰਾ ਵਾਪਰਦਾ ਹੈ। ਸ਼ਬਦ ਪਰਿਵਰਤਨ ਦਾ ਦੂਜਾ ਅਧਾਰ ਉਧਾਰ ਸ਼ਬਦ ਲੈਣ ਨਾਲ ਵਾਪਰਦਾ ਹੈ। ਵਾਕਾਤਮਕ ਸਬੰਧਾਂ ਵਿਚ ਆਉਣ ਵਾਲੇ ਪਰਿਵਰਤਨ ਨੂੰ ਵਾਕਾਤਮਕ ਪਰਿਵਰਤਨ ਕਿਹਾ ਜਾਂਦਾ ਹੈ, ਜਿਵੇਂ ਪੰਜਾਬੀ ਇਕ ਵਿਯੋਗਾਤਮਕ ਭਾਸ਼ਾ ਹੈ ਪਰ ਸੰਸਕ੍ਰਿਤ ਸੰਯੋਗਾਤਮਕ ਭਾਸ਼ਾ ਹੈ। ਵਿਯੋਗਾਤਮਕ ਭਾਸ਼ਾ ਵਿਚ ਵਾਕ ਵਿਚਲੇ ਸ਼ਬਦਾਂ ਵਿਚ ਸਥਾਨ ਦੀ ਪਰਧਾਨਤਾ ਹੁੰਦੀ ਹੈ ਜਦੋਂ ਕਿ ਸੰਯੋਗਾਤਮਕ ਭਾਸ਼ਾ ਵਿਚ ਸ਼ਬਦਾਂ ਦੇ ਸਬੰਧ ਦੀ ਪਰਧਾਨਤਾ ਹੁੰਦੀ ਹੈ ਕਿਉਂਕਿ ਵਿਯੋਗਾਤਮਕ ਭਾਸ਼ਾ ਵਿਚ ਵਿਭਕਤੀ ਦੀ ਥਾਂ ਸਬੰਧਕ ਲੈ ਲੈਂਦੇ ਹਨ ਪਰ ਸੰਯੋਗਾਤਮਕ ਭਾਸ਼ਾ ਵਿਚ ਸ਼ਬਦ ਦੇ ਨਾਲ ਹੀ ਕਾਰਕ-ਸੂਚਕ ਵਿਭਕਤੀ ਜੁੜੀ ਹੋਈ ਹੁੰਦੀ ਹੈ। ਇਸ ਲਈ ਸੰਸਕ੍ਰਿਤ ਦੀ ਵਾਕ ਬਣਤਰ ਵਿਚ ਵਿਚਰਨ ਵਾਲੇ ਸ਼ਬਦਾਂ ਦੇ ਸਥਾਨ ਦਾ ਕੋਈ ਖਾਸ ਮਹੱਤਵ ਨਹੀਂ ਪਰ ਪੰਜਾਬੀ ਵਿਚ ਇਸ ਦੀ ਬਹੁਤ ਮਹੱਤਤਾ ਹੈ। ਇਸੇ ਪਰਕਾਰ ਭਾਸ਼ਾ ਦੇ ਬਾਕੀ ਪੱਧਰਾਂ ’ਤੇ ਵਿਭਿੰਨ ਪਰਕਾਰ ਦੇ ਪਰਿਵਰਤਨ ਵਾਪਰਦੇ ਹਨ ਜਿਨ੍ਹਾਂ ਦਾ ਅਧਿਅਨ ਇਤਿਹਾਸਕ ਭਾਸ਼ਾ ਵਿਗਿਆਨ ਵਿਚ ਕੀਤਾ ਜਾਂਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First