ਬਾਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਣੀ [ਨਾਂਇ] ਗੱਲ , ਗੱਲ-ਬਾਤ; ਪਵਿੱਤਰ ਹਸਤੀ ਦੇ ਉਚਰੇ ਬਚਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਣੀ: ਇਹ ਸ਼ਬਦ ਸੰਸਕ੍ਰਿਤ ‘ਵਾਣੀ’ ਦਾ ਅਰਧ-ਤਤਸਮ ਰੂਪ ਹੈ ਅਤੇ ਇਸ ਦਾ ਅਰਥ ਹੈ ਬੋਲ , ਕਥਨ। ਪਰ ਗੁਰਮਤਿ ਵਿਚ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ (ਗੁਰਬਾਣੀ ਅਤੇ ਭਗਤ-ਭੱਟ ਬਾਣੀ) ਲਈ ਰੂੜ੍ਹ ਹੋ ਚੁਕਿਆ ਹੈ। ਕਈ ਵਾਰ ਭਾਈ ਗੁਰਦਾਸ ਦੀਆਂ ਵਾਰਾਂ ਜਾਂ ‘ਦਸਮ- ਗ੍ਰੰਥ ’ ਵਿਚ ਸੰਕਲਿਤ ਰਚਨਾਵਾਂ ਨੂੰ ਵੀ ‘ਬਾਣੀ’ ਕਹਿ ਦਿੱਤਾ ਜਾਂਦਾ ਹੈ।

ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਬਾਣੀਕਾਰਾਂ ਨੂੰ ਆਵੇਸ਼ਿਤ ਹੋਈ ਹੋਵੇ। ਇਸੇ ਲਈ ਇਸ ਨੂੰ ‘ਧੁਰ ਕੀ ਬਾਣੀ ’ ਅਤੇ ‘ਖਸਮ ਕੀ ਬਾਣੀ ’ ਕਿਹਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿਚ ਸਪੱਸ਼ਟ ਕੀਤਾ ਹੈ—ਹਉ ਆਪਹੁ ਬੋਲਿ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ (ਗੁ.ਗ੍ਰੰ.763)। ਗੁਰੂ ਰਾਮਦਾਸ ਜੀ ਨੇ ਬਾਣੀ ਅਤੇ ਗੁਰੂ ਨੂੰ ਅਭਿੰਨ ਮੰਨਦੇ ਹੋਇਆਂ ਸੇਵਕ ਨੂੰ ਤਾਕੀਦ ਕੀਤੀ ਹੈ ਕਿ ਬਾਣੀ ਨੂੰ ਮੰਨਣ ਨਾਲ ਗੁਰੂ ਪ੍ਰਤਖ ਤੌਰ ’ਤੇਜਿਗਿਆਸੂ ਦਾ ਭਵਸਾਗਰ ਤੋਂ ਉੱਧਾਰ ਕਰਾ ਦਿੰਦਾ ਹੈ—ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ (ਗੁ.ਗ੍ਰੰ. 982)। ਇਹ ਬਾਣੀ ਕਰਤਾ ਪੁਰਖ ਨੇ ਆਪ ਗੁਰੂ-ਮੁਖ ਤੋਂ ਉੱਚਾਰਣ ਕਰਵਾਈ ਹੈ—ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ (ਗੁ.ਗ੍ਰੰ.308)।

ਗੁਰੂ ਅਮਰਦਾਸ ਜੀ ਨੇ ਗੁਰਬਾਣੀ ਨੂੰ ਨਿਰੰਕਾਰ ਦੀ ਬਾਣੀ ਕਹਿ ਕੇ ਇਸ ਦੇ ਸੱਚੇ ਹੋਣ ਦੀ ਸਥਾਪਨਾ ਕੀਤੀ ਹੈ—ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ਅਤੇ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਕੋਇ (ਗੁ.ਗ੍ਰੰ.515)। ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਭਵਸਾਗਰ ਤੋਂ ਤਰਨਾ ਸਰਲ ਦਸਿਆ ਹੈ—ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ (ਗੁ.ਗ੍ਰੰ.944)। ਸਿੱਧ ਹੈ ਕਿ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ (ਗੁ.ਗ੍ਰੰ.67)। ਵੇਖੋ ‘ਗੁਰਬਾਣੀ ਬਨਾਮ ਕਾਵਿ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਾਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਣੀ (ਸੰ.। ਸੰਸਕ੍ਰਿਤ ਬਾਣਿ:। ਧਾਤੂ ਬਣੑ=ਬੋਲਣਾ) ੧. ਅਵਾਜ਼, ਜੋ ਕੁਛ ਮੂੰਹ ਥੀਂ ਬੋਲਿਆ ਜਾਏ, ਬਚਨ। ਯਥਾ-‘ਕੋਮਲ ਬਾਣੀ ਸਭ ਕਉ ਸੰਤੋਖ ’। ਨਰਮ ਬਚਨ ਨਾਲ ਸਭ ਕਿਸੇ ਨੂੰ ਪ੍ਰਸੰਨ ਕਰੇ

