ਨਿਊਸੈਂਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nuisance_ਨਿਊਸੈਂਸ: ਇਸ ਸ਼ਬਦ ਦੀ ਨਪੇ ਤੁਲੇ ਲਫ਼ਜ਼ਾਂ ਵਿਚ ਅਤੇ ਸਰਬ-ਸੰਪੂਰਣ ਪਰਿਭਾਸ਼ਾ ਦੇਣਾ ਅਸੰਭਵ ਹੈ। ਨਿਆਦਰ ਮਲ ਬਨਾਮ ਉਗਰਸੈਨ (ਏ ਆਈ ਆਰ 1966 ਪੰਜਾ. 509) ਵਿਚ ਪੰਜਾਬ ਉੱਚ ਅਦਾਲਤ ਅਨੁਸਾਰ, ‘‘ਸ਼ਾਰਟਰ ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਕੋਈ ਅਜਿਹਾ ਕੰਮ ਜੋ ਸਮਾਜ ਲਈ ਜਾਂ ਉਸ ਦੇ ਕਿਸੇ ਮੈਂਬਰ ਲਈ ਨੁਕਸਾਨਦੇਹ ਜਾਂ ਹਾਨੀਕਾਰਕ ਹੈ ਅਤੇ ਜਿਸ ਲਈ ਕੋਈ ਕਾਨੂੰਨੀ ਚਾਰਾਜੋਈ ਲਭ ਸਕਦੀ ਹੈ।’’ ਸ਼ਾਬਦਕਿ ਤੌਰ ਤੇ ਕੋਈ ਕੰਮ ਜੋ ਖਿਝ ਕਾਰਤ ਕਰਦਾ ਹੈ ਜਾਂ ਹਾਨੀ ਜਾਂ ਨੁਕਸਾਨ ਕਾਰਤ ਕਰਦਾ ਹੈ ਜਾਂ ਕਿਸੇ ਵਿਅਕਤੀ ਜਾਂ ਲੋਕਾਂ ਲਈ ਪ੍ਰਤਿਕੂਲ ਹੈ ਜਾਂ ਕੋਈ ਕੰਮ ਜੋ ਦੋਸ਼-ਪੂਰਬਕ ਕੀਤਾ ਜਾਂਦਾ ਹੈ, ਜਾਂ ਜਿਸ ਦੇ ਦੋਸ਼ਪੂਰਬਕ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਜੋ ਕਿਸੇ ਦੂਜੇ ਵਿਅਕਤੀ ਨੂੰ ਆਪਣੇ ਕਾਨੂੰਨ-ਪੂਰਨ ਅਧਿਕਾਰਾਂ ਦੇ ਉਪਭੋਗ ਵਿਚ ਹਾਨੀ ਪਹੁੰਚਾਉਂਦਾ ਹੈ ਜਾਂ ਖਿਝ ਕਾਰਤ ਕਰਦਾ ਹੈ ਉਹ ਨਿਊਸੈਂਸ ਗਠਤ ਕਰਦਾ ਹੈ। ਇਹ ਸੰਪਤੀ ਦੇ ਉਪਯੋਗ ਅਥਵਾ ਮਾਣਨ ਵਿਚ ਜਾਂ ਜ਼ਾਤੀ ਆਰਾਮ ਵਿਚ ਦਖ਼ਲਅੰਦਾਜ਼ੀ ਦੀ ਸ਼ਕਲ ਵੀ ਲੈ ਸਕਦੀ ਹੈ। ਸੰਖੇਪ ਵਿਚ ਕੋਈ ਵੀ ਕੰਮ ਜੋ ਅਣਅਧਿਕਾਰਤ ਰੂਪ ਵਿਚ ਹੋਰਨਾਂ ਦੇ ਅਧਿਕਾਰਾਂ ਤੇ ਪ੍ਰਭਾਵ ਪਾਉਂਦਾ ਹੈ, ਜੀਵਨ ਜਾਂ ਸਿਹਤ ਲਈ ਖ਼ਤਰਾ ਕਾਰਤ ਕਰਦਾ ਹੈ, ਇੰਦਰਿਆਂ ਨੂੰ ਚੋਟ ਪਹੁੰਚਾਉਂਦਾ ਹੈ, ਸ਼ਿਸ਼ਟਤਾਂ ਦੇ ਕਾਨੂੰਨ ਨੂੰ ਭੰਗ ਕਰਦਾ ਹੈ ਜਾਂ ਸੰਪੱਤੀ ਦੇ ਆਰਾਮ ਦਿਹ ਅਤੇ ਵਾਜਬ ਉਪਭੋਗ ਵਿਚ ਰੁਕਾਵਟ ਪਾਉਂਦਾ ਹੈ, ਨਿਊਸੈਂਸ ਦੀ ਕੋਟੀ ਵਿਚ ਆ ਸਕਦਾ ਹੈ। ਕੋਈ ਕੰਮ ਕਿਸ ਹੱਦ ਤਕ ਜਾਂ ਕਿਸ ਦਰਜੇ ਤਕ ਬੇਆਰਾਮੀ ਪੈਦਾ ਕਰੇ ਤਾਂ ਉਸ ਨੂੰ ਨਿਊਸੈਂਸ ਕਿਹਾ ਜਾ ਸਕੇਗਾ , ਇਸ ਬਾਰੇ ਕੋਈ ਪੱਕਾ ਨਿਯਮ ਥਿਰ ਨਹੀਂ ਕੀਤਾ ਜਾ ਸਕਦਾ, ਲੇਕਿਨ ਇਹ ਜ਼ਰੂਰੀ ਹੈ ਕਿ ਨਿਊਂਸੈਂਸ ਗਠਤ ਕਰਨ ਲਈ ਕਾਰਤ ਕੀਤੀ ਗਈ ਹਾਨੀ ਕਲਪਨਾਤਮਕ ਨ ਹੋਕੇ ਵਾਸਤਵਿਕ ਹੋਣੀ ਚਾਹੀਦੀ ਹੈ। ਬੇਆਰਾਮੀ ਬਿਲਕੁਲ ਹੀ ਤੁੱਛ ਜਿਹੀ ਨਹੀਂ ਹੋਣੀ ਚਾਹੀਦੀ।’’
ਭਾਰਤ ਵਰਗੇ ਬਹੁ-ਸਭਿਆਚਾਰੀ ਦੇਸ਼ ਵਿਚ ਨਿਊਸੈਂਸ ਨੂੰ ਠੀਕ ਤੌਰ ਤੇ ਪਰਿਭਾਸ਼ਤ ਕਰਨਾ ਹੋਰ ਵੀ ਔਖਾ ਹੈ। ਲਖਨਵੀ ਸਭਿਆਚਾਰ ਅਨੁਸਾਰ ਉੱਚਾ ਬੋਲਣਾ ਜਾਂ ਮਾੜਾ ਜਿਹਾ ਉਜੱਡ ਵਰਤ ਵਰਤਾਰਾ ਵੀ ਨਿਊਸੈਂਸ ਗਠਤ ਕਰ ਸਕਦਾ ਹੈ ਜਦ ਕਿ ਘਟ ਪੜ੍ਹੇ ਲਿਖੇ ਤਬਕੇ ਵਿਚ ਉਹੀ ਗੱਲ ਆਈ ਗਈ ਕੀਤੀ ਜਾ ਸਕਦੀ ਹੈ। ਸਮਾਜ ਦੇ ਇਕ ਤਬਕੇ ਅਨੁਸਾਰ ਖੁਲ੍ਹੇ ਆਮ ਗਲੀ ਵਿਚ ਪਿਸ਼ਾਬ ਕਰਨਾ ਨਿਊਸੈਂਸ ਗਠਤ ਕਰ ਸਕਦਾ ਹੈ ਜਦ ਕਿ ਦੂਜੇ ਤਬਕੇ ਲਈ ਇਹ ਮਾਮੂਲੀ ਗੱਲ ਸਮਝੀ ਜਾ ਸਕਦੀ ਹੈ। ਰੀਜ਼ਰਵ ਬੈਂਕ ਆਫ਼ ਇੰਡੀਆ ਬਨਾਮ ਏ. ਕੇ. ਸੇਨ [(1969) 73 ਸੀ ਡਬਲਿਊ ਐਨ 388] ਅਨੁਸਾਰ ਕੀ ਕੋਈ ਕੰਮ ਨਿਊਂਸੇਂਸ ਗਠਤ ਕਰਦਾ ਹੈ ਜਾਂ ਨਹੀਂ, ਦੇਸ਼ ਵਿਚ ਚਲ ਰਹੀ ਸਿਆਸੀ, ਸਮਾਜੀ-ਆਰਥਕ ਪਰਿਸਥਿਤੀ ਦੁਆਰਾ ਅਤੇ ਨਾਲੇ ਪ੍ਰਭਾਵਤ ਵਿਅਕਤੀ ਦੇ ਅੰਤਰਮੁਖੀ ਮਿਆਰਾਂ ਦੇ ਅਨੁਸਾਰ ਤੈਅ ਕੀਤਾ ਜਾ ਸਕਦਾ ਹੈ। ਕਾਨੂੰਨ ਅਨੁਸਾਰ ਨਿਊਸੈਂਸ ਇਕ ਦੋਸ਼ (ਟਾਰਟ) ਵੀ ਹੈ ਅਤੇ ਫ਼ੌਜਦਾਰੀ ਕਾਨੂੰਨ ਅਨੁਸਾਰ ਅਪਰਾਧ ਅਥਵਾ ਜੁਰਮ ਵੀ ਹੈ।
ਵਿਨਫ਼ੀਲਡ ਅਨੁਸਾਰ ਨਿਊਸੈਂਸ ਦੀ ਸਹੀ ਸਹੀ ਪਰਿਭਾਸ਼ਾ ਦੇਣਾ ਸੰਭਵ ਨਹੀਂ, ਪਰ ਦੋਸ਼ (ਟਾਰਟ) ਦੇ ਕਾਨੂੰਨ ਦੇ ਪ੍ਰਯੋਜਨ ਲਈ ਕਿਸੇ ਵਿਅਕਤੀ ਦੁਆਰਾ ਭੋਂ ਦੇ ਉਪਭੋਗ ਜਾਂ ਭੋਂ ਵਿਚ ਜਾਂ ਉਸ ਉਤੇ ਕਿਸੇ ਅਧਿਕਾਰ ਦੀ ਵਰਤੋਂ ਵਿਚ ਗ਼ੈਰ-ਕਾਨੂੰਨ-ਪੂਰਨ ਮਦਾਖ਼ਲਤ ਨੂੰ ਨਿਊਂਸੈਂਸ ਕਿਹਾ ਜਾ ਸਕਦਾ ਹੈ।
ਭਾਰਤੀ ਦੰਡ ਸੰਘਤਾ ਦੀ ਧਾਰਾ 268 ਅਨੁਸਾਰ, ਉਹ ਵਿਅਕਤੀ ਲੋਕ ਨਿਊਸੈਂਸ ਦਾ ਦੋਸ਼ੀ ਹੈ, ਜੋ ਕੋਈ ਅਜਿਹਾ ਕੰਮ ਕਰਦਾ ਹੈ, ਜਾਂ ਕਿਸੇ ਅਜਿਹੀ ਗ਼ੈਰ-ਕਾਨੂੰਨੀ ਉਕਾਈ ਦਾ ਦੋਸ਼ੀ ਹੈ, ਜਿਸ ਨਾਲ ਜਨਤਾ ਨੂੰ ਜਾਂ ਆਮ ਲੋਕਾਂ ਨੂੰ, ਜੋ ਨੇੜੇ ਤੇੜੇ ਨਿਵਾਸ ਰਖਦੇ ਹਨ ਜਾਂ ਸੰਪੱਤੀ ਤੇ ਦਖ਼ਲ ਰਖਦੇ ਹਨ, ਕੋਈ ਆਮ ਹਾਨੀ ਖ਼ਤਰਾ ਜਾਂ ਖਿੱਝ ਕਾਰਤ ਹੁੰਦੀ ਹੈ, ਜਾਂ ਜਿਸ ਨਾਲ ਉਨ੍ਹਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਕਿਸੇ ਲੋਕ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਪਵੇ, ਹਾਨੀ ਰੁਕਾਵਟ, ਖ਼ਤਰਾ ਜਾਂ ਖਿੱਝ ਅਵੱਸ਼ ਕਾਰਤ ਹੋਵੇਗੀ।’’
