ਬਲਵੰਤ ਗਾਰਗੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਲਵੰਤ ਗਾਰਗੀ (1916–2003): ਪੰਜਾਬੀ ਦੇ ਇਸ ਸੁਪ੍ਰਸਿੱਧ ਨਾਟਕਕਾਰ ਦਾ ਜਨਮ 4 ਦਸੰਬਰ 1916 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਹਿਣਾ ਵਿੱਚ ਸ਼ਿਵਦਿਆਲ ਦੇ ਘਰ ਹੋਇਆ। ਮੁਢਲੀ ਸਿੱਖਿਆ ਪਿੰਡ ਦੇ ਸਥਾਨਿਕ ਸਕੂਲ ਤੋਂ ਪ੍ਰਾਪਤ ਕਰ ਕੇ ਮਹਿੰਦਰਾ ਕਾਲਜ, ਪਟਿਆਲਾ ਤੋਂ ਐਫ਼.ਏ. ਦੀ ਪਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਐਫ਼.ਸੀ. ਕਾਲਜ, ਲਾਹੌਰ ਤੋਂ ਐਮ.ਏ. ਪੁਲੀਟੀਕਲ ਸਾਇੰਸ ਤੇ ਡੀ.ਏ.ਵੀ. ਕਾਲਜ, ਲਾਹੌਰ ਤੋਂ ਐਮ.ਏ. ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ।

     ਬਲਵੰਤ ਗਾਰਗੀ ਬਹੁਤ ਹੀ ਪ੍ਰਤਿਭਾਵਾਨ ਨਾਟਕਕਾਰ ਸੀ। ਉਸ ਨੇ ਬਾਹਰਲੇ ਦੇਸਾਂ-ਪੋਲੈਂਡ, ਫ਼੍ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿੱਚ ਜਾ ਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਕੀਤਾ। 1944 ਵਿੱਚ ਉਸ ਦਾ ਪਹਿਲਾ ਨਾਟਕ ਲੋਹਾ ਕੁੱਟ ਛਪਿਆ ਅਤੇ ਆਪਣੇ ਪਹਿਲੇ ਸਫਲ ਨਾਟਕ ਨਾਲ ਹੀ ਉਸ ਨੇ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿੱਚ ਆਪਣੀ ਥਾਂ ਬਣਾ ਲਈ। ਗਾਰਗੀ ਦੇ ਲਿਖੇ ਨਾਟਕ ਕੇਸਰੋ ਤੇ ਸੋਹਣੀ ਮਹੀਂਵਾਲ ਮਹੀਨਿਆਂ ਬੱਧੀ ਪੱਛਮੀ ਰੰਗ-ਮੰਚ ਤੇ ਵੀ ਖੇਡੇ ਗਏ। ਗਾਰਗੀ ਨੂੰ ਰੰਗ-ਮੰਚ ਦੀ ਕਲਾ ਦਾ ਬਹੁਤ ਅਨੁਭਵ ਸੀ। ਉਸ ਨੇ ਪੰਜਾਬ ਯੂਨੀ- ਵਰਸਿਟੀ ਚੰਡੀਗੜ੍ਹ ਤੇ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਰੰਗ-ਮੰਗ ਦਾ ਅਧਿਆਪਨ ਵੀ ਕੀਤਾ।

     ਨਾਟਕ ਤੋਂ ਇਲਾਵਾ ਗਾਰਗੀ ਇੱਕ ਸਫਲ ਕਹਾਣੀ- ਕਾਰ, ਨਾਵਲਕਾਰ, ਆਲੋਚਕ ਅਤੇ ਰੰਗ-ਮੰਚ ਸੰਬੰਧੀ ਵਿਸ਼ੇਸ਼ ਖੋਜੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

     ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਧੂਣੀ ਦੀ ਅੱਗ, ਸੌਂਕਣ, ਅਭਿਸਾਰਕ, ਸੋਹਣੀ ਮਹੀਂਵਾਲ ਆਦਿ ਗਾਰਗੀ ਦੇ ਪ੍ਰਮੁਖ ਨਾਟਕ ਅਤੇ ਦਸਵੰਧ, ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਚਾਕੂ, ਕਿੜੀਆਂ ਵਾਲਾ ਸੱਪ ਇਕਾਂਗੀ ਸੰਗ੍ਰਹਿ ਹਨ। ਇਹਨਾਂ ਤੋਂ ਇਲਾਵਾ ਗਾਰਗੀ ਨੇ ਕਕਾ ਰੇਤਾ (ਨਾਵਲ), ਡੁਲ੍ਹੇ ਬੇਰ (ਕਹਾਣੀ) ਅਤੇ ਵਾਰਤਕ ਦੇ ਖੇਤਰ ਵਿੱਚ ਰੰਗ-ਮੰਗ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿੱਚ ਪਾਏ।

     ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਰੱਖਦਾ ਸੀ। ਉਸ ਨੇ ਪੇਂਡੂ ਜਨ ਜੀਵਨ ਅਤੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਉਂਦਿਆਂ ਬੜੀ ਢੁੱਕਵੀਂ ਖੁੱਲ੍ਹੀ-ਡੁਲ੍ਹੀ ਤੇ ਸੁਭਾਵਿਕ ਪੇਂਡੂ ਵਾਰਤਾਲਾਪ ਨੂੰ ਬਖ਼ੂਬੀ ਪੇਸ਼ ਕੀਤਾ। ਗਾਰਗੀ ਦੇ ਲਿਖੇ ਨਾਟਕਾਂ ਦੀ ਸਭ ਤੋਂ ਵੱਡੀ ਖ਼ੂਬੀ ਮੰਚ ਤੇ ਸਫਲਤਾ- ਪੂਰਬਕ ਨਾਟਕ ਨਿਭਾਅ ਕਰ ਕੇ ਹੈ। ਵਿਅਕਤੀਗਤ ਰੁਮਾਂਸਵਾਦ ਤੇ ਚਿੰਨ੍ਹਵਾਦ ਇਸਦੇ ਨਾਟਕਾਂ ਦਾ ਵਿਸ਼ੇਸ਼ ਲੱਛਣ ਹੈ। ਪੱਛਮੀ ਸਾਹਿਤ ਅਧਿਐਨ ਅਤੇ ਨਾਟਕ ਤੇ ਰੰਗਮੰਚ ਦੀ ਸੂਝ ਕਾਰਨ ਗਾਰਗੀ ਨੇ ਆਪਣੇ ਸਮਕਾਲੀ ਨਾਟਕਕਾਰਾਂ ਵਿੱਚ ਸਿਰਮੌਰਤਾ ਹਾਸਲ ਕੀਤੀ।

     ਬਲਵੰਤ ਗਾਰਗੀ ਨੇ ਹਰ ਨਾਟਕ ਵਿੱਚ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਰ ਤਜਰਬੇ ਵਿੱਚ ਸਫਲਤਾ ਮਿਲੀ। ਧੂਣੀ ਦੀ ਅੱਗ ਵਿੱਚ ਬਹੁਤ ਹੀ ਸੂਖਮ, ਮਨੋਵਿਗਿਆਨਿਕ ਤ੍ਰਾਸਦਿਕ ਸਥਿਤੀ ਨੂੰ ਨਿਭਾਇਆ। ਸੁਲਤਾਨ ਰਜੀਆ ਉਸ ਦਾ ਇੱਕ ਸਫਲ ਇਤਿਹਾਸਿਕ ਨਾਟਕ ਹੈ। ਘੁੱਗੀ ਅਮਨ ਲਹਿਰ ਲਈ ਲਿਖਿਆ ਇੱਕ ਸਫਲ ਨਾਟਕ ਹੈ। ਗਗਨ ਮੈ ਥਾਲ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਲਿਖਿਆ ਨਾਟਕ ਹੈ। ਅਮਰੀਕਾ ਤੋਂ ਵਾਪਸ ਪਰਤਣ ਉਪਰੰਤ ਉਸ ਨੇ ਪਾਤਾਲ ਦੀ ਧਰਤੀ ਨਾਂ ਦਾ ਸਫ਼ਰਨਾਮਾ ਲਿਖਿਆ। ਅੰਗਰੇਜ਼ੀ ਵਿੱਚ The Naked Triangle ਪੁਸਤਕ ਦੀ ਰਚਨਾ ਕੀਤੀ ਜੋ ਪਾਠਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਜਿਸ ਦਾ ਬਾਅਦ ਵਿੱਚ ਗਾਰਗੀ ਨੇ ਨੰਗੀ ਧੁੱਪ ਨਾਂ ਹੇਠ ਪੰਜਾਬੀ ਅਨੁਵਾਦ ਕੀਤਾ। ਨਾਟਕ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵੱਲੋਂ (1958-59) ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਵੀ ਉਸ ਨੂੰ ਰੰਗ-ਮੰਚ ਪੁਸਤਕ ਲਿਖਣ ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ।

