ਪੰਜਾਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜਾਬ [ਨਿਪੁ] ਉੱਤਰੀ ਭਾਰਤ ਦਾ ਇੱਕ ਪ੍ਰਾਂਤ, ਪਾਕਿਸਤਾਨ ਦਾ ਇੱਕ ਸੂਬਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਜਾਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜਾਬ. ਪੰਚ ਨਦ. ਪੰਜ-ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ—ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).
ਪੰਜਾਬ ਵਿੱਚ ੩੪੦੦੦ ਪਿੰਡ , ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ.ਜੀ.ਜੀ. (Agent to the Governor General) ਨਾਲ ਤੇਰਾਂ (ਪਟਿਆਲਾ, ਬਹਾਵਲਪੁਰ, ਜੀਂਦ , ਨਾਭਾ , ਕਪੂਰਥਲਾ , ਮੰਡੀ , ਸਰਮੌਰ, ਬਿਲਾਸਪੁਰ , ਮਲੇਰਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintendent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ), ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ, ਕੋਟੀ, ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ (Political) ਸੰਬੰਧ ਰਖਦੀਆਂ ਹਨ.
ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗੀ ਮੀਲ ਹੈ, ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.
ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪,੪੧੬,੦੩੬ ਹੈ.
ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ—
ਮੁਸਲਮਾਨ ੧੨,੯੫੫,੧੪੧.
ਹਿੰਦੂ ੯,੧੨੫,੨੦੨.
ਸਿੱਖ ੩,੧੧੦,੦੬੦.2
ਈਸਾਈ ੩੪੬,੨੫੯.
ਜੈਂਨੀ ੪੬,੦੧੯.
ਬੌੱਧ ੫,੯੧੮.
ਪਾਰਸੀ ੫੯੮.
ਯਹੂਦੀ ੩੬.
ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J.D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਜਾਬ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੰਜਾਬ: ਸਿੱਖ ਧਰਮ ਦੀ ਜਨਮ-ਭੂਮੀ ਹੋਣ ਦਾ ‘ਪੰਜਾਬ’ ਪ੍ਰਾਂਤ ਨੂੰ ਗੌਰਵ ਹਾਸਲ ਹੈ। ਇਸ ਵਿਚ ਧਾਰਮਿਕ ਸਹਿਹੋਂਦ ਦੇ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਸੀ। ਪੰਜਾਬ ਦੇ ਇਤਿਹਾਸਿਕ ਪਿਛੋਕੜ ਨੂੰ ਸਮਝਣ ਲਈ ਇਹ ਗੱਲ ਚੰਗੀ ਤਰ੍ਹਾਂ ਮਨ ਵਿਚ ਬਿਠਾ ਲੈਣੀ ਉਚਿਤ ਹੈ ਕਿ ਜਿਸ ਨੂੰ ਅਸੀਂ ‘ਪੰਜਾਬ’ ਆਖਦੇ ਹਾਂ, ਉਸ ਦੀਆਂ ਹੱਦਾਂ ਕਈ ਵਾਰ ਵਧੀਆਂ ਅਤੇ ਕਈ ਵਾਰ ਘਟੀਆਂ, ਇਸ ਵਾਸਤੇ ਉਹ ਕਿਸੇ ਇਕ ਸਥਿਰ ਪ੍ਰਾਦੇਸ਼ਿਕ ਇਕਾਈ ਦਾ ਨਾਂ ਨਹੀਂ ਹੈ।
ਜੇ ਪਿਛੇ ਵਲ ਨੂੰ ਝਾਤ ਮਾਰੀਏ ਤਾਂ ‘ਮਹਾਭਾਰਤ ’ ਦੇ ‘ਭੀਸ਼ਮ ਪਰਵ’ ਦੇ ਆਧਾਰ’ਤੇ ਸੰਕੇਤ ਮਿਲਦਾ ਹੈ ਕਿ ਕੌਰਵ-ਪਾਂਡਵਾਂ ਦੀ ਲੜਾਈ ਵੇਲੇ ਅਜ ਦਾ ਪੰਜਾਬ ਕਈ ਜਨਪਦਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਜਨਪਦਾਂ ਦੇ ਰਾਜਿਆਂ ਅਤੇ ਰਾਜਕੁਮਾਰਾਂ ਨੇ ਦੋਹਾਂ ਧਿਰਾਂ ਵਲੋਂ ਯੁੱਧ ਵਿਚ ਭਾਗ ਲਿਆ ਸੀ। ਸਪੱਸ਼ਟ ਹੈ ਕਿ ਉਦੋਂ ਪੰਜਾਬ ਇਕ- ਖੇਤਰੀ ਦੇਸ਼ ਨਹੀਂ ਸੀ।
ਈਸਵੀ ਸੰਨ ਦੇ ਸ਼ੁਰੂ ਹੋਣ ਤੋਂ ਲਗਭਗ ਪੰਜ ਸੌ ਸਾਲ ਪਹਿਲਾਂ ਇਸ ਦੇ ਕੁਝ ਹਿੱਸੇ ਈਰਾਨ ਰਾਜ ਅਧੀਨ ਸਨ। ਸਿਕੰਦਰ ਦੇ ਆਕ੍ਰਮਣ ਵੇਲੇ ਵੀ ਇਥੇ ਕੋਈ ਦ੍ਰਿੜ੍ਹ ਰਾਜ-ਵਿਵਸਥਾ ਨਹੀਂ ਸੀ। ਉਦੋਂ ਤ੍ਰਿਗਰਤ, ਗੰਧਾਰ, ਉਰਸਾ, ਅਭਿਸਾਰ ਆਦਿ ਜਨਪਦਾਂ ਤੋਂ ਇਲਾਵਾ ਪੋਰਸ ਅਤੇ ਅੰਭੀ ਵਰਗਿਆਂ ਦਾ ਰਾਜ ਸੀ। ਪਹਿਲੀ ਵਾਰ ਚੰਦਰਗੁਪਤ ਮੌਰਯ ਨੇ ਸਿਕੰਦਰ ਦੇ ਉਤਰਾਧਿਕਾਰੀਆਂ ਤੋਂ ਇਹ ਇਲਾਕਾ ਜਿਤ ਕੇ ਇਸ ਨੂੰ ਸੁਤੰਤਰ ਰਾਜ-ਇਕਾਈ ਬਣਾਇਆ, ਪਰ ਸਮਰਾਟ ਅਸ਼ੋਕ ਦੇ ਉਤਰਾਧਿਕਾਰੀਆਂ ਦੀ ਕਮਜ਼ੋਰੀ ਕਾਰਣ ਇਹ ਇਕਾਈ ਫਿਰ ਭੰਗ ਹੋ ਗਈ ਅਤੇ ਮੁਸਲਮਾਨ ਹਮਲਾਵਰਾਂ ਦੇ ਆਉਣ ਤਕ ਪੰਜਾਬ ਦਾ ਖੇਤਰ ਵਖ ਵਖ ਹਿੱਸਿਆਂ ਵਿਚ ਵੰਡਿਆ ਰਿਹਾ। ਕਦੇ ਇਸ ਦਾ ਪੱਛਮੀ ਭਾਗ ਕਨਿਸ਼ਕ ਦੇ ਅਧੀਨ ਰਿਹਾ, ਕਦੇ ਗੁਪਤ ਰਾਜਿਆਂ ਨੇ ਜੇਹਲਮ ਤਕ ਆਪਣੀਆਂ ਹੱਦਾਂ ਵਧਾਈਆਂ। ਹਰਸ਼ ਵਰਧਨ ਵੀ ਜੇਹਲਮ ਤਕ ਮੁਸ਼ਕਿਲ ਨਾਲ ਵਧ ਸਕਿਆ। ਉਸ ਤੋਂ ਬਾਦ ਕਈ ਸਦੀਆ ਤਕ ਪੰਜਾਬ ਵਿਚ ਅਰਾਜਕਤਾ ਵਾਲੀ ਸਥਿਤੀ ਬਣੀ ਰਹੀ। ਕਈ ਰਾਜੇ ਬਣੇ, ਕਈ ਮਾਰੇ ਗਏ ਅਤੇ ਕਈ ਫਿਰ ਸੱਤਾਧਾਰੀ ਹੋ ਗਏ।
