ਬੇਰੁਜ਼ਗਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੇਰੁਜ਼ਗਾਰੀ [ਨਾਂਇ] ਰੁਜ਼ਗਾਰ ਨਾ ਹੋਣ ਦਾ ਭਾਵ, ਬੇਕਾਰੀ, ਬੇਕਾਰ ਅਵਸਥਾ, ਵਿਹਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੇਰੁਜ਼ਗਾਰੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਬੇਰੁਜ਼ਗਾਰੀ : ਉਦਯੋਗਿਕ ਸਮਾਜ ਦੇ ਵਿਕਾਸ ਨਾਲ ਬਜ਼ਾਰ ਦਾ ਆਕਾਰ ਨਾ ਕੇਵਲ ਬਹੁਤ ਵੱਡਾ ਹੋ ਜਾਂਦਾ ਹੈ, ਸਗੋਂ ਗੁੰਝਲਦਾਰ ਵੀ ਹੁੰਦਾ ਜਾਂਦਾ ਹੈ। ਅਜਿਹੀਆਂ ਅਰਥ-ਵਿਵਸਥਾਵਾਂ ਵਿੱਚ ਢਾਂਚਾਗਤ, ਸੰਘਰਸ਼ਾਤਮਿਕ, ਤਕਨੀਕੀ ਆਦਿ ਕਈ ਕਿਸਮ ਦੀ ਬੇਰੁਜ਼ਗਾਰੀ ਪੈਦਾ ਹੁੰਦੀ ਰਹਿੰਦੀ ਹੈ। ਢਾਂਚਾਗਤ ਬੇਰੁਜ਼ਗਾਰੀ ਸਹੀ ਗੁਣਾਂ ਵਾਲੇ ਜਾਂ ਸਹੀ ਸਥਾਨ ਉੱਪਰ ਮਜ਼ਦੂਰਾਂ ਦੇ ਨਾ ਹੋਣ ਕਾਰਨ ਪੈਦਾ ਹੁੰਦੀ ਹੈ। ਸੰਘਰਸ਼ਾਤਮਿਕ ਬੇਰੁਜ਼ਗਾਰੀ, ਰੁਜ਼ਗਾਰ ਮੰਗਣ ਵਾਲਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਵਿੱਚ ਸੰਪਰਕ ਦੀ ਕਮੀ ਕਾਰਨ ਪੈਦਾ ਹੁੰਦੀ ਹੈ।

ਅਜੋਕੀਆਂ ਸਰਕਾਰਾਂ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਬੇਰੁਜ਼ਗਾਰੀ ਦੀ ਦਰ ਦਾ ਮਾਪ ਕਰਦੀਆਂ ਹਨ। ਬੇਰੁਜ਼ਗਾਰੀ ਦੀ ਦਰ ਦਾ ਮਾਪ ਬੇਰੁਜ਼ਗਾਰਾਂ ਦੀ ਸੰਖਿਆ ਨੂੰ ਕੁੱਲ ਕਿਰਤ ਸ਼ਕਤੀ ਨਾਲ ਭਾਗ ਕਰਕੇ ਕੀਤਾ ਜਾਂਦਾ ਹੈ। ਭਾਰਤ ਵਿੱਚ ਬੇਰੁਜ਼ਗਾਰੀ ਦਾ ਮਾਪ ਸਰਕਾਰੀ ਤੌਰ ’ਤੇ ਦੋ ਤਰੀਕੇ ਨਾਲ ਕੀਤਾ ਜਾਂਦਾ ਹੈ। ਰੁਜ਼ਗਾਰ ਐਕਸਚੇਂਜਾਂ ਵਿੱਚ ਦਰਜ ਬੇਰੁਜ਼ਗਾਰੀ ਦੀ ਸੰਖਿਆ ਰਾਹੀਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਦਾ ਮਾਪ ਕੀਤਾ ਜਾਂਦਾ ਹੈ। ਬੇਰੁਜ਼ਗਾਰੀ ਦਾ ਦੂਜਾ ਮਾਪ ਐਨ.ਐਸ.ਐਸ.ਓ. ਨਮੂਨਾ ਵਿਧੀ ਰਾਹੀਂ ਕਰਦੀ ਹੈ। ਇਹ ਮਾਪ ਵੱਧ ਵਿਸਤ੍ਰਿਤ ਅਤੇ ਵੱਧ ਭਰੋਸੇਯੋਗ ਹੁੰਦਾ ਹੈ ਅਤੇ ਨੀਤੀ ਨਿਰਮਾਣ ਵਿੱਚ ਸਹਾਇਕ ਹੁੰਦਾ ਹੈ।

ਕੀ ਪੂਰਨ ਰੁਜ਼ਗਾਰ ਸੰਭਵ ਹੈ? ਦੇ ਜਵਾਬ ਵਿੱਚ ਕੁਝ ਅਰਥ-ਸ਼ਾਸਤਰੀਆਂ ਦਾ ਵਿਚਾਰ ਹੈ ਕਿ ਹਰ ਅਰਥ-ਵਿਵਸਥਾ ਵਿੱਚ ਕੁਝ ਕੁਦਰਤੀ ਬੇਰੁਜ਼ਗਾਰੀ ਦੀ ਦਰ ਹੁੰਦੀ ਹੈ ਜੋ ਸਹੀ ਗੁਣਾਂ ਵਾਲੇ, ਸਹੀ ਥਾਂ ਤੇ ਸਹੀ ਲਿੰਗ ਵਾਲੇ ਮਜ਼ਦੂਰਾਂ ਦੀ ਕਮੀ ਕਾਰਨ ਪੈਦਾ ਹੁੰਦੀ ਹੈ।

ਅਜਿਹੀ ਅਵਸਥਾ ਜਦੋਂ ਕੰਮ ਕਰਨ ਦੀ ਇੱਛਾ ਅਤੇ ਸਮਰੱਥਾ ਹੋਣ ਦੇ ਬਾਵਜੂਦ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹਾਂ ਨੂੰ ਕੰਮ ਨਾ ਮਿਲੇ। ਜਿੰਨੇ ਮਜ਼ਦੂਰਾਂ, ਚਾਲੂ ਮਜ਼ਦੂਰੀ ਦੀ ਦਰ ਉੱਤੇ ਕੰਮ ਕਰਨ ਲਈ, ਆਪਣੇ-ਆਪ ਨੂੰ ਬਜ਼ਾਰ ਵਿੱਚ ਪੇਸ਼ ਕਰਦੇ ਹਨ ਓਨੇ ਵਿਅਕਤੀਆਂ ਨੂੰ ਕੰਮ ਨਹੀਂ ਮਿਲਦਾ। ਜਿਹੜੇ ਵਿਅਕਤੀ ਚਾਲੂ ਮਜ਼ਦੂਰੀ ਉੱਪਰ ਕੰਮ ਕਰਨ ਲਈ ਤਿਆਰ ਹੀ ਨਹੀਂ ਉਹਨਾਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ। ਬੇਰੁਜ਼ਗਾਰ ਵਿਹਲੜ ਨਹੀਂ ਹੁੰਦਾ। ਵਿਹਲੜ ਆਪਣੀ ਮਰਜ਼ੀ ਨਾਲ ਵਿਹਲੇ ਹੁੰਦੇ ਹਨ ਅਤੇ ਬੇਰੁਜ਼ਗਾਰ ਆਪਣੀ ਮਰਜ਼ੀ ਦੇ ਖ਼ਿਲਾਫ਼। ਜਿਹੜੇ ਵਿਅਕਤੀਆਂ ਨੂੰ ਕੰਮ ਤਾਂ ਮਿਲਦਾ ਹੈ ਪਰ ਜਾਂ ਤਾਂ ਪੂਰਾ ਸਮਾਂ ਕੰਮ ਨਹੀਂ ਮਿਲਦਾ ਜਾਂ ਸਮਰੱਥਾ ਮੁਤਾਬਕ ਕੰਮ ਨਹੀਂ ਮਿਲਦਾ, ਉਹਨਾਂ ਨੂੰ ਅਰਧ ਬੇਰੁਜ਼ਗਾਰ ਕਿਹਾ ਜਾਂਦਾ ਹੈ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਸਾਹਿਤ ਵਿੱਚ ਬੇਰੁਜ਼ਗਾਰੀ ਦਾ ਜ਼ਿਕਰ ਨਹੀਂ ਮਿਲਦਾ ਕਿਉਂਕਿ ਪ੍ਰਾਚੀਨ ਸਮਾਜ ਸ੍ਵੈ-ਰੁਜ਼ਗਾਰ ਦੀ ਧਾਰਨਾ ਉੱਪਰ ਆਧਾਰਿਤ ਸਨ। ਆਧੁਨਿਕ ਉਦਯੋਗਿਕ ਸਮਾਜ ਦੇ ਉਲਟ ਪ੍ਰਾਚੀਨ ਸਮਾਜ ਰੁਜ਼ਗਾਰ ਲਈ ਬਜ਼ਾਰ ਉੱਪਰ ਨਿਰਭਰ ਨਹੀਂ ਸਨ। ਉਦਯੋਗਿਕ ਸਮਾਜ ਦੇ ਵਿਕਾਸ ਨਾਲ ਵਿਅਕਤੀ ਦੀ ਆਤਮ-ਨਿਰਭਰਤਾ ਖ਼ਤਮ ਹੁੰਦੀ ਗਈ ਅਤੇ ਉਹ ਰੁਜ਼ਗਾਰ ਲਈ ਬਜ਼ਾਰ ਉੱਪਰ ਨਿਰਭਰ ਹੁੰਦਾ ਗਿਆ। ਏਸੇ ਸਮੇਂ ਵਿੱਚ ਸਮਾਜ ਦੀ ਜਾਣ-ਪਛਾਣ ਬੇਰੁਜ਼ਗਾਰੀ ਨਾਲ ਹੋਈ।

ਬੇਰੁਜ਼ਗਾਰੀ ਦੀਆਂ ਕਈ ਕਿਸਮਾਂ ਹਨ। ਵਿਸ਼ੇਸ਼ਕਰ ਵਿਕਸਿਤ ਦੇਸਾਂ ਵਿੱਚ ਮੰਗ ਦੀ ਕਮੀ ਕਾਰਨ, ਅਣਇੱਛੁਕ ਬੇਰੁਜ਼ਗਾਰੀ ਪੈਦਾ ਹੁੰਦੀ ਰਹਿੰਦੀ ਹੈ। ਨਿੱਜੀ ਖ਼ਰਚ ਨੂੰ ਉਤਸਾਹਿਤ ਕਰਕੇ ਜਾਂ ਸਰਬ-ਜਨਿਕ ਖ਼ਰਚ ਵਿੱਚ ਵਾਧਾ ਕਰਕੇ ਅਜਿਹੀ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਘੱਟ ਵਿਕਸਿਤ ਦੇਸਾਂ ਵਿੱਚ ਜ਼ਿਆਦਾਤਰ ਛੁਪੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਜਿਸ ਦਾ ਅਰਥ ਹੈ ਕਿ ਖੇਤੀ ਅਤੇ ਹੋਰ ਘਰੇਲੂ ਧੰਦਿਆਂ ਵਿੱਚ ਲੋੜ ਨਾਲੋਂ ਕਿਤੇ ਵੱਧ ਲੋਕ ਕੰਮ ਕਰਦੇ ਹਨ ਕਿਉਂਕਿ ਸਮਾਜ ਵਿੱਚ ਹੋਰ ਰੁਜ਼ਗਾਰ ਦੇ ਮੌਕੇ ਨਹੀਂ ਹੁੰਦੇ। ਇਹ ਬੇਰੁਜ਼ਗਾਰੀ ਉਦਯੋਗਿਕ ਪੂੰਜੀ ਅਤੇ ਉਦਯੋਗਿਕ ਵਿਕਾਸ ਦੀ ਕਮੀ ਕਾਰਨ ਪੈਦਾ ਹੁੰਦੀ ਹੈ।


ਲੇਖਕ : ਅਨੂਪਮਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-12-37-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.