ਬਾਰਾਮਾਹ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਰਾਮਾਹ : ਇਹ ਪੰਜਾਬੀ ਦਾ ਇਕ ਪ੍ਰਸਿੱਧ ਕਾਵਿ-ਰੂਪ ਹੈ ਜਿਸ ਵਿਚ ਦੇਸੀ ਮਹੀਨਿਆਂ ਅਨੁਸਾਰ ਬਦਲ ਰਹੇ ਮੌਸਮ ਪਿਠਭੂਮੀ ਵਿਚ ਰੱਖ ਕੇ ਪ੍ਰੀਤਮ ਤੋਂ ਵਿਛੜੀ ਬਿਰਹਣੀ ਦੇ ਵਿਯੋਗ ਦਾ ਜ਼ਿਕਰ ਹੁੰਦਾ ਹੈ ਅਤੇ ਆਖ਼ਰੀ ਮਹੀਨੇ ਵਿਚ ਮਿਲਾਪ ਵਿਖਾਇਆ ਜਾਂਦਾ ਹੈ। ਬਾਰਾਮਾਹ ਵਿਚ ਵਿਯੋਗ ਦੀ ਸਥਿਤੀ ਪੈਦਾ ਕਰਨ ਲਈ ਨਾਇਕ ਨੂੰ ਕਿਸੇ ਕਾਰਨ ਪਰਦੇਸ ਭੇਜਿਆ ਜਾਂਦਾ ਹੈ ਤੇ ਉਸ ਦੀ ਨਾਇਕਾ ਨੂੰ ਵਿਯੋਗ ਦੀ ਅੱਗ ਵਿਚ ਸੜਦੀ ਵਿਆਖਿਆ ਜਾਂਦਾ ਹੈ। ਬਾਰਾਮਾਹ ਲੋਕ ਗੀਤਾਂ ਦੀ ਉਹ ਕਿਸਮ ਹੈ ਜਿਸ ਵਿਚ ਕਿਸੇ ਬਿਰਹਣੀ ਦੇ ਸਾਲ ਦੇ ਹਰ ਮਹੀਨੇ ਵਿਚ ਅਨੁਭਵ ਕੀਤੇ ਦੁੱਖਾਂ ਤੇ ਅੰਦਰਲੀ ਵੇਦਨਾ ਨੂੰ ਪ੍ਰਗਟਾਇਆ ਜਾਂਦਾ ਹੈ।

ਬਾਰਾਮਾਹ ਦਾ ਸਾਹਿਤ ਵਿਚ ਪ੍ਰਵੇਸ਼ ਲੋਕ ਗੀਤਾਂ ਵਿਚ ਮਿਲਦੇ ਬਾਰਾਮਾਹ ਨਾਲ ਹੋਇਆ ਮੰਨਿਆ ਜਾਂਦਾ ਹੈ ਜੋ ਕਿਸੇ ਇਸਤਰੀ ਨੇ ਆਪਣੇ ਪਤੀ ਦੇ ਵਿਯੋਗ ਵਿਚ ਗਾਇਆ ਹੋਵੇਗਾ। ਅਪਭ੍ਰੰਸ਼ ਵਿਚ ਲਿਖਤ ਪਹਿਲਾ ਬਾਰਾਮਾਹ ਵਿਨਯ ਜੰਤ੍ਰ ਸੂਰੀ ਦਾ ਹੈ ਜੋ 1200 ਈ. ਵਿਚ ਰਚਿਆ ਗਿਆ। ਫ਼ਾਰਸੀ ਵਿਚ ਪਹਿਲਾ ਬਾਰਾਮਾਹ ਮਸਊਦ ਸੱਯਦ ਸੁਲੇਮਾਨ (1047-1122 ਈ.) ਨੇ ਲਿਖਿਆ। ਅੰਗਰੇਜ਼ੀ ਸਾਹਿਤ ਵਿਚ ਪਹਿਲਾ ਬਾਰਾਮਾਹ ਲਿਖਣ ਵਾਲਾ ਕਵੀ ਸਪੈਂਸਰ ਹੈ ਜਿਸ ਨੇ ਸ਼ੈਪਰਡਜ਼ ਕੈਲੰਡਰ (Shephards Calander) 1576 ਈ. ਵਿਚ ਲਿਖਿਆ। ਇਸ ਨੂੰ ਆਜੜੀ-ਕਾਵਿ ਆਖਦੇ ਹਨ ਕਿਉਂਕਿ ਕਿਸਾਨ ਤੋਂ ਪਹਿਲਾਂ ਆਜੜੀ ਨੂੰ ਆਪਣੇ ਇੱਜੜ ਦੀ ਰਾਖੀ ਅਤੇ ਬਚਾ ਲਈ ਹਰ ਮਹੀਨੇ ਦੇ ਮੌਸਮ ਦੇ ਗਿਆਨ ਦੀ ਜ਼ਰੂਰਤ ਸੀ। ਇਸ ਗੀਤ ਵਿਚ ਉਸ ਨੇ ਹਰ ਮਹੀਨੇ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਤੇ ਉਸ ਵਰਣਨ ਵਿਚ ਆਪਣੀ ਸੁਚੇਤਤਾ ਦਾ ਪ੍ਰਮਾਣ ਦਿੱਤਾ। ਆਜੜੀ-ਕਾਵਿ ਨਾਲ ਹੀ ਬਾਰਾਮਾਹ ਦਾ ਸਾਹਿਤ ਵਿਚ ਪ੍ਰਵੇਸ਼ ਹੋਇਆ। 