ਦਸਵੀਂ ਸਦੀ ਦੇ ਅੰਤ ਵਿਚ ਲਾਹੌਰ ਦੇ ਰਾਜਾ ਜੈਪਾਲ ਨੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਆਪਣੇ ਰਾਜ ਦੀਆਂ ਸੀਮਾਵਾਂ ਮੁਲਤਾਨ ਅਤੇ ਕਸ਼ਮੀਰ ਤਕ ਵਿਸਤਰਿਤ ਕੀਤੀਆਂ। ਇਸ ਤਰ੍ਹਾਂ ਚੰਦਰਗੁਪਤ ਮੌਰਯ ਤੋਂ ਲਗਭਗ 12 ਸਦੀਆਂ ਬਾਦ ਪੰਜਾਬ ਨੂੰ ਫਿਰ ਇਕ ਇਕਾਈ ਬਣਨ ਦਾ ਅਵਸਰ ਮਿਲਿਆ, ਪਰ ਸੰਨ 1004 ਈ. ਤੋਂ 1014 ਈ. ਤਕ ਮਹਿਮੂਦ ਗ਼ਜ਼ਨਵੀ ਨੇ ਪਿਸ਼ਾਵਰ, ਭੇਰਾ , ਲਾਹੌਰ, ਨਗਰਕੋਟ, ਮੁਲਤਾਨ, ਥਾਨੇਸਰ ਆਦਿ ਨਗਰਾਂ ਨੂੰ ਚੰਗੀ ਤਰ੍ਹਾਂ ਲੁਟਿਆ ਅਤੇ ਆਪਣੀ ਬਾਦਸ਼ਾਹੀ ਕਾਇਮ ਕੀਤੀ। ਫਿਰ ਤੋਮਰ ਅਤੇ ਚੌਹਾਨ ਰਾਜਪੂਤਾਂ ਨੇ ਪੰਜਾਬ ਦੇ ਪੂਰਬੀ ਅਤੇ ਦੱਖਣ-ਪੂਰਬੀ ਇਲਾਕਿਆਂ ਵਿਚ ਆਪਣੀਆਂ ਸ਼ਕਤੀਆਂ ਵਧਾਈਆਂ। ਸੰਨ 1192 ਈ. ਵਿਚ ਮੁਹੰਮਦ ਗ਼ੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਤ੍ਰਾਵੜੀ ਦੇ ਯੁੱਧ ਵਿਚ ਹਾਰ ਦੇ ਕੇ ਦਿੱਲੀ ਤਕ ਦੇ ਇਲਾਕੇ ਨੂੰ ਆਪਣੀ ਹਕੂਮਤ ਵਿਚ ਸ਼ਾਮਲ ਕਰ ਲਿਆ। ਉਸ ਤੋਂ ਬਾਦ ਪੰਜਾਬ ਵਿਚ ਰਾਜਵੰਸ਼ਾਂ ਦੇ ਸੰਘਰਸ਼ ਚਲਦੇ ਰਹੇ , ਕੁਝ ਬਾਹਰੋਂ ਹਮਲੇ ਵੀ ਹੋਏ। ਗੱਲ ਕੀ, ਮੁਗ਼ਲ ਰਾਜ ਦੀ ਕਾਇਮੀ ਤਕ ਪੰਜਾਬ ਵਿਚ ਖ਼ੂਨ-ਖ਼ਰਾਬਾ ਹੀ ਰਿਹਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਪੰਜਾਬ ਲੋਧੀਆਂ ਦੇ ਅਧੀਨ ਸੀ, ਪਰ ਬਾਦ ਵਿਚ ਮੁਗ਼ਲਾਂ ਦੇ ਅਧੀਨ ਹੋ ਗਿਆ। ਸਮੇਂ ਸਮੇਂ ਹੁੰਦੀ ਉਥਲ-ਪੁਥਲ ਨੇ ਪੰਜਾਬ-ਨਿਵਾਸੀਆਂ ਦਾ ਸੁਭਾ ਹੀ ਬਦਲ ਦਿੱਤਾ। ਉਨ੍ਹਾਂ ਦੇ ਇਕ ਹੱਥ ਵਿਚ ਤਲਵਾਰ ਰਹਿੰਦੀ ਸੀ ਅਤੇ ਦੂਜੇ ਹੱਥ ਵਿਚ ਹਲ ਦੀ ਮੁਠ। ਉਨ੍ਹਾਂ ਨੂੰ ਇਹ ਦੋਵੇਂ ਕੰਮ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਕਰਨੇ ਪੈਂਦੇ ਸਨ।
ਸਦਾ ਸੰਕਟ ਵਿਚ ਘਿਰੇ ਰਹਿਣ ਨਾਲ ਕੋਈ ਕੌਮ ਜਾਂ ਤਾਂ ਕਾਇਰ ਬਣ ਕੇ ਸੱਤਾ ਦੇ ਸਾਹਮਣੇ ਹਮੇਸ਼ਾਂ ਲਈ ਆਪਣਾ ਗੌਰਵ ਖ਼ਤਮ ਕਰ ਦਿੰਦੀ ਹੈ ਜਾਂ ਆਤਮ- ਵਿਸ਼ਵਾਸ ਨਾਲ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਸੰਘਰਸ਼ ਦਾ ਰਾਹ ਫੜਦੀ ਹੈ। ਅਜਿਹੀਆਂ ਸਥਿਤੀਆਂ ਵਿਚੋਂ ਲੰਘਦੇ ਲੰਘਦੇ ਉਸ ਕੌਮ ਦਾ ਸੁਭਾ ਹੀ ਜੁਝਾਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਾਲਾਤ ਨਾਲ ਨਜਿਠਣ ਲਈ ਉਸ ਦੇ ਚਰਿਤ੍ਰ ਵਿਚ ਸਹਿਨਸ਼ੀਲਤਾ ਪੈਦਾ ਹੋ ਜਾਂਦੀ ਹੈ। ਜਿਥੇ ਉਹ ਆਪਣੀ ਗੱਲ ਮੰਨਵਾਉਣਾ ਚਾਹੁੰਦੀ ਹੈ, ਉਥੇ ਦੂਜਿਆਂ ਦੀ ਮੰਨਣ ਲਈ ਉਦਾਰਤਾ ਦਾ ਰਾਹ ਅਪਣਾਉਂਦੀ ਹੈ। ਇਸ ਲਈ ਪੰਜਾਬੀ ਕੌਮ ਸਿਰੜੀ ਅਤੇ ਸਹਿਨਸ਼ੀਲ ਬਣ ਗਈ।
ਪੰਜਾਬ ਸਮਾਜਿਕ ਤੌਰ ’ਤੇ ਬਹੁ-ਨਸਲੀ ਅਤੇ ਬਹੁ -ਜਾਤੀ ਪ੍ਰਦੇਸ਼ ਹੈ। ਨੀਗ੍ਰੀਟੋ, ਆਸਟ੍ਰਿਕ ਅਤੇ ਦ੍ਰਾਵਿੜੀਅਨ ਤੋਂ ਬਾਦ ਆਰਯ ਲੋਕ ਪੰਜਾਬ ਵਿਚ ਆਏ ਅਤੇ ਉਨ੍ਹਾਂ ਨੇ ਇਕ ਹਜ਼ਾਰ ਸਾਲ ਤਕ ਪੰਜਾਬ ਵਿਚ ਨਿਰਦੁਅੰਦ ਰੂਪ ਵਿਚ ਸੱਤਾ ਸੰਭਾਲੀ ਰਖੀ। ਪਰ ਉਸ ਤੋਂ ਬਾਦ ਅਗਲੇ ਡੇਢ ਹਜ਼ਾਰ ਸਾਲਾਂ ਵਿਚ ਪੰਜਾਬ ਵਿਚ ਯੂਨਾਨੀ, ਬਾਖ਼ਤਰੀ, ਚੀਨੀ, ਯੂਚੀ, ਕੁਸ਼ਾਣ, ਸ਼ਕ , ਗੁਜਰ ਆਦਿ ਨਸਲਾਂ ਆਉਂਦੀਆਂ ਰਹੀਆਂ। ਫਿਰ ਅਨੇਕ ਕੌਮਾਂ ਦੇ ਮੁਸਲਮਾਨਾਂ ਨੇ ਪੰਜਾਬ ਵਿਚ ਪ੍ਰਵੇਸ਼ ਕੀਤਾ, ਜਿਵੇਂ ਅਵਾਣ, ਸੱਯਦ, ਕੁਰੇਸ਼ੀ, ਪਠਾਣ, ਤੁਰਕ , ਈਰਾਨੀ, ਤੁਰਾਨੀ, ਮੰਗੋਲ, ਮੁਗ਼ਲ ਆਦਿ। ਇਹ ਇਥੇ ਆ ਕੇ ਵਸਦੇ ਗਏ ਅਤੇ ਹੌਲੀ ਹੌਲੀ ਆਪਣੇ ਵਿਦੇਸ਼ੀਪਨ ਨੂੰ ਖ਼ਤਮ ਕਰਦੇ ਗਏ। ਇਸ ਤਰ੍ਹਾਂ ਪੰਜਾਬ ਨਸਲਾਂ’ਤੇ ਕੌਮਾਂ ਦਾ ਅਜਾਇਬ ਘਰ ਬਣ ਗਿਆ।
