ਨਿਹੰਗ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਹੰਗ ਸਿੰਘ. ਦੇਖੋ, ਨਿਹੰਗ ੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਹੰਗ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਹੰਗ ਸਿੰਘ: ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਵਜੋਂ ਪ੍ਰਸਿੱਧ ਨਿਹੰਗ ਸਿੰਘ ਸਿੱਖ ਧਰਮ ਦੇ ਪੁਰਾਤਨ ਜੰਗੀ ਸਰੂਪ ਅਤੇ ਆਚਾਰ ਨੂੰ ਅਪਣਾ ਕੇ ਚਲਣ ਵਾਲਾ ਇਕ ਅਜਿਹਾ ਧਰਮ-ਸਾਧਕ ਹੈ ਜੋ ਸੀਸ ਉਪਰ ਫਰਹਰੇ ਵਾਲਾ ਉੱਚਾ ਦੋਮਾਲਾ ਸਜਾਉਂਦਾ ਹੈ ਅਤੇ ਕਈ ਪ੍ਰਕਾਰ ਦੇ ਸ਼ਸਤ੍ਰਾਂ (ਚੱਕਰ, ਖੰਡਾ , ਕ੍ਰਿਪਾਨ, ਭਾਲਾ, ਬੰਦੂਕ, ਤੋੜਾ , ਗਜਗਾਹ ਆਦਿ) ਨਾਲ ਸੁਸਜਿਤ ਹਰ ਵਕਤ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸ ਪਾਸ ਲੋਹੇ ਦਾ ਗੜਵਾ , ਮਾਲਾ ਅਤੇ ਹੋਰ ਲੋੜੀਂਦਾ ਸਾਮਾਨ ਹਰ ਵਕਤ ਮੌਜੂਦ ਰਹਿੰਦਾ ਹੈ।

ਨਿਹੰਗ ਸਿੰਘ ਮਰਣ ਤੋਂ ਸਦਾ ਨਿਸੰਗ ਅਤੇ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਅਜਿਹੀਆਂ ਵਿਸ਼ੇਸ਼ਤਾਵਾਂ ਕਰਕੇ ਇਨ੍ਹਾਂ ਦੇ ਨਾਂ ਦੀ ਵਿਉਪੱਤੀ ਸੰਸਕ੍ਰਿਤ ਦੇ ਨਿਹਸ਼ੰਕ (fu%'kad) ਅਥਵਾ ਨਿਹਸੰਗ (fu%lax) ਸ਼ਬਦ ਤੋਂ ਮੰਨੀ ਜਾਂਦੀ ਹੈ। ਆਸਾ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਮੌਤ ਦੀ ਚਿੰਤਾ ਤੋਂ ਮੁਕਤ ਵਿਅਕਤੀ ਨੂੰ ‘ਨਿਹੰਗ’ ਕਿਹਾ ਹੈ— ਨਿਰਭਉ ਹੋਇਓ ਭਇਆ ਨਿਹੰਗਾਚੰਡੀ ਦੀ ਵਾਰ ’ ਵਿਚ ਵੀ ਇਸ ਭਾਵ ਦੀ ਅਭਿਵਿਅਕਤੀ ਹੋਈ ਹੈ— ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾਂ ਇਸੇ ਭਾਵਨਾ ਅਧੀਨ ਭਾਈ ਰਤਨ ਸਿੰਘ ਭੰਗੂ ਨੇ ‘ਪ੍ਰਾਚੀਨ ਪੰਥ ਪ੍ਰਕਾਸ਼ ’ ਵਿਚ ਇਸ ਨੂੰ ਪਰਿਭਾਸ਼ਿਤ ਕਰਦਿਆਂ ਲਿਖਿਆ ਹੈ— ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮਨੇ ਅੰਗ ਕੁਝ ਵਿਦਵਾਨ ਇਸ ਸ਼ਬਦ ਦੀ ਵਿਉਪਤੀ ਫ਼ਾਰਸੀ ਭਾਸ਼ਾ ਦੇ ‘ਨਿਹੰਗ’ ਸ਼ਬਦ ਤੋਂ ਮੰਨਦੇ ਹਨ, ਜਿਸ ਦਾ ਅਰਥ ਹੈ ਮਗਰਮੱਛ ਅਤੇ ਤਲਵਾਰ।

ਸਿੱਖ ਧਰਮ ਵਿਚ ਇਹ ਆਤਮ-ਉਤਸਰਗੀ ਸੰਪ੍ਰਦਾਇ ਕਿਵੇਂ ਹੋਂਦ ਵਿਚ ਆਇਆ ? ਇਸ ਬਾਰੇ ਕਈ ਮਤ ਪ੍ਰਚਲਿਤ ਹਨ। ਇਕ ਮਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਛੋਟਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਇਕ ਵਾਰ ਵਿਨੋਦੀ ਚੋਜ ਕਰਦਿਆਂ ਸੀਸ ਉਤੇ ਦੁਮਾਲਾ ਸਜਾ ਕੇ ਅਤੇ ਨੀਲੇ ਰੰਗ ਦਾ ਚੋਲਾ ਪਾ ਕੇ ਗੁਰੂ ਜੀ ਪਾਸ ਆ ਗਿਆ। ਗੁਰੂ ਜੀ ਨੇ ਪ੍ਰਸੰਨ ਹੋ ਕੇ ਭਵਿਸ਼ਬਾਣੀ ਕੀਤੀ ਕਿ ਅਜਿਹੇ ਬਾਣੇ ਵਾਲਾ ਇਕ ‘ਨਿਹੰਗ ਪੰਥ ’ ਹੋਵੇਗਾ।

ਦੂਜੇ ਮਤ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਵਿਚ ਧਾਰਣ ਕੀਤੇ ਉੱਚ ਦੇ ਪੀਰ ਵਾਲੇ ਬਾਣੇ ਨੂੰ ਅਗਨਿ-ਭੇਂਟ ਕੀਤਾ ਤਾਂ ਉਨ੍ਹਾਂ ਦੇ ਸੇਵਕ ਭਾਈ ਮਾਨ ਸਿੰਘ ਨੇ ਉਸ ਨਾਲੋਂ ਇਕ ਲੀਰ ਪਾੜ ਕੇ ਆਪਣੀ ਦਸਤਾਰ ਵਿਚ ਸਜਾ ਲਈ। ਇਸ ਤੋਂ ਪ੍ਰਭਾਵਿਤ ਹੋ ਕੇ ਕਈ ਸਿੰਘਾਂ ਨੇ ਨੀਲੇ ਬਸਤ੍ਰ ਧਾਰਣ ਕਰਨੇ ਸ਼ੁਰੂ ਕਰ ਦਿੱਤੇ ਅਤੇ ਦਸਤਾਰਾਂ ਨਾਲ ਲੀਰ ਦੀ ਸ਼ਕਲ ਦਾ ਫਰਹਰਾ ਛਡਣਾ ਸ਼ੁਰੂ ਕਰ ਦਿੱਤਾ। ਕਾਲਾਂਤਰ ਵਿਚ ਇਸ ਵੇਸ਼-ਭੂਸ਼ਾ ਵਾਲੇ ਨਿਹੰਗ-ਸਿੰਘ ਵਜੋਂ ਜਾਣੇ ਜਾਣ ਲਗੇ

ਤੀਜੇ ਮਤ ਅਨੁਸਾਰ ਨਿਸ਼ਾਨਾਂ ਵਾਲੀ ਮਿਸਲ ਦੇ ਬਾਬਾ ਨੈਣਾ ਸਿੰਘ ਨੇ ਸੈਨਿਕ ਟੁਕੜੀ ਦੇ ਨਿਸ਼ਾਨਚੀ ਦੇ ਸਿਰ ਉਪਰ ਉੱਚੀ ਦਸਤਾਰ ਸਜਾ ਕੇ ਉਸ ਨਾਲ ਨਿਸ਼ਾਨ ਦੇ ਰੂਪ ਵਿਚ ਫਰਹਰਾ ਝੁਲਾ ਦਿੱਤਾ। ਇਸ ਨਾਲ ਦੋ ਲਾਭ ਹੋਏ। ਇਕ ਇਹ ਕਿ ਫ਼ੌਜ ਦੇ ‘ਨਿਸ਼ਾਨ’ ਦੀ ਥਾਂ ਪੂਰੀ ਹੋ ਗਈ ਅਤੇ ਦੂਜਾ ਨਿਸ਼ਾਨਚੀ ਦੇ ਹੱਥ ਵੇਹਲੇ ਹੋਣ ਕਰਕੇ ਉਹ ਲੋੜ ਅਨੁਸਾਰ ਸ਼ਸਤ੍ਰ ਚਲਾ ਸਕਣ ਦੇ ਸਮਰਥ ਹੋ ਗਿਆ। ਬਹੁਤੇ ਵਿਦਵਾਨ ਇਸ ਤੀਜੇ ਮਤ ਨੂੰ ਜ਼ਿਆਦਾ ਵਜ਼ਨੀ ਮੰਨਦੇ ਹਨ।

