ਬਾਲਮੀਕੀ ਰਾਮਾਇਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਲਮੀਕੀ ਰਾਮਾਇਣ: ਰਾਮਾਇਣ ਨੂੰ ਆਰਸ਼-ਕਾਵਿ, ਵੀਰ-ਕਾਵਿ, ਮਹਾਂਕਾਵਿ, ਉਪਜੀਵ-ਕਾਵਿ ਆਦਿ ਕਿਹਾ ਜਾਂਦਾ ਹੈ। ਇਸ ਦੇ ਲੇਖਕ ਬਾਲਮੀਕੀ ਹਨ। ਵੇਦਾਂ, ਉਪਨਿਸ਼ਦਾਂ ਤੋਂ ਬਾਅਦ ਦੀ ਲੌਕਿਕ-ਸਾਹਿਤ ਦੀ ਪਹਿਲੀ ਰਚਨਾ ਰਾਮਾਇਣ ਹੋਣ ਕਾਰਨ ਇਸ ਨੂੰ ‘ਆਦਿ- ਕਾਵਿ’ ਅਤੇ ਇਸ ਦੇ ਲੇਖਕ ਬਾਲਮੀਕੀ ਨੂੰ ‘ਆਦਿ-ਕਵੀ’ ਕਿਹਾ ਜਾਂਦਾ ਹੈ। ਕਿਉਂਕਿ ਬਾਲਮੀਕੀ ਤੋਂ ਪਹਿਲਾਂ ਜਿਹੜੀਆਂ ਰਚਨਾਵਾਂ ਹੋਈਆਂ ਉਹ ਕੇਵਲ ਧਰਮ, ਪੂਜਾ ਆਦਿ ਨਾਲ ਜੁੜੀਆਂ ਹੋਈਆਂ ਹਨ। ਸਧਾਰਨ ਜਨ- ਜੀਵਨ ਦੀਆਂ ਸਮੱਸਿਆਵਾਂ ਨਾਲ ਉਹਨਾਂ ਦਾ ਕੋਈ ਵੀ ਸਿੱਧਾ ਸੰਬੰਧ ਨਹੀਂ ਸੀ। ਸਭ ਤੋਂ ਪਹਿਲਾਂ ਬਾਲਮੀਕੀ ਨੇ ਹੀ ਧਰਮ-ਪ੍ਰਧਾਨ ਸਾਹਿਤ ਨੂੰ ਕਰਮ ਪ੍ਰਧਾਨ ਬਣਾਉਣ ਲਈ ਰਾਮਾਇਣ ਦੀ ਰਚਨਾ ਕੀਤੀ।

     ਬਾਲਮੀਕੀ ਦੇ ਸੰਬੰਧ ਵਿੱਚ ਅਨੇਕ ਕਥਾਵਾਂ ਪ੍ਰਚਲਿਤ ਹਨ। ਇੱਕ ਕਥਾ ਅਨੁਸਾਰ ਬਾਲਮੀਕੀ ਰਤਨਾਕਰ ਡਾਕੂ ਹੁੰਦਾ ਸੀ। ਜੰਗਲ ਵਿੱਚ ਲੰਘਦੇ ਯਾਤਰੀਆਂ ਨੂੰ ਲੁੱਟਣਾ ਹੀ ਉਸ ਦਾ ਕੰਮ ਸੀ। ਇੱਕ ਵਾਰ ਉੱਥੋਂ ਦੀ ਸਪਤਰਿਸ਼ੀ ਨਿਕਲੇ। ਸਪਤਰਿਸ਼ੀਆਂ ਨੇ ਉਸ ਦੇ ਕੰਮਾਂ ਨੂੰ ਦੇਖਦੇ ਹੋਏ ਉਸ ਨੂੰ ਬਹੁਤ ਸਾਰੇ ਉਪਦੇਸ਼ ਦਿਤੇ ਤੇ ਇਹਨਾਂ ਪਾਪੀ ਕੰਮਾਂ ਦੇ ਨਤੀਜੇ ਤੋਂ ਵੀ ਉਸ ਨੂੰ ਜਾਣੂ ਕਰਵਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਧਾਰਮਿਕ-ਜੀਵਨ ਦੀ ਸਿੱਖਿਆ ਲਈ ਤੇ ਸਾਧਨਾ ਸ਼ੁਰੂ ਕੀਤੀ। ਸਮਾਧੀ ਦੇ ਲੰਬੇ ਸਮੇਂ ਤੱਕ ਚੱਲਣ ਕਾਰਨ ਸਿਉਂਕ ਨੇ ਉਸ ਦੇ ਚਾਰੋ ਪਾਸੇ ਬਾਲਮੀਕੀ (ਬਾਮਬੀ) ਬਣਾ ਲਈ। ਗਿਆਨ ਪ੍ਰਾਪਤ ਹੋ ਜਾਣ ਪਿਛੋਂ ਜਦੋਂ ਉਹ ਬਾਲਮੀਕੀ ਤੋਂ ਬਾਹਰ ਨਿਕਲਿਆ, ਓਦੋਂ ਤੋਂ ਹੀ ਉਹਨਾਂ ਦਾ ਨਾਂ ਬਾਲਮੀਕੀ ਪੈ ਗਿਆ।