ਸਹਿਹੋਂਦ ਦੇ ਅਹਿਸਾਸ ਕਾਰਣ ਅਤੇ ਧਰਮ ਦੇ ਬਲ ਪੂਰਵਕ ਪਰਿਵਰਤਨ ਕਰਕੇ ਕੌਮਾਂ ਜਾਂ ਨਸਲਾਂ ਦੇ ਪਛਾਣ-ਚਿੰਨ੍ਹ ਖ਼ਤਮ ਹੁੰਦੇ ਗਏ। ਹੁਣ ਪੰਜਾਬ ਵਿਚ ਕਿਸੇ ਵੀ ਕੌਮ ਦੇ ਸ਼ੁੱਧ ਸਰੂਪ ਨੂੰ ਲਭਣਾ ਸਰਲ ਨਹੀਂ ਰਿਹਾ। ਅਨੇਕ ਕੌਮਾਂ ਦਾ ਜਿਹੋ ਜਿਹਾ ਤਾਲ-ਮੇਲ ਅਤੇ ਅੰਤਰ- ਸੰਬੰਧ ਪੰਜਾਬ ਵਿਚ ਹੋਇਆ ਉਤਨਾ ਹਿੰਦੁਸਤਾਨ ਦੇ ਕਿਸੇ ਹੋਰ ਪ੍ਰਦੇਸ਼ ਵਿਚ ਨਹੀਂ ਹੋਇਆ। ਇਸ ਮੇਲ-ਜੋਲ ਦਾ ਪ੍ਰਭਾਵ ਭਾਸ਼ਾ , ਸਮਾਜਿਕ ਰੀਤਾਂ-ਰਵਾਜਾਂ, ਧਾਰਮਿਕ ਅਨੁਸ਼ਠਾਨਾਂ ਉਤੇ ਪਿਆ, ਪਰ ਰਾਜਨੈਤਿਕ ਦੁਰਵਿਵਸਥਾ ਕਾਰਣ ਕਿਤੇ ਵੀ ਇਨ੍ਹਾਂ ਦੇ ਪ੍ਰਚਾਰ-ਪ੍ਰਸਾਰ ਲਈ ਕੋਈ ਸਥਾਈ ਕੇਂਦਰ ਨ ਬਣ ਸਕਿਆ। ਇਸ ਲਈ ਕਿਸੇ ਦਾ ਵੀ ਕੋਈ ਰੂੜ੍ਹ ਰੂਪ ਪ੍ਰਚਲਿਤ ਨ ਹੋ ਸਕਿਆ। ਧਰਮ-ਪਰਿਵਰਤਨ ਸਮੂਹਿਕ ਘਟ ਅਤੇ ਕੁਝ ਕੁਝ ਪਰਿਵਾਰਾਂ ਜਾਂ ਖ਼ਾਨਦਾਨਾਂ ਤਕ ਸੀਮਿਤ ਅਧਿਕ ਸੀ। ਇਨ੍ਹਾਂ ਦੇ ਭਾਈਚਾਰਿਕ ਕਾਰ-ਵਿਵਹਾਰ ਆਪਣੇ ਪਹਿਲੇ ਸੰਬੰਧੀਆਂ ਨਾਲ ਵੀ ਚਲਦੇ ਰਹਿੰਦੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਲੇ ਪੰਜਾਬ ਸਮਾਜਿਕ ਤੌਰ’ਤੇ ਸੰਯੁਕਤ ਭਾਈਚਾਰੇ ਦਾ ਪ੍ਰਦੇਸ਼ ਸੀ। ਇਸ ਵਿਚ ਜੇ ਕੋਈ ਨਿਖੇੜ-ਰੇਖਾ ਖਿਚੀ ਜਾ ਸਕਦੀ ਸੀ ਤਾਂ ਕੇਵਲ ਧਰਮ ਦੇ ਆਧਾਰ’ਤੇ। ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਪੰਜਾਬ ਵਿਚ ਮੁੱਖ ਤੌਰ’ਤੇ ਦੋ ਹੀ ਧਰਮ ਸਨ—ਹਿੰਦੂ ਅਤੇ ਮੁਸਲਮਾਨ।
ਹਿੰਦੁਸਤਾਨ ਦੇ ਸਾਰੇ ਨਿਵਾਸੀ ਆਮ ਤੌਰ’ਤੇ ਹਿੰਦੂ ਹੀ ਸਮਝੇ ਜਾਂਦੇ ਸਨ, ਚਾਹੇ ਉਹ ਬੌਧੀ ਹੋਣ, ਚਾਹੇ ਜੈਨੀ, ਚਾਹੇ ਉਨ੍ਹਾਂ ਦਾ ਸੰਬੰਧ ਵੈਸ਼ਣਵ-ਪਰੰਪਰਾ ਨਾਲ ਹੋਵੇ ਅਤੇ ਚਾਹੇ ਸ਼ਿਵ-ਸ਼ਕਤੀ ਦੇ ਉਪਾਸਕ ਹੋਣ। ਇਸੇ ਤਰ੍ਹਾਂ ਕਿਸੇ ਵੀ ਦੇਸ਼, ਜਾਤਿ ਅਤੇ ਨਸਲ ਵਾਲੇ ਮੁਸਲਮਾਨ ਕੇਵਲ ਮੁਸਲਮਾਨ ਹੀ ਸਮਝੇ ਜਾਂਦੇ ਸਨ। ਇਸਲਾਮ ਦੇ ਪ੍ਰਚਾਰ ਲਈ ਮੁਸਲਮਾਨ ਜਿਧਰ ਵੀ ਗਏ, ਜਿਸ ਦੇਸ਼ ਉਤੇ ਵੀ ਉਨ੍ਹਾਂ ਨੇ ਕਬਜ਼ਾ ਕੀਤਾ, ਸਭ ਨੂੰ ਸਾਮੂਹਿਕ ਤੌਰ’ਤੇ ਇਸਲਾਮ ਦਾ ਅਨੁਯਾਈ ਬਣਾ ਦਿੱਤਾ ਅਤੇ ਅਗੋਂ ਹੋਰ ਮੁਹਿੰਮਾਂ ਚਲਾਉਣ ਲਈ ਉਨ੍ਹਾਂ ਨੂੰ ਨਾਲ ਲੈ ਲਿਆ। ਉਨ੍ਹਾਂ ਵਿਚ ਕਈ ਅਜਿਹੇ ਵੀ ਸਨ ਜਿਨ੍ਹਾਂ ਦੇ ਜ਼ੁਲਮਾਂ ਦੇ ਵੇਰਵਿਆਂ ਨੇ ਇਤਿਹਾਸ ਦੇ ਪੰਨੇ ਲਾਲ ਕਰ ਦਿੱਤੇ। ਪਰ ਹਿੰਦੁਸਤਾਨ ਵਿਚ ਅਜਿਹਾ ਨ ਹੋ ਸਕਿਆ। ਇਸ ਦੇ ਕਈ ਕਾਰਣ ਹੋ ਸਕਦੇ ਹਨ।
ਇਕ ਇਹ ਕਿ ਇਹ ਬਹੁਤ ਵਿਸ਼ਾਲ ਦੇਸ਼ ਸੀ, ਇਸ ਲਈ ਸਭ ਨੂੰ ਸਖ਼ਤੀ ਨਾਲ ਦਬਾਇਆ ਜਾ ਸਕਣਾ ਸੰਭਵ ਨਹੀਂ ਸੀ। ਦੂਜਾ , ਹਿੰਦੂ ਧਰਮ ਦੇ ਵਰਣਾਸ਼੍ਰਮ ਵਿਧਾਨ ਨੇ ਲੋਕਾਂ ਨੂੰ ਇਤਨਾ ਧਰਮ-ਭੀਰੂ ਬਣਾ ਦਿੱਤਾ ਸੀ ਕਿ ਉਹ ਧਰਮ ਪਰਿਵਰਤਨ ਦੀ ਗੱਲ ਨੂੰ ਗ੍ਰਹਿਣ ਕਰਨ ਲਈ ਤੁਰਤ ਤਿਆਰ ਨਹੀਂ ਹੋ ਸਕਦੇ ਸਨ। ਇਸ ਸੰਦਰਭ ਵਿਚ ਮਨੂ ਦੇ ਜਾਤਿਵਾਦ ਦੀ ਉਪਯੋਗਿਤਾ ਦਾ ਅਹਿਸਾਸ ਹੋ ਸਕਦਾ ਹੈ। ਤੀਜਾ, ਹਿੰਦੁਸਤਾਨ ਵਿਚ ਅਨੇਕ ਜੰਗਜੂ ਜਾਤੀਆਂ ਦੇ ਰਹਿਣ ਕਾਰਣ ਉਨ੍ਹਾਂ ਵਲੋਂ ਸਦਾ ਕ੍ਰਾਂਤੀ ਕਰਨ ਦਾ ਡਰ ਬਣਿਆ ਰਹਿੰਦਾ ਸੀ। ਹਿੰਦੁਸਤਾਨੀਆਂ ਦੀਆਂ ਹਾਰਾਂ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਦੀ ਬਹਾਦਰੀ’ਤੇ ਕਿਸੇ ਪ੍ਰ੍ਰਕਾਰ ਦਾ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਦਾ। ਜੇ ਕੋਈ ਘਾਟ ਦ੍ਰਿਸ਼ਟੀਗੋਚਰ ਹੁੰਦੀ ਹੈ ਤਾਂ ਏਕੇ ਦੀ ਭਾਵਨਾ ਦੀ। ਇਨ੍ਹਾਂ ਨੇ ਕਦੇ ਵੀ ਸੰਗਠਿਤ ਹੋ ਕੇ ਕਿਸੇ ਵੈਰੀ ਦਾ ਮੁਕਾਬਲਾ ਨਹੀਂ ਕੀਤਾ, ਇਕਲੇ ਇਕਲੇ ਮਾਰ ਖਾਂਦੇ ਰਹੇ। ਚੌਥਾ , ਹੋਰਨਾਂ ਦੇਸ਼ਾਂ ਵਿਚ ਜਾ ਕੇ ਲੁਟ ਮਾਰ ਕਰਨਾ ਹਿੰਦੁਸਤਾਨੀਆਂ ਦੇ ਸੁਭਾ ਵਿਚ ਨਹੀਂ ਸੀ ਕਿਉਂਕਿ ਇਹ ਰਜੇ-ਪੁਜੇ ਅਤੇ ਭਰੇ- ਪੂਰੇ ਦੇਸ਼ ਦੇ ਵਾਸੀ ਸਨ ਅਤੇ ਕਿਸੇ ਪ੍ਰਕਾਰ ਦੇ ਅਭਾਵ ਦੀ ਭਾਵਨਾ ਇਨ੍ਹਾਂ ਦੇ ਮਨ ਵਿਚ ਨਹੀਂ ਸੀ। ਅਹਿੰਸਾ ਦੀ ਭਾਵਨਾ ਇਸੇ ਦੇਸ਼ ਨੇ ਪ੍ਰਸਾਰਿਤ ਕੀਤੀ ਸੀ।
ਸਪੱਸ਼ਟ ਹੈ ਕਿ ਪੰਜਾਬ ਬਹੁ-ਨਸਲੀ ਸਭਿਆਚਾਰ ਅਤੇ ਭਾਈਚਾਰੇ ਦਾ ਪ੍ਰਦੇਸ਼ ਸੀ। ਇਸ ਵਿਚ ਅਨੇਕ ਧਰਮਾਂ, ਭਾਵਨਾਵਾਂ ਅਤੇ ਵਿਚਾਰਧਾਰਾਵਾਂ ਦੇ ਲੋਕ ਵਸਦੇ ਸਨ। ਯੁਗ ਯੁਗ ਵਿਚ ਤੇਜ਼ ਗਤਿ ਨਾਲ ਬਦਲਦੀਆਂ ਇਥੋਂ ਦੀਆਂ ਪਰਿਸਥਿਤੀਆਂ ਨੇ ਪੰਜਾਬੀ ਜੀਵਨ ਵਿਚ ਉਤਸਾਹ ਨੂੰ ਸਥਾਈ ਤੌਰ’ਤੇ ਬਣਾਈ ਰਖਿਆ। ਇਸ ਲਈ ਪੰਜਾਬ ਵਿਚ ਰਚੇ ਗਏ ਗੁਰਮਤਿ-ਸਾਹਿਤ ਵਿਚ ਇਥੋਂ ਦੇ ਸਾਰੇ ਸਮਾਜਿਕ ਵਰਗਾਂ, ਸਭਿਆਚਾਰਿਕ ਇਕਾਈਆਂ ਅਤੇ ਧਾਰਮਿਕ ਸਮੁੱਚਾਂ ਦੀ ਕਿਸੇ ਨ ਕਿਸੇ ਰੂਪ ਵਿਚ ਪ੍ਰਤਿਨਿਧਤਾ ਹੋਈ ਹੈ।
ਪੰਜਾਬ ਉਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪਹਿਲਾਂ ਲੋਧੀਆਂ ਦੀ ਹਕੂਮਤ ਸੀ ਅਤੇ ਬਾਦ ਵਿਚ ਮੁਗ਼ਲ ਬਾਦਸ਼ਾਹ ਬਣ ਗਏ। ਔਰੰਗਜ਼ੇਬ ਬਾਦਸ਼ਾਹ ਦੇ ਰਾਜ-ਕਾਲ ਦੇ ਅੰਤ ਤਕ ਇਹ ਸਥਿਤੀ ਬਣੀ ਰਹੀ। ਪਰ ਸੰਨ 1699 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ‘ਖ਼ਾਲਸਾ ’ ਨੇ ਪੰਜਾਬ ਵਿਚ ਹਰ ਪੱਖੋਂ ਇਕ ਨਵੀਂ ਚੇਤਨਾ ਅਤੇ ਅਦੱਬ ਸ਼ਕਤੀ ਦਾ ਸੰਚਾਰ ਕੀਤਾ। 18ਵੀਂ ਸਦੀ ਦੇ ਸ਼ੁਰੂ ਵਿਚ ਬਾਬਾ ਬੰਦਾ ਬਹਾਦਰ ਨੇ ਪੰਜਾਬ ਵਿਚ ਮੁਗ਼ਲ ਸ਼ਕਤੀ ਨੂੰ ਝੰਝੋੜ ਦਿੱਤਾ। ਸੰਨ 1765 ਈ. ਤਕ ਸਿੱਖ ਮਿਸਲਾਂ ਨੇ ਮੁਗ਼ਲਾਂ ਅਤੇ ਅਫ਼ਗ਼ਾਨਾਂ ਨੂੰ ਭਾਂਝ ਦੇ ਕੇ ਸਿੰਧ ਦਰਿਆ ਤੋਂ ਯਮੁਨਾ ਦਰਿਆ ਤਕ ਦੇ ਸਾਰੇ ਇਲਾਕੇ ਵਿਚ ਆਪਣੀਆਂ ਰਿਆਸਤਾਂ ਕਾਇਮ ਕਰ ਲਈਆਂ। ਸੰਨ 1799 ਈ. ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਹਿੰਮਤ ਅਤੇ ਸੂਝ ਨਾਲ ਸਤਲੁਜ ਦਰਿਆ ਤੋਂ ਲੈ ਕੇ ਉਤਰ-ਪੱਛਮੀ ਸਰਹਦੀ ਸੂਬੇ ਅਤੇ ਕਸ਼ਮੀਰ-ਜੰਮੂ ਨੂੰ ਆਪਣੀ ਹਕੂਮਤ ਵਿਚ ਸ਼ਾਮਲ ਕਰ ਲਿਆ। ਸੰਨ 1839 ਈ. ਤਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇਕ ਦ੍ਰਿੜ੍ਹ ਅਤੇ ਸਥਿਰ ਸ਼ਾਸਨ ਪ੍ਰਦਾਨ ਕੀਤਾ। ਪਰ ਸੰਨ 1849 ਈ. ਤਕ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਨੇ ਪੰਜਾਬ ਨੂੰ ਅੰਗ੍ਰੇਜ਼ ਸਰਕਾਰ ਦੀ ਝੋਲੀ ਪਾ ਦਿੱਤਾ।
ਸੰਨ 1849 ਈ. ਵਿਚ ਜੰਮੂ ਅਤੇ ਕਸ਼ਮੀਰ ਨੂੰ ਪੰਜਾਬ ਤੋਂ ਵਖ ਕਰ ਦਿੱਤਾ ਗਿਆ। ਸੰਨ 1901 ਈ. ਵਿਚ ਪੰਜਾਬ ਨਾਲੋਂ ਉਤਰ-ਪੱਛਮੀ ਸਰਹੱਦੀ ਸੂਬੇ ਦੇ ਖੇਤਰ ਨੂੰ ਵਖ ਕਰ ਦਿੱਤਾ ਗਿਆ। ਸੰਨ 1911 ਈ. ਵਿਚ ਦਿੱਲੀ ਨੂੰ ਪੰਜਾਬ ਤੋਂ ਸੁਤੰਤਰ ਬਣਾ ਦਿੱਤਾ ਗਿਆ। ਬਾਕੀ ਬਚਦੇ ਪੰਜਾਬ (ਕੁਲ 2,54,034 ਵਰਗ ਕਿ.ਮੀ.) ਨੂੰ ਸੰਨ 1947 ਈ. ਵਿਚ ਪੱਛਮੀ ਅਤੇ ਪੂਰਬੀ ਦੋ ਹਿੱਸਿਆ ਵਿਚ ਵੰਡ ਦਿੱਤਾ ਗਿਆ। ਪੱਛਮੀ ਪੰਜਾਬ ਵਲ 1,58,347 ਵਰਗ ਕਿ.ਮੀ. ਅਤੇ ਪੂਰਬੀ ਪੰਜਾਬ ਵਲ 95,687 ਵ.ਕਿ.ਮੀ. ਇਲਾਕੇ ਆਏ। ਸੰਨ 1951 ਈ. ਵਿਚ ਪੂਰਬੀ ਪੰਜਾਬ ਦੀ ਆਬਾਦੀ 1,26,41,205 ਅਤੇ ਪੱਛਮੀ ਪੰਜਾਬ ਦੀ ਜਨ- ਸੰਖਿਆ 1,82,88,015 ਸੀ। ਸੰਨ 1956 ਈ. ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਦਸ ਸਾਲ ਸਾਲ ਬਾਦ 1 ਨਵੰਬਰ 1966 ਈ. ਨੂੰ ਪੰਜਾਬ ਨਾਲੋਂ ਭਾਸ਼ਾ ਦੇ ਆਧਾਰ’ਤੇ ਦੱਖਣੀ ਅਤੇ ਦੱਖਣ-ਪੂਰਬੀ ਜ਼ਿਲ੍ਹੇ ਵਖ ਕਰਕੇ ਹਰਿਆਣਾ ਪ੍ਰਾਂਤ ਬਣਾਇਆ ਗਿਆ ਅਤੇ ਕਾਂਗੜਾ ਜ਼ਿਲ੍ਹਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਊਨਾ ਤਹਿਸੀਲ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿੱਤਾ ਗਿਆ। ਚੰਡੀਗੜ੍ਹ ਨੂੰ ਕੇਂਦਰੀ ਸਰਕਾਰ ਦਾ ਯੂਨੀਅਨ ਖੇਤਰ ਬਣਾ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਮਾਝੇ , ਦੁਆਰੇ ਅਤੇ ਮਾਲਵੇ ਤਕ ਸੀਮਿਤ ਹੋ ਗਿਆ।
ਸਿੱਖ ਜਗਤ ਦਾ ਘਰ ਸਮਝਿਆ ਜਾਣ ਵਾਲਾ ਪੰਜਾਬ ਹੁਣ ਕੁਲ 50,362 ਵ.ਕਿ.ਮੀ. ਖੇਤਰ ਦਾ ਰਹਿ ਗਿਆ ਹੈ। ਸੰਨ 1991 ਈ. ਦੀ ਮਰਦਮ ਸ਼ੁਮਾਰੀ ਵੇਲੇ ਇਸ ਦੀ ਕੁਲ ਆਬਾਦੀ 2,02,81,969 ਸੀ ਜੋ ਭਾਰਤ ਦੀ ਕੁਲ ਆਬਾਦੀ ਦਾ 2.4 ਪ੍ਰਤਿਸ਼ਤ ਹੈ। ਇਸ ਵਿਚ 62.95 ਪ੍ਰਤਿਸ਼ਤ ਸਿੱਖ, 34.46 ਪ੍ਰਤਿਸ਼ਤ ਹਿੰਦੂ, 1.18 ਪ੍ਰਤਿਸ਼ਤ ਮੁਸਲਮਾਨ, 1.11 ਪ੍ਰਤਿਸ਼ਤ ਈਸਾਈ ਸਨ। ਵਰਤਮਾਨ ਪੰਜਾਬ ਦੀ ਰਾਜ-ਭਾਸ਼ਾ ਪੰਜਾਬੀ ਹੈ ਜ਼ਰੂਰ, ਪਰ ਇਸ ਨੂੰ ਰਾਜ-ਭਾਸ਼ਾ ਦਾ ਗੌਰਵ ਪ੍ਰਦਾਨ ਕਰਨ ਵਿਚ ਕਈ ਰੁਕਾਵਟਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।
ਇਸ ਪ੍ਰਦੇਸ਼ ਦਾ ਨਾਂ ‘ਪੰਜਾਬ’ ਕਦ ਪਿਆ ? ਇਸ ਬਾਰੇ ਕੋਈ ਤੱਥਾਧਾਰਿਤ ਸਾਮਗ੍ਰੀ ਉਪਲਬਧ ਨਹੀਂ ਹੈ। ਇਸ ਦਾ ਨਾਂ ਅਤੇ ਆਕਾਰ ਸਦਾ ਬਦਲਦੇ ਰਹੇ ਹਨ। ਇਨ੍ਹਾਂ ਦੋਹਾਂ ਵਿਚੋਂ ਨਾਂ ਦਾ ਸੰਬੰਧ ਭੂਗੋਲਿਕ ਖੇਤਰ ਨਾਲ ਹੈ ਅਤੇ ਆਕਾਰ ਦਾ ਸੰਬੰਧ ਰਾਜਨੈਤਿਕ ਗਤਿਵਿਧੀਆਂ ਨਾਲ ਹੈ। ਸਮੇਂ ਸਮੇਂ ਇਸ ਦੇ ਨਾਮ ਮੁੱਖ ਤੌਰ’ਤੇ ਸਪਤ-ਸਿੰਧੂ, ਵਾਹੀਕ, ਮਦ੍ਰ , ਟੱਕ , ਪੰਚਨਦ ਆਦਿ ਰਹੇ ਹਨ। ਇਨ੍ਹਾਂ ਪੁਰਾਤਨ ਨਾਂਵਾਂ ਵਿਚੋਂ ‘ਪੰਚਨਦ’ ਸ਼ਬਦ ਇਸ ਪ੍ਰਦੇਸ਼ ਦੇ ਨਾਂ ਦੀ ਸਮਸਿਆ ਬਾਰੇ ਪ੍ਰਕਾਸ਼ ਪਾਉਣ ਵਿਚ ਕੁਝ ਸਹਾਇਕ ਹੋ ਸਕਦਾ ਹੈ। ਇਸ ਨਾਂ ਦਾ ਮੂਲ ਸੰਬੰਧ ਉਸ ਸਥਾਨ ਨਾਲ ਹੈ ਜਿਥੇ ਇਸ ਖੇਤਰ ਦੇ ਪੰਜ ਨਦ (ਸਤਲੁਜ, ਬਿਆਸ , ਰਾਵੀ , ਚਨਾਬ ਅਤੇ ਜੇਹਲਮ) ਇਕੱਠੇ ਹੁੰਦੇ ਹਨ। ਇਹ ਨਾਂ ਉਸੇ ਸਰਣੀ ਉਤੇ ਬਣਿਆ ਪ੍ਰਤੀਤ ਹੁੰਦਾ ਹੈ ਜਿਸ ਉਤੇ ਗੰਗਾ , ਯਮੁਨਾ ਅਤੇ ਸਰਸਵਤੀ ਦੇ ਸੰਗਮ ਨੂੰ ‘ਤ੍ਰਿਵੇਣੀ’ ਕਿਹਾ ਜਾਣ ਲਗਿਆ ਸੀ।