     ਲੰਬੀ ਬਿਮਾਰੀ ਮਗਰੋਂ 22 ਅਪ੍ਰੈਲ 2003 ਨੂੰ ਮੁੰਬਈ ਵਿਖੇ ਬਲਵੰਤ ਗਾਰਗੀ ਦਾ ਦਿਹਾਂਤ ਹੋ ਗਿਆ। ਉਸ ਦੀ ਅੰਤਿਮ ਇੱਛਾ ਅਨੁਸਾਰ ਦਿੱਲੀ ਵਿੱਚ ਉਸ ਦਾ ਸਸਾਕਾਰ ਕੀਤਾ ਗਿਆ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 29456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਲਵੰਤ ਗਾਰਗੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਲਵੰਤ ਗਾਰਗੀ : ਪੰਜਾਬੀ ਦੇ ਇਸ ਉੱਘੇ ਸਾਹਿਤਕਾਰ ਅਤੇ ਨਾਟਕਕਾਰ ਦਾ ਜਨਮ ਬਠਿੰਡੇ ਜ਼ਿਲ੍ਹੇ ਦੇ ਪਿੰਡ ਸਹਿਣਾ ਵਿਖੇ ਸ੍ਰੀ ਸ਼ਿਵ ਦਿਆਲ ਦੇ ਘਰ 4 ਦਸੰਬਰ, 1915 ਨੂੰ ਹੋਇਆ। ਇਸ ਨੇ ਐਫ਼.ਸੀ. ਕਾਲਜ ਲਾਹੌਰ ਤੋਂ ਅੰਗਰੇਜ਼ੀ ਅਤੇ ਰਾਜਨੀਤਿਕ ਵਿਗਿਆਨ ਦੀ ਐਮ.ਏ. ਕੀਤੀ। ਸ੍ਰੀ ਰਾਬਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਨਾਲ ਇਸ ਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। 

ਬਲਵੰਤ ਗਾਰਗੀ ਜਮਾਂਦਰੂ ਨਾਟਕੀ ਰੁਚੀਆਂ ਦਾ ਮਾਲਕ ਸੀ। ਇਹ ਆਪਣੇ ਪਹਿਲੇ ਨਾਟਕ ‘ਲੋਹਾ ਕੁੱਟ’ (1944) ਨਾਲ ਹੀ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿਚ ਆ ਖਲੋਤਾ ਸੀ। ਪੱਛਮ ਦੀ ਨਾਟਕੀ ਪਰੰਪਰਾ ਦੀ ਪੂਰਨ ਸੋਝੀ ਹੋਣ ਕਰ ਕੇ ਅਤੇ ਵਿਸ਼ਾਲ ਅਧਿਐਨ ਕਰਨ ਕਰ ਕੇ ਇਸ ਦੇ ਨਾਟਕ ਕਲਾ ਦੇ ਪੱਖ ਤੋਂ ਬਿਲਕੁਲ ਨਿਪੁੰਨ ਹੁੰਦੇ ਹਨ। ਪੇਂਡੂ ਹੋਣ ਕਰ ਕੇ ਇਸ ਨੂੰ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਨਿੱਜੀ ਵਾਕਫੀ ਸੀ। ਇਸ ਨੇ ਪੇਂਡੂ ਦੇ ਜੀਵਨ ਦੀ ਹਰ ਪੱਖ ਤੋਂ ਆਲੋਚਨਾ ਤੇ ਵਿਆਖਿਆ ਆਪਣੀਆਂ ਰਚਨਾਵਾਂ ਵਿਚ ਕੀਤੀ। ਢੁੱਕਵੀਂ ਖੁੱਲ੍ਹੀ-ਡੁੱਲ੍ਹੀ ਤੇ ਸੁਭਾਵਕ ਪੇਂਡੂ ਵਾਰਤਾਲਾਪ ਦਾ ਇਹ ਉਸਤਾਦ ਸੀ ਪਰ ਗਾਰਗੀ ਦੀ ਕਲਾ ਦੀ ਸਭ ਤੋਂ ਵੱਡੀ ਖੁਸ਼ੀ ਇਸ ਦਾ ਨਾਟਕੀ ਵਿਸ਼ਿਆਂ ਦੇ ਸਫਲਤਾ ਪੂਰਬਕ ਨਾਟਕੀ ਨਿਭਾ ਕਰਕੇ ਹੈ। ਵਿਅਕਤੀਗਤ ਰੋਮਾਂਸਵਾਦ ਤੇ ਚਿੰਨ੍ਹਵਾਦ ਇਸ ਦੇ ਨਾਟਕਾਂ ਦਾ ਵਿਸ਼ੇਸ਼ ਲੱਛਣ ਹੈ। ਘੁੱਗੀ, ਸੈਲ ਪੱਥਰ, ਕੇਸਰੋ, ਸੌਂਕਣ, ਬਿਸਵੇਦਾਰ, ਬਲਦੇ ਟਿੱਬੇ, ਅਭਿਸਾਰਕਾ, ਕਣਕ ਦੀ ਬੱਲੀ, ਨਵਾਂ ਮੁੱਢ ਆਦਿ ਇਸ ਦੇ ਪੂਰੇ ਨਾਟਕ ਹਨ। ਕੁਆਰੀ ਟੀਸੀ, ਬੇਬੇ, ਗਿਰਝਾਂ, ਪੱਤਣ ਦੀ ਬੇੜੀ, ਡਾਕਟਰ ਪਲਟਾ ਪੈਂਤੜੇਬਾਜ਼, ਚਾਕੂ ਆਦਿ ਇਸ ਦੇ ਸਫਲ ਇਕਾਂਗੀ ਹਨ। 

