ਬਰਨਾਰਡ ਸ਼ਾਅ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਰਨਾਰਡ ਸ਼ਾਅ (1585–1950): ਮਹਾਨ ਬਰਤਾਨਵੀ ਨਾਟਕਕਾਰ ਜਾਰਜ ਬਰਨਾਰਡ ਸ਼ਾਅ (George Bernard Shaw) ਇੱਕ ਆਲੋਚਕ, ਵਿਦਵਾਨ ਅਤੇ ਭਾਸ਼ਨਕਾਰ ਦੇ ਤੌਰ ਤੇ ਵੀ ਪ੍ਰਸਿੱਧ ਹੈ। ਉਸ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਕਾਫ਼ੀ ਪਛੜ ਕੇ ਤੇ ਲੰਬੇ ਸੰਘਰਸ਼ ਤੋਂ ਬਾਅਦ ਲਗਪਗ 40 ਸਾਲ ਦੀ ਉਮਰ ਵਿੱਚ ਮਿਲੀ। ਇਸ ਕਾਮਯਾਬੀ ਦੀ ਸਿਖਰ ਉਦੋਂ ਹੋਈ ਜਦੋਂ ਉਸ ਨੂੰ 1925 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਲਗਪਗ ਆਪਣੇ ਅੰਤਿਮ ਦਿਨਾਂ, ਭਾਵ 95 ਸਾਲ ਦੀ ਉਮਰ ਤੱਕ ਲੇਖਕ ਦੇ ਤੌਰ ਤੇ ਸਰਗਰਮ ਰਿਹਾ। ਉਸ ਨੇ ਤਕਰੀਬਨ 50 ਨਾਟਕ ਲਿਖੇ। ਡਰਾਮੇ ਬਾਰੇ ਉਸ ਦਾ ਨਜ਼ਰੀਆ ਗ਼ੈਰ-ਰਵਾਇਤੀ ਸੀ। ਉਹ ਥੀਏਟਰ ਨੂੰ ਮਨ-ਪ੍ਰਚਾਵੇ ਦਾ ਸਾਧਨ ਸਮਝਣ ਦੀ ਬਜਾਏ ਗੰਭੀਰ ਸੋਚ ਵਿਚਾਰ ਦਾ ਮਾਧਿਅਮ ਮੰਨਦਾ ਹੈ। ਉਸ ਨੇ ਆਪਣਾ ਹੀ ਇੱਕ ਵੱਖਰਾ ਅੰਦਾਜ਼ ਵਿਕਸਿਤ ਕੀਤਾ ਜੋ ਕਿ ਬਹੁਤ ਤਿੱਖਾ, ਵਿਅੰਗਮਈ ਅਤੇ ਡੂੰਘੀ ਸੋਚ ਨਾਲ ਭਰਪੂਰ ਸੀ।

     ਸ਼ਾਅ ਦਾ ਜਨਮ 26 ਜੁਲਾਈ 1856 ਨੂੰ ਆਇਰਲੈਂਡ ਵਿੱਚ ਡਬਲਿਨ ਨਾਂ ਦੇ ਸਥਾਨ ਤੇ ਹੋਇਆ। ਉਹ ਐਂਗਲੋ ਇੰਗਲਿਸ਼ ਨਸਲ ਵਿੱਚੋਂ ਸੀ। ਉਸ ਦੇ ਮਾਤਾ-ਪਿਤਾ ਦਾ ਵਿਵਾਹਿਤ ਜੀਵਨ ਖ਼ੁਸ਼ੀ ਭਰਪੂਰ ਨਹੀਂ ਸੀ। ਸ਼ਾਅ ਅਜੇ ਲੜਕਪਨ ਦੀ ਉਮਰ ਵਿੱਚ ਹੀ ਸੀ ਜਦੋਂ ਉਸ ਦੀ ਮਾਂ ਉਸ ਦੇ ਪਿਤਾ ਨੂੰ ਛੱਡ ਕੇ ਚਲੀ ਗਈ। ਇਸ ਉਮਰ ਵਿੱਚ ਸ਼ਾਅ ਨੂੰ ਦੋ ਸ਼ਖ਼ਸੀਅਤਾਂ ਨੇ ਕਾਫ਼ੀ ਪ੍ਰਭਾਵਿਤ ਕੀਤਾ, ਇੱਕ ਉਸ ਦੀ ਮਾਂ ਨੇ, ਜੋ ਇੱਕ ਗਾਇਕ ਤੇ ਪਿਆਨੋਵਾਦਕ ਸੀ ਤੇ ਦੂਜਾ ਜਾਰਜ ਵੈਂਡੂਲੀਅਰ ਨੇ, ਜੋ ਇੱਕ ਸੰਗੀਤ ਅਧਿਆਪਕ ਤੇ ਸ਼ੋ ਪ੍ਰਬੰਧਕ ਸੀ। ਤਕਰੀਬਨ ਪੰਜ ਸਾਲ ਕਲਰਕ ਵਜੋਂ ਕੰਮ ਕਰਨ ਤੋਂ ਬਾਅਦ ਸ਼ਾਅ 1876 ਵਿੱਚ ਲੰਦਨ ਚਲਾ ਗਿਆ।

     ਅਗਲੇ ਦਹਾਕੇ ਵਿੱਚ ਸ਼ਾਅ ਦੀ ਜ਼ਿੰਦਗੀ ਕਾਫ਼ੀ ਸੰਘਰਸ਼ਪੂਰਨ ਰਹੀ ਕਿਉਂਕਿ ਉਸ ਦਾ ਪਰਿਵਾਰ ਕਾਫ਼ੀ ਮੁਸ਼ਕਲਾਂ ’ਚ ਘਿਰਿਆ ਹੋਇਆ ਸੀ। ਇਹਨਾਂ ਹੀ ਸਾਲਾਂ ਵਿੱਚ ਸ਼ਾਅ ਨੇ ਬ੍ਰਿਟਿਸ਼ ਅਜਾਇਬ ਘਰ ਵਿੱਚ ਸਰਬਪੱਖੀ ਅਧਿਐਨ ਕੀਤਾ, ਸਾਹਿਤਿਕ ਤੇ ਵਿਚਾਰ-ਵਟਾਂਦਰਾ ਕਰਨ ਵਾਲੀਆਂ ਸਮਿਤੀਆਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। 1880 ਵਿੱਚ ਉਹ ਉਹਨਾਂ ਦਾਇਰਿਆਂ ਵਿੱਚ ਵਿਚਰਿਆ ਜਿਨ੍ਹਾਂ ਵਿੱਚ ਉਤਪਤੀ ਸਿਧਾਂਤ ਦੀ ਕਾਫ਼ੀ ਚਰਚਾ ਸੀ। ਇਸੇ ਹੀ ਸਾਲ ਵਿਲੀਅਮ ਆਰਚਰ ਦੀ ਮਦਦ ਨਾਲ, ਸ਼ਾਅ ਪੱਤਰਕਾਰੀ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗ ਪਿਆ। 1884 ਵਿੱਚ ਉਹ ਨਵ-ਸਥਾਪਿਤ ਹੋਈ ਫੇਬੀਅਨ ਸੁਸਾਇਟੀ ਵਿੱਚ ਸ਼ਾਮਲ ਹੋ ਗਿਆ। ਇਸੇ ਹੀ ਸਮੇਂ ਦੌਰਾਨ ਉਸ ਦੀ ਧਾਰਮਿਕ ਸੋਚ ਵੀ ਵਿਕਸਿਤ ਹੋਈ। 1887 ਵਿੱਚ ਉਹ ਵਿਲੀਅਮ ਬਟਲਰ ਦੀਆਂ ਲਿਖਤਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਇਸ ਨੇ ਸ਼ਾਅ ਨੂੰ ‘ਜੀਵਨ ਸ਼ਕਤੀ’ (life force) ਨੂੰ ਸਿਧਾਂਤਿਕ ਰੂਪ ਦੇਣ ਵਿੱਚ ਕਾਫ਼ੀ ਮਦਦ ਕੀਤੀ। 