ਪੋਠੋਹਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੋਠੋਹਾਰ ਸੰਗ੍ਯਾ—ਦਰਿਆ ਜੇਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ, ਜਿਸ ਦਾ ਬਹੁਤਾ ਭਾਗ ਜਿਲਾ ਰਾਵਲਪਿੰਡੀ ਵਿੱਚ ਹੈ. “ਧੰਨੀ ਘੇਬ ਕਿ ਪੋਠੋਹਾਰ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਠੋਹਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੋਠੋਹਾਰ (ਇਲਾਕਾ): ਪੰਜਾਬ ਦੇ ਉਤਰ-ਪੱਛਮ ਦਾ ਉਹ ਖੇਤਰ ਜੋ ਦਰਿਆਏ ਸਿੰਧ ਅਤੇ ਜੇਹਲਮ ਦੇ ਵਿਚਾਲੇ ਪੈਂਦਾ ਹੈ। ਇਸ ਵਿਚ ਅਧਿਕਤਰ ਰਾਵਲਪਿੰਡੀ ਜ਼ਿਲ੍ਹੇ ਦੇ ਇਲਾਕੇ ਤੋਂ ਇਲਾਵਾ ਕੈਂਬਲਪੁਰ ਦੀ ਫਤਹਿਜੰਗ ਅਤੇ ਤਲਾਗੰਗ ਤਹਿਸੀਲਾਂ ਦੇ ਕਈ ਪਿੰਡ ਅਤੇ ਜੇਹਲਮ ਜ਼ਿਲ੍ਹੇ ਦੀ ਚਕਵਾਲ ਤਹਿਸੀਲ ਦਾ ਬਹੁਤ ਹਿੱਸਾ ਸ਼ਾਮਲ ਕੀਤਾ ਜਾਂਦਾ ਹੈ। ਬਾਕੀ ਉੱਤਰ-ਪੱਛਮੀ ਇਲਾਕੇ ਨਾਲੋਂ ਇਸ ਦੀ ਧਰਤੀ ਕੁਝ ਉੱਚੀ ਅਤੇ ਪਥਰੀਲੀ ਹੈ। ਇਸ ਦੇ ਪਠਾਰੀ ਹੋਣ ਕਰਕੇ ਇਸ ਨੂੰ ‘ਪੋਠੋਹਾਰ’ ਦਾ ਨਾਂ ਦਿੱਤਾ ਗਿਆ ਪ੍ਰਤੀਤ ਹੁੰਦਾ ਹੈ। ਇਸ ਵਿਚ ਕਈ ਛੋਟੇ ਛੋਟੇ ਬਰਸਾਤੀ ਨਾਲੇ ਪੈਂਦੇ ਹਨ, ਜਿਨ੍ਹਾਂ ਵਿਚੋਂ ‘ਸੁਆਂ ’ ਵਿਸ਼ੇਸ਼ ਪ੍ਰਸਿੱਧ ਹੈ। ਇਸ ਨਦੀ ਦਾ ਲੋਕ- ਜੀਵਨ ਵਿਚ ਬਹੁਤ ਮਹੱਤਵ ਹੈ ਅਤੇ ਇਸ ਨਾਲ ਸੰਬੰਧਿਤ ਕਈ ਗੀਤ , ਕਥਾਵਾਂ ਅਤੇ ਵਿਸ਼ਵਾਸ ਪ੍ਰਚਿਲਤ ਹਨ।

ਪੁਰਾਤੱਤ੍ਵ ਖੋਜੀਆਂ ਦੀ ਸਥਾਪਨਾ ਹੈ ਕਿ ਇਹ ਇਲਾਕਾ ਕਦੇ ਪੁਰਾਤਨ ਮਾਨਵ ਸਮਾਜ ਦਾ ਨਿਵਾਸ ਸਥਾਨ ਰਿਹਾ ਹੈ ਕਿਉਂਕਿ ਇਸ ਵਿਚ ਪ੍ਰਾਚੀਨ ਸਭਿਆਚਾਰ ਦੇ ਚਿੰਨ੍ਹ ਮਿਲਦੇ ਹਨ। ਆਰਯ ਜਾਤਿ ਨੇ ਭਾਰਤ ਵਿਚ ਪ੍ਰਵੇਸ਼ ਕਰਕੇ ਪਹਿਲਾਂ ਇਸੇ ਇਲਾਕੇ ਨੂੰ ਆਪਣਾ ਨਿਵਾਸ ਬਣਾਇਆ। ਤਕਸ਼ਿਲਾ ਵਰਗੇ ਗਿਆਨ-ਕੇਂਦਰ ਅਤੇ ਵਿਦਿਆਪੀਠ ਇਸ ਖੇਤਰ ਵਿਚ ਕਈ ਸਦੀਆਂ ਤਕ ਸਾਰੇ ਭਾਰਤ ਦਾ ਆਕਰਸ਼ਣ ਬਣੇ ਰਹੇ। ਬੌਧ ਧਰਮ ਦਾ ਵੀ ਇਸ ਖੇਤਰ ਵਿਚ ਬਹੁਤ ਵਿਕਾਸ ਹੋਇਆ। ਇਸ ਇਲਾਕੇ ਦੀ ਉਪ-ਭਾਸ਼ਾ ਪੋਠੋਹਾਰੀ ਵਿਚ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਅਨੇਕ ਵਿਆਕਰਣਿਕ ਤੱਤ੍ਵ ਵਿਦਮਾਨ ਹਨ। ਇਸ ਉਤੇ ਸਿਆਲਕੋਟ ਦੇ ਰਾਜਾ ਰਸਾਲੂ ਨੇ ਆਪਣਾ ਰਾਜ ਕਾਇਮ ਕੀਤਾ। ਮੁਸਲਮਾਨਾਂ ਦੇ ਆਉਣ ਨਾਲ ਇਹ ਇਲਾਕਾ ਗਖੜ ਮੁਸਲਮਾਨਾਂ ਅਧੀਨ ਹੀ ਚਲਦਾ ਆਇਆ। ਸੰਨ 1765 ਈ. ਵਿਚ ਭੰਗੀ ਮਿਸਲ ਦੇ ਸ. ਗੁਜਰ ਸਿੰਘ ਨੇ ਇਸ ਨੂੰ ਜਿਤਿਆ ਅਤੇ ਆਪਣੀ ਹਕੂਮਤ ਕਾਇਮ ਕੀਤੀ। ਸੰਨ 1810 ਈ. ਵਿਚ ਇਸ ਨੂੰ ਲਾਹੌਰ ਦਰਬਾਰ ਵਿਚ ਸ਼ਾਮਲ ਕੀਤਾ ਗਿਆ ਅਤੇ ਸੰਨ 1849 ਈ. ਤੋਂ ਇਹ ਅੰਗ੍ਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ।

ਸਿੱਖ ਸਮਾਜ ਨਾਲ ਇਸ ਇਲਾਕੇ ਦਾ ਵਿਸ਼ੇਸ਼ ਸੰਬੰਧ ਹੈ। ਇਸ ਖੇਤਰ ਵਿਚ ਪ੍ਰਧਾਨਤਾ ਮੁਸਲਮਾਨਾਂ ਦੀ ਸੀ। ਹਿੰਦੂ-ਸਿੱਖ ਕੇਵਲ 15 ਪ੍ਰਤਿਸ਼ਤ ਦੇ ਕਰੀਬ ਸਨ। ਸਿੰਘ ਸਭਾ ਦੇ ਸੰਸਥਾਪਕ ਬਾਬਾ ਖੇਮ ਸਿੰਘ ਬੇਦੀ ਨੇ ਇਸ ਇਲਾਕੇ ਦੇ ਕੱਲਰ ਨਾਂ ਦੇ ਪਿੰਡ ਵਿਚ ਆਪਣਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਹੋਇਆ ਸੀ। ਉਸ ਦੇ ਪ੍ਰਚਾਰ ਕਰਕੇ ਹਿੰਦੂ ਪਰਿਵਾਰਾਂ ਵਿਚੋਂ ਕਈ ਕੇਸਧਾਰੀ ਸਿੱਖ ਬਣ ਗਏ ਅਤੇ ਅਧਿਕਾਂਸ਼ ਸਹਿਜਧਾਰੀ ਰੂਪ ਵਿਚ ਚਲਦੇ ਆਏ। ਇਸ ਇਲਾਕੇ ਵਿਚ ਨਿਰੰਕਾਰੀ ਦਰਬਾਰ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਪੰਜਾ ਸਾਹਿਬ ਨਾਂ ਦਾ ਗੁਰੂ-ਧਾਮ ਇਸੇ ਖੇਤਰ ਦੇ ਅੰਤਰਗਤ ਹੈ। ਸੰਤ ਅਤਰ ਸਿੰਘ ਅਤੇ ਭਾਈ ਥਾਨ ਸਿੰਘ ਨੇ ਵੀ ਇਸ ਇਲਾਕੇ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਸਭ ਤੋਂ ਪਹਿਲਾਂ ਖ਼ਾਲਸਾ ਸਕੂਲਾਂ ਦੀ ਸਥਾਪਨਾ ਇਸ ਇਲਾਕੇ ਵਿਚ ਹੋਈ। ਨਿਰਮਲੇ ਸੰਤਾਂ ਨੇ ਵੀ ਇਧਰ ਆ ਕੇ ਬਹੁਤ ਪ੍ਰਚਾਰ ਕੀਤਾ। ਸਿੰਘ ਸਭਾ ਦੇ ਪ੍ਰਚਾਰ ਕਾਰਣ ਇਥੋਂ ਦੇ ਲੋਕਾਂ ਨੇ ਪੜ੍ਹਾਈ ਵਲ ਉਚੇਚਾ ਧਿਆਨ ਦਿੱਤਾ। ਇਸ ਇਲਾਕੇ ਨੇ ਬਹੁਤ ਵਿਦਵਾਨ ਅਤੇ ਦਾਨਸ਼ਵਰ ਪੈਦਾ ਕੀਤੇ ਜਿਵੇਂ ਪ੍ਰੋ. ਤੇਜਾ ਸਿੰਘ , ਭਾਈ ਜੋਧ ਸਿੰਘ, ਸ. ਨਾਨਕ ਸਿੰਘ ਨਾਵਲਕਾਰ, ਕਰਤਾਰ ਸਿੰਘ ਦੁਗਲ, ਡਾ. ਮੋਹਨ ਸਿੰਘ ਦੀਵਾਨਾ, ਪ੍ਰੋ. ਮੋਹਨ ਸਿੰਘ, ਮਾਸਟਰ ਤਾਰਾ ਸਿੰਘ , ਗਿਆਨੀ ਗੁਰਮੁਖ ਸਿੰਘ ਮੁਸਾਫ਼ਰ , ਗਿਆਨੀ ਹੀਰਾ ਸਿੰਘ ਦਰਦ ਆਦਿ। ਦੇਸ਼ ਵੰਡ ਤੋਂ ਪਹਿਲਾਂ ਮਾਰਚ 1947 ਈ. ਵਿਚ ਹੀ ਇਥੋਂ ਦੇ ਸਿੱਖਾਂ ਨੂੰ ਫ਼ਸਾਦੀਆਂ ਨੇ ਘੇਰ ਕੇ ਮਾਰਨਾ ਸ਼ੁਰੂ ਕੀਤਾ। ਉਨ੍ਹਾਂ ਨੂੰ ਪਨਾਹ ਦੇਣ ਲਈ ਪਟਿਆਲਾ-ਪਤਿ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੀ ਰਿਆਸਤ ਦੇ ਦੁਆਰ ਖੋਲ੍ਹ ਦਿੱਤੇ। ਦੇਸ਼-ਵੰਡ ਵੇਲੇ ਉਥੋਂ ਬਚ ਕੇ ਨਿਕਲੇ ਸਿੱਖ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਵਿਚ ਆ ਵਸੇ। ਆਪਣੀ ਬੋਲੀ , ਸੁੰਦਰ ਆਕਾਰ ਪ੍ਰਕਾਰ ਅਤੇ ਤੀਬਰ ਸੂਝ ਕਾਰਣ ਇਨ੍ਹਾਂ ਨੇ ਆਪਣੀ ਪਛਾਣ ਬਣਾਈ ਹੋਈ ਹੈ ਅਤੇ ਹਰ ਖੇਤਰ ਵਿਚ ਕਾਮਯਾਬ ਹਨ ਅਤੇ ਵੰਡ ਵੇਲੇ ਦੇ ਕਸ਼ਟਾਂ ਨੂੰ ਇਨ੍ਹਾਂ ਨੇ ਸਹਿਜ ਨਾਲ ਹੰਡਾ ਲਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.