ਬਾਹਰਮੁਖਤਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਾਹਰਮੁਖਤਾ (Objectivity) : ਸਾਹਿਤਿਕ ਰਚਨਾ ਅਤੇ ਸਾਹਿਤਿਕ ਆਲੋਚਨਾ ਵਿਚ ਬਾਹਰਮੁਖਤਾ ਦੀ ਬੜੀ ਮਹੱਤਾ ਹੈ। ਸਨਾਤਨੀ ਸਾਹਿੱਤ ਦੀ ਵਿਆਪਕਤਾ ਕਾਫ਼ੀ ਮਾਤ੍ਰਾ ਵਿਚ ਬਾਹਰਮੁਖਤਾ ਉੱਤੇ ਹੀ ਆਧਾਰਿਤ ਹੈ। ਇਕ ਬਾਹਰਮੁਖੀ ਸਾਹਿੱਤਕਾਰ ਜੀਵਨ ਦੀ ਪਰਖ ਆਪਣੀ ਵਿਅਕਤੀਗਤ ਆਸ਼ਾ ਅਤੇ ਨਿਰਾਸ਼ਾ ਤੋਂ ਅੱਡ ਕਰ ਕੇ ਕਰਦਾ ਹੈ। ਬਾਹਰਮੁਖੀ ਸਾਹਿੱਤ ਦੇ ਸਾਧਾਰਣ ਰੂਪ ਵਿਚ ਇਹ ਲੱਛਣ ਮੰਨੇ ਜਾਂਦੇ ਹਨ––(ੳ) ਸਾਹਿੱਤ ਦਾ ਰੂਪ ਅਜਿਹਾ ਹੋਵੇ ਜਿਸ ਵਿਚ ਲੇਖਕ ਨੂੰ ਆਪਣੇ ਅੰਤਰਮੁਖੀ ਅਨੁਭਵੀ ਨੂੰ ਵਿਅਕਤ ਕਰਨ ਦਾ ਮੌਕਾ ਨਾ ਮਿਲੇ, ਜਿਵੇਂ ਸਰੋਦੀ ਕਵਿਤਾ ਦੀ ਬਜਾਏ ਨਾਟਕ ਅਤੇ ਉੱਤਮ ਪੁਰਖ ਉਪਨਿਆਸ ਦੀ ਥਾਂ ਅਨੑਯ ਪੁਰਖ ਉਪਨਿਆਸ ਬਾਹਰਮੁਖੀ ਗੁਣ ਰੱਖਦੇ ਹਨ; (ਅ) ਰਚਨਾ ਅਜਿਹੀ ਹੋਵੇ ਜਿਸ ਵਿਚ ਜੀਵਨ ਦਾ ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੋਵੇ ਅਤੇ (ੲ) ਰਚਨਾ ਅਜਿਹੇ ਢੰਗ ਨਾਲ ਕੀਤੀ ਗਈ ਹੋਵੇ ਕਿ ਘਟਨਾਵਾਂ ਦੇ ਬਿਆਨ ਵਿਚ ਸਾਹਿੱਤਕਾਰ ਦੁੱਖ ਸੁੱਖ ਦੇ ਨਿੱਜੀ ਭਾਵ ਪ੍ਰਗਟ ਕਰਨ ਤੋਂ ਪ੍ਰਹੇਜ਼ ਕਰੇ। ਸਾਹਿਤਿਕ ਆਲੋਚਨਾ ਉਸ ਸਮੇਂ ਬਾਹਰਮੁਖੀ ਬਣਦੀ ਹੈ ਜਦੋਂ ਆਲੋਚਨਾ ਕੇਵਲ ਸਾਹਿਤਿਕ ਹੀ ਹੋਵੇ, ਉਸ ਵਿਚ ਨਿਰਪੱਖਤਾ ਹੋਵੇ ਅਤੇ ਆਲੋਚਕ ਦੇ ਵਿਅਕਤੀਗਤ ਵਿਚਾਰਾਂ ਤੋਂ ਪ੍ਰਭਾਵਿਤ ਨਾ ਹੋਵੇ। ਉਹ ਆਲੋਚਨਾ ਨਿਰੋਲ ਬਾਹਰਮੁਖੀ ਹੁੰਦੀ ਹੈ ਜਿਹੜੀ ਕੇਵਲ ਰਚਨਾ ਦੇ ਤਕਨੀਕੀ ਪੱਖ ਨੂੰ ਪਰਖਦੀ ਹੈ, ਅਤੇ ਸਾਹਿੱਤਕਾਰ ਦੇ ਵਿਅਕਤਿਤ੍ਵ ਨੂੰ ਅਧਿਐਨ ਗੋਚਰ ਨਹੀਂ ਕਰਦੀ।
ਪੰਜਾਬੀ ਵਿਚ ਕਿੱਸਾ–ਕਾਵਿ, ਬੀਰ ਰਸੀ ਵਾਰਾਂ ਜਿਵੇਂ ‘ਚੰਡੀ ਦੀ ਵਾਰ’, ‘ਨਾਦਰ ਸ਼ਾਹ ਦੀ ਵਾਰ’ ਅਤੇ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਬਾਹਰਮੁਖੀ ਰਚਨਾਵਾਂ ਹਨ।
ਆਧੁਨਿਕ ਸਾਹਿੱਤਕਾਰਾਂ ਨੇ ਬਾਹਰਮੁਖੀ ਦ੍ਰਿਸ਼ਟੀਕੋਣ ਨੂੰ ਕਾਫ਼ੀ ਹੱਦ ਤਕ ਅਪਣਾਇਆ ਹੈ। ਕਵਿਤਾ ਵਿਚ ਧਨੀ ਰਾਮ ਚਾਤ੍ਰਿਕ, ਕਿਰਪਾ ਸਾਗਰ; ਨਾਟਕ ਵਿਚ ਈਸ਼ਵਰ ਚੰਦਰ ਨੰਦਾ, ਗਾਰਗੀ ਆਪਣੇ ਨਵੇਂ ਨਾਟਕਾਂ ਵਿਚ; ਨਾਵਲ ਵਿਚ ਨਾਨਕ ਸਿੰਘ, ਸੰਤ ਸਿੰਘ ਸੇਖੋਂ ਅਤੇ ਮਹਿੰਦਰ ਸਿੰਘ ਸਰਨਾ; ਕਹਾਣੀ ਵਿਚ ਸੇਖੋਂ, ਦੁੱਗਲ’ ਧੀਰ ਅਤੇ ਕੁਲਵੰਤ ਸਿੰਘ ਵਿਰਕ ਬਾਹਰਮੁਖੀ ਸਾਹਿੱਤਕਾਰ ਹਨ। ਭਾਈ ਵੀਰ ਸਿੰਘ ਦਾ ‘ਰਾਣਾ ਸੂਰਤ ਸਿੰਘ’; ਅਵਤਾਰ ਸਿੰਘ ਆਜ਼ਾਦ ਦਾ ‘ਮਰਦ ਅਗਮੜਾ’, ‘ਵਿਸ਼ਵਨੂਰ’ ਅਤੇ ‘ਮਹਾਂਬਲੀ’; ਕਿਰਪਾ ਸਾਗਰ ਦਾ ‘ਲਕਸ਼ਮੀ ਦੇਵੀ’; ਇੰਦਰ ਸਿੰਘ ਚਕ੍ਰਵਰਤੀ ਦਾ ‘ਮਾਲਵਿੰਦਰ’ ਅਤੇ ਹਰਨਾਮ ਦਾਸ ਸਹਿਰਾਈ ਦਾ ‘ਲੋਹ ਗੜ੍ਹ’ ਬਾਹਰਮੁਖੀ ਕਵਿਤਾ ਦੀਆਂ ਉਦਾਹਰਣਾਂ ਹਨ।
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First