ਨੌਰੰਗਾਬਾਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੌਰੰਗਾਬਾਦ. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪ੍ਰਸਿੱਧ ਪਿੰਡ , ਜੋ ਬਾਬਾ ਬੀਰ ਸਿੰਘ ਜੀ ਦਾ ਨਿਵਾਸ ਅਸਥਾਨ ਸੀ. ਇਹ ਤਰਨਤਾਰਨ ਤੋਂ ਚਾਰ ਮੀਲ ਦੱਖਣ ਪੂਰਵ ਹੈ. ਗੁਰਦ੍ਵਾਰੇ ਦੀ ਕਈ ਪਿੰਡਾਂ ਵਿੱਚ ਜ਼ਮੀਨ ਅਤੇ ਮੁਆਫੀ ਹੈ. ੨੭ ਵੈਸਾਖ ਨੂੰ ਮੇਲਾ ਹੁੰਦਾ ਹੈ. ਦੇਖੋ, ਬੀਰ ਸਿੰਘ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੌਰੰਗਾਬਾਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨੌਰੰਗਾਬਾਦ (ਪਿੰਡ): ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਨਗਰ ਤੋਂ 5 ਕਿ.ਮੀ. ਦੀ ਵਿਥ ਉਤੇ ਤਰਨਤਾਰਨ-ਗੋਇੰਦਵਾਲ ਸੜਕ ਉਤੇ ਸਥਿਤ ਇਕ ਪਿੰਡ ਜਿਥੇ ਬਾਬਾ ਬੀਰ ਸਿੰਘ (ਵੇਖੋ) ਨੇ ਗੁਰਦੁਆਰਾ ਸਥਾਪਿਤ ਕੀਤਾ ਸੀ ਅਤੇ ਜਿਥੇ 7 ਮਈ 1844 ਈ. ਨੂੰ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਸਿੱਖ ਇਤਿਹਾਸ ਅਨੁਸਾਰ ਬਾਬਾ ਬੀਰ ਸਿੰਘ ਦੀ ਅਧਿਆਤਮਿਕ ਸਾਧਨਾ ਅਤੇ ਪਵਿੱਤਰ ਜੀਵਨ ਤੋਂ ਲੋਕੀਂ ਬਹੁਤ ਪ੍ਰਭਾਵਿਤ ਸਨ। ਸੈਂਕੜੇ ਸ਼ਰਧਾਲੂ ਦਰਸ਼ਨ ਕਰਨ ਲਈ ਨਿੱਤ ਆਉਂਦੇ ਸਨ। 15 ਸਤੰਬਰ 1843 ਈ. ਨੂੰ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਦ ਹੀਰਾ ਸਿੰਘ ਡੋਗਰੇ ਨੇ ਪ੍ਰਧਾਨ ਮੰਤਰੀ ਦਾ ਔਹਦਾ ਸੰਭਾਲ ਕੇ ਲਾਹੌਰ ਦਰਬਾਰ ਦੀ ਸ਼ਕਤੀ ਨੂੰ ਆਪਣੇ ਵਸ ਵਿਚ ਕਰ ਲਿਆ। ਉਸ ਦੇ ਸਲਾਹਕਾਰ ਪੰਡਿਤ ਜੱਲਾ ਦੇ ਦੁਰਵਿਵਹਾਰ ਕਾਰਣ ਸਿੱਖ ਸਰਦਾਰਾਂ ਅਤੇ ਸੈਨਾ-ਨਾਇਕਾਂ ਵਿਚ ਬਹੁਤ ਅਸੰਤੋਸ਼ ਪਸਰ ਗਿਆ। ਲਾਹੌਰ ਦਰਬਾਰ ਵਿਚਲੀ ਇਸ ਅਰਾਜਕਤਾ ਅਤੇ ਧੱਕੇਸ਼ਾਹੀ ਕਾਰਣ ਕਈ ਅਧਿਕਾਰੀ, ਦਰਬਾਰੀ ਅਤੇ ਰਾਜਵੰਸ਼ੀ ਬਾਬਾ ਬੀਰ ਸਿੰਘ ਦੇ ਡੇਰੇ ਵਿਚ ਇਕੱਠੇ ਹੋਣ ਲਗ ਗਏ। ਇਥੋਂ ਤਕ ਕਿ ਕੰਵਰ ਪਿਸ਼ੌਰਾ ਸਿੰਘ ਅਤੇ ਕੰਵਰ ਕਸ਼ਮੀਰਾ ਸਿੰਘ ਨੇ ਵੀ ਉਸ ਡੇਰੇ ਵਿਚ ਸ਼ਰਣ ਲਈ ਹੋਈ ਸੀ। ਸ. ਅਤਰ ਸਿੰਘ ਸੰਧਾਵਾਲੀਆ ਵੀ ਉਥੇ ਆ ਗਿਆ। ਹੀਰਾ ਸਿੰਘ ਡੋਗਰਾ ਨੇ ਚਾਹਿਆ ਕਿ ਬਾਬਾ ਬੀਰ ਸਿੰਘ ਸ਼ਰਣਾਗਤਾਂ ਨੂੰ ਉਸ ਦੇ ਹਵਾਲੇ ਕਰ ਦੇਣ , ਪਰ ਬਾਬਾ ਬੀਰ ਸਿੰਘ ਨ ਮੰਨੇ। ਹੀਰਾ ਸਿੰਘ ਨੇ ਡੇਰੇ ਉਤੇ ਫ਼ੌਜਕਸ਼ੀ ਕਰਾ ਦਿੱਤੀ, ਜਿਸ ਦੇ ਫਲਸਰੂਪ 7 ਮਈ 