ਬਾਹਰੀ ਮੈਮਰੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
External Memory
ਕੰਪਿਊਟਰ ਦੀ ਮੁੱਖ ਯਾਦਦਾਸ਼ਤ (ਅੰਦਰੂਨੀ ਮੈਮਰੀ) ਦੇ ਕਈ ਦੋਸ਼ ਹੁੰਦੇ ਹਨ। ਇਕ ਤਾਂ ਇਹ ਕਿ ਇਸ ਦੀ ਧਾਰਨ ਸਮਰੱਥਾ (Capacity) ਬਹੁਤ ਘੱਟ ਹੁੰਦੀ ਹੈ ਤੇ ਦੂਸਰਾ ਬਿਜਲੀ ਚਲੇ ਜਾਣ 'ਤੇ ਜਾਂ ਕੰਪਿਊਟਰ ਬੰਦ ਕਰਨ 'ਤੇ ਇਸ ਵਿੱਚ ਪਏ ਅੰਕੜੇ ਨਸ਼ਟ ਹੋ ਜਾਂਦੇ ਹਨ। ਵਧੇਰੇ ਧਾਰਨ ਸਮਰੱਥਾ ਅਤੇ ਅੰਕੜਿਆਂ ਦੀ ਸਥਿਰਤਾ ਬਣਾਈ ਰੱਖਣ ਲਈ ਸਾਨੂੰ ਇਕ ਸਥਾਈ ਅਤੇ ਵੱਧ ਸਮਰੱਥਾ ਵਾਲੇ ਬਾਹਰੀ ਸਟੋਰੇਜ ਦੀ ਲੋੜ ਪੈਂਦੀ ਹੈ। ਇਸ ਯਾਦਦਾਸ਼ਤ ਜਾਂ ਸਟੋਰੇਜ ਨੂੰ ਸਥਾਈ ਸਟੋਰੇਜ (Permanent Storage) ਜਾਂ ਸੈਕੰਡਰੀ ਸਟੋਰੇਜ (Secondary Storage) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਬਾਹਰੀ ਮੈਮਰੀ ਲਈ ਕਈ ਪ੍ਰਕਾਰ ਦੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ:
· ਹਾਰਡ ਡਿਸਕ
· ਫ਼ਲੌਪੀ ਡਿਸਕ
· ਸੀਡੀ
· ਡੀਵੀਡੀ
· ਪੈੱਨ ਡਰਾਈਵ
ਕਈ ਵਾਰੀ ਬਾਹਰੀ ਮੈਮਰੀ ਲਈ ਵਰਤੇ ਜਾਂਦੇ ਉਪਕਰਨਾਂ ਨੂੰ ਦੋ ਭਾਗਾਂ ਵਿੱਚ ਵੰਡ ਲਿਆ ਜਾਂਦਾ ਹੈ। ਪਹਿਲੇ ਉਹ ਜੋ ਕੰਪਿਊਟਰ ਦੇ ਅੰਦਰ ਹੀ ਫਿੱਟ ਕੀਤੇ ਹੁੰਦੇ ਹਨ ਜਿਵੇਂ ਕਿ ਹਾਰਡ ਡਿਸਕ। ਦੂਸਰੀ ਕਿਸਮ ਦੇ ਸਟੋਰੇਜ ਉਪਕਰਨ ਕੰਪਿਊਟਰ ਵਿੱਚ ਪੱਕੇ ਤੌਰ ਤੇ ਫਿੱਟ ਨਹੀਂ ਕੀਤੇ ਹੁੰਦੇ। ਇਹਨਾਂ ਦੀ ਵਰਤੋਂ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਅੰਕੜਿਆਂ ਦਾ ਦਾ ਅਦਾਨ-ਪ੍ਰਦਾਨ ਕਰਵਾਉਣ ਲਈ ਕੀਤੀ ਜਾਂਦੀ ਹੈ। ਇਸ ਕਿਸਮ ਵਿੱਚ ਫ਼ਲੌਪੀ ਡਿਸਕ ਅਤੇ ਸੀਡੀ ਆਦਿ ਆ ਜਾਂਦੇ ਹਨ। ਇਹਨਾਂ ਤੋਂ ਇਲਾਵਾ ਬਾਹਰੀ ਸਟੋਰੇਜ ਲਈ ਚੁੰਬਕੀ ਟੇਪ (Magnetic Tape), ਡੀਵੀਡੀ ਅਤੇ ਚੁੰਬਕੀ ਵਿਕਰਨ ਡਿਸਕ (Magneto Optical Disk) ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First