ਕਾਲਾਂਤਰ ਵਿਚ ਪੰਚਨਦ ਵਾਲੇ ਸਥਾਨ ਤੋਂ ਅਗੇ ਸੰਯੁਕਤ ਰੂਪ ਵਿਚ ਵਹਿਣ ਵਾਲੇ ਦਰਿਆ ਨੂੰ ਵੀ ਪੰਚਨਦ ਕਿਹਾ ਜਾਣ ਲਗਿਆ ਅਤੇ ਇਹ ਨਾਂ ਇਨ੍ਹਾਂ ਦਰਿਆਵਾਂ ਨਾਲ ਸੰਬੰਧਿਤ ਖੇਤਰ ਲਈ ਵੀ ਵਰਤਿਆ ਜਾਣ ਲਗ ਗਿਆ। ‘ਪੰਚਨਦ’ ਅਤੇ ‘ਪੰਜਾਬ’ ਦੋਹਾਂ ਸ਼ਬਦਾਂ ਦਾ ਅਰਥ ਇਕੋ ਹੈ—ਪੰਜ ਨਦੀਆਂ ਜਾਂ ਪੰਜ ਪਾਣੀ। ਇਸ ਤਰ੍ਹਾਂ ‘ਪੰਜਾਬ’ ‘ਪੰਚਨਦ’ ਦਾ ਫ਼ਾਰਸੀ ਰੂਪਾਂਤਰ ਸਿੱਧ ਹੁੰਦਾ ਹੈ। ਇਸ ਰੂਪਾਂਤਰਿਤ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਬਾਦਸ਼ਾਹ ਬਲਬਨ ਦੇ ਬੇਟੇ ਮੁਹੰਮਦ ਕਾਅਨ ਦੀ ਮ੍ਰਿਤੂ (ਸੰਨ 1285 ਈ.) ਦੇ ਅਵਸਰ’ਤੇ ਅਮੀਰ ਖੁਸਰੋ ਵਲੋਂ ਲਿਖੇ ਮਰਸੀਏ (ਸੋਗੀ ਗੀਤ) ਦੀ ਇਸ ਅਤਿਕਥਨੀ ਵਿਚ ਹੁੰਦੀ ਹੈ ਕਿ ਉਸ ਦੁਖਦਾਇਕ ਘਟਨਾ ਉਤੇ ਲੋਕੀਂ ਇਤਨਾ ਰੋਏ, ਜਿਵੇਂ ਇਕ ਹੋਰ ‘ਪੰਜ-ਆਬ’ (ਪੰਚਨਦ) ਮੁਲਤਾਨ ਵਿਚ ਆ ਗਿਆ ਹੋਵੇ—ਪੰਜ-ਆਬੇ ਦੀਗਰ ਅੰਦਰ ਮੋਲਤਾਂ ਆਮਦ ਪਦੀਦ। ਸਪੱਸ਼ਟ ਹੈ ਕਿ 13ਵੀਂ ਸਦੀ ਵਿਚ ‘ਪੰਚਨਦ’ ਦਰਿਆ ਲਈ ਪੰਜ-ਆਬ (ਪੰਜਾਬ) ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ ਸੀ।
ਉਸ ਤੋਂ ਬਾਦ 14ਵੀਂ ਸਦੀ ਵਿਚ ਇਬਨ ਬਤੂਤਾ, ਤੈਮੂਰ ਲੰਗ ਆਦਿ ਨੇ ‘ਪੰਚਨਦ’ ਲਈ ‘ਬੰਜਾਬ’ ਜਾਂ ‘ਪੰਜਾਬ’ ਸ਼ਬਦਾਂ ਦੀ ਵਰਤੋਂ ਕੀਤੀ। ਉਸ ਸਮੇਂ ਤੋਂ ਇਹ ਸ਼ਬਦ ਪੰਜ-ਪਾਣੀਆਂ ਦੇ ਦੇਸ਼ ਲਈ ਵੀ ਵਰਤਿਆ ਜਾਣ ਲਗਿਆ। ਭਾਈ ਗੁਰਦਾਸ ਦੀਆਂ ਵਾਰਾਂ (ਪੰਜਾਬੈ ਗੁਰ ਦੀ ਵਡਿਆਈ—11/24), ਜਨਮਸਾਖੀਆਂ (ਕਰਤਾਰਪੁਰ ਬੰਨਿਆ ਹੈ ਪੰਜਾਬ ਕੀ ਧਰਤੀ ਮਹਿ—‘ਪੁਰਾਤਨ ਜਨਮਸਾਖੀ ’; ਏਕ ਦਿਨ ਗੁਰੂ ਬਾਬਾ ਨਾਨਕ ਪੰਜਾਬ ਦੀ ਧਰਤੀ ਨਗਰ ਕਰਤਾਰਪੁਰ ਬੈਠਾ ਥਾ—‘ਮਿਹਰਬਾਨ ਜਨਮਸਾਖੀ’) ਵਿਚ ਇਹ ਸ਼ਬਦ ਇਸ ਖੇਤਰ ਦਾ ਨਾਂ ਵਜੋਂ ਵਿਸ਼ੇਸ਼ ਰੂਪ ਵਿਚ ਵਰਤਿਆ ਗਿਆ ਹੈ।
ਪੰਜਾਬ ਪ੍ਰਦੇਸ਼ ਦੀ ਧਰਤੀ ਉਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ‘ਪੰਜਾਬੀ’ ਕਿਹਾ ਜਾਣ ਲਗਿਆ। ਸ਼ੁਰੂ ਵਿਚ ਇਸ ਨੂੰ ਬਾਹਰੋਂ ਆਏ ਮੁਸਲਮਾਨਾਂ ਨੇ ਹਿੰਦਵੀ, ਹਿੰਦਕੋ, ਹਿੰਦੋਈ ਆਦਿ ਨਾਂਵਾਂ ਨਾਲ ਯਾਦ ਕੀਤਾ ਕਿਉਂਕਿ ਪੰਜਾਬ ਹਿੰਦੁਸਤਾਨ ਦਾ ਅੰਗ ਸੀ, ਇਸ ਲਈ ਇਸ ਨੂੰ ਹਿੰਦੁਸਤਾਨ ਦੀ ਭਾਸ਼ਾ ਮੰਨ ਕੇ ਇਨ੍ਹਾਂ ਨਾਂਵਾਂ ਦੀ ਵਰਤੋਂ ਕੀਤੀ ਗਈ। ਪਰ ਜਿਉਂ ਜਿਉਂ ਮੁਸਲਮਾਨ ਦਿੱਲੀ ਅਤੇ ਹਿੰਦੁਸਤਾਨ ਦੇ ਹੋਰਨਾਂ ਹਿੱਸਿਆਂ ਵਲ ਵਧਦੇ ਗਏ, ਤਿਉਂ ਤਿਉਂ ਇਹ ਨਾਂ ਦਿੱਲੀ ਦੇ ਆਲੇ ਦੁਆਲੇ ਦੀ ਭਾਸ਼ਾ ਲਈ ਵਰਤਿਆ ਜਾਣ ਲਗਾ ਅਤੇ ਪੰਜਾਬ ਦੀ ਭਾਸ਼ਾ ਲਈ ‘ਮੁਲਤਾਨੀ’ ਨਾਂ ਦੀ ਵਰਤੋਂ ਹੋਣ ਲਗੀ , ਕਿਉਂਕਿ ਉਦੋਂ ਮੁਲਤਾਨ ਰਾਜਨੈਤਿਕ ਗਤਿਵਿਧੀਆਂ ਦਾ ਕੇਂਦਰ ਸੀ ਅਤੇ ਇਸਲਾਮ ਅਤੇ ਸੂਫ਼ੀਮਤ ਦਾ ਵੀ ਧੁਰਾ ਸੀ। ਲਾਹੌਰ ਦੀ ਰਾਜਸੀ ਅਹਿਮੀਅਤ ਵਧਣ ਨਾਲ ਅਮੀਰ ਖੁਸਰੋ ਵਰਗਿਆਂ ਨੇ ਇਥੋਂ ਦੀ ਭਾਸ਼ਾ ਨੂੰ ਮੁਲਤਾਨੀ ਦੇ ਨਾਲ ਨਾਲ ‘ਲਾਹੌਰੀ’ ਵੀ ਆਖਿਆ ਹੈ।
ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਅਤੇ ‘ਦਬਿਸਤਾਨਿ ਮਜ਼ਾਹਬ’ ਦੇ ਰਚੈਤਾ ਮੋਹਸਨਫ਼ਾਨੀ ਨੇ ਪੰਜਾਬ ਦੀ ਭਾਸ਼ਾ ਨੂੰ ‘ਜ਼ਾਬਨਿ-ਜਟਾਨਿ-ਪੰਜਾਬ’ ਲਿਖਿਆ। ਇਸ ਦੌਰ ਦੇ ਇਕ ਸੰਤ ਕਵੀ ਸੁੰਦਰ ਦਾਸ ਨੇ ਪੰਜਾਬ ਵਿਚ ਅੱਠ ਛੰਦਾਂ ਦੀ ਇਕ ਨਿੱਕੀ ਜਿਹੀ ਰਚਨਾ ਕਰਕੇ ਉਸ ਨੂੰ ‘ਪੰਜਾਬੀ ਅਸ਼ਟਕ’ ਨਾ ਦਿੱਤਾ। ਇਸ ਤੋਂ ਬਾਦ ਸਪੱਸ਼ਟ ਰੂਪ ਵਿਚ ਹਾਫ਼ਜ਼ ਬਰਖ਼ੁਰਦਾਰ (ਜਨਮ—ਸ਼ਾਹਜਹਾਨ ਬਾਦਸ਼ਾਹ ਦੇ ਰਾਜ-ਕਾਲ ਵਿਚ) ਨੇ ‘ਸਿਫ਼ਤਾਹੁਲ ਫ਼ਿਕਾ ’ ਵਿਚ ਇਥੋਂ ਦੀ ਭਾਸ਼ਾ ਨੂੰ ‘ਪੰਜਾਬੀ’ ਨਾਂ ਦਿੱਤਾ—ਤੁਰਤ ਪੰਜਾਬੀ ਆਖ ਸੁਣਾਵੀਂ ਜੇ ਕੋ ਹੋਵੇ ਮਾਇਲ। ਇਸ ਤੋਂ ਬਾਦ ਪੰਜਾਬ ਪ੍ਰਦੇਸ਼ ਦੀ ਭਾਸ਼ਾ ਲਈ ‘ਪੰਜਾਬੀ’ ਨਾਂ ਵਰਤਣ ਦੀ ਪਿਰਤ ਪੈ ਗਈ। ਇਸ ਤਰ੍ਹਾਂ ਦਾ ‘ਪੰਜਾਬ’ ਅਤੇ ‘ਪੰਜਾਬੀ’ ਨਾਂਵਾਂ ਦੇ ਪ੍ਰਚਲਨ ਦਾ ਆਪਣਾ ਇਤਿਹਾਸ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪੰਜਾਬ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਪੰਜਾਬ : ਪੰਜਾਬ ਭਾਰਤ ਦਾ ਇੱਕ ਛੋਟਾ (ਭਾਰਤ ਦਾ 1.56 ਪ੍ਰਤਿਸ਼ਤ ਖੇਤਰਫਲ), ਪਰੰਤੂ ਮਹੱਤਵਪੂਰਨ ਰਾਜ ਹੈ। ਇਹ ਇੱਕ ਅਮੀਰ, ਵਿਕਸਿਤ ਅਤੇ ਅਗਾਂਹਵਧੂ ਰਾਜ ਹੈ, ਜਿਸ ਦੇ ਲੋਕ ਮਿਹਨਤੀ ਅਤੇ ਬਹਾਦਰ ਹਨ। ਸ਼ਬਦ ‘ਪੰਜਾਬ’ ਦਾ ਅਰਥ ਪੰਜ ਪਾਣੀਆਂ (ਦਰਿਆਵਾਂ) ਦੀ ਭੂਮੀ ਹੈ। ਇਹ ਪੰਜ ਦਰਿਆ-ਸਤਲੁਜ, ਬਿਆਸ, ਰਾਵੀ, ਚਿਨਾਬ ਅਤੇ ਜਿਹਲਮ ਹਨ, ਜੋ ਪੁਰਾਣੇ ਪੰਜਾਬ ਵਿੱਚ ਵਗਦੇ ਸਨ। ਅੱਜ ਦੇ ਪੰਜਾਬ ਵਿੱਚ ਕੇਵਲ ਤਿੰਨ ਦਰਿਆ-ਸਤਲੁਜ, ਬਿਆਸ ਅਤੇ ਰਾਵੀ ਵਗਦੇ ਹਨ। ਇਤਿਹਾਸਿਕ ਸਮੇਂ ਤੋਂ ਇਸ ਖੇਤਰ ਦਾ ਨਾਂ ਅਤੇ ਸਰਹੱਦਾਂ ਬਦਲਦੇ ਰਹੇ ਹਨ। ਇਸ ਖੇਤਰ ਨੂੰ ‘ਪੰਚ ਨਦ’, ‘ਪੈਂਟਾ ਪੋਟੇਮੀਆ’, ‘ਟੱਕੀ’ ਅਤੇ ‘ਲਾਹੌਰ ਸੂਬਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਇਸਦਾ ਵਿਸਥਾਰ ਸਿੰਧ ਦਰਿਆ ਤੋਂ ਪਾਰ ਉੱਤਰ-ਪੱਛਮੀ ਸਰਹੱਦੀ ਸੂਬੇ ਤੋਂ ਲੈ ਕੇ ਪੂਰਬ ਵਿੱਚ ਦਰਿਆ ਯਮੁਨਾ ਤੱਕ ਅਤੇ ਦੱਖਣ ਵਿੱਚ ਦਿੱਲੀ ਅਤੇ ਮੁਲਤਾਨ ਤੋਂ ਲੈ ਕੇ ਕਸ਼ਮੀਰ ਤੱਕ ਫੈਲਦਾ ਅਤੇ ਸੁੰਗੜਦਾ ਰਿਹਾ ਹੈ। ਸੰਨ 1947 ਵਿੱਚ ਭਾਰਤ ਦੀ ਸੁਤੰਤਰਤਾ ਦੇ ਨਾਲ ਪੰਜਾਬ ਦੀ ਵੰਡ ਹੋਈ, ਜਿਸ ਵਿੱਚ ਪੱਛਮੀ ਪੰਜਾਬ, ਅਰਥਾਤ ਰਾਵੀ ਦਰਿਆ ਤੋਂ ਪਾਰ ਦਾ ਭਾਗ ਪਾਕਿਸਤਾਨ ਵਿੱਚ ਚਲਾ ਗਿਆ। ਇਸੇ ਤਰ੍ਹਾਂ, ਸੰਨ 1966 ਵਿੱਚ ਭਾਰਤੀ ਪੰਜਾਬ ਦੇ ਪੁਨਰ-ਗਠਨ ਨਾਲ ਪੰਜਾਬ ਦੇ ਦੱਖਣੀ ਭਾਗ ਦਾ ਹਰਿਆਣਾ ਨਾਂ ਦਾ ਨਵਾਂ ਪ੍ਰਾਂਤ ਬਣ ਗਿਆ ਅਤੇ ਪੰਜਾਬ ਦੇ ਪੂਰਬੀ ਪਹਾੜੀ ਭਾਗ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤੇ ਗਏ। ਇਸ ਤਰ੍ਹਾਂ ਦੋ ਵਾਰੀ ਵੰਡ ਉਪਰੰਤ, 1 ਨਵੰਬਰ, 1966 ਨੂੰ ਅਜੋਕਾ ਛੋਟਾ ਜਿਹਾ ਪੰਜਾਬ ਹੋਂਦ ਵਿੱਚ ਆਇਆ ਸੀ।
ਸਥਿਤੀ : ਪੰਜਾਬ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਸ ਦਾ ਵਿਸਥਾਰ 29°30' ਉੱਤਰੀ ਅਕਸ਼ਾਂਸ਼ ਤੋਂ 32°32' ਉੱਤਰੀ ਅਕਸ਼ਾਂਸ਼ ਤੱਕ ਅਤੇ 73°55' ਪੂਰਬੀ ਰੇਖਾਂਸ਼ ਤੋਂ 76°55' ਪੂਰਬੀ ਰੇਖਾਂਸ਼ ਤੱਕ ਹੈ। ਇਹ ਤਿਕੋਨੇ ਆਕਾਰ ਦਾ ਹੈ ਅਤੇ ਇਸਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ। ਇਸਦੇ ਪੱਛਮ ਵਿੱਚ ਪਾਕਿਸਤਾਨ, ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਉੱਤਰ ਵਿੱਚ ਜੰਮੂ ਅਤੇ ਕਸ਼ਮੀਰ ਦਾ ਰਾਜ ਅਤੇ ਦੱਖਣ ਵਿੱਚ ਰਾਜਸਥਾਨ ਅਤੇ ਹਰਿਆਣਾ ਦੇ ਪ੍ਰਾਂਤ ਸਥਿਤ ਹਨ।
ਭੌਤਿਕ ਸਰੂਪ : ਪੰਜਾਬ ਸਮੁੱਚੇ ਤੌਰ ਤੇ ਇੱਕ ਜਲੌਢੀ ਮੈਦਾਨ ਹੈ, ਜਿਸ ਦੀ ਢਲਾਣ ਦੱਖਣ-ਪੱਛਮ ਵੱਲ ਨੂੰ ਹੈ। ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ ਦੱਖਣ ਵਿੱਚ 180 ਮੀਟਰ, ਮੱਧ ਵਿੱਚ 220 ਮੀਟਰ ਅਤੇ ਸ਼ਿਵਾਲਿਕ ਪਹਾੜੀਆਂ ਨੇੜੇ 300 ਮੀਟਰ ਹੈ। ਪੰਜਾਬ ਨੂੰ ਚਾਰ ਧਰਾਤਲੀ ਖੰਡਾਂ ਵਿੱਚ ਵੰਡਿਆ ਜਾ ਸਕਦਾ ਹੈ :
1. ਚੰਡੀਗੜ੍ਹ ਤੋਂ ਰਾਵੀ ਤੱਕ ਹਿਮਾਚਲ ਦੀ ਸਰਹੱਦ ਦੇ ਨਾਲ-ਨਾਲ 5 ਤੋਂ 12 ਕਿਲੋਮੀਟਰ ਦੀ ਚੌੜਾਈ ਵਿੱਚ ਰੇਤ, ਗੀਟੇ, ਮਿੱਟੀ ਆਦਿ ਤੋਂ ਬਣੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਹਨ, ਜਿਨ੍ਹਾਂ ਦੀ ਸਮੁੰਦਰੀ ਤਲ ਤੋਂ ਉਚਾਈ 400 ਤੋਂ 600 ਮੀਟਰ ਦੇ ਵਿਚਕਾਰ ਹੈ;
2. ਇਸ ਦੇ ਪੱਛਮ ਵਿੱਚ ਰੇਤ-ਮਿੱਟੀ ਤੋਂ ਬਣਿਆ ਅਤੇ ਚੋਆਂ ਭਰਿਆ ਕੰਢੀ ਅਤੇ ਘਾੜ ਦਾ ਲਹਿਰਦਾਰ ਅਤੇ ਕਟਿਆ-ਫਟਿਆ ਭਾਬਰ ਮੈਦਾਨ ਹੈ;
3. ਇਸ ਤੋਂ ਪੱਛਮ ਵੱਲ ਵਿਸ਼ਾਲ ਅਤੇ ਸਪਾਟ (flat) ਦੋਮਟ ਮਿੱਟੀ ਤੋਂ ਬਣਿਆ ਪੰਜਾਬ ਦਾ ਮੈਦਾਨ ਹੈ। ਦਰਿਆ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦੇ ਹੜ੍ਹਾਂ ਦੇ ਮੈਦਾਨ ਅਤੇ ਢਾਹੇ ਇਸ ਦੇ ਪੱਧਰੇਪਣ ਨੂੰ ਉੱਚਾ-ਨੀਵਾਂ (uneven) ਬਣਾਉਂਦੇ ਹਨ; ਅਤੇ
4. ਦੱਖਣ-ਪੱਛਮ ਵਿੱਚ ਰੇਤ ਦੇ ਟਿੱਬਿਆਂ ਵਾਲਾ ਮੈਦਾਨ ਹੈ।