ਬਾਰਾਮਾਹ ਤੋਂ ਪਹਿਲਾਂ ਖਟਰਿਤੂ ਵਰਣਨ ਦੀ ਪ੍ਰਥਾ ਸੀ। ਸੰਸਕ੍ਰਿਤ ਵਿਚ ਲਿਖਿਤ ਮਹਾਕਾਵਾਂ ਵਿਚ ਖਟਰਿਤੂ ਵਰਣਨ ਨੂੰ ਇਕ ਲਾਜ਼ਮੀ ਅੰਗ ਮੰਨਿਆ ਜਾਂਦਾ ਹੈ। ਸਾਲ ਦੀਆਂ ਛੇ ਰੁੱਤਾਂ ਬਸੰਤ (ਚੇਤ-ਵੈਸਾਖ), ਗ੍ਰੀਸ਼ਮ (ਜੇਠ-ਹਾੜ੍ਹ), ਵਰਸ਼ਾ (ਸਾਵਣ-ਭਾਦੋਂ), ਸਰਦ (ਅੱਸੂ-ਕੱਤਕ), ਹੇਮੰਤ (ਮੱਘਰ-ਪੋਹ) ਤੇ ਸ਼ਿਸ਼ਰ (ਮਾਘ-ਫੱਗਣ) ਅਨੁਸਾਰ ਮਨੁੱਖੀ ਜੀਵਨ ਦੇ ਦੁੱਖ ਸੁੱਖ ਨੂੰ ਗਾਇਆ ਜਾਂਦਾ ਰਿਹਾ। ਮਗਰੋਂ ਇਹ ਹਰ ਮਹੀਨੇ ਗਾਉਣ ਦਾ ਰਿਵਾਜ ਚਲ ਪਿਆ ਤੇ ਬਾਰਾ ਮਹੀਨਿਆਂ ਅਨੁਸਾਰ ਲਿਖੀ ਜਾਣ ਵਾਲੀ ਕਵਿਤਾ ਨੂੰ ਬਾਰਾਮਾਹ ਦਾ ਨਾਂ ਦਿੱਤਾ ਗਿਆ। 

