ਪੱਤਲ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੱਤਲ: ਜਦੋਂ ਮਿੱਟੀ ਜਾਂ ਧਾਤਾਂ ਦੇ ਬਣੇ ਭਾਂਡੇ ਨਹੀਂ ਸਨ ਹੁੰਦੇ ਉਸ ਸਮੇਂ ਬਰਾਤੀਆਂ ਨੂੰ ਪੱਤਿਆਂ ਦੀਆਂ ਬਣੀਆਂ ਥਾਲੀਆਂ ਵਿੱਚ ਭੋਜਨ ਖੁਆਇਆ ਜਾਂਦਾ ਸੀ। ਲੋਕ-ਗੀਤਾਂ ਦੇ ਇੱਕ ਕਾਵਿ-ਰੂਪ ਨੂੰ ਉਹਨਾਂ ਪੱਤਿਆਂ ਵਿੱਚ ਪਈ ਖਾਣ ਸਮਗਰੀ ਨਾਲ ਸੰਬੰਧਿਤ ਹੋਣ ਕਰ ਕੇ ‘ਪੱਤਲ’ ਕਿਹਾ ਜਾਣ ਲੱਗ ਪਿਆ।
ਪੰਜਾਬੀ ਲੋਕ ਪੱਤਿਆਂ ਤੋਂ ਬਣੀ ਥਾਲੀ ਨੂੰ ਹੀ ‘ਪੱਤਲ’ ਕਹਿੰਦੇ ਹਨ। ‘ਪੱਤਲ’ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਪਤ੍ਰਸਥਾਲੀ’ ਦਾ ਵਿਗੜਿਆ ਰੂਪ ਹੈ ਜਿਸ ਦੇ ਅਰਥ ਹਨ ‘ਪੱਤਰਾਂ ਦੀ ਬਣੀ ਥਾਲੀ ਵਿੱਚ ਪਰੋਸਿਆ ਭੋਜਨ।’ ਲੋਕਗੀਤਾਂ ਦੇ ਸੰਦਰਭ ਵਿੱਚ ਇਹ ਵਿਆਹ ਦੇ ਗੀਤਾਂ ਨਾਲ ਸੰਬੰਧਿਤ ਛੰਦਬੱਧ ਕਾਵਿ ਭੇਦ ਹੈ ਜਿਸ ਵਿੱਚ ਦੋਹਰਾ, ਕਬਿੱਤ ਅਤੇ ਕੋਰੜਾ ਆਦਿ ਛੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਚਨਾ ਲਈ ਕਬਿੱਤ ਛੰਦ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਗਈ ਹੈ ਕਿਉਂਕਿ ਇਹ ਛੰਦ ਵਿਸਤਾਰ ਦੱਸਣ ਲਈ ਉਪਯੋਗੀ ਹੈ। ‘ਪੱਤਲ’ ਨੂੰ ‘ਜੰਞ’ ਜਾਂ ‘ਜੰਨ’ ਵੀ ਕਹਿ ਲਿਆ ਜਾਂਦਾ ਹੈ। ਇਹ ਸੰਸਕ੍ਰਿਤ ਸ਼ਬਦ ਜਨਯ ਦਾ ਇੱਕ ਰੂਪ ਹੈ ਜਿਸ ਦਾ ਅਰਥ ਹੈ ਲਾੜਾ ਜਾਂ ਲਾੜੇ ਦੇ ਸਾਥੀ। ਉਹਨਾਂ ਸੰਬੰਧੀ ਰਚਨਾ ਹੋਣ ਕਰ ਕੇ ਪੱਤਲ ਰਚਨਾ ਨੂੰ ‘ਜੰਞ’ ਵੀ ਕਿਹਾ ਜਾਂਦਾ ਹੈ। ਆਪਣੀ ਰਚਨਾ ਵਿੱਚ ਰਸ ਅਤੇ ਸੰਗੀਤਕ ਲੈਅ ਪੈਦਾ ਕਰਨ ਲਈ ਕਵੀ ਅੱਖਰਾਂ- ਮਾਤਰਾਵਾਂ ਦੀ ਗਿਣਤੀ ਦਾ ਧਿਆਨ ਰੱਖ ਕੇ ਆਪਣੀ ਰਚਨਾ ਨੂੰ ਛੰਦਬੱਧ ਬਣਾ ਦਿੰਦੇ ਹਨ।
ਪੰਜਾਬ ਵਿੱਚ ਵਿਆਹ ਵਾਲੇ ਦਿਨ ਲਾਵਾਂ/ਫੇਰੇ ਹੋ ਜਾਣ ਤੋਂ ਬਾਅਦ ਬਰਾਤੀਆਂ ਨੂੰ ਰੋਟੀ (ਭੋਜਨ) ਖੁਆਉਣ ਦੀ ਰੀਤ ਹੈ। ਉਸ ਵੇਲੇ ਖੁਆਈ ਜਾਣ ਵਾਲੀ ਰੋਟੀ ਨੂੰ ‘ਖੱਟੀ ਰੋਟੀ’ ਵੀ ਕਿਹਾ ਜਾਂਦਾ ਹੈ। ਬਰਾਤ ਦੇ ਰੋਟੀ ਖਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੰਨਿਆ ਦੀਆਂ ਰਿਸ਼ਤੇਦਾਰ ਔਰਤਾਂ ਅਤੇ ਸਹੇਲੀਆਂ ਬਰਾਤੀਆਂ ਦੇ ਦਿਮਾਗ਼ੀ ਪੱਧਰ ਦੀ ਪਰਖ ਕਰਨ ਲਈ ਕੁਝ ਟੱਪੇ/ਗੀਤ ਗਾਉਂਦੀਆਂ ਹਨ ਜੋ ਵਰ ਦੇ ਨਾਲ ਜਾਂਞੀ ਬਣ ਕੇ ਆਏ ਵਿਅਕਤੀਆਂ ਦੀ ਮਨੋਰੰਜਕ ਪਰੀਖਿਆ ਹੋ ਨਿਬੜਦੇ ਹਨ। ਇਹਨਾਂ ਗੀਤਾਂ ਰਾਹੀਂ ਉਹ ਬਰਾਤੀਆਂ ਦਾ ਖਾਣਾ-ਪੀਣਾ ਬੰਦ ਕਰ ਕੇ, ਪੂਰੀ ਜੰਞ ਨੂੰ ਹੀ ਬੰਨ੍ਹ ਦਿੰਦੀਆਂ ਹਨ। ਉਹਨਾਂ ਗੀਤਾਂ ਦੇ ਜੁਆਬ ਵਿੱਚ ਬਰਾਤੀਆਂ ਵਿੱਚੋਂ ਕਿਸੇ ਆਦਮੀ ਵੱਲੋਂ ਆਪਣੀ ਸੂਝ-ਬੂਝ ਅਤੇ ਚੁਸਤੀ-ਫੁਰਤੀ ਦੀ ਮਿਸਾਲ ਦਿੰਦਿਆਂ ਗੀਤ ਗਾਏ ਜਾਂਦੇ ਹਨ। ਉਹਨਾਂ ਦੋਵਾਂ ਧਿਰਾਂ ਵੱਲੋਂ ਰੋਟੀ ਖਾਣ ਤੋਂ ਪਹਿਲਾਂ ਗਾਏ ਜਾਂਦੇ ਗੀਤਾਂ ਨੂੰ ‘ਪੱਤਲ’ ਕਿਹਾ ਜਾਂਦਾ ਹੈ। ਇਹ ਕਾਵਿ-ਰੂਪ ਖ਼ਾਸ ਕਰ ਕੇ ਪੰਜਾਬ ਦੇ ਮਾਲਵੇ ਇਲਾਕੇ ਨਾਲ ਸੰਬੰਧਿਤ ਹੈ। ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਤਾਂ ਜੰਞਾਂ ਬਹੁਤ ਪ੍ਰਚਲਿਤ ਰਹੀਆਂ ਹਨ।
‘ਜੰਞ’/‘ਪੱਤਲ’ ਗੀਤ ਦੋ ਪ੍ਰਕਾਰ ਦੇ ਹੁੰਦੇ ਹਨ। ਜਿਨ੍ਹਾਂ ਗੀਤਾਂ ਵਿੱਚ ਔਰਤਾਂ ਖਾਣ ਵਾਲੀ ਸਮਗਰੀ ਨੂੰ ਬੰਨ੍ਹ ਕੇ ਬਰਾਤੀਆਂ ਨੂੰ ਰੋਟੀ ਖਾਣ ਤੋਂ ਮਨ੍ਹਾ ਕਰਦੀਆਂ ਹਨ, ਉਹਨਾਂ ਨੂੰ ‘ਜੰਞ’/‘ਪੱਤਲ ਬੰਨ੍ਹਣਾ’ ਕਹਿੰਦੇ ਹਨ ਅਤੇ ਜਿਨ੍ਹਾਂ ਗੀਤਾਂ ਵਿੱਚ ਬਰਾਤੀਆਂ ਵਿੱਚੋਂ ਕੋਈ ਆਦਮੀ ਉਸ ਬੰਨ੍ਹੇ ਭੋਜਨ ਨੂੰ ਛੁਡਾਉਂਦਾ ਹੈ, ਉਹਨਾਂ ਨੂੰ ‘ਜੰਞ/ਪੱਤਲ ਛੁਡਾਉਣਾ’ ਕਹਿੰਦੇ ਹਨ। ਇਸ ਤਰ੍ਹਾਂ ਪੱਤਲ-ਕਾਵਿ ਦੇ ‘ਜੰਞ ਬੰਨ੍ਹਣਾ’ ਅਤੇ ‘ਜੰਞ ਛੁਡਾਉਣਾ’ ਦੋ ਰੂਪ ਹਨ। ਸਾਰੀਆਂ ਜੰਞਾਂ ਵਿੱਚ ਇਸ ਗੱਲ ਦਾ ਜ਼ਿਕਰ ਘੱਟ ਆਉਂਦਾ ਹੈ ਕਿ ਔਰਤਾਂ ਜੰਞ ਕਿਵੇਂ ਬੰਨ੍ਹਦੀਆਂ ਹਨ ਜਦੋਂ ਕਿ ਜੰਞ ਖੋਲ੍ਹਣ ਸੰਬੰਧੀ ਵਿਸਤ੍ਰਿਤ ਵੇਰਵੇ ਮਿਲਦੇ ਹਨ। ਬੰਨ੍ਹੇ ਭੋਜਨ ਨੂੰ ਛੁਡਾਉਣ ਲਈ ਕਈ ਵਾਰੀ ਮਲਵਈ ਲੋਕ ਬਰਾਤ ਦੇ ਨਾਲ ਕਿਸੇ ਕਵੀਸ਼ਰ ਨੂੰ ਲੈ ਕੇ ਜਾਂਦੇ ਹਨ। ਉਹ ਧੀ ਵਾਲੀ ਧਿਰ ਵੱਲੋਂ ਗਾਈ ਪੱਤਲ ਵਿਚਲੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਉੱਤਰ ਦਿੰਦਾ ਹੈ। ਇਸ ਉੱਤਰ ਰਾਹੀਂ ਉਹ ਬੰਨ੍ਹੇ ਭੋਜਨ ਨੂੰ ਖੋਲ੍ਹ ਦਿੰਦਾ ਹੈ। ਭੋਜਨ ਖੁੱਲ੍ਹਣ ਉਪਰੰਤ ਬਰਾਤ ਰੋਟੀ ਖਾਂਦੀ ਹੈ। ਇਸ ਤਰ੍ਹਾਂ ਦੋ ਵਿਰੋਧੀ (ਇੱਕ ਇਸਤਰੀ ਅਤੇ ਇੱਕ ਮਰਦ) ਕਵੀਸ਼ਰਾਂ ਵੱਲੋਂ ਖਾਣਾ ਬੰਨ੍ਹਣ ਤੇ ਖਾਣਾ ਛੁਡਾਉਣ ਦੇ ਅਮਲ (ਕਿਰਿਆ/ਕਾਰਜ) ਨੂੰ ਕਾਵਿਕ ਸੰਵਾਦ (ਗੀਤਾਂ ਰਾਹੀਂ ਗੱਲਾਂ) ਰਾਹੀਂ ਨਿਭਾਇਆ ਜਾਂਦਾ ਹੈ।
ਵਣਜਾਰਾ ਬੇਦੀ ਇਸ ਗੀਤ ਨੂੰ ਜਾਦੂ-ਟੂਣੇ ਦੇ ਨਾਲ ਸੰਬੰਧਿਤ ਮੰਨਦੇ ਹਨ। ਉਹਨਾਂ ਅਨੁਸਾਰ ਜਦੋਂ ਕਬੀਲੇ ਆਪਸ ਵਿੱਚ ਲੜੇ-ਝਗੜੇ ਹੁੰਦੇ ਸਨ ਤਾਂ ਇੱਕ ਕਬੀਲੇ ਵਿੱਚ ਵਿਆਹ ਵੇਲੇ ਦੂਜੇ ਕਬੀਲੇ ਦੇ ਲੋਕ ਜਾਦੂ-ਟੂਣੇ ਰਾਹੀਂ ਖਾਣੇ ਨੂੰ ਬੰਨ੍ਹ ਦਿੰਦੇ ਸਨ। ਉਹ ਬੰਨ੍ਹਿਆ ਖਾਣਾ ਕਿਸੇ ਵੱਲੋਂ ਨਹੀਂ ਸੀ ਖਾਇਆ ਜਾਂਦਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਅਜਿਹਾ ਖਾਣਾ ਰੋਗ ਵੀ ਲਾਉਂਦਾ ਹੈ ਅਤੇ ਹਜ਼ਮ ਵੀ ਨਹੀਂ ਹੁੰਦਾ। ਇਸ ਕਰ ਕੇ ਕਬੀਲੇ ਦੇ ਲੋਕ ਮੰਤਰ-ਤੰਤਰ ਜਾਣਨ ਵਾਲਿਆਂ ਨੂੰ ਬੁਲਾ ਕੇ ਖਾਣੇ ਦੇ ਮਾੜੇ ਅਸਰ ਨੂੰ ਖ਼ਤਮ ਕਰਵਾ ਕੇ ਖਾਣਾ ਖਾਂਦੇ ਸਨ। ਸਮੇਂ ਦੇ ਪਰਿਵਰਤਨ ਨਾਲ ਇਸ ਕਿਰਿਆ ਨੇ ਮਨੋਰੰਜਨ ਦੇ ਸਾਧਨ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ ਕਵੀਸ਼ਰਾਂ ਨੇ ਆਪਣੀ ਪ੍ਰਤਿਭਾ ਰਾਹੀਂ ਨਵੇਂ-ਨਵੇਂ ਰੰਗ ਭਰੇ।
ਪੰਜਾਬੀ ਦੇ ਪ੍ਰਸਿੱਧ ਵਿਦਵਾਨ ਗੁਰਦੇਵ ਸਿੰਘ ਸਿੱਧੂ ਨੇ ਪੱਤਲ-ਕਾਵਿ ਉੱਤੇ ਭਰਪੂਰ ਖੋਜ-ਕਾਰਜ ਕੀਤਾ ਹੈ। ਉਹਨਾਂ ਅਨੁਸਾਰ ‘ਪੱਤਲ’ ਜਾਂ ‘ਜੰਞ’ ਛੰਦਾ-ਬੰਦੀ ਵਿੱਚ ਰਚੀ ਉਸ ਰਚਨਾ ਨੂੰ ਕਹਿੰਦੇ ਹਨ ਜੋ ਬਰਾਤੀਆਂ ਲਈ ਪਰੋਸੇ ਗਏ ਭੋਜਨ ਨੂੰ ਔਰਤਾਂ ਵੱਲੋਂ ਬੰਨ੍ਹਣ ਜਾਂ ਇਸਤਰੀਆਂ ਦੁਆਰਾ ਬੱਧੀ ਰੋਟੀ ਨੂੰ ਛੁਡਾਉਣ ਲਈ ਬਰਾਤੀਆਂ ਵਿੱਚੋਂ ਕਿਸੇ ਇੱਕ ਦੁਆਰਾ ਗਾਈ ਜਾਂਦੀ ਹੈ।
ਸੋ ‘ਪੱਤਲ’ ਵਿੱਚ ਇਸਤਰੀ ਅਤੇ ਮਰਦ ਦੋਵੇਂ ਵਿਰੋਧੀ ਕਵੀਸ਼ਰ ਵਿਅਕਤੀਗਤ ਤੌਰ ਤੇ (ਇਕੱਲੇ-ਇਕੱਲੇ) ਇੱਕ ਦੂਜੇ ਨੂੰ ਸਿੱਧੇ ਸੰਬੋਧਿਤ ਹੋ ਕੇ ਆਪੋ-ਆਪਣੀ ਅਖ਼ਲਾਕੀ ਜਿੱਤ ਲਈ ਜ਼ੋਰ ਲਗਾਉਂਦੇ ਹਨ। ਇੱਕ ਜਣਾ ਭੋਜਨ ਬੰਨ੍ਹ ਕੇ ਦੂਜੀ ਧਿਰ ਉਪਰ ਕੁਝ ਬੰਦਸ਼ਾਂ ਜਾਂ ਰੋਕਾਂ ਲਗਾਉਂਦਾ ਹੈ। ਗੀਤਾਂ ਰਾਹੀਂ ਰੋਕਾਂ ਲਾਉਣ ਵਾਲੀ ਔਰਤ, ਵਿਆਹ ਵਿੱਚ ਸ਼ਾਮਲ ਸਮੁੱਚੀ ਇਸਤਰੀ ਜਾਤ ਦੀ ਅਗਵਾਈ ਕਰਦੀ ਨਜ਼ਰ ਆਉਂਦੀ ਹੈ ਕਿ ਔਰਤਾਂ, ਮਰਦ ਜਾਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਇਸ ਮਨੋਰਥ ਦੀ ਪੂਰਤੀ ਲਈ ਉਹ ਅਜਿਹੇ ਸ਼ਬਦ ਵਰਤਦੀ ਹੈ ਜੋ ਬਰਾਤੀਆਂ ਦਾ ਮਖ਼ੌਲ ਉਡਾਉਂਦੇ ਹੋਣ, ਉਹਨਾਂ ਨੂੰ ਚੱਜ-ਆਚਾਰ ਤੋਂ ਸੱਖਣੇ, ਅਸੱਭਿਅ ਅਤੇ ਬੇਅਕਲ ਦਰਸਾਉਂਦੇ ਹੋਣ।