ਪੁਰਾਤਨ ਬੀੜਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੁਰਾਤਨ ਬੀੜਾਂ (ਸ੍ਰੀ ਗੁਰੂ ਗ੍ਰੰਥ ਸਾਹਿਬ): ਭਾਈ ਗੁਰਦਾਸ ਦੁਆਰਾ ਆਦਿ-ਬੀੜ ਲਿਖਣ ਤੋਂ ਪਹਿਲਾਂ ਬਾਣੀ ਦੇ ਪੋਥੀਆਂ ਦੇ ਰੂਪ ਵਿਚ ਕਈ ਸੰਕਲਨ ਉਪਲਬਧ ਸਨ , ਪਰ ਉਨ੍ਹਾਂ ਵਿਚੋਂ ਬਾਬੇ ਮੋਹਨ ਵਾਲੀਆਂ ਪੋਥੀਆਂ (ਵੇਖੋ) ਆਦਿ ਕੁਝ ਹੀ ਸੰਕਲਨ ਮਿਲਦੇ ਹਨ, ਬਾਕੀ ਕਾਲ-ਕਵਲਿਤ ਹੋ ਚੁਕੇ ਹਨ। ਇਨ੍ਹਾਂ ਪੋਥੀਆਂ ਅਤੇ ਕਰਤਾਰਪੁਰੀ ਬੀੜ (ਵੇਖੋ) ਤੋਂ ਬਾਦ ਤਿਆਰ ਹੋਈਆਂ ਅਨੇਕਾਂ ਬੀੜਾਂ ਹੁਣ ਉਪਲਬਧ ਹਨ ਅਤੇ ਉਨ੍ਹਾਂ ਬਾਰੇ ਅਨੇਕ ਵਿਦਵਾਨਾਂ ਨੇ ਪੁਸਤਕਾਂ ਰਾਹੀਂ ਆਪਣੇ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਬਾਰੇ ਜਾਣਕਾਰੀ ‘ਪੁਰਾਤਨ ਬੀੜਾਂ (ਖੋਜ)’ ਇੰਦਰਾਜ ਵਿਚ ਦਿੱਤੀ ਹੈ। ਅਗੇ ਲਿਖੀਆਂ ਕੁਝ ਮਹੱਤਵਪੂਰਣ ਪੋਥੀਆਂ ਅਤੇ ਬੀੜਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ—(1) ਬਾਬੇ ਮੋਹਨ ਵਾਲੀਆਂ ਪੋਥੀਆਂ, (2) ਗੁਰ ਹਰਿ ਸਹਾਇ ਵਾਲੀ ਪੋਥੀ , (3) ਕਰਤਾਰਪੁਰੀ ਬੀੜ , (4) ਭਾਈ ਬੰਨੋ ਵਾਲੀ ਬੀੜ , (5) ਭਾਈ ਪੈਂਹਦਾ ਵਾਲੀ ਬੀੜ, (6) ਟਿਕਾਣਾ ਭਾਈ ਰਾਮ ਕ੍ਰਿਸ਼ਨ ਵਾਲੀ ਬੀੜ, (7) ਬਾਹੋਵਾਲ ਵਾਲੀ ਪੋਥੀ, (8) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੀ ਬੀੜ (ਨੰ.1245), (9) ਬੂੜੇ ਸੰਧੂ ਵਾਲੀ ਬੀੜ, (10) ਡੇਰਾ ਬਾਬਾ ਰਾਮ ਰਾਇ ਵਾਲੀ ਬੀੜ, (11) ਕੀਰਤਪੁਰ ਵਾਲੀ ਬੀੜ, (12) ਦਮਦਮੀ ਬੀੜ, (13) ਭਾਈ ਮਨੀ ਸਿੰਘ ਵਾਲੀ ਬੀੜ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੁਰਾਤਨ ਬੀੜਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੁਰਾਤਨ ਬੀੜਾਂ (ਖੋਜ): ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਬਾਰੇ ਵੀਹਵੀਂ ਸਦੀ ਵਿਚ ਕਈ ਵਿਦਵਾਨਾਂ ਨੇ ਖੋਜ ਕਰਕੇ ਆਪਣੀਆਂ ਪੁਸਤਕਾਂ ਛਾਪੀਆਂ ਹਨ, ਜਿਵੇਂ ਪ੍ਰਾਚੀਨ ਬੀੜਾਂ , ਪ੍ਰਾਚੀਨ ਬੀੜਾਂ ਬਾਰੇ, ਪਰਮ ਪਵਿੱਤ੍ਰ ਆਦਿ ਬੀੜ ਦਾ ਸੰਕਲਣ ਕਾਲ , ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ , ਪੁਰਾਤਨ ਬੀੜਾਂ ਤੇ ਵਿਚਾਰ, ਆਦਿ ਬੀੜ ਬਾਰੇ, ਬਾਬੇ ਮੋਹਨ ਵਾਲੀਆਂ ਪੋਥੀਆਂ , ਆਦਿ ਗ੍ਰੰਥ ਦਾ ਪਾਠ ਅਤੇ ਅਰਥ (ਅੰਗ੍ਰੇਜ਼ੀ), ਗਾਥਾ ਸ੍ਰੀ ਆਦਿ ਗ੍ਰੰਥ , ਆਦਿ ਗ੍ਰੰਥ ਦੀ ਤਿਆਰੀ (ਅੰਗ੍ਰੇਜ਼ੀ), ਗੋਇੰਦਵਾਲ-ਪੋਥੀਆਂ (ਅੰਗ੍ਰੇਜ਼ੀ), ਅਹੀਆਪੁਰ ਵਾਲੀ ਪੋਥੀ ਆਦਿ। ਇਨ੍ਹਾਂ ਤੋਂ ਇਲਾਵਾ, ਭਾਈ ਰਣਧੀਰ ਸਿੰਘ ਗੁਰਦੁਆਰਾ ਇੰਸਪੈਕਟਰ ਦੀ ਅਣਛਪੀ ਪੁਸਤਕ ‘ਸਬਦ ਵਿਗਾਸ’, ਸੰਨ 1981 ਵਿਚ ਪਿ੍ਰੰਸੀਪਲ ਹਰਿਭਜਨ ਸਿੰਘ ਵਲੋਂ ‘ਗੁਰਬਾਣੀ ਸੰਪਾਦਨ ਨਿਰਣੈ’, ਸੰਨ 1987 ਵਿਚ ਛਪੀ ਸ. ਦਲਜੀਤ ਸਿੰਘ ਦੀ ਪੁਸਤਕ 'Essays on the authenticity of Kartarpuri Bir and the Integrated Logic and Unity of Sikhism', ਅਖ਼ਬਾਰਾਂ, ਰਸਾਲਿਆਂ ਵਿਚ ਛਪੇ ਅਨੇਕਾਂ ਲੇਖ ਵੀ ਮਿਲਦੇ ਹਨ। ਸਪੱਸ਼ਟ ਹੈ ਕਿ ਪੋਥੀਆਂ ਅਤੇ ਬੀੜਾਂ ਨੂੰ ਲੈ ਕੇ ਕਾਫ਼ੀ ਵਿਵਾਦਾਤਮਕ ਖੋਜ, ਪਰਖ-ਪੜਚੋਲ ਹੋਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੁਰਾਤਨ ਬੀੜਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੁਰਾਤਨ ਬੀੜਾਂ (ਦਸਮ ਗ੍ਰੰਥ): ਸ਼ੁਰੂ ਵਿਚ ਇਸ ਗ੍ਰੰਥ ਨੂੰ ‘ਬਚਿਤ੍ਰ ਨਾਟਕ ’ ਨਾਂ ਨਾਲ ਯਾਦ ਕੀਤਾ ਜਾਂਦਾ ਸੀ। ਪਰ ਬਾਦ ਵਿਚ ਇਸ ਨੂੰ ‘ਦਸਵੇਂ ਪਾਤਿਸ਼ਾਹ ਕਾ ਗ੍ਰੰਥ’ ਕਿਹਾ ਜਾਣ ਲਗਿਆ। ਸਹਿਜੇ ਸਹਿਜੇ ਸਰਲ ਅਤੇ ਸੰਖੇਪ ਨਾਂ ਦੀ ਰੁਚੀ ਅਧੀਨ ਇਸ ਨੂੰ ‘ਦਸਮ-ਗ੍ਰੰਥ ’ ਕਿਹਾ ਜਾਣ ਲਗਿਆ ਅਤੇ ਹੁਣ ਇਹੀ ਇਸ ਦਾ ਸਰਬ ਪ੍ਰਚਲਿਤ ਨਾਉਂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇਸ ਗ੍ਰੰਥ ਦੇ ਮੁਕਾਬਲੇ ਨਿਖੜਵਾਂ ਨਾਉਂ ਦੇਣ ਦੀ ਰੁਚੀ ਦਾ ਵਿਕਾਸ ਵੀ ਹੋਇਆ ਅਤੇ ਉਸ ਨੂੰ ‘ਆਦਿ -ਗ੍ਰੰਥ’ ਕਿਹਾ ਜਾਣ ਲਗਿਆ। ਇਸ ਗ੍ਰੰਥ ਦੀਆਂ ਹੁਣ ਚਾਰ ਮਹੱਤਵਪੂਰਣ ਪੁਰਾਤਨ ਬੀੜਾਂ ਉਪਲਬਧ ਹਨ—ਭਾਈ ਮਨੀ ਸਿੰਘ ਵਾਲੀ ਬੀੜ , ਮੋਤੀ ਬਾਗ਼ ਗੁਰਦੁਆਰੇ ਵਾਲੀ ਬੀੜ, ਸੰਗਰੂਰ ਵਾਲੀ ਬੀੜ ਅਤੇ ਪਟਨੇ ਵਾਲੀ ਬੀੜ (ਵੇਖੋ)।