ਲੋਕ ਸਾਹਿਤ ਵਿਚ ਪ੍ਰਚਲਿਤ ਬਾਰਾਮਾਹ ਹਾੜ੍ਹ ਮਹੀਨੇ ਤੋਂ ਆਰੰਭ ਹੁੰਦੇ ਹਨ ਪਰ ਕਈ ਬਾਰਾਮਾਹ ਵਰ੍ਹੇ ਦੇ ਪਹਿਲੇ ਮਹੀਨੇ ਚੇਤ ਤੋਂ ਵੀ ਆਰੰਭ ਹੁੰਦੇ ਹਨ। ਇਨ੍ਹਾਂ ਵਿਚ ਬਿਰਹਣੀ ਦੇ ਦੁੱਖਾਂ-ਕਲੇਸ਼ਾਂ ਦਾ ਵਰਣਨ ਮਹੀਨੇ ਕ੍ਰਮ ਨਾਲ ਕੀਤਾ ਜਾਂਦਾ ਹੈ। ਕਈ ਵਾਰ 13 ਵੇਂ ਮਹੀਨੇ ਜਾਂ ਲੌਂਦ ਦੇ ਮਹੀਨੇ ਦਾ ਵੀ ਜ਼ਿਕਰ ਹੈ।

ਪੰਜਾਬ ਵਿਚ ਬਾਰਾਮਾਹ ਦੀ ਪਰੰਪਰਾ ਲਗਭਗ ਹਜ਼ਾਰ ਵਰ੍ਹੇ ਪੁਰਾਣੀ ਹੈ। ਭਾਵੇਂ ਇੰਨਾ ਪੁਰਾਣਾ ਪੰਜਾਬੀ ਬਾਰਾਮਾਹ ਉਪਲੱਬਧ ਨਹੀਂ ਹੋ ਸਕਿਆ ਪਰ ਫ਼ਾਰਸੀ ਕਵੀ ਮਸਊਦ (1047-1122 ਈ.) ਜੋ ਮਹਿਮੂਦ ਗਜ਼ਨਵੀ ਦੇ ਪੋਤਰੇ, ਲਾਹੌਰ ਦੇ ਗਵਰਨਰ ਇਬਰਾਹੀਮ ਗਜ਼ਨਵੀ ਦਾ ਦਰਬਾਰੀ ਕਵੀ ਸੀ, ਨੇ ਅਮੀਰ ਖੁਸਰੋ ਦੇ ਕਥਨ ਅਨੁਸਾਰ ਅਰਬੀ, ਫ਼ਾਰਸੀ ਤੇ ਹਿੰਦੀ ਵਿਚ ਤਿੰਨ ਦੀਵਾਨ ਲਿਖੇ। ਇਨ੍ਹਾਂ ਵਿਚੋਂ ਕੇਵਲ ਫ਼ਾਰਸੀ ਦਾ ਦੀਵਾਨ ਹੀ ਪ੍ਰਾਪਤ ਹੈ ਜਿਸ ਵਿਚ ਕਵੀ ਨੇ ਈਰਾਨੀ ਬਾਰਾਂ ਮਹੀਨਿਆਂ ਨੂੰ ਆਧਾਰ ਬਣਾ ਕੇ ਕਸੀਦੇ ਦੀ ਕਿਸਮ ਦਾ ਬਾਰਾਮਾਹ ਲਿਖਿਆ ਸੀ। ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਵੀ ਨੇ ਹਿੰਦਵੀ (ਪੰਜਾਬੀ) ਵਿਚ ਵੀ ਬਾਰਾਮਾਹ ਲਿਖਿਆ ਹੋਵੇਗਾ। ਮਸਊਦ ਦੀ ਪਾਈ ਪਿਰਤ ਨੂੰ ਅੱਗੇ ਕਿੰਨੇ ਕੁ ਕਵੀਆਂ ਨੇ ਤੋਰਿਆ। ਇਸ ਬਾਰੇ ਕੁਝ ਕਹਿਣਾ ਕਠਿਨ ਹੈ ਕਿਉਂਕਿ 11 ਤੋਂ 15 ਵੀਂ ਸਦੀ ਵਿਚ ਲਿਖਿਆ ਸਾਹਿਤ ਉਪਲੱਬਧ ਨਹੀਂ। 

