ਬ੍ਰਹਮੰਡ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬ੍ਰਹਮੰਡ: ਇਸ ਦਾ ਸ਼ਾਬਦਿਕ ਅਰਥ ਹੈ ‘ਸੰਪੂਰਣ ਸ੍ਰਿਸ਼ਟੀ ’। ਸ੍ਰਿਸ਼ਟੀ ਦੀ ਰਚਨਾ ਸੰਬੰਧੀ ਜਾਣਨ ਲਈ ਮਨੁੱਖ ਸ਼ੁਰੂ ਤੋਂ ਹੀ ਜਿਗਿਆਸੂ ਬਣਿਆ ਹੋਇਆ ਹੈ। ਵਖ ਵਖ ਦੇਸ਼ਾਂ ਵਿਚ ਅਨੇਕ ਮਿਥਿਕ ਕਥਾਵਾਂ ਇਸ ਦੀ ਉਤਪੱਤੀ ਬਾਰੇ ਪ੍ਰਚਲਿਤ ਹਨ। ਹੌਲੀ ਹੌਲੀ ਇਸ ਜਿਗਿਆਸਾ ਨੂੰ ਧਾਰਮਿਕ ਅਤੇ ਦਾਰਸ਼ਨਿਕ ਰੂਪ ਦੇਣ ਦਾ ਵੀ ਯਤਨ ਕੀਤਾ ਜਾਣ ਲਗਿਆ। ਵੈਦਿਕ ਕਾਲ ਵਿਚ ਸੰਸਾਰ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ—ਪ੍ਰਿਥਵੀ, ਵਾਯੂ ਅਤੇ ਆਕਾਸ਼। ਕਈਆਂ ਨੇ ਆਕਾਸ਼ ਦੀ ਥਾਂ ਸਵਰਗ ਨੂੰ ਦਿੱਤੀ ਹੈ।
‘ਰਿਗ-ਵੇਦ’ (ਪੁਰਸ਼-ਸੂਕੑਤ) ਅਨੁਸਾਰ ਇੰਦ੍ਰ, ਅਗਨੀ , ਰੁਦ੍ਰ, ਸੋਮ ਆਦਿ ਦੇਵਤਿਆਂ ਨੇ ਦਕੑਸ਼ ਅਤੇ ਅਦਿਤੀ ਨੂੰ ਪੈਦਾ ਕੀਤਾ ਅਤੇ ਫਿਰ ਇਨ੍ਹਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਦਾ ਵਿਕਾਸ ਹੋਇਆ। ਬ੍ਰਾਹਮਣ ਤੇ ਆਰਣੑਯਕ ਗ੍ਰੰਥਾਂ ਅਤੇ ਉਪਨਿਸ਼ਦਾਂ ਵਿਚ ਵੀ ਮੁੱਖ ਤੌਰ ’ਤੇ ਇਹੀ ਗੱਲ ਮੰਨੀ ਜਾਂਦੀ ਰਹੀ ਅਤੇ ਉਪਰੋਕਤ ਤਿੰਨ ਭਾਗਾਂ ਨੂੰ ਤਿੰਨ ਕਾਲਾਂ ਦਾ ਨਾਂ ਦਿੱਤਾ ਜਾਣ ਲਗਿਆ। ਫਿਰ ਤਿੰਨ ਲੋਕਾਂ ਦੀ ਥਾਂ ਸੱਤ ਲੋਕਾਂ ਦੀ ਕਲਪਨਾ ਕੀਤੀ ਜਾਣ ਲਗੀ ਅਤੇ ਮਹ , ਜਨ , ਤਪਸ, ਸਤੑਯ ਨਾਂ ਦੇ ਚਾਰ ਲੋਕ ਜੋੜ ਦਿੱਤੇ ਗਏ। ਪ੍ਰਿਥਵੀ ਦੇ ਹੇਠਾਂ ਵੀ ਸੱਤ ਲੋਕਾਂ ਦੀ ਕਲਪਨਾ ਸ਼ੁਰੂ ਹੋ ਗਈ , ਜਿਵੇਂ—ਅਤਲ, ਪਾਤਾਲ , ਵਿਤਲ, ਸੁਤਲ, ਰਸਾਤਲ, ਮਹਾਤਲ ਅਤੇ ਤਲਾਤਲ।