੨. ਉਹ ਸ਼ਬਦ ਜੋ ਵਾਹਿਗੁਰੂ ਤੋਂ ਹੋਵੇ। ‘ਸੁਅਸਤਿ ਆਥਿ ਬਾਣੀ ਬਰਮਾਉ’।                  ਦੇਖੋ , ‘ਬਰਮਾਉ’

੩. ਉਹ ਬਚਨ ਜੋ ਸਤਿਗੁਰ ਦੇ ਮੂੰਹੋਂ ਨਿਕਲੇ, ਸਤਿਗੁਰ ਦਾ ਉਪਦੇਸ਼। ਯਥਾ-‘ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿਨਾਮੁ ਪਾਇਦਾ’।

੪. ਗੁਰੂ ਦਾ ਦਿਤਾ ਨਾਮ ਉਪਦੇਸ਼, ਨਾਮ। ਯਥਾ-‘ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ’। ਤਥਾ-‘ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ’।

੫. ਸਿਖ ਗੁਰੂ ਸਾਹਿਬਾਂ ਦੀ ਰਚੀ ਹੋਈ ਬਾਣੀ ਜਿਸ ਵਿਚ ਆਤਮ ਤਤ ਭਰੇ ਪਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਅਤੇ ਦਸਮੇ ਸਤਿਗੁਰਾਂ ਜੀ ਦੀ ਬਾਣੀ*। ਯਥਾ-‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖ ਗੁਰੂ ਨਿਸਤਾਰੇ’। ਤਥਾ-‘ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ’। ਇਸ ਬਾਣੀ ਨੂੰ ਅਕਸਰ ਸੱਚੀ ਬਾਣੀ ਤੇ ਗੁਰਬਾਣੀ ਕਰਕੇ ਲਿਖਿਆ ਹੈ। ਯਥਾ-‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ’। ਤਥਾ-‘ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ’।

            ਹੋਰ ਕਵੀਸ਼ਰਾਂ, ਸਾਧੂਆਂ, ਅਨਭਿਗ ਚਿਤਾਂ ਦੀ ਉਚਰੀ ਹੋਈ ਰਚਨਾ। ਯਥਾ-‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’। ਇਸ ਬਾਣੀ ਨੂੰ ਕੱਚੀ ਕਰਕੇ ਕਿਹਾ ਹੈ, ਇਸ ਤਰ੍ਹਾਂ ਵਿਸ਼ੇਖ਼ਣ ਨਾਲ ਲਗ ਲਗਕੇ ਬਾਣੀ ਦੇ ਅਰਥ ਵਖਰੇ ਹੁੰਦੇ ਜਾਂਦੇ ਹਨ। ਯਥਾ-‘ਬਾਣੀ ਬ੍ਰਹਮ’=ਵੇਦ ਬਾਣੀ।                        ਦੇਖੋ, ‘ਬਾਣੀ ਬ੍ਰਹਮ’

ਤਥਾ-‘ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੁ’। ‘ਬਾਣੀ+ਬ੍ਰਹਮ+ਆਵੇਦ’। =ਉਹ ਬਾਣੀ ਜੋ ਬ੍ਰਹਮ ਦਾ ਗ੍ਯਾਨ ਸਿਖਾਵੇ।

੭. ਵਾਹਿਗੁਰੂ ਜੀ ਵਲੋਂ ਆਇਆ ਗਿਆਨ , ਇਲਹਾਮ। ਯਥਾ-‘ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ’।