ਇਨ੍ਹਾਂ ਚਾਰ ਬੀੜਾਂ ਤੋਂ ਇਲਾਵਾ ਇਸ ਗ੍ਰੰਥ ਦੀਆਂ ਸੈਂਕੜੇ ਹੋਰ ਬੀੜਾਂ ਮਿਲਦੀਆਂ ਹਨ, ਪਰ ਇਤਿਹਾਸਿਕ ਦ੍ਰਿਸ਼ਟੀ ਤੋਂ ਉਨ੍ਹਾਂ ਦਾ ਇਤਨਾ ਮਹੱਤਵ ਨਹੀਂ। ਹਾਂ, ਇਕ ਬੀੜ ਜ਼ਰੂਰ ਧਿਆਨ ਮੰਗਦੀ ਹੈ ਜਿਸ ਦਾ ਉੱਲੇਖ ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਸ਼ਨ’ (ਪੰਨੇ 28-30) ਵਿਚ ਕੀਤਾ ਹੈ। ਉਸ ਨੇ ਇਸ ਬੀੜ ਨੂੰ ‘ਆਨੰਦਪੁਰੀ ਬੀੜ’ ਨਾਂ ਦਿੱਤਾ ਹੈ ਅਤੇ ਇਸ ਨੂੰ ਗਿਆਨੀ ਸੁਰਿੰਦਰ ਸਿੰਘ ਕੰਵਲ , ਤਰਨਤਾਰਨ ਪਾਸ ਸੁਰਖਿਅਤ ਦਸਿਆ ਹੈ। ਇਸ ਬੀੜ ਨੂੰ ਕੁਝ ਸਾਲ ਪਹਿਲਾਂ ਗਿਆਨੀ ਸੁਰਿੰਦਰ ਸਿੰਘ ਦਾ ਭਰਾ ਸ. ਤਾਰਨ ਇੰਦਰ ਸਿੰਘ ਬੰਬਈ (36, ਪੂਨਮ, 67 ਨਾਪੀਅਨ ਸੀਅ ਰੋਡ , ਬੰਬਈ-6) ਲੈ ਗਿਆ ਹੈ। ਇਸ ਵਿਚ ਕੁਝ ਖ਼ਾਸ ਦਸਖਤੀ ਪੱਤਰੇ ਵੀ ਸੰਕਲਿਤ ਦਸੇ ਜਾਂਦੇ ਹਨ।

ਇਸ ਗ੍ਰੰਥ ਦੀਆਂ ਬੀੜਾਂ ਵਿਚ ਲਿਖਾਰੀਆਂ ਨੇ ਉਤਾਰੇ ਕਰਨ ਵੇਲੇ ਬਹੁਤ ਸਾਰੇ ਪਾਠਾਂਤਰ ਪਾ ਦਿੱਤੇ ਸਨ ਅਤੇ ਪੁਰਾਣੀਆਂ ਬੀੜਾਂ ਵਿਚ ਕ੍ਰਮ ਸੰਬੰਧੀ ਵੀ ਕੁਝ ਅੰਤਰ ਸਨ। ਇਨ੍ਹਾਂ ਨੂੰ ਦੂਰ ਕਰਨ ਦੇ ਉਦੇਸ਼ ਤੋਂ ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ ’, ਅੰਮ੍ਰਿਤਸਰ ਨੇ ‘ਦਸਮ ਗ੍ਰੰਥ’ ਦੀਆ 32 ਬੀੜਾਂ ਇਕੱਠੀਆਂ ਕਰਕੇ ਪਾਠਾਂ ਦੀ ਸੋਧ ਦਾ ਉਪਰਾਲਾ ਕੀਤਾ ਅਤੇ ਸੰਨ 1897 ਈ. (ਸੰ. 1954 ਬਿ.) ਵਿਚ ਆਪਣੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ। ਇਹ ਕੰਮ ਨਿਰਸੰਦੇਹ ਸ਼ਲਾਘਾਯੋਗ ਸੀ, ਪਰ ਅਫ਼ਸੋਸ ਕਿ ਇਨ੍ਹਾਂ 32 ਬੀੜਾਂ ਵਿਚ ਕੋਈ ਵੀ ਅਤਿ ਪੁਰਾਤਨ ਜਾਂ ਇਤਿਹਾਸਿਕ ਬੀੜ ਨਹੀਂ ਸੀ। ਇਸ ਸੋਧ-ਸੁਧਾਈ ਨਾਲ ਮੁਕਾਬਲਾ ਕਰਕੇ ਬਜ਼ਾਰ ਮਾਈ ਸੇਵਾਂ , ਅੰਮ੍ਰਿਤਸਰ ਵਾਲੇ ਪ੍ਰਕਾਸ਼ਕਾਂ ਨੇ ਇਸ ਗ੍ਰੰਥ ਦਾ ਪ੍ਰਕਾਸ਼ਨ ਕੀਤਾ। ਹੁਣ ਆਮ ਤੌਰ ’ਤੇ ਉਹੀ ਸਰੂਪ ਪ੍ਰਾਪਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.