     ਰਾਮਾਇਣ ਕਾਵਿ ਦੇ ਲਿਖੇ ਜਾਣ ਦੇ ਸੰਬੰਧ ਵਿੱਚ ਵੀ ਇੱਕ ਕਥਾ ਪ੍ਰਚਲਿਤ ਹੈ। ਕਹਿੰਦੇ ਹਨ ਕਿ ਇੱਕ ਵਾਰ ਬਾਲਮੀਕੀ ਨ੍ਹਾਉਣ ਲਈ ਤਮਸਾ ਨਦੀ ਦੇ ਕੰਢੇ ਤੇ ਗਿਆ। ਤਮਸਾ ਦੇ ਕੰਢੇ ਇੱਕ ਕ੍ਰੌਂਚ ਪੰਛੀ ਦਾ ਜੋੜਾ ਪ੍ਰੇਮ ਕਰ ਰਿਹਾ ਸੀ। ਬਾਲਮੀਕੀ ਸਾਮ੍ਹਣੇ ਹੀ ਇੱਕ ਸ਼ਿਕਾਰੀ ਨੇ ਤੀਰ ਮਾਰ ਕੇ ਨਰ-ਕ੍ਰੌਂਚ ਨੂੰ ਮਾਰ ਸੁਟਿਆ। ਇਸ ਤੋਂ ਬਾਅਦ ਕ੍ਰੌਂਚੀ ਦੇ ਰੋਣੇ ਨੂੰ ਸੁਣ ਕੇ ਬਾਲਮੀਕੀ ਦਾ ਦਿਲ ਪਸੀਜ ਗਿਆ ਤੇ ਉਹਨਾਂ ਦੇ ਮੂੰਹ ਤੋਂ ਸ਼ੋਕ ਦੇ ਰੂਪ ਵਿੱਚ ਸ਼ਲੋਕ ਨਿਕਲ ਪਿਆ। ਇਸ ਸ਼ਲੋਕ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਰਾਮਾਇਣ ਦੀ ਰਚਨਾ ਕੀਤੀ।