ਬਲਵੰਤ ਗਾਰਗੀ ਨੇ ਇਕ ਨਾਵਲ ‘ਕੱਕਾ ਰੇਤਾ’ ਵੀ ਲਿਖਿਆ। ਡੁੱਲ੍ਹੇ ਬੇਰ ਅਤੇ ਕਾਲਾ ਅੰਬ ਇਸ ਦੇ ਬੜੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਵਾਰਤਕ ਵਿਚ ਇਸ ਨੇ ਰੰਗਮੰਚ, ਪੱਛਮ ਦੇ ਨਾਟ-ਰੂਪ, ਨਿੰਮ ਦੇ ਪੱਤੇ, ਧੂਣੀ ਦੀ ਅੱਗ, ‘ਸੁਰਮੇ ਵਾਲੀ ਅੱਖ, ਕੋਡੀਆਂ ਵਾਲਾ ਸੱਪ, ਹਸੀਨ ਚਿਹਰੇ, ਸ਼ਰਬਤ ਦੀਆਂ ਘੁੱਟਾਂ ਆਦਿ ਪੁਸਤਕਾਂ ਲਿਖੀਆਂ। ਅਮਰੀਕਾ ਆਦਿ ਦੀ ਯਾਤਰਾ ਮਗਰੋਂ ਇਸ ਨੇ ਪਾਤਾਲ ਦੀ ਧਰਤੀ ਨਾਂ ਦਾ ਸਫਰਨਾਮਾ ਲਿਖਿਆ। ਰਜ਼ੀਆ ਸੁਲਤਾਨਾ ਇਸ ਦਾ ਉੱਘਾ ਨਾਟਕ ਹੈ। ਗਾਰਗੀ ਨੂੰ ਅੰਗਰੇਜ਼ੀ ਉੱਤੇ ਵੀ ਕਮਾਨ ਹਾਸਲ ਸੀ। ਇਸ ਦੀ ਸਵੈਜੀਵਨੀ ‘Naked Triangle’ ਪੁਸਤਕ ਬਹੁਤ ਪ੍ਰਸਿੱਧ ਹੋਈ ਅਤੇ ਬੜੀ ਚਰਚਾ ਦਾ ਵਿਸ਼ਾ ਬਣੀ ਜਿਸ ਦਾ ਪੰਜਾਬੀ ਅਨੁਵਾਦ ਇਸ ਨੇ ਨੰਗੀ ਧੁੱਪ ਨਾਂ ਹੇਠ ਕੀਤਾ। ਆਲੋਚਨਾ ਦੇ ਖੇਤਰ ਵਿਚ ਰੰਗ ਮੰਚ, ਲੋਕਨਾਟਕ ਅਤੇ ਨਿਰੰਕਾਰੀ ਬਾਬਾ ਗੁਰਬਚਣ ਸਿੰਘ (ਅੰਗਰੇਜ਼ੀ ਵਿਚ) ਇਸ ਦੀਆਂ ਪ੍ਰਸਿਧ ਪੁਸਤਕਾਂ ਹਨ। 

ਗਾਰਗੀ ਦੀ ਬੋਲੀ ਅਤਿਅੰਤ ਠੇਠ, ਸਿਆਣਪ ਤੇ ਵਿਅੰਗ ਭਰਪੂਰ ਹੈ। ਇਸ ਨੇ ਸਾਰੀ ਦੁਨੀਆ ਵਿਚ ਪੰਜਾਬ ਦਾ ਨਾਂ ਉੱਚਾ ਕੀਤਾ। ਇਸ ਦਾ ਸਥਾਨ ਪੰਜਾਬ ਦੇ ਮਹਾਨ ਨਾਟਕਕਾਰਾਂ ਵਿਚ ਹੈ। ਸੰਨ 1958-59 ਵਿਚ ਭਾਸ਼ਾ ਵਿਭਾਗ, ਪੰਜਾਬੀ ਵੱਲੋਂ ਇਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵੱਜੋਂ ਸਨਮਾਨਿਆ ਗਿਆ। 

ਲੰਬੀ ਬਿਮਾਰੀ ਮਗਰੋਂ 22 ਅਪ੍ਰੈਲ, 2003 ਨੂੰ ਮੁੰਬਈ ਵਿਖੇ ਇਸ ਦਾ ਦੇਹਾਂਤ ਹੋ ਗਿਆ। ਇਸ ਦੀ ਅੰਤਿਮ ਇੱਛਾ ਅਨੁਸਾਰ ਦਿੱਲੀ ਵਿਖੇ ਇਸ ਦਾ ਅੰਤਿਮ ਸੰਸਕਾਰ ਕੀਤਾ ਗਿਆ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-33-07, ਹਵਾਲੇ/ਟਿੱਪਣੀਆਂ: ਹ. ਪੁ. –ਗਦਰ ਪਾਰਟੀ ਲਹਿਰ-ਜਗਜੀਤ ਸਿੰਘ; ਬਾਬਾ ਸੋਹਣ ਸਿੰਘ ਭਕਨਾ-ਜਸਵੰਤ ਜਬ. ਐ. ਫ੍ਰੀ. ਫਾ. -ਫੌਜਾ ਸਿੰਘ : 75

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.