ਦੂਜਾ ਜਣਾ ਉਹਨਾਂ ਬੰਦਸ਼ਾਂ ਨੂੰ ਆਪਣੀਆਂ ਦਲੀਲਾਂ ਰਾਹੀਂ ਕੱਟ ਕੇ ਆਪਣੇ ਜੀਵਨ ਅਨੁਭਵ, ਸਿਆਣਪ, ਤੇਜ਼ ਯਾਦ ਸ਼ਕਤੀ ਅਤੇ ਤਟ-ਫਟ ਸੋਚਣੀ ਰਾਹੀਂ ਭੋਜਨ ਖੋਲ੍ਹਣ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦਾ ਹੈ। ਉਹ ਪਹਿਲੀ ਧਿਰ ਤੇ ਆਪਣੀ ਅਖ਼ਲਾਕੀ ਜਿੱਤ ਦਾ ਪ੍ਰਦਰਸ਼ਨ ਕਰ ਕੇ ਭਾਰੂ ਪੈਣ/ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਹੈ। ਭਾਵ ਇਸਤਰੀ ਜਾਤ ਨੂੰ ਜਿੱਚ ਕਰ ਕੇ ਉਸ ਦੇ ਵਿਰੋਧ ਵਿੱਚ ਮਰਦ ਜਾਤ ਨੂੰ ਉੱਤਮ ਦਰਸਾ ਕੇ ਜੰਞ ਦੀ ਇੱਜ਼ਤ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰੀ ਤਾਂ ਉਹ ਔਰਤਾਂ ਨੂੰ ਇਸ ਗੀਤ ਮੁਕਾਬਲੇ ਦੇ ਮੈਦਾਨ ਵਿੱਚੋਂ ਭਜਾਉਣ ਲਈ ਅਸ਼ਲੀਲ ਭਾਵਾਂ ਦੀ ਵੀ ਵਰਤੋਂ ਕਰਦੇ ਹਨ। ਨਾਰੀ ਨਿੰਦਾ ਜਾਂ ਅਸ਼ਲੀਲ ਭਾਵਾਂ ਵਾਲੀਆਂ ਜੰਞਾਂ ਨੂੰ ਸਾਊ ਅਤੇ ਆਮ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਇਸ ਪ੍ਰਵਿਰਤੀ ਨੂੰ ਕਈ ਕਵੀਸ਼ਰਾਂ ਨੇ ਧਾਰਮਿਕ ਜੰਞਾਂ ਲਿਖ ਕੇ ਰੋਕਣ ਦਾ ਪ੍ਰਯਤਨ ਕੀਤਾ। ਨਤੀਜੇ ਵਜੋਂ ਇੱਕ ਕਵੀਸ਼ਰ ਵੱਲੋਂ ਜੰਞ ਗੁਰੂ ਗੋਬਿੰਦ ਸਿੰਘ ਰਚੀ ਗਈ :
ਮਰਦ ਤੀਵੀਆਂ ਲਾਗੀ ਲੇਗੀ,
ਇਕੱਠੀ ਸਭ ਲੁਕਾਈ ਹੈ।
ਵਿੱਚ ਤਾਰਿਆਂ ਜਿਉਂ ਚੰਦ ਸੋਹੇ,
ਤਿਉਂ ਸਤਿਗੁਰ ਛਬਿ ਪਾਈ ਹੈ।
‘ਪੱਤਲ’ ਦੀ ਰਚਨਾ ਕਰਨ ਵਾਲੇ ਪੱਤਲਕਾਰ ਜਾਂ ਕਵੀਸ਼ਰ ਆਪਣੀ ਰਚਨਾ ਦੇ ਸ਼ੁਰੂ ਵਿੱਚ ਆਪੋ-ਆਪਣੇ ਇਸ਼ਟ ਦੀ ਅਰਾਧਨਾ ਵਿੱਚ ਕੁਝ ਸ਼ਰਧਾਮਈ ਭਾਵ ਪ੍ਰਗਟ ਕਰਦੇ ਹਨ। ਪੱਤਲ ਰਚਨਾ ਕਰਨ ਵਾਲੇ ਬਹੁਤ ਕਵੀਆਂ ਨੇ ਦੇਵੀ ਦਾ ਹੀ ਮੰਗਲਾਚਰਨ ਕੀਤਾ ਹੈ। ਸਿੰਘ ਜਾਂ ਸਿੱਖ ਕਵੀਸ਼ਰਾਂ ਨੇ ਆਪਣੇ ਗੁਰੂ ਦਾ ਨਾਂ ਧਿਆਇਆ ਹੈ। ਜਿਵੇਂ ਵਿਸਾਖਾ ਸਿੰਘ ਵੱਲੋਂ ਲਿਖੀ ਜੰਞ ਵਿੱਚ ਗੁਰੂ ਨਾਨਕ ਦੇਵ ਦਾ ਨਾਂ ਧਿਆਇਆ ਗਿਆ ਹੈ :
ਬਾਬਾ ਨਾਨਕ ਭਜ ਮਨਾਂ, ਸਗਲੇ ਕੰਮ ਸੁਖੈਨ।
ਇਤ ਉਤ ਕਰਨ ਸਹਾਇਤਾ, ਪਲ ਪਲ ਖਬਰਾਂ ਲੈਣ।
ਆਪਣੇ ਗੁਰੂ, ਪੀਰ ਜਾਂ ਦੇਵੀ-ਦੇਵਤੇ ਨੂੰ ਧਿਆ ਕੇ ਉਹ ਰਚਨਾ ਦੇ ਨਿਰਵਿਘਨ ਪੂਰੀ ਹੋਣ ਲਈ ਅਰਦਾਸ ਕਰਦੇ ਹਨ :
ਲੈ ਕੇ ਨਾਮ ਗੋਪਾਲ ਦਾ, ਬੰਨ੍ਹਾ ਜੰਨ ਮੈਂ ਆਪ।
ਖੋਲ੍ਹੇ ਬਿਨਾ ਜੇ ਖਾਓਗੇ, ਖਾਣਾ ਹੋਊ ਸਰਾਪ।
ਇਸ ਤੋਂ ਬਾਅਦ ਪੱਤਲਕਾਰ ਔਰਤ ਭੋਜਨ, ਹੱਥ-ਪੈਰ, ਗਹਿਣੇ, ਹਥਿਆਰ, ਭਾਂਡੇ, ਵਸਤਾਂ ਅਤੇ ਕੱਪੜਿਆਂ ਦਾ ਨਾਂ ਲੈ ਕੇ ਉਹਨਾਂ ਦੇ ਵਿਸਤਾਰ ਵਿੱਚ ਵੇਰਵੇ ਦਿੰਦੀ ਹੋਈ ਇਹਨਾਂ ਸਾਰੀਆਂ ਵਸਤਾਂ ਨੂੰ ਬੰਨ੍ਹ ਦਿੰਦੀ ਹੈ, ਭਾਵ ਜੰਞ ਬੰਨ੍ਹ ਦਿੰਦੀ ਹੈ। ਜੰਞ ਛੁਡਾਉਣ ਵਾਲਾ ਕਵੀਸ਼ਰ/ਗਾਇਕ/ ਗਵੰਤਰੀ ਜੰਞ ਬੰਨ੍ਹਣ ਵਾਲੀ ਔਰਤ ਲਈ ਕੁਝ ਗੁਸੈਲ ਭਾਵਾਂ ਵਾਲੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਉਸ ਨੂੰ ਚੰਗੀ ਜੀਵਨ-ਜਾਚ ਅਤੇ ਚੱਜ-ਵਿਹਾਰ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ। ਉਹ ਉਸ ਨੂੰ ਭੋਜਨ ਵਰਗੀ ਪਵਿੱਤਰ ਵਸਤੂ ਨੂੰ ਬੰਨ੍ਹਣ ਤੋਂ ਰੋਕਦਾ ਹੈ :
ਦੋਹਰਾ : ਸਖੀਆਂ ਦੇ ਵਿੱਚ ਬੈਠਗੀ, ਹੋ ਕੇ ਤੂੰ ਪਰਧਾਨ।
ਅੰਨ ਬੰਨ੍ਹਣ ਤੇ ਨਾਰੀਏ, ਖੁਸ਼ ਨਹੀਂ ਭਗਵਾਨ।
ਪਰ ਉਸ ਨੂੰ ਬੰਨ੍ਹੀ ਜੰਞ ਤਾਂ ਛੁਡਾਉਣੀ ਹੀ ਪੈਂਦੀ ਹੈ। ਇਸ ਲਈ ਉਹ ਜੰਞ ਨੂੰ ਛੁਡਾਉਣ ਲਈ ਆਪਣੇ ਇਸ਼ਟ ਦੀ ਅਰਾਧਨਾ ਕਰ ਕੇ ਜੰਞ ਖੋਲ੍ਹਣੀ ਸ਼ੁਰੂ ਕਰਦਾ ਹੈ :
ਈਸ਼ਵਰ ਰਿਧੇ ਧਿਆਇਕੈ, ਗੰਗਾ ਜਲੀ ਉਠਾਇ।
ਬੱਧੀ ਖੋਲ੍ਹਾਂ ਜੰਞ ਮੈਂ, ਆਦਿ ਗਣੇਸ਼ ਮਨਾਇ॥
ਖੁਲ੍ਹੇ ਜਾਂਞੀ ਬੈਠੜੇ, ਖੁਲ੍ਹਾ ਸਕਲ (ਸਾਰਾ) ਸਰੀਰ।
ਖੁਲ੍ਹ ਗਈਆਂ ਸਭ ਥਾਲੀਆਂ, ਖੁਲ੍ਹ ਗਇਆ ਜੇ ਨੀਰ॥
ਸਾਰੀਆਂ ਚੀਜ਼ਾਂ/ਵਸਤਾਂ ਨੂੰ ਖੋਲ੍ਹ ਕੇ ਅਖ਼ੀਰ ਤੇ ਉਹ ਬਰਾਤੀਆਂ ਨੂੰ ਰੋਟੀ ਛਕਣ ਲਈ ਆਖਦਾ ਹੈ :
1. ਦੋਹਿਰਾ: ਰੋਟੀ ਛਕੋ ਪਿਆਰਿਓ,
ਹਰਿ ਹਰਿ ਸ਼ਬਦ ਉਚਾਰ।
ਸਿੰਘ ਵਿਸਾਖੇ ਹੋਂਵਦੇ,
ਕਰ ਕੀ ਸਕਦੀ ਨਾਰ?
2. ਕਹੇ ਕਰਨੈਲ ਸਿੰਘ ਬੋਲ ਕੇ ਜਨੇਤੀਆਂ ਨੂੰ।
ਛਕੋ ਅੰਨ ਪਾਣੀ ਹੁਣ ਦੇਰ ਕਿਉਂ ਲਗਾਈ ਏ।
ਕਵੀ ਅੱਗੇ-ਅੱਗੇ ਛੰਦਾਬੰਦੀ ਵਿੱਚ ਮਠਿਆਈਆਂ, ਦਾਲਾਂ, ਸਬਜ਼ੀਆਂ, ਫੁੱਲਾਂ, ਗਹਿਣਿਆਂ, ਕੱਪੜਿਆਂ, ਸ਼ਸ਼ਤਰਾਂ ਅਤੇ ਸਰੀਰ ਦੇ ਅੰਗਾਂ ਦਾ ਜ਼ਿਕਰ ਕਰਦਾ ਜਾਂਦਾ ਹੈ ਕਿ ਉਸ ਨੇ ਇਹ ਵੀ ਖੋਲ੍ਹ ਦਿੱਤੇ। ਜੰਞ ਰਚਨ ਵਾਲੇ ਆਪਣੀ ਜੰਞ ਵਿੱਚ ਲੰਮੀਆਂ-ਲੰਮੀਆਂ ਸੂਚੀਆਂ ਦੇ ਕੇ ਆਪਣੀ ਵਿਸ਼ਾਲ ਜਾਣਕਾਰੀ ਦਾ ਸਬੂਤ ਦਿੰਦੇ ਸਨ। ਜੰਞ ਖੋਲ੍ਹਣ ਵਾਲੇ ਕਈ ਕਵੀਆਂ ਦੀ ਇਹ ਖ਼ਾਸੀਅਤ ਹੁੰਦੀ ਸੀ ਕਿ ਜੰਞ ਖੋਲ੍ਹ ਕੇ ਉਲਟਾ ਜੰਞ ਬੰਨ੍ਹਣ ਵਾਲੀਆਂ ਨੂੰ ਬੰਨ੍ਹ ਦਿੰਦੇ ਸਨ :
ਕੱਲੀ ਨਾ ਤੂੰ ਜਾਣ ਤੇਰਾ ਬੱਧਾ ਕੰਤ ਨੀ।