            ਜੋ ਬਾਣੀ ਸਤਿਗੁਰ ਮੂੰਹੋਂ ਉਚਾਰਦੇ ਹਨ ਉਹ ਧੁਰੋਂ ਆਈ ਬਾਣੀ ਯਾ ਇਲਹਾਮ ਹੁੰਦਾ ਹੈ। ਯਥਾ-‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ’।

੮. ਨਾਦ, ਸ਼ਬਦ। ਇਸੇ ਨੂੰ ਚਾਰ ਬਾਣੀ ਬੀ ਕਹਿੰਦੇ ਹਨ। ਇਸ ਦੇ ਚਾਰ ਟਿਕਾਣੇ ਪਹਿਲੇ ਚਾਰ ਚੱਕ੍ਰਾਂ ਵਿਚ ਜੋਗੀਆਂ ਨੇ ਮੰਨੇ ਹਨ। ਪਹਿਲੇ ਮੂਲਾਧਾਰ ਚਕ੍ਰ ਵਿਚੋਂ ਜੋ ਉਠੇ ਸੋ ਪਰਾ , ਜੋ ਇਥੋਂ ਉਠਕੇ ਹਿਰਦੇ ਵਿਚ ਪਹੁੰਚਦਾ ਹੈ ਤਦ ਪਸੰਤੀ ਯਾ ਪਸ਼ਯੰਤੀ, ਇਸ ਤੋਂ ਅੱਗੇ ਵਧ ਕੇ ਉਹ ਮਧਮੁ ਤੇ ਜਦ ਕੰਠ ਤੋਂ ਬਾਹਰ ਜ਼ਬਾਨ ਉਤੇ ਆਉਂਦੀ ਹੈ ਤਾਂ ਬੈਖਰੀ ਯਾ ਵੈਸ਼੍ਵਰੀ। ਯਥਾ-‘ਖਾਣੀ ਚਾਰੇ ਬਾਣੀ ਭੇਦਾ ’।

੯. (ਪੰਜਾਬੀ -ਬਣਨਾ- ਤੋਂ ਜੋ ਬਣੇ ਸੋ ਬਾਣੀ, ਬਾਨੀ) ਬਨਾਵਟ, ਗੋਂਦ , ਬਣਾਉ। ਯਥਾ-‘ਖਟ ਦਰਸਨ ਕੀ ਬਾਣੀ’। ਤਥਾ-‘ਬਰਖਸਿ ਬਾਣੀ ਬੁਦਬੁਦਾ ਹੇਰਿ’। ਭਾਵ (ਸਰੀਰ ਦੀ) ਬਨਾਵਟ ਬਰਖਾ ਦੇ ਬੁਦਬੁਦੇ ਸਮਾਨ (ਨਾਸ਼ਮਾਨ ਜਾਣ)। ਤਥਾ-‘ਅਗਨਿ ਬਿੰਬ ਪਵਣੈ ਕੀ ਬਾਣੀ’। ਪਉਣ ਪਾਣੀ ਤੇ ਅੱਗ ਦੀ ਬਨਾਵਟ।

੧੦. (ਸੰ.। ਸੰਸਕ੍ਰਿਤ ਬਾਣ:) ਬਾਣ , ਤੀਰ ਭਾਵ ਵਿਖ ਦੁਖ। ਯਥਾ-‘ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ’। ਤਥਾ-‘ਹਰਿ ਪ੍ਰੇਮ ਬਾਣੀ ਮਨੁ ਮਾਰਿਆ’।

----------

* ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾਂ ਨੂੰ ਬਾਣੀ ਤੇ ਗੁਰਬਾਣੀ ਬੀ ਆਖਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚੜ੍ਹੀ ਭਗਤਾਂ ਦੀ ਰਚਨਾ ਨੂੰ ਬੀ ਬਾਣੀ ਤੇ ਭਗਤ ਬਾਣੀ ਕਹਿੰਦੇ ਹਨ। ਗੁਰੂ ਸਾਹਿਬ ਨੇ ਆਪ ਉਨ੍ਹਾਂ ਦੀ ਰਚਨਾ ਨੂੰ ਬਾਣੀ ਕਿਹਾ ਹੈ, ਯਥਾ-‘ਸੁਰਿ ਨਰ ਤਿਨ ਕੀ ਬਾਣੀ ਗਾਵਹਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬਾਣੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਣੀ : ਇਸ ਦਾ ਸ਼ਾਬਦਿਕ ਅਰਥ ਬਣੀ ਹੋਈ ਜਾਂ ‘ਰਚਿਤ’ ਹੈ। ਭਾਰਤੀ ਵਿਦਵਾਨਾਂ ਨੇ ਚਾਰ ਪ੍ਰਕਾਰ ਦੀ ਬਾਣੀ ਦਾ ਸੰਕਲਪ ਪੇਸ਼ ਕੀਤਾ ਹੈ :–

1    ਪਰਾ ਅਥਵਾ ਮੂਲਾਧਾਰ ਵਿਚ ਰਹਿਣ ਵਾਲਾ ਸ਼ਬਦ।

2    ਪਸ਼ਿਅੰਤੀ ਅਥਵਾ ਮੂਲਾਧਾਰ ਤੋਂ ਹਿਰਦੇ ਵਿਚ ਆਇਆ ਸ਼ਬਦ।

3    ਮਧਿਅਮ ਅਥਵਾ ਹਿਰਦੇ ਤੋਂ ਕੰਠ ਵਿਚ ਆਇਆ ਸ਼ਬਦ।

4.   ਬੈਖਰੀ ਅਥਵਾ ਉਚਰਿਤ ਹੋਇਆ ਸ਼ਬਦ।

ਆਧੁਨਿਕ ਵਿਆਖਿਆ ਅਨੁਸਾਰ ਇਨ੍ਹਾਂ ਚਾਰ ਭੇਦਾਂ ਨੂੰ ਕ੍ਰਮਵਾਰ ਇਸ ਪ੍ਰਕਾਰ ਬਿਆਨਿਆ ਜਾ ਸਕਦਾ ਹੈ:–

1    ਭਾਸ਼ਾ ਦੀ ਪ੍ਰਣਾਲੀ

2    ਇਕ ਸਮੇਂ ਤੇ ਮਨ ਵਿਚ ਘੁੰਮ ਰਹੇ ਵਿਚਾਰ

3    ਇਕ ਸਮੇਂ ਤੇ ਉਚਾਰਣ ਦੀ ਭਾਵਨਾ ਅਧੀਨ ਮਨ ਵਿਚ ਆਏ ਵਿਚਾਰ ਉਚਾਰੇ ਗਏ ਸ਼ਬਦ ਜਾਂ ਵਾਕ ।

 ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਚਨਾ ਨੂੰ ਬਾਣੀ ਕਿਹਾ ਜਾਂਦਾ ਹੈ ਜਿਸ ਬਾਰੇ ਫੁਰਮਾਨ ਹੈ :–

     ਧੁਰ ਕੀ ਬਾਣੀ ਆਈ ‖

     ਤਿਨ ਸਗਲੀ ਚਿੰਤ ਮਿਟਾਈ ‖

ਗੁਰੂ ਸਾਹਿਬਾਨ ਦੁਆਰਾ ਰਚੀ ਬਾਣੀ ਨੂੰ ਗੁਰਬਾਣੀ ਅਤੇ ਭਗਤਾਂ ਦੁਆਰਾ ਰਚਿਤ ਬਾਣੀ ਨੂੰ ਭਗਤਬਾਣੀ ਕਿਹਾ ਜਾਂਦਾ ਹੈ। ਬਾਣੀ ਦਾ  ਸੰਕਲਪ ਰੱਬੀ ਦਾਤ ਜਾਂ ਦੈਵੀ ਆਵੇਸ਼ ਦੇ ਸਿਧਾਂਤ ਨਾਲ ਸਬੰਧਤ ਹੈ।