     ਭਾਰਤੀ ਪਰੰਪਰਾ ਵਿੱਚ ਬਾਲਮੀਕੀ ਅਤੇ ਉਹਨਾਂ ਦੇ ਕਥਾ ਨਾਇਕ ਰਾਮ ਨੂੰ ਸਮਕਾਲੀਨ ਮੰਨਿਆ ਜਾਂਦਾ ਹੈ। ਅਨੇਕ ਇਤਿਹਾਸਕਾਰ ਵੀ ਇਸੇ ਪਰੰਪਰਾ ਅਨੁਸਾਰ ਦੋਹਾਂ ਨੂੰ ਸਮਕਾਲੀਨ ਮੰਨਦੇ ਹਨ। ਬਾਲਮੀਕੀ ਅਤੇ ਰਾਮਾਇਣ ਦੇ ਨਾਇਕ ਦੋਹਾਂ ਦੀ ਸਮਕਾਲੀਨਤਾ ਦੇ ਅਨੇਕ ਪ੍ਰਸੰਗ ਤਾਂ ਰਾਮਾਇਣ ਵਿੱਚ ਹੀ ਮਿਲਦੇ ਹਨ। ਜਿਵੇਂ ਕਿ ਰਾਮ, ਸੀਤਾ ਅਤੇ ਲਛਮਣ ਦਾ ਚਿੱਤਰਕੁਟ ਦੇ ਨੇੜੇ ਬਾਲਮੀਕੀ ਨੂੰ ਮਿਲਣਾ, ਰਾਮ ਵੱਲੋਂ ਛੱਡੀ ਸੀਤਾ ਨੂੰ ਬਾਲਮੀਕੀ ਦੇ ਆਸ਼੍ਰਮ ਵਿੱਚ ਆਸਰਾ ਮਿਲਣਾ ਤੇ ਉਥੇ ਹੀ ਲਵ-ਕੁਸ਼ ਦਾ ਜਨਮ ਹੋਣਾ ਆਦਿ ਇਸ ਤਰ੍ਹਾਂ ਦੇ ਹੋਰ ਅਨੇਕ ਪ੍ਰਸੰਗ ਰਾਮ ਅਤੇ ਬਾਲਮੀਕੀ ਦੀ ਸਮਕਾਲੀਨਤਾ ਨੂੰ ਪ੍ਰਗਟ ਕਰਦੇ ਹਨ।

     ਬਾਲਮੀਕੀ ਰਚਿਤ ਰਾਮਾਇਣ ਵਿੱਚ ਸੱਤ ਕਾਂਡ ਹਨ। ਇਸ ਵਿੱਚ 24000 ਸ਼ਲੋਕ ਹਨ। ਰਾਮਾਇਣ ਦੇ ਬਾਲ-ਕਾਂਡ ਵਿੱਚ 77 ਸਰਗ ਹਨ ਜਿਨ੍ਹਾਂ ਵਿੱਚ ਰਾਮ- ਜਨਮ, ਉਹਨਾਂ ਦੀ ਪੜ੍ਹਾਈ-ਲਿਖਾਈ ਅਤੇ ਸੀਤਾ ਨਾਲ ਵਿਆਹ ਆਦਿ ਦਾ ਵਰਣਨ ਹੈ। ਅਯੁੱਧਿਆ-ਕਾਂਡ ਵਿੱਚ 119 ਸਰਗ ਹਨ ਜਿਸ ਵਿੱਚ ਰਾਮ ਦਾ ਰਾਜ-ਅਭਿਸ਼ੇਕ ਅਯੋਜਨ, ਰਾਮ ਨੂੰ 14 ਸਾਲਾਂ ਦਾ ਬਨਵਾਸ ਆਦਿ ਪ੍ਰਮੁਖ ਘਟਨਾਵਾਂ ਹਨ। ਅਰਨਯ-ਕਾਂਡ ਵਿੱਚ 75 ਸਰਗ ਹਨ। ਇਸ ਵਿੱਚ ਰਾਵਣ ਦੁਆਰਾ ਸੀਤਾ ਦਾ ਅਪਹਰਨ ਪ੍ਰਮੁਖ ਘਟਨਾ ਹੈ। ਕਿਸ਼ਿਕਿਧਾ ਕਾਂਡ ਵਿੱਚ 67 ਸਰਗ ਹਨ। ਰਾਮ ਦੀ ਸੂਗਰੀਵ ਨਾਲ ਮਿੱਤਰਤਾ ਪ੍ਰਮੁਖ ਘਟਨਾ ਹੈ। ਪੰਜਵੇਂ ਕਾਂਡ ਜਿਸ ਨੂੰ ਸੁੰਦਰ-ਕਾਂਡ ਕਿਹਾ ਜਾਂਦਾ ਹੈ ਵਿੱਚ 68 ਸਰਗ ਹਨ। ਇਸ ਵਿੱਚ ਹਨੂਮਾਨ ਦਾ ਲੰਕਾ ਨੂੰ ਜਲਾਉਣਾ ਅਤੇ ਸੀਤਾ ਦਾ ਰਾਮ ਨੂੰ ਹਨੂਮਾਨ ਦੇ ਹੱਥ ਆਪਣਾ ਸੰਦੇਸ਼ ਪਹੁੰਚਾਉਣਾ, ਪ੍ਰਮੁਖ ਘਟਨਾਵਾਂ ਹਨ। ਅਗਲੇ ਯੁੱਧ-ਕਾਂਡ ਵਿੱਚ 128 ਸਰਗ ਹਨ। ਇਹ ਸਭ ਤੋਂ ਵੱਡਾ ਸਰਗ ਹੈ। ਇਸ ਵਿੱਚ ਰਾਮ ਦਾ ਰਾਵਣ ਨੂੰ ਮਾਰਨਾ ਪ੍ਰਮੁਖ ਘਟਨਾ ਹੈ।