ਇਨ੍ਹਾਂ ਨੂੰ ‘ਅਕਾਲੀ ’ ਅਥਵਾ ‘ਅਕਾਲੀ ਨਿਹੰਗ’ ਵੀ ਕਿਹਾ ਜਾਂਦਾ ਸੀ ਕਿਉਂਕਿ ‘ਅਕਾਲ ’ ਦੇ ਉਪਾਸਕ ਹੋਣ ਕਾਰਣ ਇਹ ਵੀ ਕਾਲ ਦੇ ਪ੍ਰਭਾਵ ਤੋਂ ਮੁਕਤ ਸਨ। ਇਨ੍ਹਾਂ ਦਾ ਅਧਿਕਤਰ ਸੰਬਧ ਨਿਸ਼ਾਨਾਂ ਵਾਲੀ ਮਿਸਲ ਅਤੇ ਸ਼ਹੀਦਾਂ ਵਾਲੀ ਮਿਸਲ ਨਾਲ ਸੀ। ਅਠਾਰ੍ਹਵੀਂ ਸਦੀ ਦੇ ਉਤਰਾਰਧ ਵਿਚ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਨੂੰ ਜਿਤ ਲਿਆ ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਵਧ ਤੋਂ ਵਧ ਇਲਾਕਾ ਆਪਣੇ ਕਬਜ਼ੇ ਅਧੀਨ ਕਰਕੇ ਰਿਆਸਤਾਂ ਦੀ ਸਥਾਪਨਾ ਕੀਤੀ ਅਤੇ ਇਸ ਕਰਕੇ ਪਰਸਪਰ ਵੈਰ-ਵਿਰੋਧ ਵਧਿਆ। ਪਰ ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਲਾਲਚ ਅਤੇ ਪ੍ਰਭੁਤਾ ਤੋਂ ਦੂਰ ਰਖਿਆ। ਸਮੇਂ ਸਮੇਂ ਇਹ ਅਕਾਲ ਤਖ਼ਤ ਉਤੇ ਇਕੱਠੇ ਹੁੰਦੇ ਰਹਿੰਦੇ ਅਤੇ ਆਪਣੀ ਸਿਦਕ ਦਿਲੀ ਅਤੇ ਨਿਰਮੋਹੀ ਮਾਨਸਿਕਤਾ ਕਰਕੇ ਸਿੱਖ ਸਮਾਜ ਵਿਚ ਸਮਾਦਰਿਤ ਹੁੰਦੇ ਰਹੇ। ਬਾਬਾ ਨੈਣਾ ਸਿੰਘ ਦਾ ਇਕ ਸੇਵਕ ਬਾਬਾ ਫੂਲਾ ਸਿੰਘ ਅਕਾਲੀ ਅਕਾਲ-ਤਖ਼ਤ ਦੀ ਸੇਵਾ ਸੰਭਾਲ ਕਰਦਾ ਸੀ ਅਤੇ ਉਸ ਦੀ ਪੰਥ ਵਿਚ ਬੜੀ ਪ੍ਰਤਿਸ਼ਠਾ ਸੀ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਅਧਿਕਾਰ ਅਧੀਨ ਕਰਕੇ ਰਾਜ ਦੀ ਸਥਾਪਨਾ ਕੀਤੀ, ਤਾਂ ਵੀ ਨਿਹੰਗ ਸਿੰਘਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਰਖੀ। ਮਹਾਰਾਜੇ ਨੇ ਇਨ੍ਹਾਂ ਨੂੰ ਆਪਣੀ ਸੈਨਾ ਵਿਚ ਭਰਤੀ ਕਰਨਾ ਚਾਹਿਆ, ਪਰ ਇਨ੍ਹਾਂ ਨੇ ਨੌਕਰੀ ਸਵੀਕਾਰਨ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ਪੰਥ-ਦਰਦੀਆਂ ਨੇ ਖ਼ੁਦ- ਮੁਖ਼ਤਿਆਰ ਰਹਿੰਦੇ ਹੋਇਆਂ ਵੀ ਲੋੜ ਪੈਣ’ਤੇ ਸਿੱਖ ਰਾਜ ਦੇ ਵਿਸਤਾਰ ਵਿਚ ਮਹਾਰਾਜੇ ਦੀ ਡਟ ਕੇ ਮਦਦ ਕੀਤੀ। ਜੱਥੇਦਾਰ ਸਾਧੂ ਸਿੰਘ ਅਤੇ ਬਾਬਾ ਫੂਲਾ ਸਿੰਘ ਨੇ ਕਸੂਰ , ਮੁਲਤਾਨ , ਕਸ਼ਮੀਰ ਆਦਿ ਦੀਆਂ ਲੜਾਈਆਂ ਵਿਚ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ। ਸੰਨ 1823 ਈ. ਵਿਚ ਹੋਈ ਨੌਸ਼ਹਿਰਾ ਦੀ ਲੜਾਈ ਵਿਚ ਬਾਬਾ ਫੂਲਾ ਸਿੰਘ ਅਕਾਲੀ ਨੇ ਚਮਤਕਾਰੀ ਬਹਾਦਰੀ ਦਾ ਪਰਿਚਯ ਦਿੰਦਿਆਂ ਵੀਰਗਤੀ ਪ੍ਰਾਪਤ ਕੀਤੀ। ਇਸ ਤਰ੍ਹਾਂ ਸਿੱਖ ਰਾਜ ਵੇਲੇ ਇਨ੍ਹਾਂ ਦੇ ਯਸ਼ ਦਾ ਸੂਰਜ ਆਪਣੀ ਪੂਰੀ ਬੁਲੰਦੀ ਉਤੇ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਅਤੇ ਲਾਹੌਰ ਦਰਬਾਰ ਉਤੇ ਅੰਗ੍ਰੇਜ਼ ਹਕੂਮਤ ਦੀ ਸਥਾਪਤੀ ਤੋਂ ਬਾਦ ਨਿਹੰਗ ਸਿੰਘਾਂ ਦੀ ਪ੍ਰਤਿਸ਼ਠਾ ਘਟਣ ਲਗੀ। ਇਕ ਤਾਂ ਇਸ ਕਰਕੇ ਕਿ ਹਾਰ ਤੋਂ ਬਾਦ ਸਾਰੇ ਸਿੱਖ ਸਮਾਜ ਵਿਚ ਨਿਰਾਸ਼ਾ ਪਸਰ ਗਈ ਸੀ। ਦੂਜੇ ਅੰਗ੍ਰੇਜ਼ਾਂ ਅਤੇ ਵਿਦੇਸ਼ੀ ਅਫ਼ਸਰਾਂ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਣ ਕਾਰਣ ਨਿਹੰਗ ਸਿੰਘ ਉਨ੍ਹਾਂ ਦੇ ਜ਼ੁਲਮ ਦਾ ਵਿਸ਼ੇਸ਼ ਨਿਸ਼ਾਨਾ ਬਣਦੇ ਸਨ। ਇਸ ਤਰ੍ਹਾਂ ਇਨ੍ਹਾਂ ਦਾ ਮਹੱਤਵ ਅਤੇ ਪ੍ਰਤਿਸ਼ਠਾ ਘਟਦੀ ਗਈ। ਪਰ ਕਈ ਟੋਲਿਆਂ/ਜੱਥਿਆਂ ਵਿਚ ਵੰਡੀਜ ਕੇ ਇਨ੍ਹਾਂ ਨੇ ਆਪਣੀ ਹੋਂਦ ਕਿਸੇ ਨ ਕਿਸੇ ਰੂਪ ਵਿਚ ਬਣਾਈ ਰਖੀ। ਹਰ ਇਕ ਜੱਥੇਦਾਰ ਨੇ ਆਪਣੀ ਵਖਰੀ ਵਖਰੀ ਛਾਵਣੀ ਬਣਾ ਲਈ, ਪਰ ਮੁੱਖ ਤੌਰ ’ਤੇ ਇਹ ਦੋ ਦਲਾਂ ਅਧੀਨ ਹੀ ਵਿਚਰਦੇ ਰਹੇ। ਇਨ੍ਹਾਂ ਦੋਹਾਂ ਦਲਾਂ ਨੇ ਆਪਣੇ ਨਾਂ ਸੰਨ 1734 ਈ. ਵਿਚ ਨਵਾਬ ਕਪੂਰ ਸਿੰਘ ਦੁਆਰਾ ਰਖੇ ਦੋ ਨਾਂਵਾਂ—ਬੁੱਢਾ ਦਲ ਅਤੇ ਤਰੁਣਾ ਦਲ—ਨੂੰ ਅਪਣਾਈ ਰਖਿਆ। ਬੁੱਢਾ ਦਲ ਦਾ ਸਦਰ ਮੁਕਾਮ ਤਲਵੰਡੀ ਸਾਬੋ ਵਿਚ ਹੈ ਅਤੇ ਤਰੁਣਾ ਦਲ ਦੀ ਮੁੱਖ ਛਾਵਣੀ ਬਾਬਾ ਬਕਾਲਾ ਵਿਚ ਹੈ। ਆਮ ਤੌਰ’ਤੇ ਇਹ ਹੋਲੇ ਮਹੱਲੇ ਦੇ ਅਵਸਰ ਤੇ ਆਨੰਦਪੁਰ ਸਾਹਿਬ ਵਿਚ ਇਕੱਠੇ ਹੁੰਦੇ ਹਨ ਅਤੇ ਆਪਣੇ ਪਰੰਪਰਾਗਤ ਕਰਮਾਚਾਰ ਦਾ ਪ੍ਰਦਰਸ਼ਨ ਕਰਕੇ ਸਿੱਖ ਰਵਾਇਤਾਂ ਨੂੰ ਸੁਰਜੀਤ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇਨ੍ਹਾਂ ਦੀਆਂ ਛਾਵਣੀਆਂ ਵਿਚ ‘ਦਸਮ ਗ੍ਰੰਥ ’ ਅਤੇ ‘ਸਰਬਲੋਹ ਗ੍ਰੰਥ ’ ਨੂੰ ਵੀ ਪੂਰੀ ਮਾਨਤਾ ਦਿੱਤੀ ਜਾਂਦੀ ਹੈ। ਇਹ ਨਿੱਤ-ਨੇਮ ਕਰਨ ਵਿਚ ਪੱਕੇ ਹਨ ਅਤੇ ਸਿੱਖ ਮਰਯਾਦਾ ਦੀ ਪੂਰੀ ਪਾਬੰਦੀ ਨੂੰ ਅਪਣਾਉਂਦੇ ਹਨ। ਸੁਰਾਪਾਨ ਤੋਂ ਪੂਰੀ ਤਰ੍ਹਾਂ ਸੰਕੋਚ ਕਰਦੇ ਹੋਏ ‘ਸੁਖਨਿਧਾਨ’ ਦੀ ਮੌਜ ਵਿਚ ਵਿਚਰਦੇ ਹਨ ਅਤੇ ਆਪਣੇ ਦੁਆਰਾ ਝਟਕਾਏ ਪਸ਼ੂ ਅਥਵਾ ਪੰਛੀ ਦੇ ਮਾਸ ਦਾ ਸੇਵਨ ਕਰਦੇ ਹਨ। ‘ਚੰਡੀ ਦੀ ਵਾਰ’ ਦਾ ਨਿੱਤ ਪਾਠ ਕਰਕੇ ਇਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਬੁੱਢਾ ਦਲ ਵਾਲੇ ਆਪਣੇ ਆਪ ਨੂੰ ‘ਛਿਆਨਵੇ ਕਰੋੜੀ ਚਲਦਾ ਵਹੀਰ ’ ਕਹਿ ਕੇ ਆਪਣੀ ਗਤਿਸ਼ੀਲਤਾ ਨੂੰ ਬਣਾਈ ਰਖਣ ਵਿਚ ਵਿਸ਼ਵਾਸ ਰਖਦੇ ਹਨ। ਇਨ੍ਹਾਂ ਦੁਆਰਾ ਵਰਤੀ ਗਈ ਸੰਕਟ ਦੇ ਸਮੇਂ ਨੂੰ ਭੁਲਾਵਾ ਦੇਣ ਵਾਲੀ ਸ਼ਬਦਾਵਲੀ (ਨਿਹੰਗ ਬੋਲੇ) ਇਨ੍ਹਾਂ ਦੀ ਚੜ੍ਹਦੀ ਕਲਾ ਵਾਲੀ ਮਾਨਸਿਕਤਾ ਦੀ ਪ੍ਰਤੀਕ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਹੰਗ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਿਹੰਗ ਸਿੰਘ : ਸਿੰਘਾਂ ਦਾ ਇਕ ਫਿਰਕਾ ਹੈ  ਜਿਹੜੇ ਸੀਸ ਉੱਤੇ ਫਰਹਰੇ ਵਾਲਾ ਉੱਚਾ ਦੁਮਾਲਾ, ਚੱਕਰਾ, ਤੋੜਾ, ਖੰਡਾ, ਕਿਰਪਾਨ, ਗਜਗਾਹ ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦੇ ਹਨ। ਕਈ  ਨਿਹੰਗ  ਸਿੰਘ ਆਪਣੇ ਕੋਲ ਬਰਛਾ ਜਾਂ ਤੀਰ-ਕਮਾਨ ਆਦਿ ਵੀ ਰੱਖਦੇ ਹਨ । ‘ਗੁਰੂ ਕੀ ਲਾਡਲੀ ਫ਼ੌਜ’ ਦੇ ਇਹ  ਸਿਪਾਹੀ ਮੌਤ ਦੇ ਭੈਅ ਤੋਂ ਮੁਕਤ ਅਤੇ ਮਾਇਆ ਤੋਂ ਨਿਰਲੇਪ ਵਿਚਰਦੇ ਹਨ ਅਤੇ ਦੇਸ਼, ਕੌਮ ਅਤੇ ਧਰਮ ਦੀ ਰੱਖਿਆ ਲਈ ਸ਼ਹੀਦੀਆਂ ਪਾਉਣ ਨੂੰ ਆਪਣੇ ਵਡੇ ਭਾਗ ਸਮਝਦੇ ਹਨ।

