ਬਦਨੀਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਦਨੀਤੀ [ਨਾਂਇ] ਭੈੜੀ ਨੀਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਦਨੀਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bad faith_ਬਦਨੀਤੀ: ਅੰਗਰੇਜ਼ੀ ਭਾਸ਼ਾ ਵਿਚ Bad faith, malafides and malice ਸਮਾਨਾਰਥਕ ਸ਼ਬਦ ਹਨ। ਪੰਜਾਬੀ ਵਿਚ ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦਾਂ ਲਈ ਬਦਨੀਤੀ ਅਤੇ ਤੀਜੇ ਲਈ ਦ੍ਵੈਖ ਵਰਤਿਆ ਜਾਂਦਾ ਹੈ। ਭਾਵੇਂ ਦ੍ਵੈਖ ਸ਼ਬਦ ਰਾਗ ਜਾਂ ਪਿਆਰ ਦਾ ਵਿਪਰੀਤਾਰਥਕ ਹੋਣ ਕਾਰਨ ਉਸ ਮਾਨਸਕ ਸਥਿਤੀ ਦਾ ਪ੍ਰਤੀਕ ਨਹੀਂ ਜਿਸ ਵਿਚ ਇਰਾਦੇ ਦਾ ਭਾਵ ਆਉਂਦਾ ਹੈ, ਪਰ ਭਾਵ ਦੇ ਕਾਫ਼ੀ ਨੇੜੇ ਹੈ। ਪੋਲਕ ਦੀ ਪੁਸਤਕ ਟਾਰਟਸ (ਪੰਦਰ੍ਹਵਾਂ ਐਡੀਸ਼ਨ ਪੰਨਾ 237) ਅਨੁਸਾਰ ਮੈਲਿਸ ਅਰਥਾਤ ਦ੍ਵੈਖ ਵਿਚ ਕਾਨੂੰਨ ਦੀ ਪਾਲਣਾ ਨਾਲੋਂ ਕਿਸੇ ਧਿਰ ਨੂੰ ਹਾਨੀ ਪਹੁੰਚਾਉਣ ਦੀ ਖ਼ਾਹਿਸ਼ ਹੁੰਦੀ ਹੈ। ਇਹ ਭਾਵ ਮਨ ਦੀ ਬੁਰਾਈ ਦਾ ਸੂਚਕ ਹੁੰਦਾ ਹੈ ਅਤੇ ਇਸ ਵਿਚ ਮਨੁੱਖ ਆਪਣੀਆਂ ਕਾਨੂੰਨੀ ਜਾਂ ਸਮਾਜਕ ਡਿਊਟੀਆਂ ਨੂੰ ਹਕਾਰਤ ਨਾਲ ਵੇਖਦਾ ਹੈ ਅਤੇ ਦੂਜਿਆਂ ਪ੍ਰਤੀ ਆਪਣੇ ਕਰਤੱਵਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ ਹੈ। ਆਮ ਬੋਲਚਾਲ ਵਿਚ ਇਸ ਨੂੰ ਕਿਸੇ ਪ੍ਰਤੀ ਮੰਦਭਾਵਨਾ ਕਿਹਾ ਜਾ ਸਕਦਾ ਹੈ ਪਰ ਕਾਨੂੰਨ ਵਿਚ ਇਸ ਦਾ ਭਾਵ ਅਜਿਹਾ ਦੋਸ਼ਪੂਰਬਕ ਕੰਮ ਹੁੰਦਾ ਹੈ ਜੋ ਬਿਨਾਂ ਕਿਸੇ ਨਿਆਂ-ਉਚਿਤ ਕਾਰਨ ਦੇ ਇਰਾਦਤਨ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਧਿਰ ਨੂੰ ਹਾਨੀ ਪਹੁੰਚੇ। ਬਦਨੀਤੀ ਦਾ ਮਤਲਬ ਹੈ ਬੇਈਮਾਨੀ , ਪਰ ਇਸ ਵਿਚ ਵਿੱਤੀ ਲਾਭ ਹਾਸਲ ਕਰਨ ਦੇ ਮਨਸ਼ੇ ਦਾ ਹੋਣਾ ਜ਼ਰੂਰੀ ਨਹੀਂ। ਬਦਨੀਤੀ ਦਾ ਮਤਲਬ ਮਾੜਾ ਨਿਸਚਾ ਜਾਂ ਅਣਗਹਿਲੀ ਤੋਂ ਵਖਰਾ ਹੈ, ਕਿਉਂਕਿ ਇਸ ਵਿਚ ਬੇਈਮਾਨੀ ਵਾਲਾ ਪ੍ਰਯੋਜਨ ਜਾਂ ਸਦਾਚਾਰਕ ਨੀਚਤਾ ਦਾ ਹੋਣਾ ਜ਼ਰੂਰੀ ਹੈ।

       ਦ੍ਵੈਖ ਦਾ ਮਤਲਬ ਹੈ ਕਿਸੇ ਹੋਰ ਪ੍ਰਤੀ ਬਿਨਾਂ ਕਿਸੇ ਕਾਨੂੰਨਪੂਰਨ ਕਾਰਨ ਜਾਂ ਉਚਿਤਤਾ ਦੇ ਇਰਾਦਤਨ ਜਾਂ ਪ੍ਰਯੋਜਨ ਸਹਿਤ ਦੋਸ਼ਪੂਰਨ ਕਾਰਜ ਕਰਨਾ। ਦ੍ਵੈਖ ਵਿਚ ਵਖ ਵਖ ਦਰਜਿਆਂ ਦੀ ਸ਼ਰਾਰਤ ਆ ਜਾਂਦੀ ਹੈ ਅਤੇ ਇਸ ਵਿਚ ਠੰਡੇ ਦਿਲ ਨਾਲ ਕੀਤੀ ਭ੍ਰਸ਼ਟਤਾ, ਕਠੋਰਦਿਲੀ, ਬਦਲਾਖ਼ੋਰੀ, ਕਾਨੂੰਨ-ਪੂਰਨ ਕਾਰਨ ਤੋਂ ਬਿਨਾਂ ਹਾਨੀਕਾਰਕ ਕੰਮ ਕਰਨਾ, ਨਿਰਦਇਤਾ, ਪਰਿਣਾਮਾਂ ਵਲੋਂ ਬੇਖ਼ਬਰੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਨਾ ਸ਼ਾਮਲ ਹਨ। ਇਹ ਅਜਿਹੀ ਰੁਚੀ ਹੁੰਦੀ ਹੈ ਜਿਸ ਦਾ ਨਤੀਜਾ ਕਿਸੇ ਹੋਰ ਲਈ ਬਿਨਾਂ ਕਿਸੇ ਕਾਰਨ, ਬਦਲੇ ਦੀ ਭਾਵਨਾ ਜਾਂ ਨਿਜੀ ਤੁਸ਼ਟੀ ਕਰਕੇ ਹਾਨੀ ਵਿਚ ਨਿਕਲਦਾ ਹੈ। ਬਿਨਾਂ ਕਿਸੇ ਉਚਿਤਤਾ ਦੇ ਸੋਚੇ ਵਿਚਾਰੇ ਇਰਾਦੇ ਨਾਲ ਕੀਤੇ ਕੰਮ ਤੋਂ ਬਦਨੀਤੀ ਦਾ ਅਰਥ ਲਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਇਸ ਪਿਛੇ ਨਫ਼ਰਤ ਜਾਂ ਮੰਦਭਾਵਨਾ ਹੋਵੇ। ਇਹ ਮਨ ਦੀ ਅਵਸਥਾ ਹੁੰਦੀ ਹੈ ਜਿਸ ਵਿਚ ਕਾਨੂੰਨ ਅਤੇ ਦੂਜਿਆਂ ਦੇ ਕਾਨੂੰਨੀ ਅਧਿਕਾਰਾਂ ਵਲੋਂ ਅੱਖਾਂ ਮੀਚ ਕੇ ਅੰਨ੍ਹੇਵਾਹ ਕੰਮ ਕੀਤਾ ਜਾਂਦਾ ਹੈ ਕਿਸੇ ਨੂੰ ਹਾਨੀ ਪਹੁੰਚਾਉਣ ਲਈ ਮਾੜੀ ਰੁਚੀ ਜਾਂ ਗ਼ੈਰ-ਕਾਨੂੰਨੀ ਮਨਸ਼ਾ ਨਾਲ ਕੀਤੇ ਗਏ ਸਾਰੇ ਕੰਮਾਂ ਨੂੰ ਦ੍ਵੈਖ-ਪੂਰਨ ਕੰਮ ਕਿਹਾ ਜਾ ਸਕਦਾ ਹੈ। ਕੋਈ ਕੰਮ ਜੋ ਚਾਣਚੱਕ ਜਾਂ ਸੋਚ ਵਿਚਾਰੇ ਬਿਨਾਂ ਜਾਂ ਅਣਗਹਿਲੀ ਨਾਲ ਹੋ ਜਾਵੇ ਉਸ ਨੂੰ ਦ੍ਵੈਖ-ਪੂਰਨ ਨਹੀਂ ਕਿਹਾ ਜਾ ਸਕਦਾ, ਪਰ ਸੋਚ ਸਮਝ ਕੇ ਮਨਸੂਬਾ ਬਣਾ ਕੇ ਜਾਂ ਅਕਾਰਨ ਕੀਤਾ ਕੰਮ ਦ੍ਵੈਖ-ਪੂਰਨ ਹੁੰਦਾ ਹੈ। ਦ੍ਵੈਖ ਨਾਲੋਂ ਬਦਨੀਤੀ ਹਲਕੀ ਰੰਗਤ ਦਾ ਸ਼ਬਦ ਹੈ ਅਤੇ ਇਸ ਵਿਚ ਵਿਸ਼ਵਾਸ-ਭੰਗ ਜਾਂ ਆਪਣੀ ਗਿਆਤ ਜ਼ਿੰਮੇਵਾਰੀ ਜਾਂ ਕਰਤੱਵ ਪਾਲਣ ਵਿਚ ਅਸਫਲ ਰਹਿਣਾ ਇਸ ਵਿਚ ਆਉਂਦਾ ਹੈ। ਗ਼ਲਤ ਫ਼ੈਸਲੇ ਜਾਂ ਅਣਗਹਿਲੀ ਨੂੰ ਬਦਨੀਤੀ ਨਹੀਂ ਕਿਹਾ ਜਾ ਸਕਦਾ। ਬਦਨੀਤੀ ਵਿਚ ਬਦ ਦਿਆਨਤ ਪ੍ਰਯੋਜਨ ਜਾਂ ਸਦਾਚਾਰਕ ਜਿੰਮੇਵਾਰੀ ਤੋਂ ਕੰਨੀ ਕਤਰਾਉਣਾ ਅਤੇ ਸੁਚੇਤ ਹੋ ਕੇ ਕੀਤਾ ਦੋਸ਼ਪੂਰਬਕ ਕਾਰਜ ਆ ਜਾਂਦਾ ਹੈ। ਫ਼ੈਸਲੇ ਦੀ ਭੁਲ ਤੋਂ ਇਹ ਕਿਤੇ ਵਿਸ਼ਾਲ ਹੈ ਅਤੇ ਬਦ-ਦਿਆਨਤੀ ਦਾ ਸਮਾਨਾਰਥਕ ਹੈ। (ਭੁਪਿੰਦਰ ਸਿੰਘ ਬਨਾਮ ਹਰਿਆਣਾ ਰਾਜ-ਏ ਆਈ ਆਰ 1968 ਪੰਨਾ 406)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.