    ਜੈਸੀ ਮੈ ਆਵੈ ਖਸਮ ਕੀ ਬਾਣੀ

     ਤੈਸੜਾ ਕਰੀ ਗਿਆਨੁ ਵੇ ਲਾਲੋ ‖

ਇਸ ਮਹਾਨ ਬਾਣੀ ਦੀ ਵਿਆਖਿਆ ਅਤੇ ਇਸ ਦਾ ਵਿਚਾਰ ਵੀ ਉਹੀ ਕਰ ਸਕਦਾ ਹੈ ਜਿਸ ਦੇ ਮਨ ਵਿਚ ਸ਼ਰਧਾ ਭਾਵਨਾ ਹੈ :–

     ਬਾਣੀ ਬਿਰਲਉ ਬੀਚਾਰਸੀ

     ਜੇ ਕੋ ਗੁਰਮੁਖਿ ਹੋਇ ‖

     ਇਹ ਬਾਣੀ ਮਹਾਪੁਰਖ ਕੀ

     ਨਿਜ ਘਰਿ ਵਾਸਾ ਹੋਇ ‖

ਗੁਰਵਾਕ ਅਨੁਸਾਰ ਅੰਧਕਾਰ ਰੂਪੀ ਸੰਸਾਰ ਵਿਚ ਬਾਣੀ ਹੀ ਪ੍ਰਕਾਸ਼ ਦਾ ਅਸਲੀ ਸ੍ਰੋਤ ਹੈ :–

 ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ ‖’’

  ਸ੍ਰੀ ਗੁਰੂ ਅਮਰਦਾਸ ਜੀ ਸਮੂਹ ਸਿੱਖ ਭਗਤ ਨੂੰ ਰੱਬੀ ਬਾਣੀ ਦਾ ਗਾਇਨ ਕਰਨ ਲਈ ਪ੍ਰੇਰਦੇ ਹਨ :–

     ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ

     ਗਾਵਹੁ ਸਚੀ ਬਾਣੀ ‖

     ਬਾਣੀ ਤ ਗਾਵਹੁ ਗੁਰੂ ਕੇਰੀ

      ਬਾਣੀਆ ਸਿਰਿ ਬਾਣੀ ‖

            ਅਥਵਾ

  ਗੁਰਬਾਣੀ ਗਾਵਹੁ ਭਾਈ ‖

   ਓਹ ਸਫਲ ਸਦਾ ਸੁਖਦਾਈ ‖

ਗੁਰੂ ਰਾਮਦਾਸ ਜੀ ਨੇ ਇਸ ਨੂੰ ਜੀਵਨ ਆਧਾਰ ਦਸਦਿਆਂ ਹੋਇਆ ਫੁਰਮਾਇਆ ਹੈ :–

    ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ‖

    ਮੈ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗਿ ਰਹਾਉ ‖

ਬਾਣੀ ਸ਼ਬਦ ਨੂੰ ਬਣੀ ਹੋਈ ਜਾਂ ਰਚਿਤ ਦੇ ਸੰਦਰਭ ਵਿਚ ਵਰਤਦਿਆਂ ਗੁਰੂ ਸਾਹਿਬ ਦਾ ਫੁਰਮਾਨ ਹੈ :–

   ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ‖

ਅਰਥਾਤ ਅੱਗ ਪਾਣੀ (ਬਿੰਬ) ਅਤੇ ਹਵਾ (ਪਵਣ) ਦੀ ਰਚਨਾ ਇਹ ਜਗਤ ਹੈ ਜਿਸ ਵਿਚ ਤਿੰਨ ਤਰ੍ਹਾਂ ਦੇ ਜੀਵ ਹਨ-ਤਾਮਸੀ, ਰਾਜਸੀ ਅਤੇ ਸਾਤਵਿਕ।

ਮਹਾਨ ਕੋਸ਼ ਨੇ ਬਾਣੀ ਦਾ ਇਕ ਅਰਥ ਖੁਭਣ ਵਾਲੀ ਜਾਂ ਚਟਪਟੀ ਵੀ ਦਿੱਤਾ ਹੈ :–

    ਅੰਤਰਿ ਸਹਸਾ ਬਾਹਰਿ ਮਾਇਆ

    ਨੈਣੀ ਲਾਗਸਿ ਬਾਣੀ ‖


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-02-34-48, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗੁ. ਖਾ. ਗੁ. ਪ੍ਰ. ਸੂ. ਗ੍ਰੰ. : ਕਲਗੀਧਰ ਚਮਤਕਾਰ-ਭਾਈ ਵੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.