ਨਿਹੰਗ ਸਿੰਘਾਂ ਦੇ ਨਿਰਾਲੇ ਪੰਥ ਦੇ ਉਦੈ ਹੋਣ ਸਬੰਧੀ ਕਈ ਸਾਖੀਆਂ ਪ੍ਰਚਲਿਤ ਹਨ : –

ਇਕ ਸਾਖੀ ਅਨੁਸਾਰ  ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਇਕ ਵਾਰ ਸੀਸ ਉੱਤੇ ਦੁਮਾਲਾ ਸਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਆਏ ਤਾਂ ਗੁਰੂ ਪਿਤਾ ਨੇ ਬਚਨ ਕੀਤਾ ‘ਇਸ ਬਾਣੇ ਦਾ ਇਕ ਨਿਹੰਗ ਪੰਥ ਹੋਵੇਗਾ'।

ਇਕ ਹੋਰ ਸਾਖੀ ਅਨੁਸਾਰ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ  ਤਿਆਗਣ ਪਿੱਛੋਂ ਧਾਰੇ ਉੱਚ ਦੇ ਪੀਰ ਵਾਲੇ ਸਰੂਪ ਦਾ ਨੀਲਾ ਬਾਣਾ ਅਗਨੀ ਭੇਟ ਕੀਤਾ ਤਾਂ ਉਸ ਬਾਣੇ  ਦੀ ਇਕ ਲੀਰ ਕਟਾਰ ਨਾਲ ਬੰਨ੍ਹੀ ਜਿਸ ਤੋਂ ਨਿਹੰਗ ਸਿੰਘਾਂ ਦੀ ਨੀਲਾਂਬਰੀ ਸੰਪ੍ਰਦਾਇ ਚੱਲੀ। ਇਹ ਬ੍ਰਿਤਾਂਤ ਭਾਈ ਸੰਤੋਖ ਸਿੰਘ ਰਚਿਤ ‘ਗੁਰ ਪ੍ਰਤਾਪ ਸੂਰਜ ਗ੍ਰੰਥ ' ਵਿਚ ਵੀ ਦਰਜ ਹੈ। ਭਾਈ ਸਾਹਿਬ ਅਨੁਸਾਰ ਗੁਰੂ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਸੀ ਕਿ ਤੇਰਾ ਨਿਹੰਗ ਪੰਥ ਚੱਲੇਗਾ ।