1895 ਵਿੱਚ ਉਸ ਨੇ ਸੰਡੇ ਰੀਵਿਊ ਵਿੱਚ ਨਾਟਕਾਂ ਦੇ ਆਲੋਚਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਸੋਚਦਾ ਸੀ ਕਿ ਇਬਸਨ ਵਾਂਗ ਨਾਟਕ ਦੇ ਖੇਤਰ ਵਿੱਚ ਨਵੇਂ ਤੇ ਬਿਹਤਰ ਰਸਤੇ ਲੱਭਣ ਦੀ ਜ਼ਰੂਰਤ ਸੀ। ਇਬਸਨ ਤੋਂ ਪ੍ਰਭਾਵਿਤ ਹੋ ਕੇ ਸ਼ਾਅ ਨੇ ਕਵਿੰਟੇਸੈਂਸ ਆਫ਼ ਇਬਸਨਿਜ਼ਮ ਨਾਂ ਦਾ ਲੇਖ ਵੀ ਲਿਖਿਆ।

     ਉਸ ਦੇ ਪਹਿਲੇ ਤਿੰਨ ਨਾਟਕ, ਵਿਡੋਅਰ’ਜ਼ ਹਾਊਸਜ਼ (1892), ਦਾ ਫਿਲੈਂਡਰਰ (1893) ਅਤੇ ਮਿਸਿਜ਼ ਵਾਰਨ’ਜ਼ ਪ੍ਰੋਫੈਸ਼ਨ (1893), ਝੁੱਗੀਆਂ ਝੌਂਪੜੀਆਂ ਦੇ ਹਾਲਾਤ ਤੇ ਵੇਸਵਾਗਮਨੀ ਜਿਹੇ ਸਮਾਜਿਕ ਮਸਲਿਆਂ ਬਾਰੇ ਹਨ। ਆਰਮਜ਼ ਐਂਡ ਦਾ ਮੈਨ ਉਸ ਦੇ ਹਾਸ ਵਿਅੰਗ ਦਾ ਪਹਿਲਾ ਨਮੂਨਾ ਹੈ। ਇਸ ਵਿੱਚ ਸ਼ਾਅ ਨੇ ਯੁੱਧ ਨੂੰ ਇੱਕ ਰੁਮਾਂਟਿਕ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਹ ਉਸ ਦਾ ਕਾਮਯਾਬ ਹੋਣ ਵਾਲਾ ਪਹਿਲਾ ਨਾਟਕ ਸੀ। 1894 ਵਿੱਚ ਕੈਨਡਿਡਾ ਪੇਸ਼ ਕੀਤਾ ਗਿਆ ਜੋ ਕਿ ਪਹਿਲਾਂ ਤਾਂ ਠੀਕ-ਠੀਕ ਹੀ ਸਰਾਹਿਆ ਗਿਆ ਪਰ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ। ਕੈਨਡਿਡਾ ਤੋਂ ਬਾਅਦ ਸ਼ਾਅ ਦੇ ਤਕਰੀਬਨ ਸਾਰੇ ਨਾਟਕ ਸਮਾਜਿਕ ਤੇ ਨਿਜੀ ਵਿਕਾਸ ਦੀਆਂ ਸਮੱਸਿਆਵਾਂ ਤੇ ਚਾਨਣਾ ਪਾਉਂਦੇ ਹਨ। ਉਹ ਇਹਨਾਂ ਸਭ ਮੁਸ਼ਕਲਾਂ ਨੂੰ ਜੀਵਨ ਸ਼ਕਤੀ ਦੇ ਸੰਦਰਭ ਵਿੱਚ ਦੇਖਦਾ ਹੈ। ਦਾ ਡੈਵਿਲ’ਜ਼ ਡਿਸਾਈਪਲ (1897), ਕੈਪਟਨ ਬਰਾਸਬੋਂਡ’ਜ਼ ਕਨਵਰਸ਼ਨ (1899) ਅਤੇ ਐਂਡਰੋਕਲੀਜ਼ ਐਂਡ ਦਾ ਲਾਇਨ, ਉਹ ਨਾਟਕ ਹਨ ਜਿਨ੍ਹਾਂ ਵਿੱਚ ਨਾਇਕ ਦਾ ਸ੍ਵੈ-ਨਿਰੀਖਣ ਉਸ ਨੂੰ ਉਸ ਦੀ ਸ੍ਵੈ-ਪੂਰਤੀ ਵੱਲ ਲਿਜਾਂਦਾ ਹੈ।

     ਕੁਝ ਨਾਟਕ ਜਿਵੇਂ ਕਿ ਦਾ ਮੈਨ ਆਫ਼ ਡੈਸਟਿਨੀ (1895), ਸੀਜ਼ਰ ਐਂਡ ਕਲੀਓਪੈਟਰਾ (1898) ਅਤੇ ਮੇਜਰ ਬਾਰਬਰਾ (1905) ਵਿੱਚ ਨੈਪੋਲੀਅਨ, ਜੂਲੀਅਸ ਸੀਜ਼ਰ ਅਤੇ ਸਰ ਐਂਡਰੀਊ ਜਿਹੇ ਨਾਇਕਾਂ ਵਿੱਚ ਉਹ ਉਸ ‘ਮਹਾਨ ਆਦਮੀ’ ਨੂੰ ਤਲਾਸ਼ਦਾ ਹੈ ਜੋ ਕਿ ‘ਜੀਵਨ ਸ਼ਕਤੀ’ ਨੂੰ ਅਗਾਂਹ ਲੈ ਜਾਣ ਲਈ ਮਾਧਿਅਮ ਬਣ ਸਕਦਾ ਹੈ। ਮੈਨ ਐਂਡ ਸੁਪਰਮੈਨ (1903) ਵਿੱਚ ਉਸ ਦਾ ‘ਜੀਵਨ ਸ਼ਕਤੀ’ ’ਚ ਪੱਕਾ ਵਿਸ਼ਵਾਸ ਪ੍ਰਤੱਖ ਰੂਪ ਵਿੱਚ ਪ੍ਰਗਟ ਹੁੰਦਾ ਹੈ। ਉਸ ਦੇ ਤਕਰੀਬਨ ਸਾਰੇ ਨਾਟਕਾਂ ਵਿੱਚ ‘ਜੀਵਨ ਸ਼ਕਤੀ’ ਇੱਕ ਪ੍ਰਮੁਖ ਵਿਸ਼ਾ ਹੈ। ਇਸ ਦੇ ਨਾਲ ਹੀ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਮੇਜਰ ਬਾਰਬਰਾ ਵਿੱਚ ਗ਼ਰੀਬੀ, ਜੌਨ ਬੁਲ’ਜ਼ ਅਦਰ ਆਈਲੈਂਡ (1904) ਵਿੱਚ ਇੰਗਲੈਂਡ ਦਾ ਆਇਰਲੈਂਡ ਪ੍ਰਤਿ ਵਿਵਹਾਰ ਤੇ ਪਿਗ ਮੇਲੀਅਨ (1912) ਵਿੱਚ ਬ੍ਰਿਟਿਸ਼ ਜਮਾਤੀ ਰਚਨਾ ਨੂੰ ਉਭਾਰਨਾ ਸ਼ਾਅ ਨੂੰ ਸਮਾਜਿਕ ਨਾਟਕਕਾਰ ਹੋਣ ਦੇ ਨਾਤੇ ਆਪਣਾ ਫ਼ਰਜ਼ ਲੱਗਦਾ ਸੀ। ਉਹ ਇੱਕ ਉੱਚ-ਕੋਟੀ ਦਾ ਮਜ਼ਾਹੀਆ ਲੇਖਕ ਸੀ। ਉਹ ਆਪਣੀਆਂ ਲਿਖਤਾਂ ਵਿੱਚ ਭਾਵਨਾਵਾਂ ਨਾਲੋਂ ਵਿਰੋਧਾਂ ਨੂੰ ਵੱਧ ਤਰਜੀਹ ਦਿੰਦਾ ਹੈ।

     ਯੁੱਧ ਦੇ ਪਹਿਲੇ ਦਿਨਾਂ ਵਿੱਚ ਉਸ ਨੇ ਕਾਮਨ ਸੈਂਸ ਅਬਾਊਟ ਦਾ ਵਾਰ ਨਾਂ ਦਾ ਇੱਕ ਹੱਥ ਪਰਚਾ ਜਾਰੀ ਕੀਤਾ। ਇਸ ਵਿੱਚ ਉਸ ਨੇ ਕੂਟਨੀਤੀ ਤੇ ਫ਼ੌਜਵਾਦ ਦੀ ਨਿਖੇਧੀ ਕਰਦਿਆਂ ਹੋਇਆਂ ਇਹਨਾਂ ਨੂੰ ਯੁੱਧ ਲਈ ਦੋਸ਼ੀ ਠਹਿਰਾਇਆ। ਯੁੱਧ ਦੇ ਆਖ਼ਰੀ ਦਿਨਾਂ ਵਿੱਚ ਸ਼ਾਅ ਨੇ ਵਿਅੰਗ ਭਰੀਆਂ ਛੋਟੀਆਂ ਛੋਟੀਆਂ ਹਾਸਰਸ ਲਿਖਤਾਂ ਰਚੀਆਂ। ਬੈਕ ਟੂ ਮੈਥੂਸਲਾਹ (1920) ਵਿੱਚ ਉਹ ‘ਜੀਵਨ ਸ਼ਕਤੀ’ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਦਾ ਹੈ। ਇਸ ਤੋਂ ਬਾਅਦ ਸ਼ਾਅ ਨੇ 1923 ਵਿੱਚ ਆਪਣਾ ਸਭ ਤੋਂ ਹਰਮਨਪਿਆਰਾ ਨਾਟਕ ਸੇਂਟ ਜੋਨ ਲਿਖਿਆ। ਇਹ ਨਾਟਕ ਜੋਨ ਆਫ਼ ਆਰਕ ਦੀ ਜੀਵਨੀ ਤੇ ਆਧਾਰਿਤ ਹੈ। ਇਸ ਵਿੱਚ ਉਸ ਨੇ ਜੋਨ ਦੇ ਆਲੇ-ਦੁਆਲੇ ਦੀਆਂ ਵਿਰੋਧੀ ਤਾਕਤਾਂ ਦਿਖਾਉਣ ਲਈ ਬਹਿਸ ਦੀਆਂ ਵਿਸ਼ੇਸ਼ ਸ਼ੇਵੀਅਨ ਨਾਟਕੀ ਤਰਕੀਬਾਂ ਨੂੰ ਵਰਤਿਆ ਹੈ। ਦਾ ਇੰਟੈਲੀਜੈਂਟ ਵੁਮਨ’ਜ਼ ਗਾਈਡ ਟੂ ਸੋਸ਼ਲਿਜ਼ਮ ਤੇ ਕੈਪਟਿਲਿਜ਼ਮ (1928), ਸ਼ਾਅ ਦੇ ਅਰਥ-ਸ਼ਾਸਤਰ ਤੇ ਸਮਾਜਵਾਦ ਪ੍ਰਤਿ ਲਗਾਅ ਨੂੰ ਪ੍ਰਗਟਾਉਂਦਾ ਹੈ। ਸੰਸਦੀ ਜਮਹੂਰੀਅਤ ਦੇ ਬੇਤੁਕੇਪਨ ਤੋਂ ਨਿਰਾਸ਼ ਹੋ ਕੇ ਉਸ ਨੇ ਰੂਸ ਦੇ ਸਮਾਜਵਾਦ ਨੂੰ ਸਰਾਹਿਆ। ਕੁਝ ਸਮੇਂ ਲਈ ਉਹ ਲੈਨਿਨ, ਸਟਾਲਿਨ ਤੇ ਮੈਸੋਲੀਨੀ ਦਾ ਪ੍ਰਸੰਸਕ ਵੀ ਰਿਹਾ। ਉਸ ਦੀਆਂ ਅਖੀਰਲੀਆਂ ਕੁਝ ਲਿਖਤਾਂ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ।

     95 ਸਾਲ ਦੀ ਉਮਰ ਵਿੱਚ ਸ਼ਾਅ ਆਪਣੇ ਬਾਗ਼ ਵਿੱਚ ਇੱਕ ਦਰੱਖ਼ਤ ਨੂੰ ਛਾਂਗਦਾ ਹੋਇਆ ਡਿੱਗ ਪਿਆ, ਜਿਸ ਨਾਲ ਉਸ ਦੀ ਲੱਤ ਟੁੱਟ ਗਈ। 2 ਨਵੰਬਰ 1950 ਵਿੱਚ ਅਯੋਤ ਸੇਂਟ ਲਾਰੈਂਸ ਵਿਖੇ ਉਸ ਦੀ ਮੌਤ ਹੋ ਗਈ। ਸਰਧਾਂਜਲੀ ਵਜੋਂ ਉਸ ਦਿਨ ਦੁਨੀਆ ਭਰ ਦੇ ਥੀਏਟਰ ਬੇਚਰਾਗ ਰਹੇ।


ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.