ਨਿਰਵਿਰਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਰਵਿਰਤੀ ਸੰ. निवृति —ਨਿਵ੍ਰਿੱਤਿ. ਸੰਗ੍ਯਾ—ਹਟ ਜਾਣ ਦੀ ਕ੍ਰਿਯਾ। ੨ ਉਦਾਸੀਨਤਾ. ਦੁਨੀਆਂ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. “ਆਪਿ ਪਰਵਿਰਤਿ ਆਪਿ ਨਿਰਵਿਰਤਿ.” (ਮ: ੪ ਵਾਰ ਬਿਹਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਰਵਿਰਤੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਿਰਵਿਰਤੀ: ਸੰਸਕ੍ਰਿਤ ਦੇ ਮੂਲ ਸ਼ਬਦ ‘ਨਿਰਵ੍ਰਿੱਤਿ’ ਤੋਂ ਤਦਭਵ ਬਣੇ ਇਸ ਸ਼ਬਦ ਦਾ ਭਾਵ ਹੈ ਸੰਸਾਰਿਕ ਵਿਸ਼ਿਆਂ ਪ੍ਰਤਿ ਉਪਰਾਮਤਾ ਜਾਂ ਤਿਆਗ ਦੀ ਭਾਵਨਾ। ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਲੋਕੀਂ ਵੈਰਾਗੀ ਬਣਦੇ ਹਨ ਅਤੇ ਸੰਨਿਆਸ ਧਾਰਣ ਕਰਦੇ ਹਨ। ਪਰ ਗੁਰਬਾਣੀ ਸੰਨਿਆਸ ਨੂੰ ਨ ਅਪਣਾਉਂਦੀ ਹੋਈ ਸੰਸਾਰਿਕਤਾ ਪ੍ਰਤਿ ਨਿਰਮੋਹੀ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਸੰਸਾਰਿਕਤਾ ਵਿਚ ਰਹਿੰਦੇ ਹੋਇਆਂ ਵੀ ਉਸ ਦੇ ਪ੍ਰਭਾਵ ਤੋਂ ਅਣਭਿਜ ਰਹਿਣ ਲਈ ਤਾਕੀਦ ਕਰਦੀ ਹੈ। ਇਸ ਤਰ੍ਹਾਂ ਗੁਰਬਾਣੀ ਦੋਹਾਂ ਨਾਲ ਸਵੀਕਾਰ-ਅਸਵੀਕਾਰ ਦਾ ਰਿਸ਼ਤਾ ਜੋੜਦੀ ਹੋਈ ਮਧ- ਮਾਰਗ ਦਾ ਅਨੁਸਰਣ ਕਰਦੀ ਹੈ ਅਤੇ ਇਹੀ ਗੁਰੂ ਨਾਨਕ ਦੇਵ ਜੀ ਅਨੁਸਾਰ ਸਹੀ ਰਾਹ ਹੈ, ਧਰਮ ਦਾ ਮਾਰਗ ਹੈ। ‘ਮਲਾਰ ਕੀ ਵਾਰ ’ ਵਿਚ ਲਿਖਿਆ ਹੈ—ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ। (ਗੁ.ਗ੍ਰੰ.1280)।
‘ਸਿਧ-ਗੋਸਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ ਕਿ ਗੁਰਮੁਖ ਵਿਅਕਤੀ ਪ੍ਰਵ੍ਰਿੱਤੀ (ਸੰਸਾਰਿਕਤਾ ਵਿਚ ਲੀਨਤਾ) ਅਤੇ ਨਿਵ੍ਰਿੱਤੀ (ਸੰਸਾਰਿਕਤਾ ਪ੍ਰਤਿ ਉਦਾਸੀਨਤਾ) ਦੇ ਅੰਤਰ ਜਾਂ ਭੇਦ ਨੂੰ ਪਛਾਣਨ ਦੇ ਸਮਰਥ ਹੁੰਦਾ ਹੈ—ਗੁਰਮੁਖਿ ਪਰਵਿਰਤਿ ਨਰਵਿਰਤੀ ਪਛਾਣੈ। (ਗੁ.ਗ੍ਰੰ.941)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First