ਪੰਜਾਬੀ ਵਿਚ ਸਭ ਤੋਂ ਪ੍ਰਾਚੀਨ ਲਿਖਿਤ ਬਾਰਾਮਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਿਆ ਗਿਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤੁਖਾਰੀ ਰਾਗ ਵਿਚ ਅੰਕਿਤ ਹੈ। ਗੁਰੂ ਸਾਹਿਬ ਨੇ ਪ੍ਰਭੂ ਪ੍ਰੀਤਮ ਪਾਸੋਂ ਵਿਛੜੀ ਜੀਵਾਤਮਾ ਨੂੰ ਨਾਇਕਾ ਬਣਾਇਆ ਜੋ ਆਪਣੇ ਕਿਸੇ ਕੁਕਰਮ ਕਰ ਕੇ ਪ੍ਰਭੂ ਪਤੀ ਨਾਇਕ ਨਾਲੋਂ ਹੋਏ ਵਿਯੋਗ ਕਾਰਨ ਦੁੱਖ ਭਰਿਆ ਜੀਵਨ ਬਸਰ ਕਰ ਰਹੀ ਹੈ। ਜਦੋਂ ਉਸ ਨੂੰ ਵਿਛੋੜੇ ਦਾ ਗਿਆਨ ਹੁੰਦਾ ਹੈ ਤਾਂ ਉਹ ਮੁੜ ਉਸ ਪ੍ਰਭੂ ਪ੍ਰੀਤਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੋ ਜਾਂਦੀ ਹੈ ਤੇ ਅਖ਼ੀਰ ਸਤਿਗੁਰੂ ਵਿਚੋਲਾ ਬਣ ਕੇ ਮੁੜ ਪ੍ਰਭੂ ਪਤੀ ਨਾਲ ਮਿਲਾਪ ਕਰਵਾ ਦਿੰਦਾ ਹੈ। ਜੀਵਾਤਮਾ ਦੀ ਦੁੱਖ ਭਰੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਤੇ ਉਹ ਸਦਾ ਸੁਹਾਗਣ ਬਣ ਜਾਂਦੀ ਹੈ।

ਇਸ ਉਪਰੰਤ ਦੂਜਾ ਮਹੱਤਵਪੂਰਨ ਤੇ ਪ੍ਰਾਚੀਨ ਬਾਰਾਮਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਮਾਝ ਵਿਚ ਅੰਕਿਤ ਕੀਤਾ ਗਿਆ ਹੈ। ਆਪ ਜੀ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਵਾਲਾ ਵਿਸ਼ਾ ਅਪਣਾਇਆ ਪਰ ਇਸ ਬਾਰਾਮਾਹ ਵਿਚ ਉਪਦੇਸ਼ ਪ੍ਰਧਾਨ ਹੈ ਜਿਸ ਕਾਰਨ ਸੰਗਰਾਂਦ ਵਾਲੇ ਦਿਨ ਲਗਭਗ ਸਭ ਗੁਰਦੁਆਰਿਆਂ ਵਿਚ ਇਸ ਦੀ ਕਥਾ ਦਾ ਵਿਧਾਨ ਹੈ। ਇਸ ਵਿਚ ਸੱਚ ਦੇ ਮਾਰਗ ਤੇ ਚਲਣ ਤੇ ਪਰਮਾਤਮਾ ਨੂੰ ਹਰ ਤਰ੍ਹਾਂ ਯਾਦ ਕਰਨ ਦਾ ਉਪਦੇਸ਼ ਹੈ। ਇਉਂ ਸਹਿਜੇ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ।

ਸੂਫ਼ੀ-ਕਾਵਿ ਵਿਚ ਸਭ ਤੋਂ ਪੁਰਾਣਾ ਬਾਰਾਮਾਹ ਅਲੀ ਹੈਦਰ ਦਾ ਹੈ ਤੇ ਮਗਰੋਂ ਲਗਭਗ ਸਾਰੇ ਸੂਫ਼ੀਆਂ ਨੇ ਇਸ ਕਾਵਿ-ਰੂਪ ਨੂੰ ਅਪਣਾਇਆ। ਸੂਫ਼ੀ ਕਾਵਿ ਪਰੰਪਰਾ ਦੇ ਸਿਖਰ ਬੁਲ੍ਹੇ ਸ਼ਾਹ ਨੇ ਵੀ ਉੱਤਮ ਭਾਂਤ ਦਾ ਬਾਰਾਮਾਹ ਲਿਖਿਆ ਹੈ। ਕਿੱਸਾਕਾਰਾਂ ਵਿਚ ਹਾਫਿਜ਼ ਬਰਖੁਰਦਾਰ ਤੇ ਹਾਸ਼ਮ ਸ਼ਾਹ ਦੇ ਬਾਰਾਮਾਹ ਪ੍ਰਸਿੱਧ ਹਨ।