1844 ਈ. ਨੂੰ ਬਾਬਾ ਬੀਰ ਸਿੰਘ, ਕੰਵਰ ਕਸ਼ਮੀਰਾ ਸਿੰਘ, ਸ. ਅਤਰ ਸਿੰਘ ਸੰਧਾਵਾਲੀਆ ਮਾਰੇ ਗਏ ਅਤੇ ਬਾਬਾ ਜੀ ਦੇ ਸੈਂਕੜੇ ਸੈਨਿਕ ਅਤੇ ਸੇਵਕ ਵੀ ਕਤਲ ਹੋ ਗਏ। ਬਾਬਾ ਜੀ ਦੀ ਸਮਾਧ ਗੁਰਦੁਆਰੇ ਦੇ ਪਰਿਸਰ ਵਿਚ ਹੀ ਬਣਾ ਦਿੱਤੀ ਗਈ। ਸੰਨ 1960 ਈ. ਵਿਚ ਇਸ ਗੁਰਦੁਆਰੇ ਦੀ ਇਮਾਰਤ ਨੂੰ ਸੁਧਾਰਿਆ ਗਿਆ। 27 ਵਿਸਾਖ ਨੂੰ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਨੌਰੰਗਾਬਾਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨੌਰੰਗਾਬਾਦ : ਅੰਮ੍ਰਿਤਸਰ ਜ਼ਿਲ੍ਹੇ ਵਿਚ ਤਰਨਤਾਰਨ ਤਹਿਸੀਲ ਦਾ ਇਹ ਇਕ ਧਾਰਮਿਕ ਮਹੱਤਤਾ ਵਾਲਾ ਪਿੰਡ ਹੈ ਜੋ ਤਰਨਤਾਰਨ ਤੋਂ ਗੋਇੰਦਵਾਲ ਜਾਂਦਿਆਂ 6 ਕਿ. ਮੀ. (4 ਮੀਲ) ਦੀ ਦੂਰੀ ਤੇ ਸਥਿਤ ਹੈ ।
ਇਕ ਉੱਘੇ ਸੰਤ ਬਾਬਾ ਵੀਰ ਸਿੰਘ ਦਾ ਇਸ ਥਾਂ ਡੇਰਾ ਸੀ ਜਿਨ੍ਹਾਂ ਦੀ ਆਸਪਾਸ ਬਹੁਤ ਮਾਨਤਾ ਸੀ। ਇਸ ਥਾਂ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਗੁਰਦੁਆਰੇ ਨਾਲ ਲਗਭਗ 150 ਏਕੜ ਜ਼ਮੀਨ ਵੀ ਹੈ। ਇਸ ਗੁਰਦੁਆਰੇ ਵਿਚ ਹਰ ਸਾਲ 27 ਵਿਸਾਖ, 28 ਸਾਵਣ ਅਤੇ ਮਾਘੀ ਵਾਲੇ ਦਿਨ ਭਾਰੀ ਮੇਲੇ ਲਗਦੇ ਹਨ। ਇਸ ਗੁਰਦੁਆਰੇ ਦੇ ਨੇੜੇ ਹੀ ਇਕ ਥੜ੍ਹਾ ਹੈ ਅਤੇ ਛੱਤ ਤੋਂ ਬਿਨਾਂ ਦੋ ਮੰਜ਼ਲੀ ਇਕ ਇਮਾਰਤ ਵੀ ਹੈ ਜੋ ਉਨ੍ਹਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਯਾਦ ਵਿਚ ਬਣਾਈ ਗਈ ਸੀ। ਇਹ ਬਾਬਾ ਜੀ ਬਾਬਾ ਵੀਰ ਸਿੰਘ ਦੇ ਅਧਿਆਤਮਕ ਗੁਰੂ ਸਨ ਅਤੇ ਇਸ ਥਾਂ ਤਿੰਨ ਦਿਨ ਲਈ ਠਹਿਰੇ ਸਨ। ਇਸ ਗੁਰਦੁਆਰੇ ਦੇ ਨਾਲ ਹੀ ਇਕ ਹੋਰ ਨਵਾਂ ਗੁਰਦੁਆਰਾ ਵੀ ਬਣਾਇਆ ਗਿਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਵੀਰ ਸਿੰਘ ਅਸਲ ਵਿਚ ਇਸ ਥਾਂ ਠਹਿਰੇ ਸਨ । ਇਸ ਨਵੇਂ ਗੁਰਦੁਆਰੇ ਦੇ ਨਾਲ ਵੀ ਚਾਰ ਏਕੜ ਜ਼ਮੀਨ ਲਗੀ ਹੋਈ ਹੈ। ਇਸ ਪਿੰਡ ਦਾ ਕੁੱਲ ਰਕਬਾ 687 ਹੈਕਟੇਅਰ ਹੈ ।
ਇਥੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਤੋਂ ਇਲਾਵਾ ਇਕ ਡਾਕਖਾਨਾ ਵੀ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-10-35-37, ਹਵਾਲੇ/ਟਿੱਪਣੀਆਂ: ਹ. ਪੁ. –ਡਿਸ. ਗਜ਼.–ਅੰਮ੍ਰਿਤਸਰ: 602: ਡਿ. ਸੈਂ. ਹੈਂ. ਬੁ.-ਅੰਮ੍ਰਿਤਸਰ: 114
ਵਿਚਾਰ / ਸੁਝਾਅ
Please Login First