ਨੰਦ ਚੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨੰਦ ਚੰਦ: ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਮੋਗਾ ਨਗਰ ਤੋਂ 14 ਕਿ.ਮੀ. ਪੱਛਮ ਵਲ ਸਥਿਤ ਇਕ ਪੁਰਾਤਨ ਪਿੰਡ ‘ਡਰੌਲੀ ਭਾਈ ’ (ਵੇਖੋ) ਦਾ ਨਿਵਾਸੀ ਇਕ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਸਾਥੀ ਰਿਹਾ ਸੀ ਅਤੇ ਗੁਰੂ ਅਰਜਨ ਸਾਹਿਬ ਦੇ ਗੁਰੂ-ਕਾਲ ਵੇਲੇ ਮਸੰਦ ਰਹੇ ਭਾਈ ਉਮਰਸ਼ਾਹ ਦਾ ਪੋਤਾ ਸੀ। ਇਹ ਵੀ ਪਹਿਲਾਂ ਡਰੌਲੀ ਦਾ ਮਸੰਦ ਰਿਹਾ, ਪਰ ਬਾਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਪਣਾ ਦੀਵਾਨ ਨਿਯੁਕਤ ਕਰ ਦਿੱਤਾ। ‘ਰਣਜੀਤ ਨਗਾਰਾ ’ ਇਸੇ ਦੀ ਦੇਖ-ਰੇਖ ਵਿਚ ਬਣਿਆ ਦਸਿਆ ਜਾਂਦਾ ਹੈ। ਸਿੱਖ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਫਤਹਿ ਸ਼ਾਹ ਗੜਵਾਲੀ ਦੀ ਲੜਕੀ ਦੀ ਸ਼ਾਦੀ ਉਤੇ ਇਸ ਹੱਥੀਂ ਸ਼ਗਨ ਵਜੋਂ ਕੀਮਤੀ ਸੌਗਾਤ ਭੇਜੀ, ਜੋ ਫਤਹਿ ਚੰਦ ਨੇ ਆਪਣੇ ਕੁੜਮ ਰਾਜਾ ਭੀਮ ਚੰਦ ਦੇ ਕਹੇ ’ਤੇ ਅਸਵੀਕਾਰ ਕਰ ਦਿੱਤੀ। ਉਸ ਸੌਗਾਤ ਨੂੰ ਜਦੋਂ ਇਹ ਪਾਉਂਟਾ ਸਾਹਿਬ ਲਿਆ ਰਿਹਾ ਸੀ ਤਾਂ ਰਾਜਾ ਭੀਮ ਚੰਦ ਦੇ ਬੰਦਿਆਂ ਨੇ ਉਸ ਤੋਂ ਹਥਿਆਉਣ ਦਾ ਯਤਨ ਕੀਤਾ, ਪਰ ਇਹ ਪਾਉਂਟਾ ਸਾਹਿਬ ਸਹੀ ਸਲਾਮਤ ਪਹੁੰਚ ਗਿਆ। ਇਸ ਨੇ ਭੰਗਾਣੀ ਦੇ ਯੁੱਧ ਵਿਚ ਬੜੀ ਵੀਰਤਾ ਨਾਲ ਭਾਗ ਲਿਆ, ਜਿਸ ਦਾ ਉੱਲੇਖ ‘ਬਚਿਤ੍ਰ ਨਾਟਕ ’ ਵਿਚ ਹੋਇਆ ਹੈ—ਤਹਾ ਨੰਦ ਚੰਦੰ ਕਿਯੋ ਕੋਪ ਭਾਰੋ। ਲਗਾਈ ਬਰਛੀ ਕ੍ਰਿਪਾਣੰ ਸੰਭਾਰੋ। ਤੁਟੀ ਤੇਗ ਤ੍ਰਿਖੀ ਕਢੇ ਜਮਦਢੰ। ਹਠੀ ਰਾਖੀਯੰ ਲਜ ਬੰਸੰ ਸਨਢੰ।੮। (ਅਧਿ.8)।
ਸਿੱਖ ਇਤਿਹਾਸ ਅਨੁਸਾਰ ਇਕ ਵਾਰ ਕੁਝ ਉਦਾਸੀ ਸੰਤ ਗੁਰੂ ਗ੍ਰੰਥ ਸਾਹਿਬ ਦੀ ਇਕ ਸੁੰਦਰ ਬੀੜ ਲਿਖ ਕੇ ਗੁਰੂ-ਦਰਬਾਰ ਵਿਚ ਨੀਸਾਣ ਪਵਾਉਣ ਲਈ ਲਿਆਏ। ਨੰਦ ਚੰਦ ਨੇ ਉਸ ਸੁੰਦਰ ਬੀੜ ਨੂੰ ਆਪਣੇ ਕੋਲ ਰਖ ਲਿਆ ਅਤੇ ਉਦਾਸੀ ਸੰਤਾਂ ਨੂੰ ਦੇਣੋ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਗੁਰੂ ਜੀ ਅਗੇ ਸ਼ਿਕਾਇਤ ਕੀਤੀ। ਸ਼ਰਮ ਦਾ ਮਾਰਿਆ ਇਹ ਆਨੰਦਪੁਰ ਛਡ ਕੇ ਸੋਢੀ ਧੀਰ ਮੱਲ ਪਾਸ ਕਰਤਾਰਪੁਰ ਜਾ ਪਹੁੰਚਿਆ। ਉਸ ਨੇ ਇਸ ਨੂੰ ਦਸਮ ਗੁਰੂ ਦਾ ਭੇਤੀਆ ਸਮਝ ਕੇ ਸ਼ਰਣ ਨ ਦਿੱਤੀ ਅਤੇ ਕਤਲ ਕਰਵਾ ਦਿੱਤਾ। ਉਦਾਸੀ ਸੰਤਾਂ ਦੀ ਜੋ ਬੀੜ ਇਹ ਕਰਤਾਰਪੁਰ ਆਪਣੇ ਨਾਲ ਲਿਆਇਆ ਸੀ, ਉਹ ਹੁਣ ਇਸ ਦੇ ਜੱਦੀ ਪਿੰਡ ਡਰੌਲੀ ਭਾਈ ਵਿਚ ਸੁਰਖਿਅਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨੰਦ ਚੰਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨੰਦ ਚੰਦ : ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿਚ ਇਸ ਕਵੀ ਦਾ ਨਾਂ ਵੀ ਗਿਣਿਆ ਜਾਂਦਾ ਹੈ । ਇਹ ਡਰੋਲੀ ਪਿੰਡ ਦੇ ਵਸਨੀਕ ਉਮਰ ਸ਼ਾਹ ਦਾ ਪੋਤਾ ਸੀ ਅਤੇ ਇਹ ਗੁਰੂ ਸਾਹਿਬ ਦਾ ਦੀਵਾਨ ਵੀ ਰਿਹਾ । ਇਹ ਚੰਗਾ ਕਵੀ ਹੋਣ ਦੇ ਨਾਲ ਨਾਲ ਯੁੱਧ ਕਲਾ ਵਿਚ ਵੀ ਪਰਵੀਨ ਸੀ ਅਤੇ ਇਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਚੰਗੇ ਜੌਹਰ ਦਿਖਾਏ । ਇਕ ਸੂਝਵਾਨ ਸ਼ਰਧਾਲੂ ਸਿੱਖ ਹੋਣ ਨਾਤੇ ਗੁਰੂ ਜੀ ਇਸ ਨੂੰ ਪਹਾੜੀ ਰਾਜਿਆਂ ਨਾਲ ਗੱਲਬਾਤ ਕਰਨ ਲਈ ਭੇਜਿਆ ਕਰਦੇ ਸਨ । ਅਜਿਹੇ ਕੰਮ ਇਹ ਸਫ਼ਲਤਾਪੂਰਵਕ ਨਿਭਾਉਂਦਾ ਸੀ । ਗੁਰੂ ਜੀ ਦੇ ਸਿਆਣੇ ਦੂਤ ਵਜੋਂ ਵੀ ਦਰਬਾਰ ਵਿਚ ਇਸ ਨੂੰ ਸਨਮਾਨ ਪ੍ਰਾਪਤ ਸੀ । ਹੋਰ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦੇ ਸੰਗ੍ਰਹਿਾਂ ਵਿਚ ਇਸ ਦੀਆਂ ਵੀ ਰਚਨਾਵਾਂ ਮਿਲਦੀਆਂ ਹਨ ਪਰ ਸੁਤੰਤਰ ਤੌਰ ਤੇ ਇਸ ਦੀ ਕੋਈ ਰਚਨਾ ਉਪਲੱਬਧ ਨਹੀਂ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-01-10-31-57, ਹਵਾਲੇ/ਟਿੱਪਣੀਆਂ: ਹ. ਪੁ.–ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ-ਪਿਆਰਾ ਸਿੰਘ ਪਦਮ : 229
ਵਿਚਾਰ / ਸੁਝਾਅ
Please Login First