18-19 ਵੀਂ ਸਦੀ ਵਿਚ ਸੈਂਕੜੇ ਬਾਰਾਮਾਹ ਲਿਖੇ ਗਏ ਜਿਨ੍ਹਾਂ ਵਿਚੋਂ ਕਈ ਬੜੀ ਉੱਚੀ ਪੱਧਰ ਦੇ ਹਨ। ਇਨ੍ਹਾਂ ਬਾਰਾਮਾਹਿਆਂ ਨੂੰ ਚਾਰ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ :–

(ੳ) ਪ੍ਰਮਾਤਮਾ (ਅ) ਉਪਦੇਸ਼ਾਤਮਕ (ੲ) ਪ੍ਰਸੰਗਾਤਮਕ (ਸ) ਫੁਟਕਲ।

ਪੰਜਾਬ ਦੇ ਪ੍ਰੇਮੀ ਜੋੜਿਆਂ ਦੇ ਵਿਯੋਗ ਨੂੰ ਪ੍ਰਸਤੁਤ ਕਰਨ ਲਈ ਬਹੁਤ ਸਾਰੇ ਕਿੱਸਾਕਾਰਾਂ ਤੇ ਕਵੀਆਂ ਨੇ ਬਾਰਾਮਾਹ ਲਿਖੇ ਹਨ ਜਿਨ੍ਹਾਂ ਵਿਚ ਇਨ੍ਹਾਂ ਦੇ ਦੁੱਖ ਮਾਨਸਿਕ ਕਲੇਸ਼ ਤੇ ਵਿਸ਼ਾਦ ਨੂੰ ਬੜੇ ਵਚਿੱਤਰ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਕਈ ਵਾਰੀ ਇਹ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਇਹ ਬਾਰਾਮਾਹ ਇਸ਼ਕ ਮਜਾਜ਼ੀ ਨਾਲ ਸਬੰਧਤ ਹਨ ਜਾਂ ਹਕੀਕੀ ਨਾਲ ? ਇਨ੍ਹਾਂ ਵਿਚ ਕਈ ਵਾਰ-ਅੰਤਰ ਰੇਖਾ ਖਿਚਣੀ ਅਸੰਭਵ ਹੋ ਜਾਂਦੀ ਹੈ।

ਸ੍ਰੀ ਕ੍ਰਿਸ਼ਨ ਜੀ ਨਾਲ ਸਬੰਧਤ ਬਹੁਤ ਸਾਰੇ ਬਾਰਾਮਾਹ ਪੰਜਾਬੀ ਵਿਚ ਲਿਖੇ ਗਏ ਹਨ।  ਗੋਪੀਆਂ ਦੀ ਰਾਸਲੀਲਾ ਦਾ ਸੁੰਦਰ ਵਰਣਨ ਕਰਦਿਆਂ ਉਨ੍ਹਾਂ ਦੇ ਵਿਯੋਗ ਦੀ ਦਸ਼ਾ ਨੂੰ ਪੇਸ਼ ਕਰਨ ਲਈ ਬਾਰਾਮਾਹ ਕਾਵਿ-ਰੂਪ ਅਪਣਾਇਆ ਗਿਆ ਹੈ। ਇਸ ਤਰ੍ਹਾਂ ਕੁਝ ਬਾਰਾਮਾਹ ਸ੍ਰੀ ਰਾਮਚੰਦਰ ਜੀ ਨਾਲ ਸਬੰਧਤ ਹਨ।