     ਉੱਤਰ-ਕਾਂਡ ਵਿੱਚ 111 ਸਰਗ ਹਨ। ਪਹਿਲੇ 35 ਸਰਗਾਂ ਵਿੱਚ ਅਗਸਤ ਮੁਨੀ ਰਾਮ ਨੂੰ ਰਾਵਣ ਦੇ ਵੰਸ਼, ਬਹਾਦਰੀ, ਵਰ ਪ੍ਰਾਪਤੀ ਆਦਿ ਦਾ ਇਤਿਹਾਸ ਦੱਸਦੇ ਹਨ। ਇਸ ਤੋਂ ਬਾਅਦ ਸੀਤਾ ਦਾ ਤਿਆਗ, ਬਾਲਮੀਕੀ ਆਸ਼ਰਮ ਵਿੱਚ ਸੀਤਾ ਨੂੰ ਆਸਰਾ ਮਿਲਣਾ, ਉੱਥੇ ਲਵ- ਕੁਸ਼ ਦਾ ਜਨਮ, ਰਾਮ ਦਾ ਅਸ਼ਵ-ਮੇਧ ਯੱਗ ਕਰਨਾ, ਲਵ-ਕੁਸ਼ ਦਾ ਰਾਮਾਇਣ ਦਾ ਗਾਇਣ, ਸੀਤਾ ਦਾ ਰਾਜ ਸਭਾ ਵਿੱਚ ਆਪਣੇ ਸ਼ੁੱਧ-ਚਰਿੱਤਰ ਦਾ ਪ੍ਰਮਾਣ ਦੇਣਾ ਤੇ ਧਰਤੀ ਵਿੱਚ ਸਮਾਉਣਾ ਅਤੇ ਰਾਮ ਦਾ ਜਲ ਸਮਾਧੀ ਲੈਣਾ ਆਦਿ ਘਟਨਾਵਾਂ ਦਾ ਵਰਣਨ ਹੈ।