ਸਤਲੁਜ ਪੰਜਾਬ ਦਾ ਮੱਧਵਰਤੀ ਅਤੇ ਸਭ ਤੋਂ ਵੱਧ ਮਹੱਤਵਪੂਰਨ ਦਰਿਆ ਹੈ। ਇਸ ਵਿੱਚੋਂ ਕਈ ਨਹਿਰਾਂ ਕੱਢੀਆਂ ਗਈਆਂ ਹਨ। ਬਿਆਸ ਉੱਤਰੀ ਪੰਜਾਬ ਦਾ ਦਰਿਆ ਹੈ। ਰਾਵੀ ਪੰਜਾਬ ਦਾ ਸਰਹੱਦੀ ਦਰਿਆ ਹੈ। ਥੀਨ ਡੈਮ ਇਸ ਉੱਤੇ ਉਸਾਰਿਆ ਗਿਆ ਹੈ। ਘੱਗਰ ਪੰਜਾਬ ਦਾ ਦੱਖਣੀ ਅਤੇ ਮੌਸਮੀ ਦਰਿਆ ਹੈ। ਇਹਨਾਂ ਦਰਿਆਵਾਂ ਨੇ ਪੰਜਾਬ ਨੂੰ ਤਿੰਨ ਭੌਤਿਕ ਅਤੇ ਸੱਭਿਆਚਾਰਕ ਪ੍ਰਦੇਸ਼ਾਂ-ਮਾਝਾ, ਦੁਆਬਾ ਅਤੇ ਮਾਲਵਾ ਵਿੱਚ ਵੰਡ ਦਿੱਤਾ ਹੈ। ਮਾਝਾ, ਦਰਿਆ ਰਾਵੀ ਅਤੇ ਬਿਆਸ ਵਿਚਕਾਰ ਦਾ ਉਪਜਾਊ ਅਤੇ ਸਪਾਟ ਮੈਦਾਨ ਹੈ। ਅੰਮ੍ਰਿਤਸਰ ਇਸ ਦਾ ਮੁੱਖ ਕੇਂਦਰ ਹੈ। ਦੁਆਬਾ, ਦਰਿਆ ਬਿਆਸ ਅਤੇ ਸਤਲੁਜ ਵਿਚਕਾਰ ਦਾ ਸਪਾਟ ਅਤੇ ਉਪਜਾਊ ਮੈਦਾਨ ਹੈ। ਇਸ ਵਿੱਚ ਚਿੱਟੀ ਅਤੇ ਕਾਲੀ ਬੇਈਂ ਵਗਦੀਆਂ ਹਨ। ਜਲੰਧਰ ਇਸ ਦਾ ਮੁੱਖ ਕੇਂਦਰ ਹੈ। ਮਾਲਵਾ, ਦਰਿਆ ਸਤਲੁਜ ਤੋਂ ਦੱਖਣ ਵੱਲ ਦਰਿਆ ਘੱਗਰ ਤੱਕ ਫੈਲਿਆ ਮੈਦਾਨ ਹੈ। ਇਸ ਦਾ ਪੂਰਵੀ ਭਾਗ ਸਪਾਟ ਅਤੇ ਉਪਜਾਊ ਹੈ ਪਰੰਤੂ ਪੱਛਮੀ ਭਾਗ ਰੇਤ ਦੇ ਟਿੱਬਿਆਂ ਕਾਰਨ, ਉੱਚਾ-ਨੀਵਾਂ, ਖ਼ੁਸ਼ਕ ਅਤੇ ਘੱਟ ਉਪਜਾਊ ਹੈ। ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਇਸ ਖੇਤਰ ਦੇ ਮੁੱਖ ਵਪਾਰਿਕ ਅਤੇ ਸੱਭਿਆਚਾਰਕ ਕੇਂਦਰ ਹਨ।
ਜਲਵਾਯੂ : ਪੰਜਾਬ ਦਾ ਜਲਵਾਯੂ ਗਰਮ, ਅਰਧ-ਖ਼ੁਸ਼ਕ, ਮਹਾਂਦੀਪੀ ਅਤੇ ਮੌਨਸੂਨੀ ਕਿਸਮ ਦਾ ਹੈ। ਤਾਪਮਾਨ ਵਿੱਚ ਬਹੁਤਾ ਵਖਰੇਵਾਂ ਨਹੀਂ ਹੈ। ਸਰਦੀਆਂ ਦਾ ਔਸਤ ਤਾਪਮਾਨ ਉੱਤਰ ਵਿੱਚ 12° ਸੈਂਟੀਗ੍ਰੇਡ ਤੋਂ ਦੱਖਣ ਵਿੱਚ 14° ਸੈਂਟੀਗ੍ਰੇਡ ਅਤੇ ਗਰਮੀਆਂ ਦਾ ਉੱਤਰ ਵਿੱਚ 33° ਸੈਂਟੀਗ੍ਰੇਡ ਤੋਂ ਦੱਖਣ ਵਿੱਚ 35° ਸੈਂਟੀਗ੍ਰੇਡ ਵਿਚਕਾਰ ਰਹਿੰਦਾ ਹੈ। ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿੱਚ ਕੋਰਾ (frost) ਅਤੇ ਧੁੰਦ ਪੈਂਦੇ ਹਨ। ਗਰਮੀਆਂ ਵਿੱਚ ਬਾਅਦ ਦੁਪਹਿਰ ਝੁਲਸਣ ਵਾਲੀ ਗਰਮ ਹਵਾ (ਲੂ) ਵਗਦੀ ਹੈ। ਸਾਲਾਨਾ ਵਰਖਾ ਦਰਮਿਆਨੀ ਹੈ, ਜੋ ਦੱਖਣ-ਪੱਛਮ ਵਿੱਚ 30 ਸੈਂਟੀਮੀਟਰ ਤੋਂ ਉੱਤਰ-ਪੂਰਬ ਵਿੱਚ 100 ਸੈਂਟੀਮੀਟਰ ਵਿਚਕਾਰ ਹੁੰਦੀ ਹੈ। ਬਹੁਤੀ ਵਰਖਾ ਬਰਸਾਤ ਰੁੱਤ (ਜੁਲਾਈ ਤੋਂ ਸਤੰਬਰ) ਵਿੱਚ ਮੌਨਸੂਨ ਪੌਣਾਂ ਰਾਹੀਂ ਹੁੰਦੀ ਹੈ। ਸਰਦੀਆਂ ਵਿੱਚ ਕੁਝ ਵਰਖਾ ਪੱਛਮੀ ਚੱਕਰਵਾਤਾਂ ਰਾਹੀਂ ਵੀ ਹੁੰਦੀ ਹੈ।
ਬਨਸਪਤੀ : ਸ਼ਿਵਾਲਿਕ ਪਹਾੜੀਆਂ ਵਿੱਚ ਝਾੜੀਦਾਰ ਦਰਖ਼ਤ ਅਤੇ ਭਾਬਰ ਘਾਹ, ਕੰਢੀ ਪ੍ਰਦੇਸ਼ ਵਿੱਚ ਅੰਬ, ਨਿੰਮ, ਪਿੱਪਲ, ਕਿੱਕਰ, ਟਾਹਲੀ ਦੇ ਦਰਖ਼ਤ ਅਤੇ ਸਰਕੜਾ ਘਾਹ ਅਤੇ ਬਾਕੀ ਦੇ ਮੈਦਾਨ ਵਿੱਚ ਕਿੱਕਰ, ਟਾਹਲੀ, ਜੰਡ ਆਦਿ ਦੇ ਦਰਖ਼ਤ ਅਤੇ ਝਾੜੀਆਂ ਦੀ ਬਨਸਪਤੀ ਹੈ। ਸਮੁੱਚੇ ਪੰਜਾਬ ਵਿੱਚ, ਲੋਕਾਂ ਦੁਆਰਾ ਲਗਾਏ ਗਏ ਸਫੈਦੇ, ਅਤੇ ਪੋਪਲਰ (poplar) ਦੇ ਦਰਖ਼ਤ ਬਹੁਤ ਮਿਲਦੇ ਹਨ।
ਮਿੱਟੀ : ਇਸ ਪ੍ਰਦੇਸ਼ ਦੀ ਮਿੱਟੀ ਮੁੱਖ ਤੌਰ ਤੇ ਜਲੌਢੀ ਅਤੇ ਦੋਮਟ ਹੈ। ਪੂਰਬੀ ਜ਼ਿਲ੍ਹਿਆਂ ਵਿੱਚ ਦੋਮਟ ਮਿੱਟੀ ਵਿੱਚ ਰੇਤਾ ਜ਼ਿਆਦਾ ਹੈ, ਮੱਧਵਰਤੀ ਭਾਗਾਂ ਵਿੱਚ ਚੀਕਣੀ ਮਿੱਟੀ ਜ਼ਿਆਦਾ ਹੈ। ਦੱਖਣੀ-ਪੱਛਮੀ ਪੰਜਾਬ ਦੀ ਮਿੱਟੀ ਰੇਤਲੀ ਅਤੇ ਖ਼ੁਸ਼ਕ ਹੈ।
ਸੰਸਾਧਨ ਅਤੇ ਅਰਥ-ਵਿਵਸਥਾ : ਪੰਜਾਬ ਵਿੱਚ ਮਿੱਟੀ ਨੂੰ ਛੱਡ ਕੇ ਬਾਕੀ ਦੇ ਸੰਸਾਧਨਾਂ ਦੀ ਘਾਟ ਹੈ। ਪੰਜਾਬ ਦੇ ਕੇਵਲ 6 ਪ੍ਰਤਿਸ਼ਤ ਖੇਤਰਫਲ ਵਿੱਚ ਜੰਗਲ ਹਨ। ਜੰਗਲ ਜ਼ਿਆਦਾਤਰ ਪੂਰਬੀ ਜ਼ਿਲ੍ਹਿਆਂ ਵਿੱਚ ਹਨ। ਪੰਜਾਬ ਵਿੱਚ ਕੋਈ ਵੀ ਖਣਿਜ ਪਦਾਰਥ ਨਹੀਂ ਹੈ। ਕੇਵਲ ਦਰਿਆਵਾਂ ਤੋਂ ਰੇਤਾ ਅਤੇ ਕੰਢੀ ਪ੍ਰਦੇਸ਼ ਤੋਂ ਪੱਥਰ-ਗੀਟੇ ਖਣਿਜ ਕੀਤੇ ਜਾਂਦੇ ਹਨ।
ਖੇਤੀ-ਬਾੜੀ ਹੀ ਇੱਥੋਂ ਦਾ ਮੁੱਖ ਕਿੱਤਾ ਅਤੇ ਸੰਸਾਧਨ ਹੈ। ਪੰਜਾਬ ਦੇ ਮਿਹਨਤੀ ਅਤੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਨੂੰ ਭਾਰਤ ਦੀ “ਅਨਾਜ ਦੀ ਟੋਕਰੀ” ਬਣਾ ਦਿੱਤਾ ਹੈ। ਕਣਕ ਅਤੇ ਝੋਨਾ ਇੱਥੋਂ ਦੀਆਂ ਮੁੱਖ ਫ਼ਸਲਾਂ ਹਨ। ਇਹਨਾਂ ਤੋਂ ਇਲਾਵਾ, ਮੱਕੀ, ਕਪਾਹ, ਤੇਲ ਦੇ ਬੀਜ, ਫਲ ਅਤੇ ਸਬਜ਼ੀਆਂ ਕਾਸ਼ਤ ਕੀਤੀਆਂ ਜਾਂਦੀਆਂ ਹਨ। ਝਾੜ ਅਤੇ ਉਤਪਾਦਨ ਵੱਧ ਹੈ। ਖੇਤੀ ਵਿੱਚ ਟਿਊਬ-ਵੈੱਲ ਅਤੇ ਨਹਿਰੀ ਸਿੰਜਾਈ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਵਿਸ਼ੇਸ਼ ਸਥਾਨ ਹੈ। ਸਾਰੇ ਰਾਜ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਲਈ ਮੱਝਾਂ ਅਤੇ ਗਊਆਂ ਪਾਲੀਆਂ ਜਾਂਦੀਆਂ ਹਨ।
ਪੰਜਾਬ ਇੱਕ ਅਮੀਰ ਅਤੇ ਵਿਕਸਿਤ ਰਾਜ ਹੈ। ਉਦਯੋਗਿਕ ਉੱਨਤੀ ਤੇਜ਼ੀ ਨਾਲ ਹੋ ਰਹੀ ਹੈ। ਰਾਜ ਦੀ ਕੁੱਲ ਘਰੇਲੂ ਆਮਦਨ ਵਿੱਚ ਉਦਯੋਗਾਂ ਦਾ ਹਿੱਸਾ ਵੱਧ ਰਿਹਾ ਹੈ। ਪਰੰਪਰਾਗਤ ਲਘੂ ਉਦਯੋਗ (ਸਾਈਕਲ, ਸਿਲਾਈ ਮਸ਼ੀਨਾਂ ਅਤੇ ਔਜ਼ਾਰ) ਤੋਂ ਬਿਨਾਂ ਕਈ ਵੱਡੇ ਉਦਯੋਗ, ਜਿਵੇਂ ਕਿ ਖੰਡ, ਕੱਪੜਾ, ਹੌਜ਼ਰੀ, ਕਾਗਜ਼, ਚਮੜਾ, ਖੇਡਾਂ ਦਾ ਸਮਾਨ, ਖਾਧ ਪਦਾਰਥ, ਕੰਪਿਊਟਰ, ਰੇਲਵੇ ਇੰਜਣ ਅਤੇ ਦੂਜੇ ਇੰਜੀਨੀਅਰਿੰਗ ਪਦਾਰਥ ਆਦਿ ਬਣਾਉਣ ਦੇ ਉਦਯੋਗ ਵੀ ਮਹੱਤਵਪੂਰਨ ਹਨ। ਲੁਧਿਆਣਾ, ਜਲੰਧਰ, ਫਗਵਾੜਾ, ਅੰਮ੍ਰਿਤਸਰ, ਬਟਾਲਾ, ਗੋਰਾਇਆ, ਰਾਜਪੁਰਾ, ਗੋਬਿੰਦਗੜ੍ਹ, ਮੋਗਾ, ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਆਦਿ ਮੁੱਖ ਉਦਯੋਗਿਕ ਕੇਂਦਰ ਹਨ। ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਰੇਲਾਂ ਰਾਹੀਂ ਆਵਾਜਾਈ ਵੀ ਕਾਫ਼ੀ ਹੈ।
ਲੋਕ ਅਤੇ ਸੱਭਿਆਚਾਰਕ ਸਰੂਪ : ਪੰਜਾਬ ਬਹਾਦਰ, ਮਿਹਨਤੀ, ਖੁੱਲ੍ਹ-ਦਿਲੇ, ਅਗਾਂਹਵਧੂ ਅਤੇ ਕੋਈ ਵੀ ਜੋਖਮ ਉਠਾਉਣ ਵਾਲੇ ਲੋਕਾਂ ਦਾ ਰਾਜ ਹੈ। ਆਪਣੇ ਇਹਨਾਂ ਗੁਣਾਂ ਕਾਰਨ, ਇਹਨਾਂ ਨੇ ਪੰਜਾਬ ਨੂੰ ਇੱਕ ਅਮੀਰ ਅਤੇ ਵਿਕਸਿਤ ਰਾਜ ਬਣਾ ਦਿੱਤਾ ਹੈ। ਪੰਜਾਬ ਦਾ ਸੱਭਿਆਚਾਰ ਕਾਫ਼ੀ ਅਮੀਰ ਹੈ।
ਸਾਲ 2010 ਦੇ ਅੰਕੜੇ ਮਰਦਮ-ਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਵੱਸੋਂ 2 ਕਰੋੜ, 43 ਲੱਖ ਸੀ, ਜੋ ਭਾਰਤ ਦੀ ਸਾਰੀ ਅਬਾਦੀ ਦਾ 2.4 ਪ੍ਰਤਿਸ਼ਤ ਸੀ। ਔਸਤ ਵੱਸੋਂ ਘਣਤਾ 482 ਵਿਅਕਤੀ ਪ੍ਰਤਿ ਵਰਗ ਕਿਲੋਮੀਟਰ ਅਤੇ ਸਾਖਰਤਾ 70 ਪ੍ਰਤਿਸ਼ਤ ਦੇ ਲਗਪਗ ਸੀ। ਅੰਮ੍ਰਿਤਸਰ ਅਤੇ ਲੁਧਿਆਣਾ ਸਭ ਤੋਂ ਜ਼ਿਆਦਾ ਵੱਸੋਂ (ਹਰੇਕ 30 ਲੱਖ ਤੋਂ ਵੱਧ) ਵਾਲੇ ਜ਼ਿਲ੍ਹੇ ਹਨ। ਇਸੇ ਤਰ੍ਹਾਂ, ਸਭ ਤੋਂ ਜ਼ਿਆਦਾ ਵੱਸੋਂ ਘਣਤਾ ਵੀ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ (700 ਵਿਅਕਤੀ ਪ੍ਰਤਿ ਵਰਗ ਕਿਲੋਮੀਟਰ ਤੋਂ ਵੱਧ) ਸੀ। ਇਹਨਾਂ ਕੇਂਦਰੀ ਜ਼ਿਲ੍ਹਿਆਂ ਤੋਂ ਚਾਰੇ ਪਾਸੇ ਵੱਸੋਂ ਘਣਤਾ ਘਟਦੀ ਹੈ। ਵੱਸੋਂ ਵਾਧਾ ਦਰ ਹੁਣ ਸਥਿਰ ਹੋ ਕੇ ਕੁਝ ਘਟਣ ਲੱਗ ਪਈ ਹੈ, ਪਰੰਤੂ ਲਿੰਗ ਅਨੁਪਾਤ ਵੀ ਘਟਣ ਲੱਗ ਪਈ ਹੈ ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੰਜਾਬ ਦੇ ਜ਼ਿਆਦਾਤਰ (ਦੋ-ਤਿਹਾਈ ਦੇ ਲਗਪਗ) ਲੋਕ ਇਸ ਦੇ 12,464 ਪਿੰਡਾਂ ਵਿੱਚ ਰਹਿੰਦੇ ਹਨ। ਪਿੰਡ ਗੁਥਵੇਂ ਹਨ। ਪੰਜਾਬ ਦੇ ਇੱਕ-ਤਿਹਾਈ ਲੋਕ ਇਸਦੇ 143 ਕਸਬਿਆਂ ਅਤੇ 14 ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ, ਅਰਥਾਤ 14 ਲੱਖ ਦੀ ਅਬਾਦੀ ਵਾਲਾ ਸ਼ਹਿਰ ਹੈ। ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੂਜੇ ਵੱਡੇ ਸ਼ਹਿਰ ਹਨ। ਪੰਜਾਬ ਦੇ ਲੋਕ ਮੁੱਖ ਤੌਰ ਤੇ ਸਿੱਖ ਧਰਮ ਨੂੰ ਮੰਨਦੇ ਹਨ। ਹਰਿਮੰਦਰ ਸਾਹਿਬ ਗੁਰਦੁਆਰਾ ਸਿੱਖ ਧਰਮ ਦਾ ਮੁੱਖ ਧਾਰਮਿਕ ਸਥਾਨ ਹੈ। ਇੱਥੇ ਲਗਪਗ 34.5 ਪ੍ਰਤਿਸ਼ਤ ਲੋਕ ਹਿੰਦੂ ਧਰਮ ਨੂੰ ਮੰਨਦੇ ਹਨ। ਇਹਨਾਂ ਤੋਂ ਇਲਾਵਾ, ਕੁਝ ਮੁਸਲਮਾਨ, ਈਸਾਈ ਅਤੇ ਬੋਧੀ ਵੀ ਹਨ। ਰਾਜ ਦੀ ਸਰਕਾਰੀ ਅਤੇ ਆਮ ਭਾਸ਼ਾ ਪੰਜਾਬੀ ਹੈ। ਪੰਜਾਬ ਦੇ ਲੋਕ ਆਰੀਅਨ ਨਸਲ ਦੇ ਉੱਚੇ-ਲੰਬੇ ਕੱਦ, ਤਿੱਖੇ ਨੱਕ ਅਤੇ ਸਾਫ਼ ਰੰਗ ਦੇ ਹਨ। ਖੇਡਾਂ, ਛਿੰਝਾਂ, ਮੇਲੇ, ਭੰਗੜੇ, ਗਿੱਧੇ, ਤੀਆਂ, ਆਦਿ ਆਮ ਮਨਾਈਆਂ ਜਾਣ ਵਾਲੀਆਂ ਸੱਭਿਆਚਾਰਕ ਸਰਗਰਮੀਆਂ ਹਨ।
ਲੇਖਕ : ਡੀ. ਐਸ. ਮਣਕੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-12-33-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Check more About Punjab, Punjabi Music, punjabi Shayari on http://punjabimohalla.com
PunjabiMohalla,
( 2014/09/14 12:00AM)
Please Login First