ਸਮੇਂ ਦੇ ਨਾਲ ਨਾਲ ਬਾਰਾਮਾਹ ਦੇ ਵਿਸ਼ੇ ਵਿਚ ਵਿਸਥਾਰ ਆਉਂਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਬੀਰ ਰਸੀ ਬਾਰਾਮਾਹ ਕਵੀ ਵੀਰ ਸਿੰਘ ਨੇ ਲਿਖਿਆ ਹੈ। ਇਸੇ ਤਰ੍ਹਾਂ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਆਮ ਜਨਤਾ ਦੇ ਦੁੱਖ ਦਰਦ ਨੂੰ ਪੇਸ਼ ਕਰਨ ਲਈ ਕਵੀਆਂ ਨੇ ਆਧੁਨਿਕ ਯੁਗ ਵਿਚ ਬਾਰਾਮਾਹ ਲਿਖੇ ਹਨ।

ਪ੍ਰੋ. ਪਿਆਰਾ ਸਿੰਘ ਪਦਮ ਨੇ ਉਦਮ ਕਰ ਕੇ ਪੰਜਾਬੀ ਬਾਰਾਮਾਹ ਪੁਸਤਕ ਦਾ ਸੰਪਾਦਨ ਕੀਤਾ ਜਿਸ ਵਿਚ 100 ਬਾਰਾਮਾਹ ਸੰਕਲਿਤ ਕੀਤੇ ਅਤੇ ਇਨ੍ਹਾਂ ਤੋਂ ਇਲਾਵਾ 218 ਹੋਰ ਬਾਰਾਮਾਹਿਆਂ ਬਾਰੇ ਜਾਣਕਾਰੀ ਦਿੱਤੀ ਜੋ ਇਸ ਗ੍ਰੰਥ ਵਿਚ ਸ਼ਾਮਲ ਨਹੀਂ ਕੀਤੇ ਗਏ।

ਬਾਰਾਮਾਹਿਆਂ ਵਿਚ ਆਮ ਤੌਰ ਤੇ ਸ਼ਿੰਗਾਰ-ਰਸ ਪ੍ਰਧਾਨ ਹੈ। ਮੁੱਖ ਰੂਪ ਵਿਚ ਵਿਯੋਗ ਸ਼ਿੰਗਾਰ ਹੀ ਪ੍ਰਧਾਨ ਹੈ। ਛੰਦ ਵਿਸ਼ੇਸ਼ ਦਾ ਵਿਧਾਨ ਨਹੀਂ ਹੈ। ਇਹ ਕਿਸੇ ਵੀ ਛੰਦ ਵਿਚ ਲਿਖਿਆ ਜਾ ਸਕਦਾ ਹੈ। ਬਹੁਤ ਬਾਰਾਮਾਹ ਡਿਉਢ, ਦਵੱਈਆ ਤੇ ਬੈਂਤ ਵਿਚ ਲਿਖੇ ਮਿਲਦੇ ਹਨ। ਇਨ੍ਹਾਂ ਵਿਚ ਪ੍ਰਕਿਰਤੀ ਚਿਤਰਣ ਤੇ ਭਾਵਾਂ ਦੀ ਅਭਿਵਿਅਕਤੀ ਉੱਤੇ ਵਧੇਰੇ ਬਲ ਦਿੱਤਾ ਜਾਂਦਾ ਹੈ।

ਪੰਜਾਬੀ ਵਿਚ ਬਾਰਾਮਾਹ ਕਾਵਿ-ਰੂਪ ਬੜਾ ਅਮੀਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-05-01-12-15, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਸਾ. ਕੋ. ਕੋਹਲੀ, ਪੰ. ਸਾ. ਕੋ. -ਜੱਗੀ, ਗੁਰਬਾਣੀ ਬਾਰਮਾਹ : ਵਿਸਲੇਸ਼ਣ ਤੇ ਵਿਆਖਿਆ-ਡਾ. ਗੁਰਮੁਖ ਸਿੰਘ; ਪੰਜਾਬੀ ਬਾਰਮਾਹ ਪ੍ਰੋ. ਪਿਆਰਾ ਸਿੰਘ ਪਦਮ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.