ਕਿਸੇ ਅਣਗਹਿਲੀ- ਪੂਰਨ ਕਾਰਜ ਨਾਲ ਜਾਂ ਦੁਰਭਾਵਪੂਰਨ ਕਾਰਜ ਨਾਲ ਕਿਸੇ ਖ਼ਤਰਨਾਕ ਰੋਗ ਦੀ ਲਾਗ ਫੈਲਦੀ ਹੋਵੇ, ਕੁਰਾਟੀਨ ਨਿਯਮਾਂ ਦੀ ਅਵੱਗਿਆ ਕਰਨਾ, ਖਾਣ ਪੀਣ ਦੇ ਪਦਾਰਥ ਵਿਚ ਮਿਲਾਵਟ ਕਰਨਾ, ਉਸ ਨੂੰ ਵੇਚਣਾ, ਮਿਲਾਵਟੀ ਦਵਾਈਆਂ ਬਣਾਉਣਾ ਜਾਂ ਵੇਚਣਾ, ਵਿਸਫੋਟਕ ਪਦਾਰਥ ਬਾਰੇ ਅਣਗਹਿਲੀ ਵਰਤਣਾ, ਮਸ਼ੀਨਰੀ ਦੀ ਅਣਗਹਿਲੀ, ਅੱਗ ਜਾਂ ਅੱਗ ਫੜਨ ਵਾਲੇ ਪਦਾਰਥ ਬਾਰੇ ਇਤਿਆਤ ਨ ਵਰਤਣਾ ਸਾਰੇ ਕੰਮ ਅਜਿਹੇ ਹਨ ਜੋ ਨਿਊਂਸੈਂਸ ਗਠਤ ਕਰ ਸਕਦੇ ਹਨ। ਆਬਾਦੀ ਦੇ ਲਾਗੇ ਚਮੜਾ ਕਮਾਉਣ ਦਾ ਕਾਰਖ਼ਾਨਾ ਲਾ ਲੈਣਾ , ਲੋਕਾਂ ਦੇ ਆਰਾਮ ਵੇਲੇ ਲਾਊਡ ਸਪੀਕਰ ਲਾ ਕੇ ਸ਼ੋਰ ਕਰਨਾ, ਵਾਯੂੂਮੰਡਲ ਨੂੰ ਸਿਹਤ ਲਈ ਹਾਨੀਕਾਰਕ ਬਣਾਉਣਾ ਅਜਿਹੇ ਕੰਮ ਹਨ ਜੋ ਨਿਊਸੈਂਸ ਗਠਤ ਕਰ ਸਕਦੇ ਹਨ।
ਮੋਟੇ ਤੌਰ ਤੇ ਨਿਊਸੈਂਸ ਉਹ ਸਰਗਰਮੀ ਹੈ ਜੋ ਕਿਸੇ ਵਿਅਕਤੀ ਦੁਆਰਾ ਆਪਣੀ ਸੰਪਤੀ ਦੀ ਨਾਵਾਜਬ, ਅਣ-ਸਮਰਥਤ ਜਾਂ ਗ਼ੈਰ-ਕਾਨੂੰਨੀ ਵਰਤੋਂ ਤੋਂ ਪੈਦਾ ਹੁੰਦੀ ਹੈ ਅਤੇ ਜੋ ਕਿਸੇ ਹੋਰ ਜਾਂ ਲੋਕਾਂ ਦੇ ਅਧਿਕਾਰ ਦੀ ਵਰਤੋਂ ਵਿਚ ਰੁਕਾਵਟ ਪਾਉਂਦੀ ਹੈ ਜਾਂ ਹਾਨੀਕਾਰਤ ਕਰਦੀ ਹੈ ਅਤੇ ਅਜਿਹੀ ਖਿੱਝ, ਬੇਆਰਾਮੀ ਅਤੇ ਖੇਚਲ ਪੈਦਾ ਕਰਦੀ ਹੈ ਜਿਸ ਬਾਰੇ ਕਾਨੂੰਨ ਇਹ ਕਿਆਸ ਕਰ ਸਕਦਾ ਹੈ ਉਸ ਦਾ ਪਰਿਣਾਮ ਹਰਜੇ ਵਿਚ ਨਿਕਲਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First