     ਰਾਮਾਇਣ ਵਿੱਚ ਕਿੰਨਾ ਭਾਗ ਮੌਲਿਕ ਹੈ ਤੇ ਕਿੰਨਾ ਭਾਗ ਬਾਅਦ ਵਿੱਚ ਜੋੜਿਆ ਗਿਆ ਹੈ, ਇਸ ਵਿਸ਼ੇ ਤੇ ਵੀ ਸਾਹਿਤ-ਜਗਤ ਵਿੱਚ ਵਾਦ-ਵਿਵਾਦ ਰਿਹਾ ਹੈ। ਕੁਝ ਵਿਦਵਾਨਾਂ ਅਨੁਸਾਰ ਬਾਲਮੀਕੀ ਰਾਮਾਇਣ ਦੇ ਸੱਤ ਕਾਂਡਾਂ ਵਿੱਚੋਂ ਬਾਲ-ਕਾਂਡ ਤੇ ਉੱਤਰ-ਕਾਂਡ ਬਾਅਦ ਵਿੱਚ ਜੋੜੇ ਗਏ ਹਨ। ਉਹਨਾਂ ਅਨੁਸਾਰ ਇਹ ਦੋਵੇਂ ਕਾਂਡ ਅਤੇ ਇਸ ਵਿੱਚ ਆਉਣ ਵਾਲੀਆਂ ਅਨੇਕ ਕਥਾਵਾਂ ਲੋਕਾਂ ਦੀ ਰੁਚੀ ਤੇ ਹੋਰ ਕਵੀਆਂ ਦੀ ਮਨਮਰਜ਼ੀ ਨਾਲ ਬਾਅਦ ਵਿੱਚ ਜੋੜ ਦਿੱਤੀਆਂ ਗਈਆਂ ਹਨ। ਪਰ ਭਾਰਤੀ ਪਰੰਪਰਾ ਅਤੇ ਇੱਕ ਵੱਡੇ ਵਿਦਵਾਨਾਂ ਦਾ ਵਰਗ, ਇਸ ਮੱਤ ਨੂੰ ਪੂਰੀ ਤਰ੍ਹਾਂ ਨਕਾਰ ਚੁੱਕਾ ਹੈ। ਉਹਨਾਂ ਸੱਭ ਨੇ ਇੱਕ ਸੁਰ ਵਿੱਚ ਵਰਤਮਾਨ ਬਾਲਮੀਕੀ ਰਾਮਾਇਣ ਨੂੰ ਪੂਰੀ ਤਰ੍ਹਾਂ ਮੌਲਿਕ ਮੰਨਿਆ ਹੈ। ਆਪਣੇ ਇਸ ਮੱਤ ਦੇ ਸਮਰਥਨ ਵਿੱਚ ਇਹਨਾਂ ਵਿਦਵਾਨਾਂ ਨੇ ਅਨੇਕ ਤੱਤ ਤੇ ਤਰਕ ਵੀ ਨਾਲ ਦਿੱਤੇ ਹਨ।

ਵਰਤਮਾਨ ਰਾਮਾਇਣ ਤੇ ਲਗਪਗ 30 ਦੇ ਨੇੜੇ ਟੀਕਾਵਾਂ ਲਿਖੀਆਂ ਗਈਆਂ ਹਨ।

     ਰਾਮਾਇਣ ਦੀ ਕਥਾ-ਵਸਤੂ ਦਾ ਹੀ ਇਹ ਜਾਦੂ ਸੀ ਕਿ ਹਜ਼ਾਰਾਂ ਸਾਲਾਂ ਤੋਂ ਲਗਾਤਾਰ ਇਹ ਲੋਕਾਂ ਨੂੰ ਨਾ ਸਿਰਫ਼ ਉਪਦੇਸ਼ ਦਿੰਦੀ ਆ ਰਹੀ ਹੈ ਸਗੋਂ ਅਨੰਦਿਤ ਵੀ ਕਰਦੀ ਰਹੀ ਹੈ। ਇਸ ਵਿੱਚ ਪਾਤਰ-ਚਿਤਰਨ ਬਹੁਤ ਹੀ ਗਹਿਰਾਈ ਨਾਲ ਕੀਤਾ ਗਿਆ ਹੈ। ਜਿਥੇ ਰਾਮ, ਸੀਤਾ ਜਿਹੇ ਆਦਰਸ਼ ਪਾਤਰ ਚਿਤਰਿਤ ਹਨ, ਉੱਥੇ ਹੀ ਮਨਥਰਾ, ਸ਼ਬਰੀ ਆਦਿ ਸਧਾਰਨ ਪਾਤਰਾਂ ਦਾ ਚਿੱਤਰਨ ਵੀ ਬਹੁਤ ਸਹਿਜਤਾ ਨਾਲ ਕੀਤਾ ਹੈ। ਰਾਮਾਇਣ ਦੇ ਹਰੇਕ-ਪਾਤਰ ਦੇ ਚਰਿੱਤਰ-ਚਿਤਰਨ ਤੋਂ ਬਾਲਮੀਕੀ ਦੀ ਮਨੋ-ਵਿਗਿਆਨਿਕ ਦ੍ਰਿਸ਼ਟੀ ਦਾ ਸਹਿਜਤਾ ਨਾਲ ਪਤਾ ਲੱਗਦਾ ਹੈ।

