ਫੂਲਕੀਆਂ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਫੂਲਕੀਆਂ ਮਿਸਲ: ਇਸ ਨੂੰ ਸਿੱਖਾਂ ਦੀ ਬਾਰ੍ਹਵੀਂ ਮਿਸਲ ਕਿਹਾ ਜਾਂਦਾ ਹੈ, ਭਾਵੇਂ ਇਸ ਦਾ ਸ਼ੁਮਾਰ ‘ਦਲ ਖ਼ਾਲਸਾ ’ ਵਿਚ ਨਹੀਂ ਹੁੰਦਾ ਸੀ। ਇਸ ਦਾ ਵਿਕਾਸ ਖੇਤਰ ਪੰਜਾਬ ਦਾ ਮਾਲਵਾ ਖੇਤਰ ਰਿਹਾ ਹੈ। ਇਸ ਦੀ ਸਥਾਪਨਾ ਬਾਬਾ ਫੂਲ ਨੇ ਕੀਤੀ ਸੀ। ਉਸ ਤੇ ਸੱਤ ਪੁੱਤਰਾਂ ਵਿਚੋਂ ਤਿਲੋਕਾ (ਤਿਲੋਕ ਸਿੰਘ) ਅਤੇ ਰਾਮਾ (ਰਾਮ ਸਿੰਘ) ਬੜੇ ਸ਼ੂਰਵੀਰ ਅਤੇ ਵਿਸਤਾਰਵਾਦੀ ਰੁਚੀਆਂ ਵਾਲੇ ਸਨ। ਤਿਲੋਕੇ ਦਾ ਵਿਆਹ ਪਿੰਡ ਰੁੜਕੀ ਧਾਲੀਵਾਲਾਂ ਦੇ ਘਰ ਬੀਬੀ ਬਖਤੋ ਨਾਲ ਹੋਇਆ ਜਿਸ ਤੋਂ ਗੁਰਦਿੱਤ ਸਿੰਘ ਅਤੇ ਸੁਖਚੈਨ ਸਿੰਘ ਨਾਂ ਦੇ ਦੋ ਪੁੱਤਰ ਪੈਦਾ ਹੋਏ। ਗੁਰਦਿੱਤ ਸਿੰਘ ਨੇ ਨਾਭਾ ਰਿਆਸਤ ਦਾ ਮੁੱਢ ਬੰਨ੍ਹਿਆ ਅਤੇ ਸੁਖਚੈਨ ਸਿੰਘ ਤੋਂ ਜੀਂਦ ਰਿਆਸਤ ਚਲੀ ।
ਬਾਬਾ ਫੂਲ ਦੇ ਦੂਜੇ ਪੁੱਤਰ ਦੀ ਸ਼ਾਦੀ ਘੁਨਸ ਪਿੰਡ ਦੇ ਨਾਨੂ ਭੁੱਲਰ ਦੀ ਪੁੱਤਰੀ ਸਾਬੀ ਨਾਲ ਹੋਈ ਜਿਸ ਨੇ ਛੇ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਛੇਆਂ ਵਿਚੋਂ ਬਾਬਾ ਆਲਾ ਬੜਾ ਸੂਝਵਾਨ ਅਤੇ ਬਲਵਾਨ ਯੋਧਾ ਸੀ। ਉਸ ਨੇ ਆਪਣੇ ਪਰਾਕ੍ਰਮ ਨਾਲ ਪਟਿਆਲਾ ਰਿਆਸਤ ਦੀ ਸਥਾਪਨਾ ਕੀਤੀ।
ਸਪੱਸ਼ਟ ਹੈ ਕਿ ਫੂਲਕੀਆਂ ਮਿਸਲ ਅਗੋਂ ਤਿੰਨ ਰਿਆਸਤਾਂ ਦੇ ਰੂਪ ਵਿਚ ਵਿਕਸਿਤ ਹੋਈ ਜਿਵੇਂ ਪਟਿਆਲਾ , ਨਾਭਾ ਅਤੇ ਜੀਂਦ (ਵੇਖੋ)। ਆਹਲੂਵਾਲੀਆ ਮਿਸਲ (ਕਪੂਰਥਲਾ ਰਿਆਸਤ) ਨੂੰ ਛਡ ਕੇ ਬਾਕੀ ਦੀਆਂ ਸਿੱਖ ਮਿਸਲਾਂ ਦੀ ਹੋਂਦ ਮਹਾਰਾਜਾ ਰਣਜੀਤ ਸਿੰਘ ਨੇ ਖ਼ਤਮ ਕਰ ਦਿੱਤੀ, ਪਰ ਫੂਲਕੀਆਂ ਅਤੇ ਆਹਲੂਵਾਲੀਆ ਮਿਸਲਾਂ ਬਾਦ ਵਿਚ ਰਿਆਸਤਾਂ ਦੇ ਰੂਪ ਵਿਚ ਆਪਣੀ ਹੋਂਦ ਦਰਸਾਉਂਦੀਆਂ ਰਹੀਆਂ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First