ਪਰਗਮਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Adultry_ਪਰਗਮਨ: ਪਰਗਮਨ ਇਕ ਵਿਆਹਕ ਅਪਰਾਧ ਹੈ। ਰਾਈਡਨ ਔਨ ਡਾਈਵੋਰਸ ਵਿਚ ਇਸ ਅਪਰਾਧ ਦੀ ਪਰਿਭਾਸ਼ਾ ਦਿੰਦਿਆਂ, ‘‘ਇਕ ਵਿਆਹੇ ਵਿਅਕਤੀ ਅਤੇ ਦੂਜੇ ਲਿੰਗ ਦੇ ਵਿਅਕਤੀ ਜੋ ਉਸ ਦਾ ਪਤੀ ਜਾਂ ਪਤਨੀ ਨ ਹੋਵੇ ਵਿਚਕਾਰ ਸਹਿਮਤੀ ਨਾਲ ਆਪਣੀ ਵਿਆਹਕ ਹੈਸੀਅਤ ਦੇ ਹੁੰਦੇ ਹੋਏ, ਲਿੰਗ ਭੋਗ ਨੂੰ ਪਰਗਮਨ’’ ਕਿਹਾ ਗਿਆ ਹੈ।
ਭਾਰਤ ਤਲਾਕ ਐਕਟ, 1869 ਵਿਚ ਜਾਂ ਹਿੰਦੂ ਵਿਆਹ ਐਕਟ, 1955 ਵਿਚ ਪਰਗਮਨ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ। ਭਾਰਤੀ ਦੰਡ ਸੰਘਤਾ ਦੀ ਧਾਰਾ 497 ਵਿਚ ਪਰਗਮਨ ਦੇ ਅਪਰਾਧ ਨੂੰ ਪਰਿਭਾਸ਼ਤ ਕੀਤਾ ਗਿਆ ਹੈ ਲੇਕਿਨ ਉਹ ਪਰਿਭਾਸ਼ਾ ਬਹੁਤ ਸੀਮਤ ਹੈ। ਉਸ ਪਰਿਭਾਸ਼ਾ ਅਨੁਸਾਰ ਕਿਸੇ ਹੋਰ ਪੁਰਸ਼ ਦੀ ਪਤਨੀ ਨਾਲ, ਉਸ ਪੁਰਸ਼ ਦੀ ਸੰਮਤੀ ਜਾਂ ਅਣਡਿਠਤਾ ਤੋਂ ਬਿਨਾਂ ਅਜਿਹਾ ਮੈਥੁੰਨ ਕਰਨ ਨੂੰ ਜੋ ਜਬਰਜ਼ਨਾਹ ਦੀ ਕੋਟੀ ਵਿਚ ਨ ਆਉਂਦਾ ਹੋਵੇ, ਪਰਗਮਨ ਕਿਹਾ ਗਿਆ ਹੈ। ਫ਼ੌਜਦਾਰੀ ਅਪਰਾਧ ਦੀ ਦ੍ਰਿਸ਼ਟੀ ਤੋਂ ਅਣਵਿਆਹੀ ਇਸਤਰੀ ਨਾਲ ਜਾਂ ਵਿਧਵਾ ਨਾਲ ਉਸ ਦੀ ਮਰਜ਼ੀ ਨਾਲ ਮੈਥੁੰਨ ਕਰਨਾ ਪਰਗਮਨ ਦੀ ਕੋਟੀ ਵਿਚ ਨਹੀਂ ਆਉਂਦਾ ਕਿਉਂ ਕਿ ਇਹ ਅਪਰਾਧ ਪਤੀ ਦੇ ਵਿਰੁੱਧ ਕੀਤਾ ਗਿਆ ਸਮਝਿਆ ਜਾਂਦਾ ਹੈ। ਇਸ ਕਾਰਨ ਹੀ ਧਾਰਾ 497 ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪਰਾਏ ਮਰਦ ਨਾਲ ਮੈਥੁੰਨ ਕਰਨ ਵਾਲੀ ਪਤਨੀ ਨੂੰ ਅਪਰਾਧ ਦਾ ਮੁਰਤਕਿਬ ਜਾਂ ਸ਼ਹਿ ਦੇਣ ਵਾਲੇ ਏਜੰਟ ਦੇ ਤੌਰ ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਇਸਦੇ ਮੁਕਾਬਲੇ ਵਿਚ ਵਿਆਹਕ ਅਪਰਾਧ ਦੀ ਕੋਟੀ ਵਿਚ ਆਉਣ ਲਈ ਇਹ ਕਾਫ਼ੀ ਹੈ ਕਿ ਮੈਥੁੰਨ ਕਰਨ ਵਾਲੀਆਂ ਧਿਰਾਂ ਵਿਚੋਂ ਕੋਈ ਇਕ ਧਿਰ ਵਿਆਹੀ ਹੋਵੇ। ਜੇ ਦੋਵੇਂ ਧਿਰਾਂ ਵਿਆਹੀਆਂ ਹੋਈਆਂ ਹੋਣ ਤਾਂ ਉਹ ਦੁਹਰਾ ਪਰਗਮਨ ਹੋਵੇਗਾ ਵਰਨਾ ਇਕਹਿਰਾ। ਲੇਕਿਨ ਵਿਆਹਕ ਅਪਰਧ ਦੀ ਦ੍ਰਿਸ਼ਟੀ ਤੋਂ ਦੋਹਾਂ ਦਾ ਪਰਿਣਾਮ ਇਕੋ ਜਿਹਾ ਹੈ। ਜੇ ਕੋਈ ਵਿਆਹਿਆ ਹੋਇਆ ਮਰਦ ਵਿਧਵਾ ਜਾਂ ਅਣਵਿਆਹੀ ਇਸਤਰੀ ਨਾਲ ਮੈਥੁੰਨ ਕਰੇ ਤਾਂ ਵੀ ਇਹ ਵਿਆਹਕ ਅਪਰਾਧ ਸਮਝਿਆ ਜਾਵੇਗਾ।
ਪਰਗਮਨ ਦਾ ਅਰੋਪ ਸਾਬਤ ਕਰਨ ਦਾ ਭਾਰ ਅਰੋਪ ਲਾਉਣ ਵਾਲੇ ਵਿਅਕਤੀ ਤੇ ਹੁੰਦਾ ਹੈ ਅਤੇ ਉਸ ਦਾ ਕੰਮ ਹੈ ਕਿ ਅਦਾਲਤ ਦੀ ਤਸੱਲੀ ਕਰੇ ਕਿ ਦੂਜੀ ਧਿਰ ਅਰਥਾਤ ਪਤੀ ਜਾਂ ਪਤਨੀ ਨੇ ਪਰਗਮਨ ਕੀਤਾ ਹੈ। ਕਿਉਂਕਿ ਪਰਗਮਨ ਦੇ ਕੇਸਾਂ ਵਿਚ ਹਾਲਾਤੀ ਅਤੇ ਕਿਆਸੀ ਸ਼ਹਾਦਤ ਅਹਿਮੀਅਤ ਰਖਦੀ ਹੈ ਅਤੇ ਸਿੱਧੀ ਸ਼ਹਾਦਤ ਆਮ ਤੌਰ ਤੇ ਸੰਭਵ ਨਹੀਂ ਹੁੰਦੀ, ਇਸ ਲਈ ਅਜਿਹੀ ਸ਼ਹਾਦਤ ਕਾਫ਼ੀ ਹੋ ਸਕਦੀ ਹੈ ਜਿਸ ਦੀ ਪ੍ਰੋੜ੍ਹਤਾ ਭਾਵੇਂ ਨਾ ਹੋਵੇ ਪਰ ਹਾਲਾਤੀ ਸ਼ਹਾਦਤ ਉਸ ਦੁਆਰਾ ਸਮਰਥਤ ਹੋਵੇ। ਸਫ਼ਾਈ ਦਾ ਝੂਠਾ ਹੋਣਾ ਇਸ ਦੀ ਥਾਂ ਨਹੀਂ ਲੈ ਸਕਦਾ। ਭਾਵੇਂ ਪਰਗਮਨ ਦਾ ਅਰੋਪ ਫ਼ੌਜਦਾਰੀ ਪ੍ਰਕਿਰਤੀ ਦਾ ਹੈ ਅਤੇ ਉਸ ਲਈ ਕਰੜੇ ਸਬੂਤ ਦੀ ਲੋੜ ਹੈ, ਤਦ ਵੀ ਉਸ ਪੱਧਰ ਦਾ ਸਬੂਤ ਨਹੀਂ ਲੋੜਿਆ ਜਾਂਦਾ ਜੋ ਫ਼ੌਜਦਾਰੀ ਅਰੋਪ ਸਾਬਤ ਕਰਨ ਲਈ ਜ਼ਰੂਰੀ ਹੁੰਦਾ ਹੈ। ਵਾਜਬ ਸ਼ਕ ਤੋਂ ਪਰੇ ਦਾ ਸਬੂਤ ਜ਼ਰੂਰੀ ਨਹੀਂ ਹੁੰਦਾ ਅਤੇ ਅਧਿਸੰਭਾਵਨਾਵਾਂ ਦੀ ਅਧਿਕਤਾ ਤੇ ਤਨਕੀਹ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ (ਪੁਲੀ ਕੋਡਿਆਲ ਚੇਰੂ ਬਨਾਮ ਮੇਰੀ ਜ਼ਕਰੀਆ- ਏ ਆਈ ਆਰ 1987 ਐਮ ਪੀ 112)
ਅੱਜ ਦੇ ਹਾਲਤ ਵਿਚ ਪਰਾਏ ਮਰਦ ਦਾ ਵੀਰਜ ਲੈ ਕੇ ਮਸਨੂਈ ਢੰਗ ਨਾਲ ਗਰਭ ਧਾਰਨ ਕਰਨਾ ਪਰਗਮਨ ਦਾ ਅਪਰਾਧ ਗਠਤ ਨਹੀਂ ਕਰਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First