     ਰਾਮਾਇਣ ਵਿੱਚ ਸਾਰੇ ਰਸਾਂ ਦਾ ਪੂਰੀ ਤਰ੍ਹਾਂ ਨਿਰਬਾਹ ਕੀਤਾ ਗਿਆ ਹੈ। ਰਾਮਾਇਣ ਦਾ ਪ੍ਰਮੁਖ ਰਸ ਕਰੁਣਾ ਹੈ। ਇਸ ਵਿੱਚ ਘੱਟ ਸਮਾਸ ਵਾਲੀ ਵੈਦਰਭੀ-ਰੀਤਿ ਦਾ ਪ੍ਰਯੋਗ ਕੀਤਾ ਗਿਆ ਹੈ। ਸਰਲ-ਸ਼ਬਦਾਂ ਰਾਹੀਂ ਭਾਵਾਂ ਦੀ ਅਭਿਵਿਅਕਤੀ ਕੀਤੀ ਗਈ ਹੈ। ਅਲੰਕਾਰਾਂ ਦਾ ਸਹਿਜ ਪ੍ਰਯੋਗ ਹੈ। ਕਾਵਿ ਦੇ ਸਾਰੇ ਗੁਣਾਂ ਨੂੰ ਸਮੇਟੇ ਹੋਏ ਰਾਮਾਇਣ ਇੱਕ ਮਹਾਨ ਗ੍ਰੰਥ ਹੈ।

     ਬਾਲਮੀਕੀ ਰਾਮਾਇਣ ਦਾ ਭਾਰਤ ਦੇ ਬਾਅਦ ਵਾਲੇ ਸਾਹਿਤ ਤੇ ਵੀ ਬਹੁਤ ਪ੍ਰਭਾਵ ਪਿਆ ਹੈ। ਸਾਰੇ ਭਾਰਤੀ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦੇਣ ਵਾਲੀ ਇਹ ਰਾਮਾਇਣ ਉਪਜੀਵ-ਕਾਵਿ ਦੇ ਰੂਪ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਨਾ ਸਿਰਫ਼ ਸੰਸਕ੍ਰਿਤ ਦੇ ਕਵੀਆਂ ਨੇ ਰਾਮ-ਕਥਾ ਨੂੰ ਆਧਾਰ ਬਣਾ ਕੇ ਆਪਣੀਆਂ ਰਚਨਾਵਾਂ ਲਿਖੀਆਂ ਸਗੋਂ ਦੂਜੀਆਂ ਭਾਸ਼ਾਵਾਂ ਦੇ ਕਵੀਆਂ ਨੇ ਵੀ ਰਾਮਾਇਣ ਨੂੰ ਆਧਾਰ ਬਣਾ ਕੇ ਕਾਵਿ ਰਚੇ ਹਨ।

     ਇਸ ਤਰ੍ਹਾਂ ਰਾਮਾਇਣ ਨਾ ਸਿਰਫ਼ ਸੰਸਕ੍ਰਿਤ ਸਾਹਿਤ ਦਾ ਬਲਕਿ ਹੋਰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਦਾ ਵੀ ਆਦਰਸ਼ ਤੇ ਪ੍ਰੇਰਨਾ ਸ੍ਰੋਤ ਗ੍ਰੰਥ ਹੈ।


ਲੇਖਕ : ਅਨੂ ਖੁੱਲਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.