ਬੜੀ ਤੂੰ ਅਫਾਤ ਫਸ ਗਿਆ ਮਹੰਤ ਨੀ।
ਪਰ ਜੇ ਬਰਾਤੀਆਂ ਵਿੱਚੋਂ ਕੋਈ ਵਿਅਕਤੀ ਬੰਨ੍ਹੇ ਭੋਜਨ ਨੂੰ ਨਾ ਛੁਡਾ ਸਕੇ ਅਤੇ ਜਾਂਞੀ ਬੰਨ੍ਹਿਆ ਭੋਜਨ ਖਾ ਲੈਣ ਤਾਂ ਲਾੜੇ ਦੇ ਨਾਲ-ਨਾਲ ਸਾਰੀ ਬਰਾਤ ਨੂੰ ਔਰਤਾਂ ਵੱਲੋਂ ਦਿੱਤੀਆਂ ਸਿਠਣੀਆਂ ਰਾਹੀਂ ਨਮੋਸ਼ੀ ਝੱਲਣੀ ਪੈਂਦੀ ਹੈ :
ਜਾਨੀ ਬੰਨ੍ਹੀ ਰੋਟੀ ਖਾ ਨੀ ਗਏ
ਕਿ ਲਾੜੇ ਨੂੰ ਲੀਕਾਂ ਲਾ ਨੀ ਗਏ।
ਜਾਨੀਉਂ ਸ਼ਰਮ ਦਾ ਘਾਟਾ
ਥੋਡਾ ਧੌਲਾ ਝਾਟਾ
ਵੇ ਥੋਨੂੰ ਸ਼ਰਮ ਨਾ ਆਵੇ।
ਇਸ ਨਮੋਸ਼ੀ ਜਾਂ ਅਖ਼ਲਾਕੀ ਹਾਰ ਨੂੰ ਬਰਾਤੀ ਛੇਤੀ- ਛੇਤੀ ਸਹੇੜਨ ਲਈ ਤਿਆਰ ਨਹੀਂ ਹੁੰਦੇ ਪਰੰਤੂ ਕਈ ਵਾਰ ਜਦੋਂ ਬਰਾਤ ਨਾਲ ਕੋਈ ਕਵੀਸ਼ਰ ਜਾਂ ਹੋਰ ਪੇਸ਼ਾਵਰ ਵਿਅਕਤੀ ਨਹੀਂ ਆਉਂਦਾ ਤਾਂ ਅਜਿਹੀ ਸਥਿਤੀ ਵਿੱਚ ਬਰਾਤ ਵੱਲੋਂ ਬੰਨ੍ਹਿਆ ਭੋਜਨ ਖਾ ਲੈਣ ਕਾਰਨ ਔਰਤਾਂ ਦੇ ਠਿੱਠ ਕਰਨ ਵਾਲੇ ਬੋਲਾਂ ਜਾਂ ਸਿਠਣੀਆਂ ਵਰਗੇ ਕਟਾਖਸ਼ਾਂ ਨਾਲ ਲਜਿੱਤ/ਸ਼ਰਮਸਾਰ ਹੋਣਾ ਪੈਂਦਾ ਹੈ।
ਪੰਜਾਬ ਵਿੱਚ ਪੱਤਲ/ਜੰਞ ਰਚਨਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੰਜਾਬੀ ਜੰਞਾਂ ਵਿੱਚੋਂ ਕਵੀ ਭਾਗੀ ਦੀ ਰਚਨਾ ਦੂਲੋ ਕਿਸ਼ਣ ਵਿਵਾਹ ਨੂੰ ਸਭ ਤੋਂ ਪਹਿਲੀ ਜੰਞ ਮੰਨਿਆ ਗਿਆ ਹੈ, ਜੋ 93 ਬੰਦਾਂ ਵਿੱਚ ਰਚੀ ਗਈ। ਇਹ ਜੰਞ ਉਸ ਸਮੇਂ ਦੀ ਹੈ, ਜਦੋਂ ਗੁਰੂ ਰਾਮ ਦਾਸ ਗੱਦੀ `ਤੇ ਬਿਰਾਜਮਾਨ ਸਨ ਅਤੇ ਅਕਬਰ ਦਾ ਰਾਜ ਸੀ। ਇਹ ਹੱਥ ਲਿਖਤ ਜੰਞ 1574 ਦੀ ਮੰਨੀ ਗਈ ਹੈ। ਇਹ ਕ੍ਰਿਸ਼ਨ ਤੇ ਰੁਕਮਣੀ ਦੇ ਵਿਆਹ ਸੰਬੰਧੀ ਜੰਞ ਹੈ। ਇਸ ਜੰਞ ਵਿੱਚ ਜੰਞ ਬੰਨ੍ਹਣ ਜਾਂ ਛੁਡਾਉਣ ਦਾ ਜ਼ਿਕਰ ਨਹੀਂ ਪਰ ਵਸਤਾਂ ਦੀ ਲੰਮੀ ਸੂਚੀ ਦਾ ਜ਼ਿਕਰ ਹੈ। ਅਠ੍ਹਾਰਵੀਂ- ਉਨ੍ਹੀਵੀਂ ਸਦੀ ਦੀਆਂ ਭਾਈ ਦਿਆਲ ਸਿੰਘ ਅਤੇ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰਚੀਆਂ ਪੱਤਲਾਂ ਹੱਥ-ਲਿਖਤ ਰੂਪ ਵਿੱਚ ਮਿਲਦੀਆਂ ਹਨ। ਇਹਨਾਂ ਜੰਞਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਵੀ ਜੰਞ ਬੰਨ੍ਹਣ ਦੀ ਪ੍ਰਥਾ ਸੀ। ਇਹ ਜ਼ਰੂਰੀ ਨਹੀਂ ਕਿ ਜੰਞ ਕਿਸੇ ਕਵੀਸ਼ਰ ਵਿਅਕਤੀ ਵੱਲੋਂ ਹੀ ਖੋਲ੍ਹੀ ਜਾ ਸਕਦੀ ਹੈ। ਇਸ ਮਕਸਦ ਲਈ ਕਈ ਵਿਅਕਤੀ ਜੰਞ ਦੇ ਟੱਪੇ ਯਾਦ ਕਰ ਕੇ ਮੌਕੇ `ਤੇ ਸੁਣਾ ਦਿੰਦੇ ਹਨ ਤੇ ਆਪਣੇ ਸਾਥੀਆਂ ਨੂੰ ਬੰਧਨ ਵਿੱਚੋਂ ਮੁਕਤ ਕਰ ਦਿੰਦੇ ਹਨ। ਜੰਞਾਂ ਯਾਦ ਕਰਨ ਦੇ ਰੁਝਾਨ ਨੇ ਮਾਲਵੇ ਇਲਾਕੇ ਦੀ ਕਵੀਸ਼ਰੀ ਪਰੰਪਰਾ ਨੂੰ ਬੜਾ ਹੁਲਾਰਾ ਦਿੱਤਾ। ਨਤੀਜੇ ਵਜੋਂ ਜੰਞਾਂ ਨੂੰ ਯਾਦ ਕਰਦੇ-ਕਰਦੇ ਕਈ ਜਵਾਨ ਜੰਞਾਂ ਲਿਖਣ ਲੱਗ ਪਏ ਅਤੇ ਮਸ਼ਹੂਰ ਕਵੀਸ਼ਰ ਬਣ ਗਏ। ਅਜਿਹੇ ਕਵੀਸ਼ਰਾਂ ਵਿੱਚੋਂ ਇੱਕ ਗਿਆਨੀ ਨਿਰੰਜਨ ਸਿੰਘ ਨਰਗਸ, ਪਿੰਡ ਗੁਰਨੇ, ਜ਼ਿਲ੍ਹਾ ਬਠਿੰਡੇ ਦਾ ਹੈ। ਉਸ ਅਨੁਸਾਰ ਉਸ ਨੇ ਸਭ ਤੋਂ ਪਹਿਲਾਂ ਮਾਘੀ ਸਿੰਘ ਦੀ ਜੰਞ ਯਾਦ ਕਰ ਕੇ ਕਈ ਜੰਞਾਂ ਛੁਡਾਈਆਂ। ਫਿਰ ਉਹ ਆਪ ਛੰਦ ਜੋੜਨ ਲੱਗਾ ਤੇ ਹੌਲੀ-ਹੌਲੀ ਕਵੀਸ਼ਰ ਬਣ ਗਿਆ। ਅਜਿਹਾ ਹੀ ਇੱਕ ਹੋਰ ਕਵੀਸ਼ਰ ਭਾਈ ਸੌਂਧਾ ਸਿੰਘ, ਪਿੰਡ ਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਹੈ। ਜੰਞਾਂ ਲਿਖਣ ਵਿੱਚ ਸ਼ੋਭਾ ਮੱਲ ਘਾਸੀ, ਜੀਵਾ ਸਿੰਘ ਅਤੇ ਭਗਵਾਨ ਸਿੰਘ ਕਵੀਸ਼ਰ ਵੀ ਮਸ਼ਹੂਰ ਰਹੇ ਹਨ। ਇਸਤਰੀਆਂ ਵੱਲੋਂ ਜੰਞ ਬੰਨ੍ਹੀ ਕਿਵੇਂ ਜਾਂਦੀ ਹੈ, ਇਸ ਸੰਬੰਧੀ ਚੰਦ ਸਿੰਘ ਮਰਾਝ ਨੇ ਜ਼ਨਾਨੀਆਂ ਦੀ ਪੱਤਲ ਲਿਖੀ। ਇਹ ਕਵੀਸ਼ਰ ਜਦੋਂ ਜੰਞ ਗਾ ਕੇ ਸੁਣਾਉਂਦੇ ਸਨ ਤਾਂ ਸਮੇਂ ਦੀ ਲੋੜ ਮੁਤਾਬਕ ਪੁਰਾਣੀ ਜੰਞ ਵਿੱਚ ਸੋਧ ਕਰਦੇ ਰਹਿੰਦੇ ਸਨ। ਬਹੁਤੇ ਕਵੀਆਂ ਦੁਆਰਾ ਰਚੀਆਂ ਜੰਞਾਂ ਉਹਨਾਂ ਦੇ ਆਪਣੇ ਨਾਂ ਨਾਲ ਮਸ਼ਹੂਰ ਹਨ, ਜਿਵੇਂ ਜੰਞ ਦੌਲਤ ਰਾਮ, ਜੰਞ ਸੁੰਦਰ ਸਿੰਘ। ਪਰ ਕਈ ਕਵੀਆਂ ਨੇ ਇਤਿਹਾਸਿਕ-ਮਿਥਿਹਾਸਿਕ ਪਾਤਰਾਂ ਨੂੰ ਲੈ ਕੇ ਉਹਨਾਂ ਦੇ ਨਾਂਵਾਂ `ਤੇ ਜੰਞਾਂ ਲਿਖੀਆਂ ਹਨ, ਜਿਵੇਂ ਨਾਗਰ ਰਾਮ ਫਗਵਾੜਾ ਨੇ ਆਪਣੀ ਰਚਨਾ ਦਾ ਨਾਂ ਵਿਆਹ ਸ਼ਿਵ ਜੀ ਰੱਖਿਆ ਅਤੇ ਮੁਸਲਮਾਨ ਸ਼ਾਇਰ ਹਾਫ਼ਿਜ਼ ਯਾਰ ਮੁਹੰਮਦ ਨੇ ਆਪਣੀ ਰਚਨਾ ਦਾ ਨਾਂ ਹਜ਼ਰਤ ਮੁਹੰਮਦ ਦੀ ਜੰਞ ਰੱਖਿਆ।
ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪੱਤਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੱਤਲ ਸੰਗ੍ਯਾ—ਪਤ੍ਰਥਾਲੀ. ਦੇਖੋ, ਪਤਲਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੱਤਲ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੱਤਲ : ਪਿਛਲੀਆਂ ਡੇਢ ਦੋ ਸਦੀਆਂ ਤੋਂ ਪੰਜਾਬ ਅਤੇ ਵਿਸ਼ੇਸ਼ਕਰ ਮਾਲਵੇ ਵਿਚ ਵਿਆਹ ਸਮੇਂ ਤੀਵੀਆਂ ਵੱਲੋਂ ਪੱਤਲ ਬੰਨ੍ਹਣ ਅਤੇ ਕਿਸੇ ਬਰਾਤੀ ਵੱਲੋਂ ਉਹ ਪੱਤਲ ਛੁਡਾਉਣ ਦੇ ਰਿਵਾਜ ਜਾਂ ਘਟਨਾ ਨੂੰ ਕਵੀਸ਼ਰਾਂ ਨੇ ਪੱਤਲ ਜਾਂ ਜੰਞ ਨਾਮਕ ਕਾਵਿ–ਰੂਪ ਵਿਚ ਬਿਆਨਿਆ ਹੈ। ਪੁਰਾਣੇ ਸਮੇਂ ਵਿਚ ਬਰਾਤ ਨੂੰ ਬਿਰਖਾਂ ਦੇ ਪੱਤਿਆਂ ਨਾਲ ਬਣਾਈ ਪੱਤਲ ਉੱਤੇ ਭੋਜਨ ਖੁਆਉਣ ਦਾ ਰਿਵਾਜ ਸੀ। ਆਮ ਤੌਰ ਤੇ ਫੇਰਿਆਂ ਜਾਂ ਆਨੰਦ ਕਾਰਜ ਮਗਰੋਂ ਦੁਪਹਿਰ ਦੇ ਭੋਜਨ ਸਮੇਂ ਬਰਾਤ ਦੀ ਪੱਤਲ ਬੰਨ੍ਹੀ ਜਾਂਦੀ ਸੀ। ਕਈ ਵਾਰੀ ਬਰਾਤ ਦੇ ਆਉਣ ’ਤੇ ਰਾਤ ਦੇ ਭੋਜਨ ਸਮੇਂ ਵੀ ਇਹ ਕ੍ਰਿਆ ਆਰੰਭ ਹੋ ਜਾਂਦੀ ਸੀ। ਭੋਜਨ ਪਰੋਸੇ ਜਾਣ ਤੋਂ ਐਨ ਬਾਅਦ ਮੇਲਣਾਂ ਵਿਚੋਂ ਕੋਈ ਤੀਵੀਂ ਕੁਝ ਕਵਿ–ਸੱਤਰਾਂ ਗਾ ਕੇ ਜੰਞ ਨੂੰ ਰੋਟੀ ਖਾਣ ਤੋਂ ਵਰਜ ਦਿੰਦੀ, ਇਸ ਨੂੰ ਜੰਞ ਜਾਂ ਪੱਤਲ ਬੰਨ੍ਹਣਾ ਆਖਿਆ ਜਾਂਦਾ ਸੀ। ਤਦ ਬਰਾਤੀਆਂ ਵਿਚੋਂ ਕਈ ਵਿਅਕਤੀ ਪ੍ਰਸੰਗ ਨਾਲ ਢੁੱਕਵੀਆਂ ਕਾਵਿ ਪੰਗਤੀਆਂ ਬੋਲ ਜਾਂ ਗਾ ਕੇ ਪੱਤਲ ਛੁਡਾਂਦਾ ਸੀ। ਇਹ ਵਿਅਕਤੀ ਆਮ ਤੌਰ ਤੇ ਕਵੀ ਜਾਂ ਕਾਵਿ ਪ੍ਰੇਮੀ ਹੁੰਦਾ ਸੀ। ਜੇ ਪੱਤਲ ਛੁਡਾਏ ਬਿਨਾ ਜੀ ਜੰਞ ਖਾਣਾ ਖਾਣ ਲੱਗ ਜਾਂਦੀ ਤਾਂ ਉਸ ਦੀ ਬੌਧਿਕ ਤੇ ਅਖ਼ਲਾਕੀ ਹਾਰ ਮੰਨੀ ਜਾਂਦੀ ਤੇ ਮੇਲਣਾਂ ਸਿੱਠਣੀਆਂ ਦੇ ਕੇ ਬਰਾਤੀਆਂ ਨੂੰ ਕਾਫ਼ੀ ਲਜਿੱਤ ਕਰਦੀਆਂ। ਇਨ੍ਹਾਂ ਸਿੱਠਣੀਆਂ ਵਿਚ ਅਸ਼ਲੀਲਤਾ ਦਾ ਅੰਸ਼ ਹੋਣ ਕਾਰਣ ਸਿੰਘ ਸਭਾਈ ਅਤੇ ਆਰਯ ਸਮਾਜੀ ਸੁਧਾਰਕਾਂ ਨੇ ਇਸ ਰਸਮ ਦਾ ਕਾਫ਼ੀ ਵਿਰੋਧ ਕੀਤਾ। ਅਪੱਤਲ ਸਦਾ ਛੰਦ–ਬੱਧੀ ਹੁੰਦੀ ਹੈ ਪਰੰਤੂ ਇਸ ਲਈ ਕਿਸੇ ਇਕ ਛੰਦ ਦੀ ਸ਼ਬਤ ਨਹੀਂ ਹੈ। ਇਹ ਕਿਸੇ ਇਕ ਜਾਂ ਕਈ ਛੰਦਾਂ ਵਿਚ ਲਿਖੀ ਜਾ ਸਕਦੀ ਹੈ। ਇਸ ਵਿਚ ਹਾਸ ਰਸ ਦੀ ਮਾਤ੍ਰਾ ਬਾਕੀ ਰਸਾਂ ਤੋਂ ਵੱਧ ਹੁੰਦੀ ਹੈ। ਪੰਜਾਬੀ ਵਿਚ ਢੇਡ ਸੌ ਤੋਂ ਵੱਧ ਪੱਤਲਾਂ ਪ੍ਰਾਪਤ ਹਨ। ਕਵੀ ਭਗਵਾਨ ਸਿੰਘ, ਜੀਵਾ ਸਿੰਘ, ਕੇਹਰ ਸਿੰਘ, ਨੱਥਾ ਸਿੰਘ, ਪੂਰਨ ਚੰਦ, ਬੂੜ ਸਿੰਘ, ਰਣ ਸਿੰਘ, ਰਾਮ ਸਿੰਘ ਸਿੱਧੂ ਅਤੇ ਵਰਿਆਮ ਸਿੰਘ ਦੀਆਂ ਪੱਤਲਾਂ ਜਾਂ ਜੰਞਾਂ ਵਧੇਰੇ ਪ੍ਰਸਿੱਧ ਹਨ।
[ਸਹਾ. ਗ੍ਰੰਥ––ਡਾ. ਗੁਰਦੇਵ ਸਿੰਘ : ‘ਪੱਤਲ ਕਾਵਿ’; ਪਿਆਰਾ ਸਿੰਘ ਪਾਦਮ : ‘ਪੰਜਾਬੀ ਜੰਞਾਂ’]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First