ਕਈ ਨਿਹੰਗ ਸਿੰਘ ਇਹ ਵੀ ਆਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੇ ਸੀਸ, ਦੁਮਾਲੇ ਦਾ ਫਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ ।

ਨਿਹੰਗ ਸਿੰਘ ਬਾਰੇ ਇਕ ਹੋਰ ਵੀ ਧਾਰਨਾ ਪ੍ਰਚਲਿਤ ਹੈ ਕਿ ਬਾਬਾ ਨੈਣਾ ਸਿੰਘ (ਨਰਾਇਣਾ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦੁਮਾਲਾ ਸਜਾ ਕੇ ਫਰਹਰਾ ਝੁਲਾਇਆ ਤਾਂ ਕਿ ਉਹ ਫ਼ੌਜ ਦੇ ਅੱਗੇ ਨਿਸ਼ਾਨ ਦੀ ਥਾਂ ਵੀ ਹੋਵੇ ਤੇ ਹੱਥ ਵਿਹਲੇ ਰਹਿਣ ਕਾਰਨ ਸ਼ਸਤਰ ਵੀ ਚਲਾ ਸਕੇ । ਬਾਬਾ ਨੈਣਾ ਸਿੰਘ ਦਾ ਚੇਲਾ ਅਕਾਲੀ ਫੂਲਾ ਸਿੰਘ ਇਸ ਦਲ ਦਾ ਪ੍ਰਸਿੱਧ ਸੈਨਾਪਤੀ ਹੋਇਆ ਹੈ ।

ਨਿਹੰਗ ਸਿੰਘਾਂ ਨੇ ਆਪਸੀ ਬੋਲ-ਚਾਲ ਦੀ ਇਕ ਭਾਸ਼ਾ ਵੀ ਸਿਰਜੀ ਹੈ ਜਿਸ ਨੂੰ ‘ਨਿਹੰਗਾਂ ਦੇ ਬੋਲੇ' ਜਾਂ ‘ਗੜਗੱਜ ਬੋਲੇ’ ਕਿਹਾ ਜਾਂਦਾ ਹੈ , ਜਿਵੇਂ –ਉਜਾਗਰ-ਲਾਲਟੈਣ, ਮਿਰਚ-ਲੜਾਕੀ, ਗਿਲਾਸ-ਬੇਇਤਬਾਰਾ, ਸੂਰਮਾ-ਅੰਨ੍ਹਾ, ਅੜਿੰਗ ਬੜਿੰਗ ਹੋਣਾ-ਲੇਟਣਾ ਜਾਂ ਸੌਂ ਜਾਣਾ ਆਦਿ। (ਵਧੇਰੇ ਵੇਰਵੇ ਲਈ ਵੇਖੋ - ਗੜਗੱਜ ਬੋਲੇ)

ਅਜੋਕੇ ਸਮੇਂ ਵਿਚ ਵੀ  ਨਿਹੰਗ ਸਿੰਘ ਦੇ ਬੁੱਢਾਦਲ ਤੇ ਤਰੁਣਾ ਦਲ ਮਸ਼ਹੂਰ ਹਨ। ਇਨ੍ਹਾਂ ਦੇ ਮਾਣਮੱਤੇ ਕੌਤਕ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਸਮੇਂ ਦੇਖਣਯੋਗ ਹੁੰਦੇ ਹਨ।

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-03-21-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਗੁ. ਪ੍ਰ. ਸੂ. ਗ੍ਰੰ. ਪੰ. ਲੋ. ਵਿ. ਕੋ-ਵਣਜਾਰਾ ਬੇਦੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.