ਪ੍ਰਿਥਵੀ ਨੂੰ ਸ਼ੇਸ਼ਨਾਗ ਦੇ ਸਿਰ ਉਤੇ ਜਾਂ ਕਛੂ ਦੇ ਪਿਠ ਉਤੇ ਸਥਿਤ ਵੀ ਮੰਨਿਆ ਜਾਣ ਲਗਿਆ ਜਿਸ ਨੂੰ ਦਸਾਂ ਦਿਸ਼ਾਵਾਂ ਤੋਂ ਦਿਕਪਾਲਾਂ ਨੇ ਸੰਭਾਲਿਆ ਹੋਇਆ ਹੈ। ਪੁਰਾਣ-ਸਾਹਿਤ ਵਿਚ ਸ੍ਰਿਸ਼ਟੀ ਦਾ ਸਿਰਜਨਹਾਰ ਬ੍ਰਹਮ, ਨਾਰਾਇਣ, ਵਿਸ਼ਣੂ ਜਾਂ ਸ਼ਿਵ-ਸ਼ੰਭੂ ਨੂੰ ਦਸਿਆ ਜਾਣ ਲਗਿਆ। ਬ੍ਰਹਮ ਤੋਂ ਹੀ ਇਕ ਸੁਨਹਿਰੀ ਰੰਗ ਦਾ ਅੰਡ (ਅੰਡਾ) ਪੈਦਾ ਹੋਇਆ ਜੋ ਹਜ਼ਾਰ ਵਰ੍ਹਿਆਂ ਪਿਛੋਂ ਫਟਿਆ ਅਤੇ ਦੋ ਹਿੱਸੇ (ਖੰਡ) ਹੋ ਗਿਆ। ਉਨ੍ਹਾਂ ਦੋ ਹਿੱਸਿਆਂ ਤੋਂ ਅਗੋਂ ਸੱਤ ਉਪਰਲੇ ਅਤੇ ਸੱਤ ਹੇਠਲੇ ਲੋਕ ਹੋਂਦ ਵਿਚ ਆਏ। ਇਸ ਤਰ੍ਹਾਂ ਸ੍ਰਿਸ਼ਟੀ ਦੇ 14 ਲੋਕਾਂ ਦੀ ਉਤਪੱਤੀ ਬ੍ਰਹਮ ਦੇ ਅੰਡੇ ਤੋਂ ਹੋਣ ਕਾਰਣ ਇਸ ਨੂੰ ਬ੍ਰਹਮਾਂਡ/ਬ੍ਰਹਮੰਡ ਵੀ ਕਿਹਾ ਜਾਣ ਲਗਿਆ। ਇਸ ਪ੍ਰਕਾਰ ਦੇ ਕਥਨ ‘ਮਨੂ-ਸਮ੍ਰਿਤੀ’ ਅਤੇ’ਛਾਂਦੋਗੑਯੋਪਨਿਸ਼ਦ’ (ਉਨ੍ਹੀਵਾਂ ਖੰਡ) ਵਿਚ ਵੀ ਮਿਲ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਕਰੋੜਾਂ ਬ੍ਰਹਮੰਡਾਂ ਦਾ ਉੱਲੇਖ ਕਰਕੇ ਪਰਮ-ਸੱਤਾ ਨੂੰ ਉਨ੍ਹਾਂ ਦਾ ਸੁਆਮੀ ਮੰਨਿਆ ਗਿਆ ਹੈ— ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ। (ਗੁ.ਗ੍ਰੰ. 612)। ਇਹ ਸਾਰੇ ਬ੍ਰਹਮੰਡ ਉਸ ਦੀ ਧਰਮਸਾਲਾ ਹਨ— ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ। (ਗੁ.ਗ੍ਰੰ.1156)। ਭਗਤ ਪੀਪਾ ਨੇ ਬ੍ਰਹਮੰਡ ਦੀ ਸਥਿਤੀ ਸ਼ਰੀਰ ਵਿਚ ਮੰਨਦੇ ਹੋਇਆਂ ਕਿਹਾ ਹੈ— ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਖੋਜੈ ਸੋ ਪਾਵੈ। (ਗੁ.ਗ੍ਰੰ.695)। ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਬਹਮੰਡ ਸੰਬੰਧੀ ਸਿੱਧਾਂਤ ਪ੍ਰਵਾਨ ਨਹੀਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First